ਤੇਰਾ ਸਿੰਘ ਚੰਨ ਦੇ ਅਕਾਲ ਚਲਾਣੇ ਦੀ ਮਿਤੀ ਤਾਂ ਪਿਛਲੇ ਹਫ਼ਤੇ ਸੀ, ਪਰ ਉਸ ਦੀ ਸੋਚ ਨਾਲ ਜੁੜੀਆਂ ਗੱਲਾਂ ਹਾਲੇ ਵੀ ਹਵਾ ਵਿਚ ਹਨ, ਕੇਵਲ ਭਾਰਤ 'ਚ ਨਹੀਂ, ਸੱਤ ਸਮੁੰਦਰ ਪਾਰ ਵੀ ਤੇ ਹਿਮਾਚਲ ਪ੍ਰਦੇਸ਼ ਦੇ ਦਗਸ਼ਈ ਵਿਚ ਵੀ, ਜਿੱਥੇ ਉਨ੍ਹਾਂ ਨੂੰ ਜੇਲ੍ਹ ਵਿਚ ਰਹਿਣਾ ਪਿਆ। ਕਿਸੇ ਬਿਧ ਮਹਾਤਮਾ ਗਾਂਧੀ ਤੇ ਨੱਥੂ ਰਾਮ ਗੋਡਸੇ ਨੂੰ ਵੀ ਕੁੱਝ ਦਿਨ ਉਥੇ ਰਹਿਣਾ ਪਿਆ ਸੀ। ਦਗਸ਼ਈ ਤਾਂ ਚੰਨ ਹੁਰਾਂ ਦਾ ਬੇਟਾ ਦਿਲਦਾਰ ਤੇ ਉਸ ਦੀ ਬੀਵੀ ਸੁਲਤਾਨਾ ਹਫ਼ਤਾ ਪਹਿਲਾਂ ਹੀ ਉੱਥੇ ਜਾ ਕੇ ਆਏ ਹਨ। 1847 'ਚ ਪਟਿਆਲਾ ਦੇ ਮਹਾਰਾਜਾ ਨੇ ਈਸਟ ਇੰਡੀਆ ਕੰਪਨੀ ਨੂੰ ਛਾਉਣੀ ਸਥਾਪਤ ਕਰਨ ਲਈ ਪੰਜ ਪਿੰਡ (ਡੱਬੀ, ਬੁਢਟਿਆਲਾ, ਚੂਨਾਵੜ, ਜਵਾਗ ਤੇ ਦਗਸ਼ਈ) ਦਿੱਤੇ ਸਨ। ਇਸ ਤੋਂ ਬਾਅਦ ਅੰਗਰੇਜ਼ਾਂ ਨੇ ਰਣਨੀਤਕ ਪੱਖ ਤੋਂ 1849 'ਚ ਇੱਥੇ ਜੇਲ੍ਹ ਦਾ ਨਿਰਮਾਣ ਕਰਾਇਆ। ਦਗਸ਼ਈ ਵਿਚ ਮੁੱਖ ਖਿੱਚ ਦਾ ਕੇਂਦਰ ਦਗਸ਼ਈ ਕੇਂਦਰੀ ਜੇਲ੍ਹ ਤੇ ਜੇਲ੍ਹ ਅਜਾਇਬ ਘਰ ਹੈ, ਜੋ ਅੰਡੇਮਾਨ ਟਾਪੂ ਦੀ ਸੈਲਿਊਲਰ ਜੇਲ੍ਹ ਤੋਂ ਬਾਅਦ ਭਾਰਤ ਵਿਚ ਬਸਤੀਵਾਦੀ ਦੌਰ ਦੇ ਜੇਲ੍ਹ ਅਜਾਇਬ ਘਰਾਂ 'ਚੋਂ ਇਕ ਹੈ।
ਬ੍ਰਿਟਿਸ਼ ਕਾਲ ਦੌਰਾਨ ਦਗਸ਼ਈ ਕੇਂਦਰੀ ਜੇਲ੍ਹ ਬੇਹੱਦ ਸਖ਼ਤ ਸੁਰੱਖਿਆ ਪ੍ਰਬੰਧਾਂ ਵਾਲੀ ਬਣਾਈ ਗਈ ਸੀ। ਇਸ ਵਿਚ ਕੁੱਲ 54 ਸੈੱਲ (ਕੋਠੜੀਆਂ) ਹਨ, ਜਿਨ੍ਹਾਂ 'ਚੋਂ 16 ਇਕਾਂਤਵਾਸ ਸਨ। ਇਨ੍ਹਾਂ ਦੀ ਵਰਤੋਂ ਕੱਟੜ ਭਾਰਤੀ ਕ੍ਰਾਂਤੀਕਾਰੀਆਂ ਨੂੰ ਕੈਦ ਕਰਨ ਤੇ ਅਣਮਨੁੱਖੀ ਸਜ਼ਾਵਾਂ ਦੇਣ ਲਈ ਕੀਤੀ ਜਾਂਦੀ ਸੀ। ਇੱਥੇ ਕੈਦ ਕੀਤੇ ਤੇ ਫ਼ਾਂਸੀ ਚੜ੍ਹਾਏ ਗਏ ਸ਼ੁਰੂਆਤੀ ਮੁੱਖ ਕ੍ਰਾਂਤੀਕਾਰੀਆਂ 'ਚ ਉਹ ਗੋਰਖੇ ਸਿਪਾਹੀ ਵੀ ਸ਼ਾਮਿਲ ਸਨ, ਜਿਨ੍ਹਾਂ ਨੇ 1857 'ਚ ਅੰਗਰੇਜ਼ ਹਕੂਮਤ ਵਿਰੁੱਧ ਬਗ਼ਾਵਤ ਦਾ ਬਿਗਲ ਵਜਾਇਆ ਸੀ। 1920 'ਚ ਹੋਈ ਪ੍ਰਸਿੱਧ ਕਨਾਟ ਰੋਜਰਜ਼ ਬਗ਼ਾਵਤ ਦੌਰਾਨ ਇਸ ਜੇਲ੍ਹ 'ਚ ਲਗਭਗ 14 ਆਇਰਿਸ਼ ਸਿਪਾਹੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਬਾਅਦ 'ਚ 2 ਨਵੰਬਰ 1920 ਨੂੰ ਸਿਰਫ਼ ਇਕ 21 ਸਾਲਾ ਆਇਰਿਸ਼ ਸਿਪਾਹੀ ਜੇਮਜ਼ ਜੋਸਫ਼ ਡੇਲੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ, ਜਦਕਿ ਬਾਕੀ 13 ਸਿਪਾਹੀਆਂ ਦੀ ਫ਼ਾਂਸੀ ਨੂੰ ਉਮਰ ਕੈਦ 'ਚ ਬਦਲ ਦਿੱਤਾ ਸੀ।
ਮਹਾਤਮਾ ਗਾਂਧੀ ਤੇ ਗੋਡਸੇ ਦੀ ਆਮਦ
ਆਇਰਿਸ਼ ਸਿਪਾਹੀਆਂ ਨੂੰ ਦਗਸ਼ਈ 'ਚ ਕੈਦ ਕੀਤੇ ਜਾਣ ਦੀ ਖ਼ਬਰ ਮਿਲਦਿਆਂ ਹੀ ਮਹਾਤਮਾ ਗਾਂਧੀ ਉੱਥੇ ਪਹੁੰਚੇ। ਉਹ ਮਹਾਨ ਆਇਰਿਸ਼ ਆਗੂ ਇਮੋਨ ਡੇ ਵੈਲੇਰਾ ਦੇ ਪ੍ਰਸੰਸਕ ਸਨ ਅਤੇ ਬ੍ਰਿਟਿਸ਼ ਹਕੂਮਤ ਵਿਰੁੱਧ ਆਇਰਿਸ਼ ਲੋਕਾਂ ਦੇ ਸੰਘਰਸ਼ ਤੋਂ ਬੇਹੱਦ ਪ੍ਰੇਰਿਤ ਸਨ। ਜੇਲ੍ਹ ਅਧਿਕਾਰੀਆਂ ਨੇ ਮਹਾਤਮਾ ਗਾਂਧੀ ਦੀ ਬੇਨਤੀ 'ਤੇ ਉਨ੍ਹਾਂ ਦੇ ਰਹਿਣ ਲਈ ਜੇਲ੍ਹ ਅੰਦਰ ਹੀ ਇਕ ਕੋਠੜੀ ਦਾ ਪ੍ਰਬੰਧ ਕੀਤਾ ਸੀ। ਅੱਜ ਵੀ ਜੇਲ੍ਹ ਪ੍ਰਸ਼ਾਸਨ ਵਲੋਂ ਉਸ ਕੋਠੜੀ ਵਿਚ ਮਹਾਤਮਾ ਗਾਂਧੀ ਦੀ ਯਾਦ ਤੇ ਪ੍ਰਤੀਕ ਵਜੋਂ ਇਕ ਚਰਖਾ ਇਤਿਹਾਸਕ ਵਿਰਾਸਤ ਵਜੋਂ ਸੰਭਾਲਿਆ ਹੋਇਆ ਹੈ। ਇਕ ਹੋਰ ਦਿਲਚਸਪ ਤੇ ਹੈਰਾਨੀਜਨਕ ਤੱਥ ਇਹ ਹੈ ਕਿ ਮਹਾਤਮਾ ਗਾਂਧੀ ਦਾ ਕਤਲ ਕਰਨ ਵਾਲੇ ਨੱਥੂਰਾਮ ਗੋਡਸੇ ਨੂੰ ਵੀ ਮੁਕੱਦਮੇ ਤੇ ਫ਼ਾਂਸੀ ਦੀ ਸਜ਼ਾ ਤੋਂ ਪਹਿਲਾਂ ਕੁੱਝ ਸਮੇਂ ਲਈ ਇਸੇ ਜੇਲ੍ਹ 'ਚ ਬੰਦੀ ਬਣਾ ਕੇ ਰੱਖਿਆ ਗਿਆ ਸੀ। ਚੰਨ ਪਰਿਵਾਰ ਦੀ ਦੂਜੀ ਗੱਲ ਦਾ ਸਬੰਧ ਉਨ੍ਹਾਂ ਦੀ ਬੇਟੀ ਸੁਲੇਖਾ (ਸੁਪਤਨੀ ਡਾ. ਰਘਬੀਰ ਸਿੰਘ ਸਿਰਜਣਾ) ਨਾਲ ਹੈ, ਜਿਹੜੀ ਵਧੇਰੇ ਕਰਕੇ ਵੈਨਕੂਵਰ (ਕੈਨੇਡਾ) ਵਿਖੇ ਅਪਣੀ ਧੀ ਰਚਨਾ ਸਿੰਘ ਕੋਲ ਹੀ ਰਹਿੰਦੀ ਹੈ। ਰਚਨਾ ਬ੍ਰਿਟਿਸ਼ ਕੋਲੰਬੀਆ ਦੀ ਐਜੂਕੇਸ਼ਨ ਤੇ ਚਾਈਲਡ ਡਿਵੈਲਪਮੈਂਟ ਮੰਤਰੀ ਰਹਿ ਚੁੱਕੀ ਹੈ। ਚੰਨ ਪਰਿਵਾਰ ਦਾ ਮਹਿੰਦਰ ਸੂਮਲ ਨਾਂਅ ਦੇ ਵਿਅਕਤੀ ਨਾਲ ਗੂੜ੍ਹਾ ਸੰਬੰਧ ਰਿਹਾ ਹੈ। ਮਹਿੰਦਰ ਸੂਮਲ ਕੈਨੇਡਾ ਜਾਣ ਤੋਂ ਪਹਿਲਾਂ ਭਾਰਤ 'ਚ ਕਾਲਜ ਵਿਦਿਆਰਥੀ ਹੁੰਦਿਆਂ ਸਾਹਿਤਕ ਤੇ ਸੱਭਿਆਚਾਰਕ ਸਰਗਰਮੀ ਨਾਲ ਜੁੜਿਆ ਸੀ। ਕੈਨੇਡਾ ਪਹੁੰਚਣ ਉਪਰੰਤ ਉਸ ਨੇ ਪੰਜਾਬੀ ਲੇਖਕ ਗੁਰਚਰਨ ਰਾਮਪੁਰੀ ਨਾਲ ਮਿਲ ਕੇ 1970 'ਚ ਹੀ ਉਸ ਨੇ ਅਜਿਹੀਆਂ ਸਰਗਰਮੀਆਂ ਕਰ ਦਿੱਤੀਆਂ ਸਨ। 1973 'ਚ ਕੈਨੇਡਾ ਦੀ ਪਹਿਲੀ ਪੰਜਾਬੀ ਸਾਹਿਤ ਸਭਾ ਦੀ ਨੀਂਹ ਰੱਖਣ ਵਾਲੇ ਵੀ ਉਹੀ ਸਨ। ਬਾਅਦ 'ਚ ਇਹੋ ਸਾਹਿਤ ਸਭਾ 'ਪੰਜਾਬੀ ਲੇਖਕ ਮੰਚ ਵੈਨਕੂਵਰ' ਦੇ ਨਾਂਅ ਨਾਲ ਮਸ਼ਹੂਰ ਹੋਈ ਤੇ ਮੰਚ ਦਾ ਪਹਿਲਾ ਕੋਆਰਡੀਨੇਟਰ ਵੀ ਉਹੀ ਸੀ। ਸੂਮਲ ਉਨ੍ਹਾਂ ਤੋਂ ਮਗਰੋਂ ਵੀ ਕਈ ਵਾਰ ਪੰਜਾਬੀ ਲੇਖਕ ਮੰਚ ਦਾ ਕੁਆਰਡੀਨੇਟਰ ਰਿਹਾ। ਲੇਖਕ ਮੰਚ ਨੇ ਕੈਨੇਡਾ 'ਚ ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿਚ ਵੱਡਾ ਯੋਗਦਾਨ ਪਾਇਆ। ਉਹ ਬੀ.ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ (ਰਜਿ.) ਦਾ ਬਾਨੀ ਮੈਂਬਰ ਵੀ ਰਿਹਾ। ਬੀ.ਸੀ. 'ਚ ਇਸ ਫਾਊਂਡੇਸ਼ਨ ਦੇ ਨਾਂਅ 'ਤੇ ਹੀ ਪੁਸਤਕ ਮੇਲੇ ਲਗਦੇ ਰਹੇ ਹਨ। ਉਸਨੇ ਪੰਜਾਬੀ ਮੈਗਜ਼ੀਨ 'ਲੋਕੜਾ' ਨਾਲ ਵੀ ਕੰਮ ਕੀਤਾ, ਜਿਸ 'ਚ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਬਾਖੂਬੀ ਉਭਾਰਿਆ ਜਾਂਦਾ ਸੀ। ਇਸ ਤੋਂ ਬਿਨਾਂ ਸੂਮਲ ਦਰਸ਼ਨ ਗਿੱਲ ਦੇ ਸਪਤਾਹਿਕ ਪਰਚੇ 'ਕੈਨੇਡਾ ਦਰਪਣ' ਦੇ ਛਪਣ ਦੇ ਆਰੰਭ ਤੋਂ ਲੈ ਕੇ ਅਖੀਰ ਤੱਕ ਸਹਿਯੋਗੀ ਰਿਹਾ। ਉਸਦੀਆਂ ਸਮਾਜਿਕ ਤੇ ਸੱਭਿਆਚਾਰਕ ਸਰਗਰਮੀਆਂ ਦੀਆਂ ਬਰਕਤਾਂ ਹੀ ਸਮਝੋ ਕਿ ਉਸ ਦੀ ਐਸੋਸੀਏਸ਼ਨ ਨੇ ਨਸਲੀ ਵਿਤਕਰੇ ਤੇ ਭਾਰਤੀ ਕਾਮਿਆਂ ਦੇ ਹੱਕਾਂ ਲਈ ਬਹੁਤ ਕੰਮ ਕੀਤਾ। ਉਸਨੇ ਵੈਨਕੂਵਰ 'ਚ ਪਹਿਲੀ ਭੰਗੜਾ ਟੀਮ ਬਣਾਈ। ਆਪਣੇ ਘਰੇਲੂ ਕੰਮ ਤਿਆਗ ਕੇ ਭੰਗੜਾ ਟੀਮ ਨੂੰ ਸਿਖਲਾਈ ਦਿੱਤੀ। ਸੂਮਲ ਨੇ ਆਪਣੇ ਵਿਆਹ ਸਮੇਂ ਕੈਨੇਡਾ ਆਉਂਦਿਆਂ ਹੋਰ ਸਾਮਾਨ ਲਿਆਉਣ ਦੀ ਥਾਂ ਢੋਲ ਲਿਆਉਣ ਨੂੰ ਤਰਜੀਹ ਦਿੱਤੀ। ਇਸ ਟੀਮ ਨੇ 1974 'ਚ ਅਮਰੀਕਾ ਦੇ ਸ਼ਹਿਰ ਸਪੇਕੈਨ ਦੇ ਵਰਲਡ ਟ੍ਰੇਡ ਫੇਅਰ ਵਿਚ ਭੰਗੜਾ ਪਾਇਆ।
1976 ਦੀਆਂ ਮੌਂਟਰੀਅਲ ਉਲੰਪਿਕ ਖੇਡਾਂ 'ਚ ਭੰਗੜਾ ਪਾ ਕੇ ਧੰਨ-ਧੰਨ ਕਰਾਈ ਤੇ ਪੰਜਾਬੀ ਭੰਗੜੇ ਨੂੰ ਮਾਨਤਾ ਦਿਵਾਈ। 1981 'ਚ ਪੀ.ਐਨ.ਈ. ਦੇ ਮੇਲੇ 'ਚ ਭੰਗੜਾ ਪਾ ਕੇ 'ਬੈਸਟ ਪ੍ਰਾਈਜ਼' ਜਿੱਤਿਆ। ਕੈਨੇਡਾ ਦੀਆਂ ਖੱਬੇ ਪੱਖੀ ਪਾਰਟੀਆਂ ਤੇ ਸੰਗਠਨਾਂ ਨਾਲ ਵੀ ਕੰਮ ਕੀਤਾ। ਭਾਰਤ ਤੋਂ ਆਉਣ ਵਾਲੇ ਅਗਾਂਹਵਧੂ ਨੇਤਾਵਾਂ ਤੇ ਲੇਖਕਾਂ ਦੀ ਹਰ ਢੰਗ ਨਾਲ ਸਹਾਇਤਾ ਕਰਨ 'ਚ ਮੋਹਰੀ ਭੂਮਿਕਾ ਨਿਭਾਈ। ਸੂਮਲ ਜ਼ਿੰਦਗੀ ਵਿਚ ਆਈਆਂ ਔਕੜਾਂ ਦੇ ਬਾਵਜੂਦ ਸਤੰਬਰ 2025 'ਚ ਅੰਤਲੇ ਸਾਹ ਲੈਣ ਤੱਕ ਸਾਹਿਤਕ, ਸਮਾਜਿਕ ਤੇ ਸਭਿਆਚਾਰਕ ਸਰਗਰਮੀਆਂ ਨਾਲ ਜੁੜਿਆ ਰਿਹਾ।
ਅੰਤਿਕਾ
(ਉਰਦੂ ਕਵੀ ਦਾਗ ਦੇਹਲਵੀ)
ਨਹੀਂ ਖੇਲ ਏ 'ਦਾਗ' ਯਾਰੋਂ ਸੇ ਕਹਿਦੋ
ਕਿ ਆਤੀ ਹੈ ਉਰਦੂ ਜ਼ੁਬਾਂ ਆਤੇ ਆਤੇ
ਈਮੇਲ : sandhugulzar@yahoo.com