ਬਰਤਾਨੀਆ ਦੇ ਉੱਘੇ ਸਿੱਖਿਆ ਸ਼ਾਸਤਰੀ, ਬੁੱਧੀਜੀਵੀ ਤੇ ਸਿੱਖ ਚਿੰਤਕ ਡਾ. ਸੁਜਿੰਦਰ ਸਿੰਘ ਸੰਘਾ ਨੇ ਕਿਹਾ ਕਿ ਇੰਗਲੈਂਡ 'ਚ ਪੰਜਾਬੀ ਭਾਈਚਾਰੇ ਨੇ ਆਪਣੀ ਮਿਹਨਤ ਤੇ ਹਿੰਮਤ ਨਾਲ ਹਰ ਖੇਤਰ 'ਚ ਤਰੱਕੀ ਕੀਤੀ ਹੈ। ਪੰਜਾਬੀ ਆਰਥਿਕ ਤੌਰ 'ਤੇ ਜਿੱਥੇ ਮਜ਼ਬੂਤ ਹੋਏ ਹਨ, ਉੱਥੇ ਰਾਜਨੀਤਕ ਖੇਤਰ 'ਚ ਵੀ ਪੰਜਾਬੀਆਂ ਨੇ ਵਿਦੇਸ਼ ਦੀ ਧਰਤੀ 'ਤੇ ਆਪਣੇ ਝੰਡੇ ਗੱਡਣ 'ਚ ਕਾਮਯਾਬੀ ਹਾਸਿਲ ਕੀਤੀ ਹੈ। ਉਹ ਪਿਛਲੇ ਦਿਨੀਂ 'ਅਜੀਤ' ਭਵਨ ਆਏ ਸਨ ਅਤੇ ਉਨ੍ਹਾਂ ਨੇ ਬਰਤਾਨੀਆ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਸਰੋਕਾਰਾਂ ਬਾਰੇ 'ਅਜੀਤ' ਦੇ ਇਨ੍ਹਾਂ ਪ੍ਰਤੀਨਿਧੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਸਨ, ਜਿਨ੍ਹਾਂ ਦਾ ਵੇਰਵਾ ਇਥੇ ਦੇ ਰਹੇ ਹਾਂ-
* ਬਰਤਾਨੀਆ 'ਚ ਪੰਜਾਬੀ ਭਾਈਚਾਰੇ ਦੀ ਮੌਜੂਦਾ ਸਥਿਤੀ ਕਿਹੋ ਜਿਹੀ ਹੈ?
-ਪੰਜਾਬੀਆਂ ਨੇ ਵਿਦੇਸ਼ ਦੀ ਧਰਤੀ 'ਤੇ ਹੱਡ ਭੰਨਵੀਂ ਮਿਹਨਤ ਨਾਲ ਕੇਵਲ ਆਪਣੇ ਕਾਰੋਬਾਰ ਹੀ ਸਥਾਪਿਤ ਨਹੀਂ ਕੀਤੇ, ਸਗੋਂ ਸਮਾਜਿਕ, ਆਰਥਿਕ ਤੇ ਰਾਜਨੀਤਕ ਤੌਰ 'ਤੇ ਵੀ ਪੰਜਾਬੀਆਂ ਨੇ ਕਾਫੀ ਤਰੱਕੀ ਕੀਤੀ ਹੈ। ਰਾਜਨੀਤਕ ਤੌਰ 'ਤੇ ਇਸ ਸਮੇਂ ਇੰਗਲੈਂਡ ਦੇ ਹਾਊਸ ਆਫ ਲਾਰਡਸ ਅਤੇ ਕਾਮਨਜ਼ 'ਚ ਪੰਜਾਬੀਆਂ ਦੀ ਪ੍ਰਭਾਵਸ਼ਾਲੀ ਨੁਮਾਇੰਦਗੀ ਹੈ। ਇਸ ਸਮੇਂ ਬਰਤਾਨੀਆ 'ਚ ਪੰਜਾਬੀਆਂ ਦੀ ਤੀਜੀ-ਚੌਥੀ ਪੀੜ੍ਹੀ ਕੰਮ ਕਰ ਰਹੀ ਹੈ ਤੇ ਉਨ੍ਹਾਂ ਵਲੋਂ ਬਰਤਾਨੀਆ ਦੀ ਆਰਥਿਕਤਾ 'ਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਸਮੇਂ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰਾ ਇੰਗਲੈਂਡ 'ਚ ਰੀਅਲ ਐਸਟੇਟ (ਜ਼ਮੀਨ-ਜਾਇਦਾਦ) ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ ਤੇ ਇਕ ਅੰਦਾਜ਼ੇ ਮੁਤਾਬਿਕ 80 ਫੀਸਦੀ ਦੇ ਕਰੀਬ ਇਹ ਨਿੱਜੀ ਕਾਰੋਬਾਰ ਪੰਜਾਬੀਆਂ ਦੇ ਕੋਲ ਹੈ। ਇਸ ਤੋਂ ਇਲਾਵਾ ਪੰਜਾਬੀ ਸਿਹਤ, ਸਿੱਖਿਆ, ਨਿਆਂ ਪ੍ਰਣਾਲੀ ਤੇ ਹੋਰ ਕਈ ਤਰ੍ਹਾਂ ਦੀਆਂ ਨੌਕਰੀਆਂ ਵੀ ਕਰ ਰਹੇ ਹਨ। ਪੰਜਾਬੀ ਭਾਸ਼ਾ, ਵਿਰਸੇ ਤੇ ਸੱਭਿਆਚਾਰ ਬਾਰੇ ਉਨ੍ਹਾਂ ਕਿਹਾ ਕਿ ਬਰਤਾਨੀਆ 'ਚ ਰਹਿ ਰਹੇ ਪੰਜਾਬੀ ਇਹ ਮਹਿਸੂਸ ਕਰਦੇ ਹਨ ਕਿ ਭਾਰਤ ਦੇ ਹਰ ਖੇਤਰ 'ਚ ਮਜ਼ਬੂਤ ਹੋਣ ਨਾਲ ਹੀ ਉਨ੍ਹਾਂ ਦੀ ਭਾਸ਼ਾਈ ਤੇ ਸੱਭਿਆਚਾਰਕ ਪਛਾਣ ਕਾਇਮ ਰਹਿ ਸਕੇਗੀ।
* ਪੰਜਾਬੀਆਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ?
-ਬਰਤਾਨੀਆ 'ਚ ਬੇਸ਼ੱਕ ਪੰਜਾਬੀਆਂ ਨੇ ਹਰ ਖੇਤਰ 'ਚ ਤਰੱਕੀ ਕੀਤੀ ਹੈ ਤੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ, ਪਰ ਉਨ੍ਹਾਂ ਨੂੰ ਅਜੇ ਵੀ ਕਈ ਥਾਵਾਂ 'ਤੇ ਨਸਲਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਮੇਂ ਦੌਰਾਨ 60 ਦੇ ਦਹਾਕੇ 'ਚ ਜਿਸ ਤਰ੍ਹਾਂ ਰੰਗ-ਨਸਲ ਦਾ ਭੇਦ ਕੀਤਾ ਜਾਂਦਾ ਸੀ, ਉਹੋ ਵਰਤਾਰਾ ਹੁਣ ਇਕ ਵਾਰ ਫਿਰ ਸ਼ੁਰੂ ਹੋ ਗਿਆ ਹੈ। ਅਜਿਹੀਆਂ ਚੁਣੌਤੀਆਂ ਦਾ ਟਾਕਰਾ ਇਕਜੁੱਟਤਾ ਨਾਲ ਹੀ ਕੀਤਾ ਜਾ ਸਕਦਾ ਹੈ ਤੇ ਇਸ ਕੰਮ 'ਚ ਮੀਡੀਆ ਤੇ ਰਾਜਨੀਤਕ ਆਗੂ ਵੱਡਾ ਰੋਲ ਅਦਾ ਕਰ ਸਕਦੇ ਹਨ।
* ਪੰਜਾਬ ਬਾਰੇ ਬਰਤਾਨੀਆ ਦਾ ਪੰਜਾਬੀ ਤੇ ਖਾਸ ਕਰਕੇ ਸਿੱਖ ਭਾਈਚਾਰਾ ਕੀ ਸੋਚਦਾ ਹੈ?
-ਪੰਜਾਬੀ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਰਹਿਣ, ਪਰ ਉਨ੍ਹਾਂ ਦਾ ਦਿਲ ਹਮੇਸ਼ਾ ਆਪਣੇ ਵਤਨ ਲਈ ਧੜਕਦਾ ਹੈ ਤੇ ਇੰਗਲੈਂਡ ਰਹਿੰਦੇ ਪੰਜਾਬੀ ਵੀ ਹਮੇਸ਼ਾ ਪੰਜਾਬ 'ਚ ਵਾਪਰਦੀਆਂ ਘਟਨਾਵਾਂ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਤੋਂ ਗੈਂਗਸਟਰਵਾਦ, ਨਸ਼ਿਆਂ ਤੇ ਭ੍ਰਿਸ਼ਟਾਚਾਰ ਸੰਬੰਧੀ ਖਬਰਾਂ ਇੰਗਲੈਂਡ ਪੁੱਜਦੀਆਂ ਹਨ ਤਾਂ ਪੰਜਾਬੀਆਂ ਅੰਦਰ ਇਕ ਚਿੰਤਾ ਤੇ ਡਰ ਪੈਦਾ ਹੋਣਾ ਸੁਭਾਵਿਕ ਹੈ। ਇੰਗਲੈਡ ਰਹਿੰਦੇ ਪੰਜਾਬੀ ਭਾਈਚਾਰੇ ਦੀਆਂ ਜੜ੍ਹਾਂ ਪੰਜਾਬ 'ਚ ਹੋਣ ਕਾਰਨ ਉਨ੍ਹਾਂ ਨੂੰ ਛੋਟੀ ਜਿਹੀ ਗੱਲ ਦੀ ਵੀ ਚਿੰਤਾ ਸਤਾਉਣ ਲੱਗਦੀ ਹੈ ਤੇ ਉਨ੍ਹਾਂ ਦੀ ਹਮੇਸ਼ਾ ਇਹ ਖਾਹਿਸ਼ ਰਹੀ ਹੈ ਕਿ ਪੰਜਾਬ ਤੋਂ ਠੰਢੀਆਂ ਹਵਾਵਾਂ ਆਉਣ। ਪੰਜਾਬ 'ਚ ਅਮਨ ਸ਼ਾਂਤੀ ਤੇ ਸੁਰੱਖਿਅਤ ਮਾਹੌਲ ਹੋਣ 'ਤੇ ਹੀ ਪ੍ਰਵਾਸੀ ਪੰਜਾਬੀ ਸੂਬੇ ਅੰਦਰ ਨਿਵੇਸ਼ ਕਰਨ ਲਈ ਤਿਆਰ ਹੋਣਗੇ।
* ਪੰਜਾਬ ਨੂੰ ਮੁੜ ਲੀਹ 'ਤੇ ਲਿਆਉਣ ਲਈ ਸਰਕਾਰਾਂ ਨੂੰ ਕਿਹੋ ਜਿਹੇ ਉਪਰਾਲੇ ਕਰਨ ਦੀ ਲੋੜ ਹੈ?
-ਅਸਲ 'ਚ ਸਰਕਾਰਾਂ ਨੌਜਵਾਨਾਂ ਦੀ ਸ਼ਕਤੀ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ 'ਚ ਲਗਾਉਣ 'ਚ ਨਾਕਾਮ ਰਹੀਆਂ ਹਨ, ਜਿਸ ਕਾਰਨ ਸੂਬੇ ਦੀ ਵੱਡੀ ਗਿਣਤੀ ਜਵਾਨੀ ਵਿਦੇਸ਼ਾਂ ਨੂੰ ਹਿਜਰਤ ਕਰਨ ਲਈ ਮਜਬੂਰ ਹੋਈ ਹੈ। ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਸਰਕਾਰ ਨੂੰ ਖੇਤੀ ਆਧਾਰਿਤ ਸਨਅਤਾਂ ਲਗਾਏ ਜਾਣ ਦੀ ਲੋੜ ਹੈ। ਅਜਿਹੇ ਉਪਰਾਲਿਆਂ ਨਾਲ ਨਾ ਕੇਵਲ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਸਗੋਂ ਉਹ ਨਸ਼ਿਆਂ ਤੋਂ ਵੀ ਦੂਰ ਹੋਣਗੇ। ਇਸ ਦੇ ਨਾਲ ਹੀ ਅਮਨ ਸ਼ਾਂਤੀ ਦੀ ਸਥਾਪਤੀ ਲਈ ਸਖਤ ਕਦਮ ਚੁੱਕੇ ਜਾਣ ਦੀ ਲੋੜ ਹੈ। ਸਾਜ਼ਗਾਰ ਮਾਹੌਲ 'ਚ ਹੀ ਸਨਅਤਕਾਰ ਆਪਣੇ ਉਦਯੋਗ ਲਾਉਣ ਲਈ ਤਿਆਰ ਹੋਣਗੇ। ਰਵਾਇਤੀ ਬਿਜਲੀ 'ਤੇ ਨਿਰਭਰਤਾ ਘਟਾਉਣ ਲਈ ਸੂਰਜੀ ਊਰਜਾ ਨੂੰ ਵੀ ਤਰਜੀਹ ਦਿੱਤੇ ਜਾਣ ਦੀ ਲੋੜ ਹੈ।
* ਅਕਾਲੀ ਦਲ ਦੇ ਕਮਜ਼ੋਰ ਹੋਣ ਦਾ ਕੀ ਕਾਰਨ ਸਮਝਦੇ ਹੋ?
-ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ, ਪਰ ਪਿਛਲੇ ਕੁਝ ਸਮੇਂ ਤੋਂ ਪਾਰਟੀ ਲੀਡਰਸ਼ਿਪ ਲੋਕਾਂ ਦੀ ਨਬਜ਼ ਪਛਾਣਨ 'ਚ ਅਸਫਲ ਰਹੀ ਹੈ ਤੇ ਉਸ ਨੂੰ ਅੰਦਰੂਨੀ ਖਾਨਾਜੰਗੀ ਦਾ ਵੀ ਸਾਹਮਣਾ ਕਰਨਾ ਪਿਆ ਹੈ। ਪਾਰਟੀ ਨੂੰ ਮੁੜ ਲੀਹ 'ਤੇ ਲਿਆਉਣ ਲਈ ਪਾਰਟੀ ਲੀਡਰਸ਼ਿਪ ਨੂੰ ਜਿੱਥੇ ਪੰਥਕ ਸਫਾਂ ਅੰਦਰ ਆਪਣਾ ਖੁੱਸਿਆ ਵੱਕਾਰ ਹਾਸਿਲ ਕਰਨ ਦੀ ਲੋੜ ਹੈ, ਉੱਥੇ ਪੰਜਾਬੀਆਂ ਦੇ ਸਰੋਕਾਰਾਂ ਲਈ ਇਕ ਲੋਕ ਪੱਖੀ ਲਹਿਰ ਉਸਾਰ ਕੇ ਹੀ ਪਾਰਟੀ ਦੁਬਾਰਾ ਪੈਰਾਂ 'ਤੇ ਖੜ੍ਹੀ ਹੋ ਸਕਦੀ ਹੈ।
* ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਭਵਿੱਖ ਕਿਸ ਤਰ੍ਹਾਂ ਦਾ ਦੇਖਦੇ ਹੋ?
-ਪਿਛਲੇ ਕੁੱਝ ਸਮੇਂ ਦੌਰਾਨ ਪੰਜਾਬ ਤੋਂ ਵੱਡੀ ਗਿਣਤੀ 'ਚ ਨੌਜਵਾਨ ਮੁੰਡੇ-ਕੁੜੀਆਂ ਪੜ੍ਹਾਈ ਲਈ ਇੰਗਲੈਂਡ ਸਮੇਤ ਹੋਰਨਾਂ ਮੁਲਕਾਂ 'ਚ ਗਏ, ਪਰ ਇਨ੍ਹਾਂ ਵਿਚੋਂ ਕੁਝ ਕੁ ਪੜ੍ਹਾਈ ਦੇ ਮਕਸਦ ਨਾਲ ਇੰਗਲੈਂਡ ਗਏ ਤੇ ਜ਼ਿਆਦਾ ਦਾ ਮਕਸਦ ਉੱਥੇ ਕਿਸੇ ਨਾ ਕਿਸੇ ਤਰੀਕੇ ਪੱਕਾ ਹੋਣਾ ਸੀ। ਇਸ ਤਰ੍ਹਾਂ ਕਰਨ ਨਾਲ ਪੰਜਾਬ ਦੇ ਸਰਮਾਏ ਦਾ ਵੱਡਾ ਹਿੱਸਾ ਵਿਦੇਸ਼ਾਂ ਨੂੰ ਚਲਾ ਗਿਆ ਤੇ ਇਸ ਦੇ ਨਾਲ ਹੀ ਪੰਜਾਬ ਬ੍ਰੇਨ-ਡ੍ਰੇਨ ਵੀ ਹੋਇਆ। ਪਰ ਮੌਜੂਦਾ ਹਾਲਾਤ 'ਚ ਨੌਜਵਾਨਾਂ ਲਈ ਵਿਦੇਸ਼ਾਂ 'ਚ ਆਪਣਾ ਭਵਿੱਖ ਬਣਾ ਸਕਣਾ ਆਸਾਨ ਨਹੀਂ ਰਿਹਾ ਤੇ ਉਨ੍ਹਾਂ ਨੂੰ ਸਾਰੀ ਜ਼ਿੰਦਗੀ ਸੰਘਰਸ਼ ਕਰਨਾ ਪੈ ਸਕਦਾ ਹੈ। ਪੰਜਾਬ ਸਰਕਾਰ ਨੌਜਵਾਨਾਂ ਨੂੰ ਪੰਜਾਬ 'ਚ ਹੀ ਰੁਜ਼ਗਾਰ-ਮੁਖੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਰੁਜ਼ਗਾਰ ਦਾ ਵੀ ਪ੍ਰਬੰਧ ਕਰੇ, ਤਾਂ ਹੀ ਪੰਜਾਬ ਮੁੜ ਤੋਂ ਹਸਦਾ ਵਦਾ ਹੋ ਸਕਦਾ ਹੈ।
ਉੱਘੇ ਸਿੱਖ ਚਿੰਤਕ ਡਾ. ਸੁਜਿੰਦਰ ਸਿੰਘ ਸੰਘਾ ਨਾਲ ਵਿਸ਼ੇਸ਼ ਮੁਲਾਕਾਤ-ਬਰਤਾਨੀਆ 'ਚ ਪੰਜਾਬੀ ਭਾਈਚਾਰੇ ਨੇ ਹਰ ਖੇਤਰ 'ਚ ਤਰੱਕੀ ਕੀਤੀ
ਅਜੀਤ ਡੈਸਕ
27-04-2026