02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਕੁਰਬਾਨੀ ਤੇ ਬਹਾਦਰੀ ਦੀ ਸ਼ਾਨਦਾਰ ਮਿਸਾਲ ਹੈ ਕਾਰਗਿਲ ਦੀ ਗਾਥਾ

Ad Position 21
No active advertisement
ਅਜੀਤ ਡੈਸਕ 26-07-2026

26 ਜੁਲਾਈ 1999, ਇਕ ਅਜਿਹਾ ਦਿਨ ਹੈ ਜਿਸ ਨੇ ਭਾਰਤ ਦੇ ਇਤਿਹਾਸ 'ਚ ਇਕ ਅਮਿੱਟ ਅਧਿਆਇ ਜੋੜਿਆ। ਇਸ ਦਿਨ ਭਾਰਤੀ ਫ਼ੌਜ ਨੇ 'ਆਪ੍ਰੇਸ਼ਨ ਵਿਜੈ' ਨੂੰ ਸਫਲਤਾਪੂਰਵਕ ਪੂਰਾ ਕੀਤਾ ਤੇ ਕਾਰਗਿਲ ਯੁੱਧ ਵਿਚ ਜਿੱਤ ਪ੍ਰਾਪਤ ਕੀਤੀ। ਇਹ ਸਿਰਫ਼ ਇਕ ਸੈਨਿਕ ਜਿੱਤ ਨਹੀਂ ਸੀ, ਸਗੋਂ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਬੇਮਿਸਾਲ ਹਿੰਮਤ, ਅਨੁਸ਼ਾਸਨ, ਬਹਾਦਰੀ ਤੇ ਕੁਰਬਾਨੀ ਦੀ ਸ਼ਾਨਦਾਰ ਗਾਥਾ ਸੀ, ਜਿਸ ਨੂੰ ਭਾਰਤੀ ਕਦੇ ਵੀ ਨਹੀਂ ਭੁੱਲ ਸਕਦੇ। ਅੱਜ ਜਦੋਂ ਦੇਸ਼ ਕਾਰਗਿਲ ਵਿਜੈ ਦਿਵਸ ਦੀ 27ਵੀਂ ਵਰ੍ਹੇਗੰਢ ਮਨਾ ਰਿਹਾ ਹੈ ਤਾਂ ਸਮੁੱਚਾ ਰਾਸ਼ਟਰ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ, ਜਿਨ੍ਹਾਂ ਨੇ ਆਪਣੀ ਮਾਤ ਭੂਮੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ। ਇਹ ਦਿਨ ਨਾ ਸਿਰਫ਼ ਭਾਰਤੀ ਫ਼ੌਜ ਦੀ ਬੇਮਿਸਾਲ ਬਹਾਦਰੀ ਦਾ ਪ੍ਰਤੀਕ ਹੈ, ਸਗੋਂ ਸਾਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਰਾਸ਼ਟਰ ਦੀ ਰੱਖਿਆ 'ਚ ਵਚਨਬੱਧਤਾ, ਸਮਰਪਣ ਅਤੇ ਕੁਰਬਾਨੀ ਦੀ ਕੀ ਕੀਮਤ ਹੁੰਦੀ ਹੈ।

1999 'ਚ ਦੁਨੀਆ ਨੇ ਵੇਖਿਆ ਕਿ ਕਾਰਗਿਲ ਯੁੱਧ ਇਕ ਅਣਐਲਾਨੀ ਜੰਗ ਸੀ, ਪਰ ਇਸ ਦਾ ਪ੍ਰਭਾਵ ਤੇ ਨਤੀਜੇ ਇਕ ਪੂਰੇ ਯੁੱਧ ਵਾਂਗ ਹੀ ਸਨ। ਮਈ ਤੋਂ ਜੁਲਾਈ ਵਿਚਾਲੇ ਚੱਲੇ ਇਸ ਟਕਰਾਅ ਨੇ ਸਿੱਧ ਕਰ ਦਿੱਤਾ ਸੀ ਕਿ ਭਾਰਤੀ ਫ਼ੌਜ ਕਿਸੇ ਵੀ ਤਰ੍ਹਾਂ ਦੇ ਹਾਲਾਤ ਵਿਚ ਆਪਣੀਆਂ ਸਰਹੱਦਾਂ ਦੀ ਰੱਖਿਆ ਲਈ ਦ੍ਰਿੜ੍ਹ ਤੇ ਅਜਿੱਤ ਹੈ। 1971 ਤੋਂ ਬਾਅਦ ਇਹ ਯੁੱਧ ਭਾਰਤ ਤੇ ਪਾਕਿਸਤਾਨ ਵਿਚਕਾਰ ਪਹਿਲੀ ਵਾਰ ਹੋਇਆ ਜਦੋਂ ਦੋਵੇਂ ਦੇਸ਼ ਸਿੱਧੀ ਲੜਾਈ 'ਚ ਆਹਮੋ-ਸਾਹਮਣੇ ਸਨ। ਪਾਕਿਸਤਾਨ ਨੇ ਕਸ਼ਮੀਰ ਦੇ ਕਾਰਗਿਲ ਸੈਕਟਰ 'ਚ ਘੁਸਪੈਠ ਕਰ ਕੇ ਭਾਰਤੀ ਖੇਤਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਦੀ ਯੋਜਨਾ ਬਰਫ਼ਬਾਰੀ ਦੌਰਾਨ ਜਦੋਂ ਭਾਰਤੀ ਫੌਜਾਂ ਆਪਣੀਆਂ ਅਗਲੀਆਂ ਚੌਕੀਆਂ ਤੋਂ ਹੇਠਾਂ ਉਤਰ ਦੀਆਂ ਹਨ ਤਾਂ ਉਥੇ ਕਬਜ਼ਾ ਕਰਨ ਦੀ ਸੀ ਉਸ ਦਾ ਨਿਸ਼ਾਨਾ ਸ੍ਰੀਨਗਰ-ਲੇਹ ਮਾਰਗ ਨੂੰ ਕੱਟ ਦਾ ਵੀ ਸੀ। ਪਰ ਪਾਕਿਸਤਾਨ ਦਾ ਇਹ ਮਨਸੂਬਾ ਭਾਰਤੀ ਫ਼ੌਜ ਦੀ ਚੌਕਸੀ, ਹਿੰਮਤ ਤੇ ਸਮਝਦਾਰੀ ਨੇ ਅਸਫਲ ਕਰ ਦਿੱਤਾ।
3 ਮਈ 1999 ਨੂੰ ਸਥਾਨਕ ਚਰਵਾਹਿਆਂ ਨੇ ਭਾਰਤੀ ਅਧਿਕਾਰੀਆਂ ਨੂੰ ਪਾਕਿਸਤਾਨੀ ਘੁਸਪੈਠ ਬਾਰੇ ਸੂਚਿਤ ਕੀਤਾ ਸੀ। ਦੋ ਦਿਨ ਬਾਅਦ 5 ਮਈ ਨੂੰ ਪਾਕਿਸਤਾਨੀ ਫ਼ੌਜੀਆਂ ਨੇ ਪੰਜ ਭਾਰਤੀ ਸੈਨਿਕਾਂ ਨੂੰ ਮਾਰ ਦਿੱਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਵਾਪਸ ਕਰ ਦਿੱਤਾ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਸਪਸ਼ੱਟ ਤੌਰ 'ਤੇ ਜੰਗ ਦੀ ਸਥਿਤੀ ਨੂੰ ਸਵੀਕਾਰ ਕੀਤਾ ਅਤੇ 10 ਮਈ ਨੂੰ 'ਆਪ੍ਰੇਸ਼ਨ ਵਿਜੈ' ਸ਼ੁਰੂ ਕੀਤਾ ਗਿਆ। ਇਹ ਇਕ ਸੰਪੂਰਨ ਫੌਜੀ ਕਾਰਵਾਈ ਸੀ, ਜਿਸ 'ਚ ਭਾਰਤੀ ਥਲ ਸੈਨਾ, ਹਵਾਈ ਸੈਨਾ ਅਤੇ ਵੱਖ-ਵੱਖ ਸੈਨਿਕ ਸ਼ਾਖਾਵਾਂ ਇਕਜੁਟ ਹੋ ਕੇ ਦੁਸ਼ਮਣਾਂ ਖ਼ਿਲਾਫ਼ ਮੈਦਾਨ 'ਚ ਉਤਰੀਆਂ। ਇਹ ਜੰਗ ਮੁਸ਼ਕਿਲ ਸਥਿਤੀਆਂ 'ਚ ਲੜੀ ਗਈ। ਕਾਰਗਿਲ ਦੇ ਉੱਚੇ ਪਹਾੜਾਂ 'ਤੇ ਜੰਗ ਕਰਨੀ ਕਿਸੇ ਵੀ ਫ਼ੌਜ ਲਈ ਵੱਡੀ ਚੁਣੌਤੀ ਹੁੰਦੀ ਹੈ ਅਤੇ ਕੱਝ ਚੌਕੀਆਂ ਤਾਂ 18,000 ਫੁੱਟ ਤੋਂ ਵੱਧ ਦੀ ਉਚਾਈ 'ਤੇ ਸਥਿਤ ਸਨ। ਅਜਿਹੇ 'ਚ ਨਾ ਸਿਰਫ਼ ਦੁਸ਼ਮਣ ਦੀ ਗੋਲੀਬਾਰੀ, ਸਗੋਂ ਆਕਸੀਜਨ ਦੀ ਘਾਟ, ਬਹੁਤ ਜ਼ਿਆਦਾ ਠੰਢ ਤੇ ਕਠੋਰ ਭੂਗੋਲਿਕ ਸਥਿਤੀਆਂ 'ਚ ਵੀ ਭਾਰਤੀ ਫ਼ੌਜ ਨੇ ਮੁਕਾਬਲਾ ਕੀਤਾ ਅਤੇ ਅਸੰਭਵ ਨੂੰ ਸੰਭਵ ਕਰ ਦਿਖਾਇਆ। ਟੋਲੋਲਿੰਗ, ਟਾਈਗਰ ਹਿੱਲ ਤੇ ਪੁਆਇੰਟ 4875 ਵਰਗੀਆਂ ਮੁੱਖ ਚੋਟੀਆਂ 'ਤੇ ਮੁੜ ਕਬਜ਼ਾ ਕਰਨਾ ਆਸਾਨ ਕੰਮ ਨਹੀਂ ਸੀ, ਪਰ ਸਾਡੇ ਬਹਾਦਰ ਜਵਾਨਾਂ ਨੇ ਇਹ ਕਾਰਨਾਮਾ ਕਰ ਦਿਖਾਇਆ, ਜਿਸ ਨੂੰ ਇਤਿਹਾਸ ਨੇ ਸੁਨਹਿਰੀ ਅੱਖਰਾਂ 'ਚ ਦਰਜ ਕੀਤਾ ਹੈ।
ਭਾਰਤੀ ਹਵਾਈ ਸੈਨਾ ਨੇ ਵੀ ਇਸ ਯੁੱਧ 'ਚ ਫ਼ੈਸਲਾਕੁੰਨ ਭੂਮਿਕਾ ਨਿਭਾਈ ਤੇ 26 ਮਈ 1999 ਨੂੰ ਹਵਾਈ ਹਮਲੇ ਸ਼ੁਰੂ ਕੀਤੇ ਅਤੇ ਦੁਸ਼ਮਣ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦੇ ਕਈ ਬੰਕਰ ਤਬਾਹ ਕਰ ਦਿੱਤੇ। ਇਸ ਦੌਰਾਨ ਭਾਰਤੀ ਹਵਾਈ ਸੈਨਾ ਨੇ 'ਆਪ੍ਰੇਸ਼ਨ ਸਫ਼ੇਦ ਸਾਗਰ' ਨੂੰ ਅੰਜਾਮ ਦਿੱਤਾ, ਜੋ ਕਾਰਗਿਲ ਯੁੱਧ ਦਾ ਹਵਾਈ ਪਹਿਲੂ ਸੀ। ਹਾਲਾਂਕਿ ਹਵਾਈ ਸੈਨਾ ਦੇ ਕੁਝ ਬਹਾਦਰ ਸੈਨਿਕ ਸ਼ਹੀਦ ਹੋ ਗਏ। 27 ਮਈ ਨੂੰ ਇਕ ਮਿਗ-27 ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਚਾਰ ਅਧਿਕਾਰੀ ਸ਼ਹੀਦ ਹੋ ਗਏ ਸਨ ਤੇ ਇਕ ਪਾਇਲਟ ਨੂੰ ਪਾਕਿਸਤਾਨ ਨੇ ਫੜ ਲਿਆ ਸੀ। ਕਾਰਗਿਲ ਯੁੱਧ ਦੌਰਾਨ ਭਾਰਤ ਨੇ ਨਾ ਸਿਰਫ਼ ਫ਼ੌਜੀ ਮੋਰਚੇ 'ਤੇ, ਸਗੋਂ ਕੂਟਨੀਤਕ ਤੌਰ 'ਤੇ ਵੀ ਵੱਡੀ ਜਿੱਤ ਪ੍ਰਾਪਤ ਕੀਤੀ ਸੀ। ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਦੇਸ਼ ਤੇ ਵਿਸ਼ਵ ਭਾਈਚਾਰੇ ਨੂੰ ਪੂਰੀ ਪਾਰਦਰਸ਼ਤਾ ਨਾਲ ਪਾਕਿਸਤਾਨ ਦੀ ਘੁਸਪੈਠ ਦੀ ਸਚਾਈ ਤੋਂ ਜਾਣੂ ਕਰਾਇਆ। ਭਾਰਤ ਨੇ ਯੁੱਧ 'ਚ ਆਪਣੇ ਸਵੈ-ਰੱਖਿਆ ਦੇ ਰਵੱਈਏ ਨੂੰ ਸਪੱਸ਼ਟ ਕਰਦੇ ਹੋਏ ਅੰਤਰਰਾਸ਼ਟਰੀ ਸਮਰਥਨ ਪ੍ਰਾਪਤ ਕੀਤਾ। ਅਮਰੀਕਾ ਤੇ ਫ਼ਰਾਂਸ ਸਮੇਤ ਕਈ ਦੇਸ਼ਾਂ ਨੇ ਪਾਕਿਸਤਾਨ ਦੀ ਇਸ ਹਰਕਤ ਦੀ ਨਿੰਦਾ ਕੀਤੀ ਅਤੇ ਭਾਰਤ ਨੂੰ ਸਮਰਥਨ ਦਿੱਤਾ।
ਯੁੱਧ ਸਮੇਂ ਭਾਰਤੀ ਫ਼ੌਜ ਨੇ ਹਰ ਚੋਟੀ ਨੂੰ ਵਾਪਸ ਲੈਣ ਲਈ ਬੇਮਿਸਾਲ ਹਿੰਮਤ ਦਿਖਾਈ। 13 ਜੂਨ ਨੂੰ ਟੋਲੋਲਿੰਗ 'ਤੇ ਕਬਜ਼ਾ ਕੀਤਾ। 20 ਜੂਨ ਨੂੰ ਟਾਈਗਰ ਹਿੱਲ ਦੇ ਨੇੜੇ ਪੁਆਇੰਟ 5060 ਤੇ 5100 'ਤੇ ਕਬਜ਼ਾ ਕੀਤਾ ਅਤੇ ਅਖੀਰ ਜੁਲਾਈ 'ਚ ਪਾਕਿਸਤਾਨ ਨੂੰ ਪਿੱਛੇ ਹਟਣਾ ਪਿਆ। 14 ਜੁਲਾਈ ਨੂੰ 'ਆਪ੍ਰੇਸ਼ਨ ਵਿਜੈ' ਦੀ ਸਫਲਤਾ ਦਾ ਰਸਮੀ ਐਲਾਨ ਕੀਤਾ ਗਿਆ ਅਤੇ 26 ਜੁਲਾਈ ਨੂੰ ਭਾਰਤ ਦੀ ਨਿਰਣਾਇਕ ਜਿੱਤ ਦੇ ਰੂਪ ਵਿਚ ਕਾਰਗਿਲ ਯੁੱਧ ਖ਼ਤਮ ਹੋਇਆ, ਪਰ ਭਾਰਤ ਨੂੰ ਇਹ ਜਿੱਤ 527 ਬਹਾਦਰ ਸੈਨਿਕਾਂ ਦੀ ਸ਼ਹਾਦਤ ਦੀ ਕੀਮਤ 'ਤੇ ਮਿਲੀ। ਇਨ੍ਹਾਂ ਬਹਾਦਰ ਸ਼ਹੀਦਾਂ 'ਚੋਂ ਕਈ ਨਾਂਅ ਅਜਿਹੇ ਹਨ, ਜੋ ਭਾਰਤੀ ਨੌਜਵਾਨਾਂ ਲਈ ਆਦਰਸ਼ ਹਨ। ਕੈਪਟਨ ਵਿਕਰਮ ਬੱਤਰਾ, ਜਿਨ੍ਹਾਂ ਦੀ ਬਹਾਦਰੀ ਤੇ ਦ੍ਰਿੜ੍ਹ ਇਰਾਦੇ ਨੇ ਯੁੱਧ ਦੇ ਰੁਖ਼ ਨੂੰ ਹੀ ਬਦਲ ਦਿੱਤਾ, 'ਯੇ ਦਿਲ ਮਾਂਗੇ ਮੋਰ' ਵਰਗੇ ਸ਼ਬਦਾਂ ਨਾਲ ਅੱਜ ਵੀ ਉਨ੍ਹਾਂ ਤੋਂ ਪ੍ਰੇਰਨਾ ਲਈ ਜਾਂਦੀ ਹੈ। ਉਨ੍ਹਾਂ ਨੂੰ ਸ਼ਹੀਦ ਹੋਣ ਪਿੱਛੋਂ 'ਪਰਮ ਵੀਰ ਚੱਕਰ' ਨਾਲ ਸਨਮਾਨਿਤ ਕੀਤਾ ਗਿਆ। ਗ੍ਰੇਨੇਡੀਅਰ ਯੋਗੇਂਦਰ ਸਿੰਘ ਯਾਦਵ, ਜੋ ਜ਼ਖ਼ਮੀ ਹੋਣ ਦੇ ਬਾਵਜੂਦ ਦੁਸ਼ਮਣ ਦੇ ਬੰਕਰ ਤੱਕ ਪਹੁੰਚੇ ਤੇ ਇਕੱਲਿਆਂ ਹੀ ਉਨ੍ਹਾਂ ਨੇ ਕਈ ਪਾਕਿਸਤਾਨੀ ਸੈਨਿਕਾਂ ਨੂੰ ਮਾਰ ਮੁਕਾਇਆ, ਨੂੰ ਵੀ 'ਪਰਮ ਵੀਰ ਚੱਕਰ' ਨਾਲ ਸਨਮਾਨਿਤ ਕੀਤਾ ਗਿਆ। ਲੈਫਟੀਨੈਂਟ ਮਨੋਜ ਪਾਂਡੇ ਜਿਨ੍ਹਾਂ ਨੇ ਆਪਣੇ ਆਖਰੀ ਸਾਹ ਤੱਕ ਦੁਸ਼ਮਣ ਨਾਲ ਲੋਹਾ ਲਿਆ, ਉਨ੍ਹਾਂ ਦੀ ਬਹਾਦਰੀ ਨੂੰ ਵੀ 'ਪਰਮ ਵੀਰ ਚੱਕਰ' ਨਾਲ ਸਨਮਾਨਿਆ ਗਿਆ। ਲੈਫਟੀਨੈਂਟ ਬਲਵਾਨ ਸਿੰਘ, ਕੈਪਟਨ ਐਨ. ਕੇਂਗੁਰੂਸੇ, ਨਾਇਬ ਸੂਬੇਦਾਰ ਸੰਜੇ ਕੁਮਾਰ ਸਮੇਤ ਕਈ ਹੋਰ ਬਹਾਦਰ ਜਵਾਨਾਂ ਨੇ ਇਸ ਯੁੱਧ 'ਚ ਭਾਰਤ ਮਾਤਾ ਦੀ ਰੱਖਿਆ ਕਰਦੇ ਹੋਏ ਆਪਣੀ ਕੁਰਬਾਨੀ ਦਿੱਤੀ।
ਇਹ ਯੁੱਧ ਭਾਰਤ ਲਈ ਨਾ ਸਿਰਫ਼ ਇਕ ਸੈਨਿਕ ਜਿੱਤ ਸੀ, ਸਗੋਂ ਤਿਆਗ, ਬਹਾਦਰੀ, ਅਨੁਸ਼ਾਸਨ ਤੇ ਮਾਤ ਭੂਮੀ ਪ੍ਰਤੀ ਦ੍ਰਿੜ੍ਹਤਾ ਵਰਗੀਆਂ ਕੀਮਤਾਂ ਦੀ ਜਿੱਤ ਵੀ ਸੀ, ਜਿਨ੍ਹਾਂ 'ਤੇ ਦੇਸ਼ ਟਿਕਿਆ ਹੋਇਆ ਹੈ। 'ਕਾਰਗਿਲ ਵਿਜੈ ਦਿਵਸ' ਹਰ ਭਾਰਤੀ ਨੂੰ ਪ੍ਰੇਰਨਾ ਦਿੰਦਾ ਹੈ ਕਿ ਅਸੀਂ ਆਪਣੇ ਖੇਤਰ, ਸਮਾਜ ਤੇ ਰਾਸ਼ਟਰ ਪ੍ਰਤੀ ਸਮਰਪਿਤ ਰਹੀਏ ਅਤੇ ਜਿਸ ਤਰ੍ਹਾਂ ਸਾਡੇ ਜਵਾਨ ਦੇਸ਼ ਲਈ ਕੁਰਬਾਨੀ ਦਿੰਦੇ ਹਨ, ਉਸੇ ਤਰ੍ਹਾਂ ਅਸੀਂ ਵੀ ਆਪਣੀਆਂ ਜ਼ਿੰਮੇਵਾਰੀਆਂ ਦੀ ਇਮਾਨਦਾਰੀ ਨਾਲ ਪਾਲਣਾ ਕਰੀਏ। ਅੱਜ ਜਦੋਂ ਦੇਸ਼ ਇਕ ਵਿਸ਼ਵਵਿਆਪੀ ਸ਼ਕਤੀ ਦੇ ਰੂਪ ਵਿਚ ਉੱਭਰ ਰਿਹਾ ਹੈ ਤਾਂ ਸਾਡੇ ਸਰਹੱਦੀ ਖੇਤਰਾਂ ਦੀ ਸੁਰੱਖਿਆ ਪਹਿਲਾਂ ਨਾਲੋਂ ਵੀ ਹੋਰ ਅਹਿਮ ਹੋ ਗਈ ਹੈ। ਕਾਰਗਿਲ ਯੁੱਧ ਤੋਂ ਅਸੀਂ ਇਹ ਸਿੱਖਿਆ ਕਿ ਸ਼ਾਂਤੀ ਦੀ ਇੱਛਾ ਰੱਖਣ ਦੇ ਬਾਵਜੂਦ ਸੁਰੱਖਿਆ ਵਿਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਦੀ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਇਹ ਯੁੱਧ ਇਕ ਚਿਤਾਵਨੀ ਵੀ ਸੀ ਕਿ ਦੁਸ਼ਮਣ ਚਾਹੇ ਜਿੰਨਾ ਮਰਜ਼ੀ ਭੇਸ ਬਦਲ ਕੇ ਆਏ, ਭਾਰਤ ਉਸ ਦੀਆਂ ਚਾਲਾਂ ਨੂੰ ਅਸਫਲ ਕਰਨ ਦੇ ਸਮਰੱਥ ਹੈ।
ਅੱਜ ਜਦੋਂ ਅਸੀਂ 27ਵਾਂ 'ਕਾਰਗਿਲ ਵਿਜੈ ਦਿਵਸ' ਮਨਾ ਰਹੇ ਹਾਂ ਤਾਂ ਇਹ ਵੀ ਜ਼ਰੂਰੀ ਹੈ ਕਿ ਨਵੀਂ ਪੀੜ੍ਹੀ ਨੂੰ ਇਸ ਯੁੱਧ ਦੇ ਨਾਇਕਾਂ ਦੀ ਬਹਾਦਰੀ ਤੋਂ ਜਾਣੂ ਕਰਾਈਏ। ਉਨ੍ਹਾਂ ਦੀ ਬਹਾਦਰੀ ਤੇ ਕੁਰਬਾਨੀ ਸਿਰਫ਼ ਕਿਤਾਬਾਂ 'ਚ ਹੀ ਨਹੀਂ, ਸਗੋਂ ਸਾਡੇ ਦਿਲਾਂ 'ਚ ਵੀ ਜ਼ਿੰਦਾ ਰਹਿਣੀ ਚਾਹੀਦੀ ਹੈ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਮੀਡੀਆ ਅਤੇ ਸਮਾਜਿਕ ਮੰਚਾਂ 'ਤੇ ਕਾਰਗਿਲ ਯੁੱਧ 'ਚ ਭਾਰਤੀ ਜਵਾਨਾਂ ਵਲੋਂ ਦਿਖਾਈ ਬਹਾਦਰੀ ਦੀ ਚਰਚਾ ਹੋਣੀ ਚਾਹੀਦੀ ਹੈ, ਤਾਂ ਜੋ ਸਾਡੇ ਨੌਜਵਾਨਾਂ 'ਚ ਦੇਸ਼ ਭਗਤੀ ਦੀ ਭਾਵਨਾ ਹੋਰ ਗਹਿਰੀ ਹੋ ਸਕੇ। ਇਹ ਦਿਨ ਸਿਰਫ਼ ਇਕ ਤਰੀਕ ਨਹੀਂ, ਸਗੋਂ ਭਾਰਤ ਦੇ ਮਾਣ ਤੇ ਸੈਨਿਕਾਂ ਦੇ ਬਲਿਦਾਨ ਦਾ ਪ੍ਰਤੀਕ ਹੈ। ਇਹ ਦਿਨ ਸਾਨੂੰ ਸਿਖਾਉਂਦਾ ਹੈ ਕਿ ਜੇ ਇਰਾਦੇ ਬੁਲੰਦ ਹੋਣ ਅਤੇ ਮਾਤ ਭੂਮੀ ਪ੍ਰਤੀ ਵਫ਼ਾਦਾਰੀ ਅਟੱਲ ਹੋਵੇ ਤਾਂ ਕੋਈ ਵੀ ਦੁਸ਼ਮਣ ਭਾਰਤ ਨੂੰ ਝੁਕਾ ਨਹੀਂ ਸਕਦਾ।

ਮੋਬਾਈਲ : 94167-40584
ਈਮੇਲ : mediacaregroup@gmail.com

Ad Position 22
No active advertisement
ਪਿਛਲੀ ਖ਼ਬਰ ਲੋਕਾਂ ਨੂੰ ਪੈਰਾਂ 'ਤੇ ਖੜ੍ਹੇ ਹੋਣ ਦੇ ਸਮਰੱਥ ਬਣਾਓ ਅਗਲੀ ਖ਼ਬਰ ਸਿਹਤ ਸਹੂਲਤਾਂ ਦਾ ਵਿਸਥਾਰ
Ad Position 24
No active advertisement