16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਫ਼ਾਰਸੀ ਭਾਸ਼ਾ ਦਾ ਭਾਰਤੀ ਸਾਹਿਤ ਨਾਲ ਸੰਬੰਧ-2

Ad Position 21
repet_subhas-goyals [Copy P29]
ਅਜੀਤ ਡੈਸਕ 27-04-2026

(ਕੱਲ੍ਹ ਤੋਂ ਅੱਗੇ)
ਚਾਰ ਵੇਦਾਂ ਵਿਚੋਂ ਇਕ ਵੇਦ ਅਥਰਵ ਵੇਦ ਨੂੰ ਫ਼ਾਰਸੀ ਭਾਸ਼ਾ ਵਿਚ ਅਨੁਵਾਦ ਕੀਤਾ ਗਿਆ ਹੈ। ਇਸ ਵੇਦ ਦਾ ਅਨੁਵਾਦ ਹਾਜੀ ਇਬਰਾਹਿਮ ਸਰਹੰਦੀ ਨੇ ਕੀਤਾ ਸੀ। ਅਕਬਰ ਬਾਦਸ਼ਾਹ ਨੇ ਆਪਣੇ ਰਾਜਕਾਲ ਦੇ ਸਮੇਂ ਵਿਚ 1574 ਈਸਵੀ ਵਿਚ ਇਕ ਮਕਤਬ-ਖਾਨਾ ਫਤਿਹਪੁਰ ਸੀਕਰੀ ਵਿਚ ਬਣਵਾਇਆ, ਜਿੱਥੇ ਅਰਬੀ, ਤੁਰਕੀ ਤੇ ਸੰਸਕ੍ਰਿਤ ਭਾਸ਼ਾ ਵਿਚ ਲਿਖੇ ਗ੍ਰੰਥਾਂ ਦਾ ਅਨੁਵਾਦ ਫ਼ਾਰਸੀ ਭਾਸ਼ਾ ਵਿਚ ਕੀਤਾ ਜਾਂਦਾ ਸੀ। ਅਕਬਰ ਬਾਦਸ਼ਾਹ ਦੇ ਨੌ ਰਤਨਾਂ ਵਿਚੋਂ ਇਕ ਫ਼ੈਜ਼ੀ ਜੋ ਕਿ ਅਬੁਲ ਫਜ਼ਲ ਦੇ ਵੱਡੇ ਭਰਾ ਸਨ, ਨੂੰ ਮੁਗਲ ਕਾਲ ਦੇ ਮਹਾਨ ਫ਼ਾਰਸੀ ਕਵੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਫ਼ੈਜ਼ੀ ਨੇ ਹੀ ਭਾਸਕਰਚਾਰੀਆ ਦੀ ਲਿਖੀ ਲੀਲਾਵਤੀ ਦਾ ਅਨੁਵਾਦ ਫ਼ਾਰਸੀ ਵਿਚ ਕੀਤਾ ਸੀ। ਲੀਲਾਵਤੀ 12ਵੀਂ ਸਦੀ ਦੇ ਮਸ਼ਹੂਰ ਭਾਰਤੀ ਗਣਿਤ-ਸ਼ਾਸਤਰੀ ਭਾਸਕਰਚਾਰੀਆ ਦੁਆਰਾ ਲਿਖੀ ਗਈ ਇਕ ਪ੍ਰਸਿੱਧ ਗਣਿਤ ਦੀ ਕਿਤਾਬ ਸੀ। ਪਰੰਪਰਾ ਅਨੁਸਾਰ, ਭਾਸਕਰਚਾਰੀਆ ਨੇ ਇਹ ਕਿਤਾਬ ਆਪਣੀ ਧੀ 'ਲੀਲਾਵਤੀ' ਦੇ ਨਾਮ 'ਤੇ ਲਿਖੀ ਸੀ। ਅਕਬਰ ਦਾ ਫ਼ੈਜ਼ੀ ਰਤਨ ਬਾਦਸ਼ਾਹ ਦੇ ਸਿੱਖਿਆ ਮੰਤਰੀ ਤੇ ਉਸਦੇ ਸ਼ਹਿਜ਼ਾਦਿਆਂ ਦਾ ਅਧਿਆਪਕ ਤੇ ਸਲਾਹਕਾਰ ਸੀ । ਉਸ ਦਾ ਪੂਰਾ ਨਾਂ ਅਬਦੁੱਲ-ਬਿਨ-ਮੁਬਾਰਕ ਸੀ। 30 ਸਾਲ ਦੀ ਉਮਰ 'ਚ ਉਸ ਨੇ ਫ਼ਾਰਸੀ ਦੀਆਂ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ। ਮੁਹੰਮਦ ਆਰੀਫ ਨੇ 'ਤਾਰੀਖ-ਏ-ਅਕਬਰੀ' ਨਾਮਕ ਗ੍ਰੰਥ ਦੀ ਰਚਨਾ ਫ਼ਾਰਸੀ ਭਾਸ਼ਾ ਵਿਚ ਕੀਤੀ, ਜੋ ਕਿ 16ਵੀਂ ਸਦੀ ਦੇ ਭਾਰਤੀ ਇਤਿਹਾਸ ਤੇ ਚਾਨਣਾ ਪਾਉਂਦਾ ਹੈ। ਜਹਾਨਾਰਾ ਬੇਗਮ (1614-1681) ਮੁਗਲ ਬਾਦਸ਼ਾਹ ਸ਼ਾਹਜਹਾਨ ਅਤੇ ਉਸਦੀ ਪਤਨੀ ਮੁਮਤਾਜ ਮਹਿਲ ਦੀ ਸਭ ਤੋਂ ਵੱਡੀ ਅਤੇ ਪਿਆਰੀ ਧੀ ਸੀ। ਉਹ ਇਕ ਪ੍ਰਭਾਵਸ਼ਾਲੀ ਮੁਗਲ ਰਾਜਕੁਮਾਰੀ ਸੀ, ਜਿਸਨੇ ਆਪਣੀ ਮਾਂ ਦੀ ਮੌਤ ਤੋਂ ਬਾਅਦ ਸ਼ਾਹੀ ਘਰਾਣੇ ਵਿਚ 'ਪਾਦਸ਼ਾਹ ਬੇਗਮ' (ਪਹਿਲੀ ਮਹਿਲਾ) ਦਾ ਦਰਜਾ ਪ੍ਰਾਪਤ ਕੀਤਾ ਅਤੇ ਸ਼ਾਹਜਹਾਨ ਦੇ ਰਾਜ ਦੌਰਾਨ ਰਾਜਨੀਤੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਮੁਨਿਸ-ਉਲ-ਅਰਵਾਹ ਜਹਾਨਾਰਾ ਬੇਗਮ ਦਾ ਸਭ ਤੋਂ ਮਸ਼ਹੂਰ ਫ਼ਾਰਸੀ ਗ੍ਰੰਥ ਹੈ, ਜਿਸ ਵਿਚ ਉਨ੍ਹਾਂ ਨੇ ਪ੍ਰਸਿੱਧ ਸੂਫੀ ਸੰਤ ਖਵਾਜਾ ਮੁਈਨੂਦੀਨ ਚਿਸ਼ਤੀ ਦੀ ਜੀਵਨੀ ਲਿਖੀ ਹੈ।
ਸ਼ਾਹਜਹਾਂ ਬਾਦਸ਼ਾਹ ਬਾਰੇ ਸ਼ਾਹਜਹਾਂ-ਨਾਮਾ ਨਾਮਕ ਗ੍ਰੰਥ ਇਨਾਇਤ ਖਾਨ ਨੇ ਫ਼ਾਰਸੀ ਭਾਸ਼ਾ ਵਿਚ ਲਿਖਿਆ ਸੀ। ਔਰੰਗਜ਼ੇਬ ਬਾਦਸ਼ਾਹ ਦੇ ਇਤਿਹਾਸ ਬਾਰੇ ਮਿਰਜ਼ਾ ਮੁਹੰਮਦ ਕਾਜ਼ਿਮ ਨੇ ਆਲਮਗੀਰ-ਨਾਮਾ ਗ੍ਰੰਥ ਫ਼ਾਰਸੀ ਭਾਸ਼ਾ ਵਿਚ ਲਿਖਿਆ ਸੀ। ਔਰੰਗਜ਼ੇਬ ਦੇ ਸਮੇਂ ਵਿਚ ਹੀ ਸਿੱਖਾਂ ਦੇ ਦਸਵੇਂ ਗੁਰੂ ਸਰਬੰਸ ਦਾਨੀ, ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਆਪਣੇ ਹੱਥੀਂ ਜ਼ਫ਼ਰਨਾਮਾ ਨਾਮਕ ਪੱਤਰ ਫ਼ਾਰਸੀ ਭਾਸ਼ਾ ਵਿਚ ਲਿਖ ਕੇ ਔਰੰਗਜ਼ੇਬ ਵੱਲ ਘੱਲਿਆ ਸੀ। ਇਹ ਫ਼ਾਰਸੀ ਸ਼ਾਇਰੀ ਵਿਚ ਲਿਖਿਆ ਹੋਇਆ ਹੈ। ਗੁਰੂ ਜੀ ਨੇ ਇਸ ਨੂੰ ਪਿੰਡ ਕਾਂਗੜ ਦੀ ਧਰਤੀ 'ਤੇ 1705 ਈਸਵੀ ਵਿਚ ਲਿਖਿਆ। ਜਿਸ ਵਿਚ ਪਿੰਡ ਕਾਂਗੜ ਦਾ ਵਿਸ਼ੇਸ ਤੌਰ ਤੇ ਜ਼ਿਕਰ ਕੀਤਾ ਹੋਇਆ ਹੈ ਅਤੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੇ ਇਸ ਨੂੰ ਅਹਿਮਦਨਗਰ ਵਿਖੇ ਔਰੰਗਜ਼ੇਬ ਤੱਕ ਪਹੁੰਚਾਇਆ। ਜ਼ਫ਼ਰਨਾਮਾ ਜੰਗ ਜਿੱਤਣ ਦਾ ਪੱਤਰ ਸੀ। ਜ਼ਫ਼ਰਨਾਮਾ ਦੇ ਵਿਚ ਸਚਾਈ ਦੀ ਬੁਰਾਈ 'ਤੇ ਹੋਈ ਜਿੱਤ ਬਾਰੇ ਬਿਰਤਾਂਤ ਦਿੱਤਾ ਹੋਇਆ ਸੀ। ਜ਼ਫ਼ਰਨਾਮਾ ਪੱਤਰ ਨੂੰ ਪੜ੍ਹਨ ਉਪਰੰਤ ਹੀ ਔਰੰਗਜ਼ੇਬ ਦਾ ਦਿਲ ਝੰਜੋੜਿਆ ਗਿਆ ਸੀ। ਸਿੱਖ ਗੁਰੂਆਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਣੇ ਪੰਜਾਬ ਦੇ ਸਿੱਖ ਰਾਜ ਸਮੇਂ ਫ਼ਾਰਸੀ ਭਾਸ਼ਾ ਨੂੰ ਆਪਣੀ ਦਰਬਾਰੀ ਭਾਸ਼ਾ ਘੋਸ਼ਿਤ ਕੀਤਾ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮਹਾਨ ਕਵੀ ਸੋਹਨ ਲਾਲ ਸੂਰੀ ਦਾ ਲਿਖਿਆ ਫ਼ਾਰਸੀ ਭਾਸ਼ਾ ਦਾ ਗ੍ਰੰਥ ਉਮਦਤ-ਉਤ-ਤਵਾਰੀਖ ਜੋ ਕਿ ਗੁਰੂਆਂ ਦੇ ਜੀਵਨ ਅਤੇ ਸਿੱਖ ਰਾਜ ਦੇ ਇਤਿਹਾਸ ਤੇ ਖਾਸ ਕਰਕੇ ਲਾਹੌਰ ਦਰਬਾਰ ਦੀਆਂ ਘਟਨਾਵਾਂ ਦਾ ਵੇਰਵਾ ਦੱਸਦਾ ਹੈ, ਉਸ ਸਮੇਂ ਦੇ ਇਤਿਹਾਸ ਦੀ ਵਡਮੁੱਲੀ ਜਾਣਕਾਰੀ ਦਿੰਦਾ ਹੈ। ਦੀਵਾਨ ਅਮਰਨਾਥ ਦੁਆਰਾ ਲਿਖਿਆ ਹੋਇਆ ਫ਼ਾਰਸੀ ਭਾਸ਼ਾ ਦਾ ਗ੍ਰੰਥ ਜ਼ਫ਼ਰਨਾਮਾ-ਏ-ਰਣਜੀਤ ਸਿੰਘ ਵਿਚ ਮਹਾਰਾਜੇ ਦੀਆਂ ਜਿੱਤਾਂ, ਰਾਜਨੀਤੀ, ਫੌਜੀ ਪ੍ਰਬੰਧ ਅਤੇ ਰਾਜ ਪ੍ਰਣਾਲੀ ਦਾ ਵੇਰਵਾ ਮਿਲਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਬਰਤਾਨਵੀ ਈਸਟ ਇੰਡੀਆ ਕੰਪਨੀ ਨੇ ਭਾਰਤ ਵਿਚ ਫ਼ਾਰਸੀ ਭਾਸ਼ਾ ਵਿਚ ਦਿਲਚਸਪੀ ਵਿਖਾਈ। ਭਾਰਤ ਦੇ ਤਾਣੇ-ਬਾਣੇ ਨੂੰ ਸਮਝਣ ਲਈ ਕੰਪਨੀ ਦੇ ਅਧਿਕਾਰੀਆਂ ਨੇ ਫ਼ਾਰਸ ਭਾਸ਼ਾ ਨੂੰ ਸਿੱਖਿਆ ਵੀ ਤੇ ਇਸ ਭਾਸ਼ਾ ਨੂੰ ਦੇਸੀ ਰਿਆਸਤਾਂ ਵਿਚ ਮਾਨਤਾ ਵੀ ਦਿੱਤੀ। ਭਾਰਤੀ ਸੁਪਰੀਮ ਕੋਰਟ ਦੇ ਜੱਜ ਸਰ ਵਿਲੀਅਮ ਜੋਨਸ, ਜੋ ਆਪ ਮਹਾਨ ਵਿਦਵਾਨ ਅਤੇ ਫ਼ਾਰਸੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਅਧਿਕਾਰੀ ਸਨ, ਨੇ ਬੰਗਾਲ ਵਿਚ ਬੰਗਾਲ ਏਸ਼ੀਆਟਿਕ ਸੋਸਾਇਟੀ, ਜਨਵਰੀ 15,1784 ਵਿਚ ਬਣਵਾਈ ਅਤੇ ਕਲਕੱਤਾ ਵਿਚ ਫ਼ਾਰਸੀ ਭਾਸ਼ਾ ਨੂੰ ਹੋਰ ਪ੍ਰਚੱਲਿਤ ਕੀਤਾ। ਈਰਾਨ ਦੇ ਪਹਿਲਵੀ ਰਾਜਵੰਸ਼ (1925-1979) ਦੇ ਅਧੀਨ ਭਾਰਤ ਅਤੇ ਈਰਾਨ ਦੇਸ਼ ਦੇ ਸਬੰਧ ਉਦੋਂ ਵਧੀਆ ਬਣੇ, ਜਦੋਂ 1932 ਈਸਵੀ ਵਿਚ ਰਵਿੰਦਰ ਨਾਥ ਟੈਗੋਰ ਜੀ ਨੇ ਈਰਾਨ ਦੀ ਯਾਤਰਾ ਕੀਤੀ ਤੇ ਉੱਥੇ ਪਹੁੰਚਣ ਤੇ ਉਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਈਰਾਨ ਤੋਂ ਵਾਪਸ ਆ ਕੇ ਰਬਿੰਦਰ ਨਾਥ ਟੈਗੋਰ ਨੇ ਵਿਸ਼ਵ ਭਾਰਤੀ ਯੂਨੀਵਰਸਿਟੀ, ਸ਼ਾਂਤੀਨਿਕੇਤਨ ਵਿਚ ਇਕ ਫ਼ਾਰਸ ਦੇ ਸੱਭਿਆਚਾਰ 'ਤੇ ਚੇਅਰ ਸਥਾਪਿਤ ਕੀਤੀ। ਇਸ ਤਰ੍ਹਾਂ ਮੱਧਕਾਲ ਤੋਂ ਲੈ ਕੇ ਆਧੁਨਿਕ ਕਾਲ ਤੱਕ ਭਾਰਤੀ ਇਤਿਹਾਸ ਵਿਚ ਫ਼ਾਰਸੀ ਭਾਸ਼ਾ ਦੇ ਬਹੁਤ ਸਾਰੇ ਗ੍ਰੰਥ ਪਾਏ ਜਾਂਦੇ ਹਨ, ਜੋ ਭਾਰਤੀ ਇਤਿਹਾਸ ਨੂੰ ਦਰਸਾਉਂਦੇ ਹਨ। ਮੁਗਲ ਕਾਲ ਦੀ ਗੱਲ ਕਰੀਏ ਤਾਂ ਮੁਗਲਾਂ ਨੇ ਫ਼ਾਰਸੀ ਭਾਸ਼ਾ ਦੀ ਵਰਤੋਂ ਅਜਿਹਾ ਸ਼ਕਤੀਸ਼ਾਲੀ ਢਾਂਚਾ ਬਣਾਉਣ ਲਈ ਕੀਤੀ, ਜਿਸ ਤੇ ਉਨ੍ਹਾਂ ਨੇ ਆਪਣਾ ਪੂਰਾ ਸਾਮਰਾਜ ਖੜ੍ਹਾ ਕੀਤਾ। ਫ਼ਾਰਸੀ ਮੁਗਲਾਂ ਲਈ ਸਿਰਫ ਇਕ ਭਾਸ਼ਾ ਨਹੀਂ ਸੀ। ਉਨ੍ਹਾਂ ਨੇ ਫ਼ਾਰਸੀ ਭਾਸ਼ਾ ਨੂੰ ਇਕ ਸਾਫਟਵੇਅਰ ਦੀ ਤਰ੍ਹਾਂ ਵਰਤਿਆ ਜਾਂ ਅਸੀਂ ਕਹਿ ਸਕਦੇ ਹਾਂ ਕਿ ਫ਼ਾਰਸੀ ਭਾਸ਼ਾ ਮੁਗਲਾਂ ਨੇ ਆਪਣੇ ਆਪਰੇਟਿੰਗ ਸਿਸਟਮ ਵਾਂਗ ਵਰਤੀ ਅਤੇ ਇਸ ਭਾਸ਼ਾ ਨਾਲ ਹੀ ਮੁਗਲਾਂ ਨੇ ਆਪਣਾ ਸਾਮਰਾਜ ਚਲਾਇਆ ਤੇ ਭਾਰਤ ਦੇ ਇਤਿਹਾਸ ਨੂੰ ਅਤੇ ਭਾਰਤ ਦੇ ਸਾਹਿਤ ਨੂੰ ਇਕ ਸ਼ਾਹੀ ਧਾਗੇ ਵਿਚ ਪਰੋਇਆ। ਫ਼ਾਰਸੀ ਭਾਸ਼ਾ ਪ੍ਰਸ਼ਾਸਨ, ਸੰਸਕ੍ਰਿਤ ਅਤੇ ਸੱਤਾ ਦਾ ਮਿਲਿਆ ਜੁਲਿਆ ਹਥਿਆਰ ਸੀ, ਜੋ ਮੁਗਲਾਂ ਨੇ ਆਪਣੇ ਰਾਜ ਕਾਲ ਵਿਚ ਬਾਖੂਬੀ ਵਰਤਿਆ। (ਸਮਾਪਤ)

-ਸਹਾਇਕ ਪ੍ਰੋਫੈਸਰ, ਪੀ.ਜੀ. ਵਿਭਾਗ ਹਿਸਟਰੀ
ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ
ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ)
ਮੋਬਾਈਲ : 94645-21622
ਈ-ਮੇਲ : singhgaddiwal13@gmail.com

Ad Position 22
No active advertisement
ਪਿਛਲੀ ਖ਼ਬਰ ਉੱਘੇ ਸਿੱਖ ਚਿੰਤਕ ਡਾ. ਸੁਜਿੰਦਰ ਸਿੰਘ ਸੰਘਾ ਨਾਲ ਵਿਸ਼ੇਸ਼ ਮੁਲਾਕਾਤ-ਬਰਤਾਨੀਆ 'ਚ ਪੰਜਾਬੀ ਭਾਈਚਾਰੇ ਨੇ ਹਰ ਖੇਤਰ 'ਚ ਤਰੱ... ਅਗਲੀ ਖ਼ਬਰ ਕੀ ਇਹ ਮਹਿਜ਼ ਇਤਫ਼ਾਕ ਸੀ?
Ad Position 24