ਸਿਹਤ ਪੂਰੀ ਤਰ੍ਹਾਂ ਠੀਕ ਨਾ ਹੋਣ ਕਾਰਨ ਮੈਂ ਖ਼ੁਦ ਪੰਜਾਬ ਦੇ ਪਿੰਡਾਂ ਵਿਚ ਨਹੀਂ ਜਾ ਸਕਦਾ। ਕੁਝ ਏਸ ਲਈ ਵੀ ਕਿ ਹੁਣ ਮੈਨੂੰ ਕਾਰ ਚਲਾਉਣੀ ਮਨ੍ਹਾਂ ਹੈ। ਰਿਸ਼ਤੇਦਾਰਾਂ ਤੇ ਅੰਗੀਆਂ-ਸੰਗੀਆਂ ਤੋਂ ਪੰਜਾਬ ਦੇ ਪਿੰਡਾਂ ਦੀ ਖ਼ਬਰ ਲਗਾਤਾਰ ਮਿਲਦੀ ਰਹਿੰਦੀ ਹੈ। ਪੁਰਾਣੇ ਖੂਹਾਂ ਦੇ ਢਕੇ ਜਾਣ ਸਦਕਾ ਉਨ੍ਹਾਂ ਉੱਪਰੋਂ ਗੱਡੇ-ਗੱਡੀਆਂ ਲੰਘਣ ਦੀ ਵੀ ਤੇ ਬਾਰਿਸ਼ ਨਾ ਪੈਣ ਦੀ ਸੂਰਤ ਵਿਚ ਫ਼ਸਲਾਂ ਦੇ ਮੁਰਝਾਉਣ ਤੇ ਝਾੜ ਘਟਣ ਦੀ ਵੀ। ਚੋਣਾਂ ਨੇੜੇ ਆਉਣ ਕਾਰਨ ਵੋਟਾਂ ਬਟੋਰਨ ਲਈ ਹਾਕਮ ਜਮਾਤਾਂ ਵਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਵੀ। ਖ਼ਾਸ ਕਰਕੇ ਅਜਿਹੇ ਲੁਭਾਉਣੇ ਬਿਆਨਾਂ ਬਾਰੇ ਜਿਨ੍ਹਾਂ 'ਚ ਬੀਬੀਆਂ-ਭੈਣਾਂ ਨੂੰ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਹਨ। ਇਹ ਵਾਲੇ ਬਿਨ ਮੰਗੇ ਤੋਹਫ਼ੇ ਬਿਆਨਾਂ ਤੱਕ ਹੀ ਸੀਮਤ ਨਹੀਂ, ਗਰੀਬੀ ਰੇਖਾ ਤੋਂ ਹੇਠਾਂ ਵਾਲੇ ਹਰ ਵਿਅਕਤੀ ਦੇ ਘਰ ਪਹੁੰਚਾ ਦਿੱਤੇ ਜਾਂਦੇ ਹਨ। ਸੁਣਨ ਵਿਚ ਤਾਂ ਇਹ ਵੀ ਆਇਆ ਹੈ ਕਿ ਖਾਣ-ਪੀਣ ਦਾ ਸਾਮਾਨ ਗੱਡੀਆਂ 'ਚ ਲੱਦ ਕੇ ਸਰਕਾਰੀ ਕਾਰਕੁਨ ਹੋਕਾ ਦਿੰਦੇ ਫਿਰਦੇ ਹਨ, ਕਿ ਆਪੋ-ਆਪਣੀਆਂ ਬਾਲਟੀਆਂ ਤੇ ਥੈਲੇ ਲੈ ਕੇ ਪਿੰਡਾਂ ਦੇ ਚੌਕਾਂ ਜਾਂ ਢਕੇ ਜਾ ਚੁੱਕੇ ਖੂਹਾਂ ਵਾਲੀ ਥਾਂ 'ਤੇ ਪਹੁੰਚ ਜਾਓ, ਜਿੱਥੇ ਸਰਕਾਰ ਦੇ ਬੰਦੇ ਉਨ੍ਹਾਂ ਦੀ ਉਡੀਕ ਕਰ ਰਹੇ ਹੁੰਦੇ ਹਨ। ਨਤੀਜਾ ਇਹ ਨਿਕਲਦਾ ਹੈ ਕਿ ਪਿੰਡਾਂ ਦੇ ਵਸਨੀਕ ਫ਼ਸਲਾਂ ਵੱਲ ਧਿਆਨ ਦੇਣ ਦੀ ਥਾਂ ਪਿੰਡ ਦੇ ਚੌਕਾਂ ਤੇ ਚੁਰਾਹਿਆਂ ਵੱਲ ਆਪਣੀਆਂ ਅੱਖਾਂ ਤੇ ਕੰਨ ਸੁਚੇਤ ਕਰੀ ਰੱਖਦੇ ਹਨ। ਅਜੋਕੇ ਸਰਕਾਰੀ ਕਰਮਚਾਰੀ ਇਸ ਨੂੰ ਕਲਿਆਣਕਾਰੀ ਰਾਜ (ਵੈਲਫੇਅਰ ਸਟੇਟ) ਦੇ ਨਾਂਅ ਨਾਲ ਸ਼ਿਗਾਰਨ ਲੱਗੇ ਹੋਏ ਹਨ। ਆਉਣ ਵਾਲੇ ਕੱਲ੍ਹ ਦਾ ਨਤੀਜਾ ਕੀ ਨਿਕਲੇਗਾ, ਇਸ ਦੀ ਚਿੰਤਾ ਕੋਈ ਕੋਈ ਹੀ ਕਰਦਾ ਹੈ। ਚੋਣਾਂ ਦਾ ਸਮਾਂ ਲੰਘਣ ਪਿੱਛੋਂ ਸਰਕਾਰ ਨੇ ਜਿਹੜਾ ਪਾਸਾ ਪਰਤਣਾ ਹੈ, ਉਸ ਵੱਲ ਕੋਈ ਧਿਆਨ ਨਹੀਂ ਦਿੰਦਾ। ਉਹ ਵੀ ਨਹੀਂ ਜਿਹੜਾ ਖਾਂਦਾ-ਪੀਂਦਾ ਪਰਿਵਾਰ ਅੱਜ ਦੇ ਦਿਨ ਲਾਭ ਲੈਣ ਲਈ ਖ਼ੁਦ ਨੂੰ ਗਰੀਬੀ ਰੇਖਾ ਤੋਂ ਥੱਲੇ ਦੱਸ ਰਿਹਾ ਹੈ। ਸਵਾਲ ਇਹ ਨਹੀਂ ਕਿ ਪੰਜਾਬ ਵਿਚ ਕਿਹੜੀ ਸਰਕਾਰ ਨੇ ਰਾਜ ਕੀਤਾ। ਸਵਾਲ ਇਹ ਹੈ ਕਿ ਦਹਾਕਿਆਂ ਦੀ ਸਿਆਸਤ ਨੇ ਪੰਜਾਬ ਨੂੰ ਕਿਹੜੀ ਦਿਸ਼ਾ ਦਿੱਤੀ ਤੇ ਕਿਥੋਂ ਕਿਥੇ ਪਹੁੰਚਾ ਦਿੱਤਾ? ਕੀ ਅਸੀਂ ਆਪਣੇ ਨੌਜਵਾਨਾਂ ਲਈ ਅਜਿਹੀ ਅਰਥਵਿਵਸਥਾ ਬਣਾਈ ਹੈ, ਜਿੱਥੇ ਉਹ ਆਪਣੇ ਸੁਪਨਿਆਂ ਨੂੰ ਹਕੀਕਤ 'ਚ ਬਦਲ ਸਕਣ ਤੇ ਵਿਦੇਸ਼ਾਂ ਦੀ ਤਾਕ ਨਾ ਰੱਖਣ? ਜੇ ਜਵਾਬ ਨਾਂਹ 'ਚ ਹੈ ਤਾਂ ਸਾਨੂੰ ਇਹ ਮੰਨਣਾ ਪਵੇਗਾ ਕਿ ਸਮੱਸਿਆ ਸਿਰਫ਼ ਸਰੋਤਾਂ ਦੀ ਨਹੀਂ, ਤਰਜੀਹਾਂ ਦੀ ਹੈ। ਸਰਕਾਰਾਂ ਆਪਣੇ ਕੰਮ ਨਾਲੋਂ ਵੱਧ ਆਪਣੇ ਪ੍ਰਚਾਰ 'ਤੇ ਖ਼ਰਚ ਕਰਨ ਲੱਗੀਆਂ ਹਨ। ਲੋਕਾਂ ਨੂੰ ਅਸਲ 'ਚ ਕੀ ਚਾਹੀਦਾ ਹੈ? ਇਸ ਦਾ ਜਵਾਬ ਇਹ ਹੈ ਕਿ ਲੋਕਾਂ ਨੂੰ ਆਪਣੇ ਬੱਚਿਆਂ ਲਈ ਚੰਗੇ ਸਕੂਲ, ਬਿਮਾਰੀ ਵੇਲੇ ਚੰਗਾ ਇਲਾਜ, ਨੌਜਵਾਨਾਂ ਨੂੰ ਸਥਾਈ ਰੁਜ਼ਗਾਰ, ਕਿਸਾਨ ਨੂੰ ਆਪਣੀ ਫ਼ਸਲ ਦਾ ਵਾਜਬ ਮੁੱਲ ਅਤੇ ਮਜ਼ਦੂਰ ਨੂੰ ਆਪਣੀ ਮਿਹਨਤ ਦਾ ਪੂਰਾ ਸਨਮਾਨ ਚਾਹੀਦਾ ਹੈ। ਸਵਾਲ ਮੁਫ਼ਤ ਬਿਜਲੀ, ਰਾਸ਼ਨ ਜਾਂ ਸਫ਼ਰ ਦਾ ਨਹੀਂ। ਸਵਾਲ ਇਹ ਹੈ ਕਿ, ਕੀ ਰਾਜ ਅਜਿਹੀ ਵਿਵਸਥਾ ਵੀ ਖੜ੍ਹੀ ਕਰ ਰਿਹਾ ਹੈ, ਜਿਸ ਵਿਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਨ੍ਹਾਂ ਰਿਆਇਤਾਂ ਦੀ ਲੋੜ ਘੱਟ ਤੋਂ ਘੱਟ ਰਹਿ ਜਾਵੇ। ਅੱਜ ਲੋੜ ਕਿਸੇ ਨਵੀਂ ਰਿਆਇਤ ਦੀ ਨਹੀਂ, ਨਵੀਂ ਸੋਚ ਦੀ ਹੈ। ਅਜਿਹੀ ਸੋਚ ਜੋ ਨਾਗਰਿਕਾਂ ਨੂੰ ਮੁਥਾਜ ਨਹੀਂ, ਸਮਰੱਥ ਬਣਾਏ। ਅਜਿਹੀ ਸਿਆਸਤ ਜੋ ਵੋਟ ਨਹੀਂ, ਵਿਸ਼ਵਾਸ ਜਿੱਤੇ। ਰਾਜ ਅਜਿਹਾ ਜੋ ਆਪਣੇ ਕੰਮ ਨਾਲ ਪਛਾਣਿਆ ਜਾਵੇ। ਅਖ਼ੀਰ ਵਿਚ ਸਵਾਲ ਇਹ ਨਹੀਂ ਕਿ ਸਰਕਾਰ ਲੋਕਾਂ ਨੂੰ ਕੀ ਦੇ ਰਹੀ ਹੈ। ਸਵਾਲ ਇਹ ਹੈ ਕਿ, ਕੀ ਉਹ ਲੋਕਾਂ ਤੋਂ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦਾ ਹੱਕ ਤਾਂ ਨਹੀਂ ਖੋਹ ਰਹੀ?
ਦੋ ਮਹਾਰਥੀਆਂ ਦਾ ਤੁਰ ਜਾਣਾ
ਪਿਛਲੇ ਦਿਨਾਂ ਵਿਚ ਪ੍ਰਸਿੱਧ ਚਿੰਤਕ ਤੇ ਲੇਖਕ ਮਲਵਿੰਦਰ ਜੀਤ ਸਿੰਘ ਵੜੈਚ ਤੇ ਕਹਾਣੀਕਾਰ ਲਾਲ ਸਿੰਘ ਦਸੂਹਾ ਪੰਜਾਬੀ ਸਾਹਿਤ ਤੇ ਸੱਭਿਆਚਾਰ ਦੀ ਝੋਲੀ ਵਿਚ ਅਮੁੱਲ ਰਚਨਾਵਾਂ ਪਾਉਣ ਪਿੱਛੋਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਵਿਛੋੜਾ ਦੇ ਗਏ ਹਨ। ਉੱਪਰ ਵਾਲਾ ਉਨ੍ਹਾਂ ਦੇ ਅੰਗ-ਸੰਗ ਰਹੇ। ਵੜੈਚ ਹੁਰੀਂ ਮੇਰੇ ਨਾਲੋਂ ਚਾਰ ਸਾਲ ਵੱਡੇ ਸਨ, 96 ਸਾਲ ਦੇ।
ਵਛੜਾ ਇਕ ਚਹੇਤੇ ਚਾਰ
ਹਰਿਆਣਾ ਦੇ ਝੱਜਰ ਜ਼ਿਲੇ 'ਚ ਇਕ ਵੱਛਾ ਖੂਹ ਵਿਚ ਡਿਗ ਪਿਆ। ਖੂਹ ਕਾਫੀ ਸਮੇਂ ਤੋਂ ਬੰਦ ਸੀ ਪਰ ਇਲਾਕੇ ਵਾਲਿਆਂ ਨੇ ਉਸ ਨੂੰ ਉੱਪਰੋਂ ਨਹੀਂ ਸੀ ਢਕਿਆ। ਹਰ ਕਿਸੇ ਨੇ ਵੱਛੇ ਨੂੰ ਬਚਾਉਣਾ ਜ਼ਰੂਰੀ ਸਮਝਿਆ ਤੇ ਦੋ ਬੰਦੇ ਖੂਹ ਵਿਚ ਉਤਰ ਗਏ। ਜਦੋਂ ਉਨ੍ਹਾਂ ਨੇ ਬਾਹਰ ਖੜ੍ਹੇ ਲੋਕਾਂ ਦੀ ਕਿਸੇ ਪੁੱਛ ਦਾ ਕੋਈ ਹੁੰਗਾਰਾ ਨਹੀਂ ਦਿੱਤਾ ਤਾਂ ਦੋ ਹੋਰ ਬੰਦੇ ਖੂਹ ਵਿਚ ਉਤਰ ਗਏ। ਜਦੋਂ ਉਨ੍ਹਾਂ ਵਲੋਂ ਵੀ ਕੋਈ ਹੁੰਗਾਰਾ ਨਾ ਮਿਲਿਆ ਤਾਂ ਬਚਾਅ ਕਾਰਜ ਸ਼ੁਰੂ ਕੀਤੇ ਗਏ। ਚਾਰੇ ਬੰਦੇ ਤਾਂ ਬਾਹਰ ਕੱਢ ਲਏ ਪਰ ਉਹ ਸਾਹ ਨਹੀਂ ਸਨ ਲੈ ਰਹੇ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਮੋਨੂੰ, ਦਲਬੀਰ ਤੇ ਨਰਿੰਦਰ ਵਜੋਂ ਹੋਈ, ਜੋ ਸਥਾਨਕ ਪਿੰਡ ਦੇ ਵਾਸੀ ਸਨ ਅਤੇ ਚੌਥੇ ਦੀ ਪਛਾਣ ਰਾਮੂ ਵਜੋਂ ਹੋਈ, ਜੋ ਪ੍ਰਵਾਸੀ ਮਜ਼ਦੂਰ ਸੀ। ਵਛੜਾ ਤਾਂ ਸ਼ਾਇਦ ਉਨ੍ਹਾਂ ਤੋਂ ਵੀ ਪਹਿਲਾਂ ਮਰ ਚੁੱਕਾ ਸੀ। ਸਾਰੇ ਕਹਿੰਦੇ ਹਨ ਕਿ ਇਹ ਮੌਤਾਂ ਜ਼ਹਿਰੀਲੀ ਗੈਸ ਚੜ੍ਹਨ ਨਾਲ ਹੋਈਆਂ ਹਨ।
ਈਮੇਲ : sandhugulzar@yahoo.com