ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਚਾਚਾ ਚੰਡੀਗੜ੍ਹੀਆ ਦੇ ਤੀਰਾਂ ਦੀਆਂ ਤਲਖ, ਤੁਰਸ਼ ਤੇ ਸ਼ੀਰੀ ਚੋਭਾਂ

Ad Position 21
No active advertisement
ਅਜੀਤ ਡੈਸਕ 12-04-2026

ਪੰਜਾਬੀ ਲੇਖਕ ਸਭਾ ਵਲੋਂ 1980 ਵਿਚ ਬਲਰਾਜ ਸਾਹਨੀ ਸਨਮਾਨ ਪ੍ਰਾਪਤ ਕਰਨ ਵਾਲੇ ਅਤੇ ਚਾਚਾ ਚੰਡੀਗੜ੍ਹੀਆ ਵਜੋਂ ਜਾਣੇ ਜਾਂਦੇ ਗੁਰਨਾਮ ਸਿੰਘ ਤੀਰ ਨੂੰ ਮੈਂ 1953 ਤੋਂ ਜਾਣਦਾ ਸਾਂ। ਉਦੋਂ ਉਸ ਨੂੰ ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬ ਦਾ ਮੁੱਖ ਮੰਤਰੀ ਹੁੰਦਿਆਂ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ 'ਚ ਲੋਕ ਸੰਪਰਕ ਅਧਿਕਾਰੀ ਨਿਯੁਕਤ ਕਰ ਕੇ ਭੇਜਿਆ ਸੀ। ਉਸ ਦੀ ਰਿਹਾਇਸ਼ ਇੰਡੀਆ ਗੇਟ ਦੇ ਨੇੜੇ ਪੈਂਦੀ ਸਰਕਾਰੀ ਕਾਲੋਨੀ ਪੰਡਾਰਾ ਰੋਡ 'ਤੇ ਸੀ, ਜਿੱਥੇ ਮੇਰੀ ਜੀਵਨ ਸਾਥਣ ਦੀ ਠਾਹਰ ਵੀ ਸੀ। ਜਦੋਂ ਮੈਂ ਦਿੱਲੀ ਦੀ ਸਰਕਾਰੀ ਨੌਕਰੀ ਤੋਂ ਨੌਂ ਸਾਲ ਪਹਿਲਾਂ ਵਿਹਲਾ ਹੋ ਕੇ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਸੰਭਾਲੀ ਤਾਂ ਮੇਰਾ ਚੰਡੀਗੜ੍ਹ 'ਚ ਸਵਾਗਤ ਕਰਨ ਵਾਲਾ ਤੀਰ ਵੀ ਸੀ। ਉਸ ਨੇ 1924 ਤੋਂ 2017 ਦੇ 70 ਸਾਲਾਂ ਦੇ ਜੀਵਨ 'ਚ ਵਡਮੁੱਲੀਆਂ ਹਾਸ-ਵਿਅੰਗ ਪੁਸਤਕਾਂ ਲਿਖੀਆਂ। ਉਸ ਦਾ 'ਚਾਚਾ ਚੰਡੀਗੜ੍ਹੀਆ' ਸਿਰਲੇਖ ਵਾਲਾ ਕਾਲਮ ਅੱਜ ਵੀ ਸ਼ੌਕ ਨਾਲ ਪੜ੍ਹਿਆ ਜਾਂਦਾ ਹੈ। ਗੁਰਨਾਮ ਸਿੰਘ ਤੀਰ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕੋਟ ਸੁਖੀਆ ਦਾ ਜੰਮਪਲ ਸੀ। ਉਸ ਦੇ ਤੀਰਾਂ ਵਿਚ ਮਿੱਠੀਆਂ ਚੋਭਾਂ ਹੁੰਦੀਆਂ ਸਨ। 'ਪਤਨੀਆਂ' ਨਾਂਅ ਦੀ ਪੁਸਤਕ ਵਿਚ ਹੇਠ ਲਿਖੀ ਗੱਲ ਲਿਖਣ ਵਾਲਾ ਵੀ ਉਹੀਓ ਸੀ। 'ਇਕ ਵਕੀਲ ਨੇ ਇਕ ਦਿਨ ਆਪਣੀ ਪਤਨੀ ਦਾ ਜ਼ਿਕਰ ਕਰਦਿਆਂ ਕਿਹਾ, ਖ਼ੁਦਾ-ਨਾਖ਼ਾਸਤਾ, ਜੇ ਮੇਰੇ ਵਿਰੁੱਧ ਕੋਈ ਮੁਕੱਦਮਾ ਦਰਜ ਹੋ ਜਾਵੇ ਅਤੇ ਮੇਰੀ ਪਤਨੀ ਇਸਤਗਾਸੇ ਦੇ ਗਵਾਹ ਵਜੋਂ ਪੇਸ਼ ਹੋਵੇ ਤਦ ਉਹ ਮੈਨੂੰ ਅਵੱਸ਼ ਕੈਦ ਕਰਵਾ ਕੇ ਰਹੇਗੀ।'

ਇਕ ਪਤਨੀ ਆਪਣੇ ਪਤੀ ਦੇ ਦੋਸਤਾਂ ਨੂੰ ਕਹਿਣ ਲੱਗੀ ਕਿ ਇਨ੍ਹਾਂ ਨੇ ਪੀ.ਐੱਚ.ਡੀ. ਕਰਦਿਆਂ ਨੌਂ ਸਾਲ ਸਾਹਿਤ ਨਾਲ ਮੱਥਾ ਮਾਰਿਆ। ਜੇ ਕਿਧਰੇ ਮੈਂ ਇਨ੍ਹਾਂ 'ਤੇ ਪੀ.ਐੱਚ.ਡੀ. ਕਰਨੀ ਹੋਵੇ ਤਦ ਤਿੰਨਾਂ ਮਹੀਨਿਆਂ 'ਚ ਇਨ੍ਹਾਂ ਬਾਰੇ ਅਜਿਹੀ ਸੋਹਣੀ ਪੁਸਤਕ ਲਿਖ ਸਕਦੀ ਹਾਂ ਜਿਹੜੀ ਇਹ ਤੀਹ ਸਾਲ ਵਿਚ ਨਹੀਂ ਲਿਖ ਸਕਦੇ।
ਕਈ ਬੰਦੇ ਆਪਣੀਆਂ ਪਤਨੀਆਂ ਕੋਲੋਂ ਏਨੇ ਦੁਖੀ ਹੋ ਜਾਂਦੇ ਹਨ ਕਿ ਉਹ ਜੋਤਸ਼ੀਆਂ ਵੱਲ ਭੱਜਦੇ ਹਨ ਅਤੇ ਜਾ ਕੇ ਪੁੱਛਦੇ ਹਨ ਕਿ ਉਸ ਦੀ ਪਤਨੀ ਤੋਂ ਉਸ ਦਾ ਕਦੋਂ ਖਹਿੜਾ ਛੁੱਟੇਗਾ?'
ਇਸ ਪੁਸਤਕ ਦੇ ਕੁਝ ਪਾਤਰਾਂ 'ਚੋਂ ਇਕ ਪਾਤਰ ਇਕ ਜੋਤਸ਼ੀ ਮਿੱਤਰ ਨੂੰ ਮੂੰਹ ਮੰਗੀ ਦਕਸ਼ਣਾ ਦੇ ਕੇ ਪੁੱਛਦਾ ਹੈ ਕਿ ਮੇਰੀ ਸ੍ਰੀਮਤੀ ਜੀ ਕੋਲੋਂ ਮੇਰਾ ਖਹਿੜਾ ਕਦੋਂ ਕੁ ਛੁਟੇਗਾ?
ਜੋਤਸ਼ੀ ਨੇ ਆਪਣੇ ਕਾਗ਼ਜ਼-ਪੱਤਰ ਪੁੱਠੇ-ਸਿੱਧੇ ਕਰਦਿਆਂ ਕਿਹਾ, 'ਸ੍ਰੀ ਮਾਨ ਜੀ, ਮੇਰੇ ਜੋਤਿਸ਼ ਮੁਤਾਬਿਕ ਤੁਹਾਡੀ ਪਤਨੀ ਤੁਹਾਡੇ ਅਕਾਲ-ਚਲਾਣਾ ਕਰਨ ਤੋਂ ਵੀਹ ਸਾਲ ਬਾਅਦ ਤੱਕ ਤੁਹਾਡੇ ਘਰ ਦੀ ਦੇਖ-ਭਾਲ ਕਰੇਗੀ।' ਪੁੱਛਣ ਵਾਲਾ ਚੁੱਪ ਕਰ ਕੇ ਬੈਠ ਗਿਆ।
ਪਤੀ-ਪਤਨੀ ਦੇ ਘਰੇਲੂ-ਸੰਬੰਧ ਅਜਿਹੇ ਦੋਸਤੀ ਭਰੇ ਹੁੰਦੇ ਹਨ ਕਿ ਜੇ ਸੁਚੱਜੇ ਢੰਗ ਨਾਲ ਬਿਆਨ ਕੀਤੇ ਜਾਣ ਤਦ ਉੱਚ ਦਰਜੇ ਦਾ ਹਾਸ-ਵਿਅੰਗ ਪੈਦਾ ਕਰ ਦਿੰਦੇ ਹਨ।
ਵਿਅੰਗ ਦੀ ਇਕ ਮੰਨੀ-ਪ੍ਰਮੰਨੀ ਸ਼ਕਤੀ ਇਹ ਹੈ ਕਿ ਇਹ ਜ਼ਿੰਦਗੀ ਨਾਲ ਗੁੱਸੇ ਹੋਏ ਔਰੰਗਜ਼ੇਬ ਵਰਗੇ ਬਾਦਸ਼ਾਹ ਨੂੰ ਹੱਸਾ ਦਿੰਦਾ ਹੈ।
ਪੰਜਾਬ ਦੇ ਕੁਝ ਜੱਟਾਂ ਨੂੰ ਫੜ ਕੇ ਔਰੰਗਜ਼ੇਬ ਦੇ ਦਰਬਾਰ ਵਿਖੇ ਲਿਜਾ ਕੇ ਕਿਹਾ ਗਿਆਕਿ ਉਹ ਇਸਲਾਮ ਕਬੂਲ ਕਰਨ।
ਜੱਟਾਂ ਦਾ ਇਕ ਆਗੂ ਕਹਿਣ ਲੱਗਾ, 'ਮਹਾਰਾਜ ਏਡਾ ਵਧੀਆ ਧਰਮ ਜ਼ਰੂਰ ਕਬੂਲ ਕਰਾਂਗੇ, ਪਰ ਤੁਹਾਡੇ ਪਿਛਲੇ ਵੱਡੇ-ਵਡੇਰੇ, ਸਾਡੇ ਵੱਡੇ-ਵਡੇਰਿਆਂ ਨੂੰ ਇਸਲਾਮ ਕਬੂਲ ਕਰਨ ਲਈ ਦੋ-ਦੋ ਲੱਖ ਰੁਪਏ ਦਾਨ ਦਿਆ ਕਰਦੇ ਸਨ ਅਤੇ ਤੁਸੀਂ ਘੱਟੋ-ਘੱਟ ਸਾਨੂੰ ਇਕ-ਇਕ ਲੱਖ ਰੁਪਏ ਤਾਂ ਦਿਓ।'
ਔਰੰਗਜ਼ੇਬ ਹੈਰਾਨ ਹੋ ਕੇ ਕਹਿਣ ਲੱਗਾ, 'ਕੀ ਤੁਸੀਂ ਪਹਿਲਾਂ ਵੀ ਇਸਲਾਮ ਧਾਰਨ ਕਰ ਚੁੱਕੇ ਹੋ?
ਜੱਟਾਂ ਦਾ ਆਗੂ ਕਹਿਣ ਲੱਗਾ, 'ਜਨਾਬ ਗੱਡੇ ਦੇ ਪਹੀਏ ਵਾਂਗੂ ਚਲਦੇ ਰਹਿਣਾ ਠੀਕ ਹੈ।' ਔਰੰਗਜ਼ੇਬ ਇਨ੍ਹਾਂ ਦੀਆਂ ਗੱਲਾਂ ਸੁਣ ਕੇ ਖਿੜ-ਖਿੜਾ ਕੇ ਹੱਸ ਪਿਆ ਅਤੇ ਕਹਿਣ ਲੱਗਾ, 'ਤੁਸੀਂ ਅਜੀਬ ਕਿਸਮ ਦੇ ਧਾਰਮਿਕ ਲੋਕ ਹੋ, ਜਿਹੜੇ ਪੈਸੇ ਲੈ ਕੇ ਧਰਮ ਬਦਲਦੇ ਹੋ।'
ਜੱਟ ਸੁਣ ਕੇ ਕਹਿਣ ਲੱਗੇ, 'ਅਸੀਂ ਤਾਂ ਇਹ ਉਡੀਕਦੇ ਰਹਿੰਦੇ ਹਾਂ ਕਿ ਕਦੋਂ ਇਹ ਬਾਦਸ਼ਾਹ ਮਰਦਾ ਹੈ ਅਤੇ ਕਦੋਂ ਅਗਲਾ ਆਉਂਦਾ ਹੈ?'
ਔਰੰਗਜ਼ੇਬ ਨੇ ਹੱਥ ਜੋੜ ਕੇ ਉਨ੍ਹਾਂ ਨੂੰ ਵਾਪਸੀ ਕਿਰਾਇਆ ਦਿੱਤਾ ਅਤੇ ਕਿਹਾ ਕਿ ਅਜੇ ਤੁਸੀਂ ਪਿਛਲਾ ਹੀ ਧਰਮ ਚਲਾਓ, ਅਗਲੇ ਦੀ ਗੱਲ ਫੇਰ ਕਰਾਂਗੇ।
ਸਰਦਾਰ ਪਟੇਲ ਨੇ ਪੈਪਸੂ-ਸਟੇਟ ਦਾ ਉਦਘਾਟਨ ਕਰਦਿਆਂ ਬੜੇ ਅੰਦਾਜ਼ ਵਿਚ ਮਹਾਰਾਜਾ ਪਟਿਆਲਾ ਬਾਰੇ ਕਿਹਾ, 'ਮੇਰੀ ਬੜੀ ਇੱਛਾ ਥੀ, ਮੈਂ ਐਸੇ ਮਹਾਰਾਜੇ ਕੀ ਪਰਜਾ ਬਨ ਪਾਤਾ।'
ਜਦੋਂ ਇਬਰਾਹਿਮ ਲਿੰਕਨ ਅਮਰੀਕਾ ਦਾ ਰਾਸ਼ਟਰਪਤੀ ਬਣਿਆ ਤਦ ਉਸ ਨੇ ਆਪਣੇ ਇਕ ਸਾਥੀ ਨੂੰ ਕਿਹਾ, 'ਉਹ ਸਾਹਮਣੇ ਵਾਲੀ ਗਲੀ ਵਿਚ ਸੌ ਕੁ ਗਜ਼ ਅੱਗੇ ਨੂੰ ਜਾ ਕੇ ਮੁੜ ਜਾਣਾ, ਉਸ ਗਲੀ ਵਿਚ ਅੱਗੇ ਜਾ ਕੇ ਇਕ ਵੱਡਾ ਸਾਰਾ ਦਲਾਨ ਹੋਵੇਗਾ। ਉੱਥੇ ਇਕ ਅਧੇੜ ਉਮਰ ਦੀ ਔਰਤ ਚਰਖ਼ਾ ਚਲਾ ਰਹੀ ਹੋਵੇਗੀ। ਤੂੰ ਉਸ ਨੂੰ ਇਹ ਖ਼ੁਸ਼-ਖ਼ਬਰੀ ਦੇ ਦੇਣੀ ਕਿ ਤੇਰੇ ਘਰ ਵਾਲਾ ਅਮਰੀਕਾ ਦਾ ਪ੍ਰਧਾਨ ਬਣ ਗਿਆ ਹੈ।' ਉਹ ਅਵਸ਼ ਤੇਰਾ ਮੂੰਹ ਮਿੱਠਾ ਕਰਵਾਵੇਗੀ।
ਸੁਨੇਹਾ ਦੇਣ ਵਾਲਾ ਸੱਜਣ ਮੁਸਕਰਾਉਂਦਾ ਹੋਇਆ ਮਿਸਿਜ਼ ਲਿੰਕਨ ਕੋਲ ਜਾ ਪੁੱਜਾ ਤੇ ਕਹਿਣ ਲੱਗਾ, 'ਮੈਡਮ ਵਧਾਈ ਹੋਵੇ ਲਿੰਕਨ ਸਾਹਿਬ ਅਮਰੀਕਾ ਦੇ ਪ੍ਰਧਾਨ ਬਣ ਗਏ ਹਨ?'
ਮਿਸਿਜ਼ ਲਿੰਕਨ ਮੂੰਹ ਵਿੰਗਾ ਕਰ ਕੇ ਕਹਿਣ ਲੱਗੀ, 'ਅੱਗੇ ਚੰਦਰਾ ਕਿਹੜਾ ਘਰ ਵੜਦਾ ਸੀ, ਜੇ ਵੜ ਵੀ ਜਾਂਦਾ ਸੀ ਤਦ ਆਪਣੇ ਕਾਗ਼ਜ਼-ਪੱਤਰ ਪੜ੍ਹ-ਪੜ੍ਹ ਕੇ ਵਕਤ ਖ਼ਰਾਬ ਕਰਦਾ ਰਹਿੰਦਾ ਸੀ। ਕਦੇ ਸਿੱਧੇ ਮੂੰਹ ਗੱਲ ਨਹੀਂ ਸੀ ਕਰਦਾ। ਹੁਣ ਉਹ ਬਿਲਕੁਲ ਹੀ ਕਿਸੇ ਕੰਮ ਦਾ ਨਹੀਂ ਰਿਹਾ।'
ਤੀਰ ਸਾਹਿਬ ਦਾ ਅਜੋਕਾ ਪਰਿਵਾਰ ਵੀ ਖ਼ੁਸ਼ੀਆਂ ਨਾਲ ਵਸ ਰਿਹਾ ਹੈ। ਚੰਡੀਗੜ੍ਹ ਵਿਚ ਮੇਰੇ ਵਾਲੇ ਸੈਕਟਰ ਦੀ ਕੋਠੀ ਨੰਬਰ 1521 ਵਿਚ ਉਸ ਦੀ ਧੀ ਬੱਬੂ ਤੀਰ, ਜਵਾਈ ਗੁਰਮੋਹਨ ਸਿੰਘ ਸੰਧੂ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਸ਼ਾਮਿਲ ਹੈ, ਜਿਨ੍ਹਾਂ 'ਚ ਉਨ੍ਹਾਂ ਦੀਆਂ ਡਾਕਟਰੀ ਪਾਸ ਸੀਰਤ ਕੌਰ, ਫ਼ਤਹਿ ਸਿੰਘ ਗਿੱਲ, ਨਿਮਰਤ ਕੌਰ ਸਿੱਧੂ ਤੇ ਸਹਿਜਬੀਰ ਸਿੰਘ ਸਿੱਧੂ ਮੌਜਾਂ ਮਾਣਦੇ ਹਨ। ਨੱਬਿਆਂ ਦੀ ਮਾਲੀ ਮਾਰਨ ਵਾਲੇ ਪੁਰਾਣੇ ਮਿੱਤਰ ਵਲੋਂ ਤੀਰ ਪਰਿਵਾਰ ਜ਼ਿੰਦਾਬਾਦ।

ਈ-ਮੇਲ : sandhugulzar@yahoo.com

Ad Position 22
No active advertisement
ਪਿਛਲੀ ਖ਼ਬਰ ਤੁਹਾਡੇ ਸਰਦਾਰ ਜੀ ਅਗਲੀ ਖ਼ਬਰ ਨਹਿਲੇ 'ਤੇ ਦਹਿਲਾ
Ad Position 24
No active advertisement