ਸਾਡੇ ਗੌਰਵਮਈ ਸੱਭਿਆਚਾਰ ਵਿਚ ਜੀਵਨ ਲਈ ਬਹੁਤ ਮੁੱਲਵਾਨ ਗੱਲਾਂ ਸਾਡਾ ਰਾਹ ਰੁਸ਼ਨਾਉਂਦੀਆਂ ਹਨ, ਜੇਕਰ ਮਨੁੱਖ ਇਨ੍ਹਾਂ ਨੂੰ ਅਪਣਾ ਲਏ ਤਾਂ ਜੀਵਨ ਦੀ ਤੋਰ ਨੂੰ ਸੁਖਾਵਾਂ ਬਣਾਇਆ ਜਾ ਸਕਦਾ ਹੈ। ਜੇ ਮਨੁੱਖ ਬੋਲਾਂ ਤੋਂ ਸੱਖਣਾ ਹੁੰਦਾ ਤਾਂ ਇਹ ਜਹਾਨ ਬਹੁਤ ਅਜੀਬ ਜਿਹਾ ਨਜ਼ਰ ਆਉਣਾ ਸੀ। ਕਿਸੇ ਬੋਲੀ ਦੇ ਸ਼ਬਦਾਂ ਨੇ ਮਨੁੱਖੀ ਜੀਵਨ ਨੂੰ ਖ਼ੁਸ਼ਗਵਾਰ ਤੇ ਅਹਿਸਾਸਮੰਦ ਬਣਾਉਣ ਵਿਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ। ਇਸ ਧਰਤੀ 'ਤੇ ਬੋਲੀ ਦਾ ਹੁਨਰ ਕੇਵਲ ਮਨੁੱਖ ਦੇ ਹੀ ਹਿੱਸੇ ਆਇਆ ਹੈ, ਮਨੁੱਖ ਬੋਲੀ ਦੇ ਮਾਧਿਅਮ ਰਾਹੀਂ ਹੀ ਇਕ-ਦੂਜੇ ਨਾਲ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦਾ ਹੈ। ਖੁਸ਼ੀ, ਹਾਸਾ, ਗਮੀ, ਉਦਾਸੀ ਤੇ ਅਜਿਹੇ ਹੋਰ ਅਹਿਸਾਸਾਂ ਨੂੰ ਪ੍ਰਗਟਾਉਣ ਲਈ ਮਨੁੱਖੀ ਬੋਲ ਹੀ ਸਭ ਤੋਂ ਸ਼ਕਤੀਸ਼ਾਲੀ ਕਿਰਿਆ ਹੈ। ਭਾਵੇਂ ਗੂੰਗਾ ਵਿਅਕਤੀ ਵੀ ਇਨ੍ਹਾਂ ਅਹਿਸਾਸਾਂ ਨੂੰ ਸਰੀਰਕ ਸੰਕੇਤਾਂ ਜਾਂ ਚਿਹਰੇ ਦੇ ਹਾਵਾਂ-ਭਾਵਾਂ ਨਾਲ ਦਰਸਾ ਦਿੰਦਾ ਹੈ, ਪਰ ਜੋ ਗੱਲ ਬੋਲ ਕੇ ਪ੍ਰਗਟਾਈ ਜਾ ਸਕਦੀ ਹੈ ਉਸ ਦਾ ਕੋਈ ਬਦਲ ਨਹੀਂ। ਕੋਈ ਵਿਅਕਤੀ ਆਪਣੇ ਘਰ, ਪਰਿਵਾਰ, ਦਫ਼ਤਰ, ਅਦਾਰੇ, ਦੁਕਾਨ ਤੇ ਕਿਸੇ ਵੀ ਮਨੁੱਖ ਨਾਲ ਕਿਹੋ ਜਿਹੇ ਲਹਿਜ਼ੇ ਵਿਚ ਗੱਲ ਕਰਦਾ ਹੈ, ਇਸ ਤੋਂ ਉਸ ਦੀ ਸ਼ਖ਼ਸੀਅਤ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਮਿੱਠੇ ਬੋਲਾਂ ਵਿਚ ਅਜਿਹਾ ਜਾਦੂ ਹੁੰਦਾ ਹੈ ਕਿ ਗੁੱਸੇਖੋਰ, ਅੜੀਅਲ ਤੇ ਜ਼ਿੱਦੀ ਵਿਅਕਤੀ ਵੀ ਮੋਮ ਬਣਨ ਲਈ ਮਜਬੂਰ ਹੋ ਜਾਂਦਾ ਹੈ। ਮਨੁੱਖੀ ਆਪੇ ਦੀ ਅਸਲ ਪਛਾਣ ਉਸ ਦੇ ਦੂਜਿਆਂ ਪ੍ਰਤੀ ਵਿਵਹਾਰ ਤੋਂ ਹੀ ਲਗਾਈ ਜਾ ਸਕਦੀ ਹੈ। ਜਿਹੜਾ ਵਿਅਕਤੀ ਦੂਜਿਆਂ ਨੁੰ ਮਿਲਣ ਸਮੇਂ ਚਿਹਰੇ 'ਤੇ ਮੁਸਕਰਾਹਟ ਲਿਆ ਕੇ ਮਿਸ਼ਰੀ ਵਰਗੇ ਮਿੱਠੇ ਬੋਲਾਂ ਨਾਲ ਮੁਖਾਤਿਬ ਹੁੰਦਾ ਹੈ, ਉਹ ਹਰ ਇਕ ਨੂੰ ਆਪਣਾ ਦੋਸਤ ਬਣਾ ਲੈਂਦਾ ਹੈ। ਆਮ ਜ਼ਿੰਦਗੀ ਵਿਚ ਵਿਚਰਦਿਆਂ ਦੇਖਿਆ ਜਾ ਸਕਦਾ ਹੈ ਕਿ ਮਿੱਠਬੋਲੜੇ ਵਿਅਕਤੀ ਹਰ ਇਕ ਦਾ ਮਨ ਮੋਹ ਲੈਂਦੇ ਹਨ।
ਸੱਭਿਅਕ ਤੌਰ-ਤਰੀਕੇ ਤੇ ਬੋਲਾਂ ਦੀ ਮਿਠਾਸ ਕਿਸੇ ਵੀ ਵਿਅਕਤੀ ਦੀ ਸ਼ਖ਼ਸੀਅਤ ਨੂੰ ਚਾਰ-ਚੰਨ ਲਾ ਦਿੰਦੀ ਹੈ। ਕੋਈ ਮਨੁੱਖ ਕਿੰਨਾ ਵੀ ਸੋਹਣਾ-ਸੁਨੱਖਾ ਤੇ ਸਜਿਆ-ਫਬਿਆ ਹੋਵੇ, ਪਰ ਜੇ ਉਸ ਦੇ ਬੋਲਾਂ ਵਿਚ ਕੁੜੱਤਣ ਤੇ ਖਰਵਾਪਨ ਹੋਵੇਗਾ ਤਾਂ ਉਸ ਦੀ ਖੂਬਸੂਰਤੀ ਕਿਸੇ ਕੰਮ ਨਹੀਂ ਆਉਂਦੀ, ਕਿਉਂਕਿ ਸੁਹੱਪਣ ਸੁਚੱਜੇ ਵਰਤਾਓ 'ਚ ਹੈ। ਹਰ ਸਮੇਂ ਖਿਝਿਆ ਰਹਿਣ ਵਾਲਾ ਪਤੀ ਆਪਣੀ ਪਤਨੀ ਅਤੇ ਬੱਚਿਆਂ ਦਾ ਪਿਆਰ ਹਾਸਿਲ ਨਹੀਂ ਕਰ ਸਕਦਾ। ਅਜਿਹੇ ਉਕਾਊ ਮਾਹੌਲ ਕਾਰਨ ਘਰ ਦੇ ਜੀਆਂ ਦਾ ਆਪਸੀ ਮੋਹ, ਪਿਆਰ ਤੇ ਅਪਣੱਤ ਅਲੋਪ ਹੋ ਜਾਂਦੀ ਹੈ। ਘਰ ਦੀ ਸੁਆਣੀ ਸਹੀ ਅਰਥਾਂ ਵਿਚ ਘਰ ਦੀ ਰੂਹ ਹੁੰਦੀ ਹੈ, ਉਸ ਦਾ ਖਿੜਿਆ ਚਿਹਰਾ ਤੇ ਮਿੱਠੇ ਬੋਲ ਘਰ ਦੀ ਆਭਾ ਨੂੰ ਚਾਰ-ਚੰਨ ਲਾ ਦਿੰਦੇ ਹਨ। ਗੁਰੂਆਂ, ਪੀਰਾਂ, ਫ਼ਕੀਰਾਂ ਤੇ ਉੱਚ ਹਸਤੀਆਂ ਨੇ ਮਨੁੱਖਤਾ ਨੂੰ ਹਮੇਸ਼ਾ ਆਪਸੀ ਪਿਆਰ ਤੇ ਮਿਲਵਰਤਣ ਦਾ ਸੰਦੇਸ਼ ਦਿੱਤਾ ਹੈ। ਕੋਈ ਵਿਅਕਤੀ ਕਿੰਨਾ ਵੀ ਧਾਰਮਿਕ ਹੋਵੇ ਪਰ ਜੇ ਉਹ ਮਨੁੱਖਤਾ ਨਾਲ ਪਿਆਰ ਤੇ ਚੰਗਾ ਵਿਹਾਰ ਨਹੀਂ ਕਰਦਾ ਤਾਂ ਉਹ ਨਾਂਅ ਦਾ ਹੀ ਧਾਰਮਿਕ ਹੁੰਦਾ ਹੈ। ਗੁਰਬਾਣੀ ਵਿਚ ਮਿਠਾਸ ਨੂੰ ਵਿਅਕਤੀ ਦੇ ਗੁਣਾਂ ਤੇ ਚੰਗਿਆਈਆਂ ਦਾ ਤੱਤ ਕਿਹਾ ਗਿਆ ਹੈ। ਕਿਸੇ ਨਾਲ ਕੌੜੇ ਜਾਂ ਫਿੱਕੇ ਬੋਲ ਬੋਲਣ ਵਾਲੇ ਦਾ ਤਨ ਤੇ ਮਨ ਵੀ ਅਸ਼ਾਂਤ ਹੋ ਜਾਂਦਾ ਹੈ। ਬਾਬਾ ਫਰੀਦ ਜੀ ਕਿਸੇ ਨੂੰ ਵੀ ਕੌੜੇ ਬੋਲ ਨਾ ਬੋਲਣ ਲਈ ਆਖਦੇ ਹਨ, ਕਿਉਂਕਿ ਸਭ ਵਿਚ ਉਸ ਸੱਚੇ ਪ੍ਰਮਾਤਮਾ ਦੀ ਜੋਤ ਹੈ।
ਜੇ ਗਾਹਕ ਨੂੰ ਦੁਕਾਨਦਾਰ ਦੇ ਵਿਵਹਾਰ 'ਚੋਂ ਫਿੱਕਾਪਣ ਨਜ਼ਰ ਆਵੇ ਤਾਂ ਉਹ ਉਸ ਤੋਂ ਕੋਈ ਵੀ ਵਸਤੂ ਖਰੀਦਣ ਵੱਲ ਰੁਚਿਤ ਨਹੀਂ ਹੋਵੇਗਾ। ਗਾਹਕਾਂ ਨਾਲ ਲੜਨ ਵਾਲਾ ਦੁਕਾਨਦਾਰ ਕਮਾਈ ਨਹੀਂ ਕਰ ਸਕਦਾ। ਜਿਹੜਾ ਅਧਿਆਪਕ ਹਰ ਸਮੇਂ ਆਪਣੇ ਵਿਦਿਆਰਥੀਆਂ ਨੂੰ ਕੌੜੇ-ਫਿੱਕੇ ਬੋਲ ਬੋਲਦਾ ਰਹਿੰਦਾ ਹੈ, ਉਹ ਬੱਚਿਆਂ ਦੇ ਮਨ ਦੀ ਤਹਿ ਤੱਕ ਨਹੀਂ ਪਹੁੰਚ ਸਕਦਾ। ਮਿੱਠੇ ਬੋਲਾਂ ਦਾ ਬੱਚਿਆਂ ਦੇ ਮਨਾਂ 'ਤੇ ਗਹਿਰਾ ਪ੍ਰਭਾਵ ਪੈਂਦਾ ਹੈ ਤੇ ਉਹ ਅਧਿਆਪਕ ਦੁਆਰਾ ਸਮਝਾਈ ਜਾਂਦੀ ਗੱਲ ਨੂੰ ਸਮਝਣ ਵੱਲ ਰੁਚਿਤ ਹੋ ਜਾਂਦੇ ਹਨ। ਆਪਣੇ ਮਤਹਿਤਾਂ ਨਾਲ ਕੌੜਾ ਵਿਵਹਾਰ ਕਰਨ ਵਾਲਾ ਅਫ਼ਸਰ ਆਪਣੇ ਦਫ਼ਤਰ ਦੇ ਚੰਗੇ ਨਤੀਜੇ ਨਹੀਂ ਕੱਢ ਸਕਦਾ। ਆਪਣੇ ਵਿਹਾਰ 'ਚ ਨਰਮੀ ਤੇ ਬੋਲਾਂ 'ਚ ਮਿਠਾਸ ਸਦਕਾ ਢੀਠ ਤੋਂ ਢੀਠ ਵਿਅਕਤੀ ਤੋਂ ਵੀ ਕੰਮ ਕਰਵਾਇਆ ਜਾ ਸਕਦਾ ਹੈ। ਸਖ਼ਤ ਰਵੱਈਆ ਤੇ ਕੌੜੇ ਬੋਲ ਮਾਹੌਲ ਵਿਚ ਕੁੜੱਤਣ ਤੇ ਤਲਖੀ ਪੈਦਾ ਕਰਦੇ ਹਨ, ਜਦੋਂ ਕਿ ਮਿੱਠੇ ਬੋਲ ਮਾਹੌਲ ਖੁਸ਼ਗਵਾਰ ਬਣਾ ਦਿੰਦੇ ਹਨ।
ਜੇ ਬੁਲਾਰੇ ਦੇ ਮੂੰਹ 'ਚੋਂ ਸ਼ਬਦ ਫੁੱਲਾਂ ਵਾਂਗ ਕਿਰਦੇ ਹੋਣ ਤਾਂ ਮਾਹੌਲ ਸੁਗੰਧੀਆਂ ਨਾਲ ਭਰ ਜਾਂਦਾ ਹੈ ਤੇ ਸਰੋਤੇ ਮੰਤਰ-ਮੁਗਧ ਹੋ ਜਾਂਦੇ ਹਨ। ਗਾਇਕ, ਰਾਗੀ-ਢਾਡੀ ਆਪਣੀ ਆਵਾਜ਼ ਦੇ ਸਦਕਾ ਹੀ ਲੋਕਾਂ ਵਿਚ ਮਕਬੂਲ ਹੁੰਦੇ ਹਨ। ਬੱਚਿਆਂ ਨੂੰ ਹਰ ਸਮੇਂ ਖਿਝਦੇ ਰਹਿਣ ਵਾਲੇ ਤੇ ਕੌੜੇ ਫਿੱਕੇ ਬੋਲ ਬੋਲਣ ਵਾਲੇ ਮਾਪੇ ਆਪਣੇ ਬੱਚਿਆਂ ਦੇ ਮਨਾਂ ਵਿਚ ਮਿੱਠਤ, ਨਰਮੀ ਤੇ ਸੁਹਜ ਦਾ ਸੰਚਾਰ ਨਹੀਂ ਕਰ ਸਕਦੇ। ਪਿਆਰ ਭਰੇ ਬੋਲਾਂ ਨਾਲ ਬੱਚਿਆਂ ਦੇ ਮਨ ਜਿੱਤੇ ਜਾ ਸਕਦੇ ਹਨ। ਇਹ ਵੀ ਬਹੁਤ ਅਜੀਬ ਗੱਲ ਹੈ ਕਿ ਹਰ ਕੋਈ ਸ਼ਹਿਦ ਵਰਗੇ ਮਿੱਠੇ ਬੋਲ ਸੁਣਨ ਲਈ ਤਾਂਘਦਾ ਹੈ, ਪਰ ਖ਼ੁਦ ਦੂਜਿਆਂ ਨਾਲ ਕੌੜੇ ਤੇ ਤਲਖੀ ਭਰੇ ਬੋਲਾਂ ਨਾਲ ਮੁਖਾਤਿਬ ਹੁੰਦਾ ਹੈ। ਸਿਆਸੀ ਨੇਤਾ ਤੇ ਧਾਰਮਿਕ ਲੋਕ ਜਦੋਂ ਵੀ ਕੋਈ ਕੌੜੇ ਬੋਲ ਮੂੰਹ 'ਚੋਂ ਕੱਢਦੇ ਹਨ ਤਾਂ ਨਫ਼ਰਤ ਦਾ ਮਾਹੌਲ ਸਿਰਜ ਦਿੰਦੇ ਹਨ। ਸਮਾਜ ਵਿਚ ਖੁਸ਼ੀ-ਖੁਸ਼ੀ ਵਸਦੇ ਲੋਕ ਪਲਾਂ ਛਿਣਾਂ 'ਚ ਹੀ ਇਕ-ਦੂਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਹਨ। ਤਲਖੀ ਭਰਿਆ ਵਾਤਾਵਰਨ ਪੈਦਾ ਕਰਕੇ ਸਦੀਆਂ ਤੋਂ ਇਕੱਠੇ ਵਸਦੇ ਭਾਈਚਾਰਿਆਂ ਵਿਚ ਵੰਡੀਆਂ ਪਾਉਣ ਦੀ ਕੋਸ਼ਿਸ਼ ਨੇ ਦੇਸ਼ ਦੇ ਮਾਹੌਲ ਨੂੰ ਖਰਾਬ ਕਰਕੇ ਰੱਖ ਦਿੱਤਾ ਹੈ। ਗੁਰੂਆਂ, ਪੀਰਾਂ, ਦੇਵੀ-ਦੇਵਤਿਆਂ ਦੀ ਇਸ ਧਰਤੀ 'ਤੇ ਅਸਹਿਣਸ਼ੀਲਤਾ ਇਸ ਕਦਰ ਭਾਰੂ ਹੋ ਗਈ ਹੈ ਕਿ ਇਕ-ਦੂਜੇ ਦੇ ਵਿਚਾਰਾਂ ਨੂੰ ਸਹਿਜ ਨਾਲ ਸੁਣਨ ਦੀ ਪ੍ਰਵਿਰਤੀ ਅਲੋਪ ਹੁੰਦੀ ਜਾ ਰਹੀ ਹੈ। ਜਿਹੜੇ ਬੋਲਾਂ ਨੇ ਮਨੁੱਖੀ ਹਿਰਦਿਆਂ ਨੂੰ ਸ਼ਾਂਤ ਕਰਕੇ ਠੰਢਕ ਪਹੁੰਚਾਉਣੀ ਹੁੰਦੀ ਹੈ, ਉਨ੍ਹਾਂ ਦੀ ਥਾਂ ਕੌੜੇ ਬੋਲਾਂ ਦੇ ਤਿੱਖੇ ਨਸ਼ਤਰ ਹਿਰਦਿਆਂ ਨੂੰ ਵਲੂੰਧਰ ਸੁੱਟਦੇ ਹਨ। ਬਹੁਤੀਆਂ ਦੁਖਦਾਈ ਘਟਨਾਵਾਂ ਕੌੜੇ ਬੋਲਾਂ ਦੇ ਸਿੱਟੇ ਵਜੋਂ ਹੀ ਵਾਪਰਦੀਆਂ ਹਨ। ਸਿਆਣੇ ਕਹਿੰਦੇ ਹਨ ਤਲਵਾਰ ਦਾ ਫੱਟ ਤਾਂ ਸਮਾਂ ਪਾ ਕੇ ਮਿਟ ਜਾਂਦਾ ਹੈ, ਪਰ ਬੋਲਾਂ ਦਾ ਜ਼ਖ਼ਮ ਕਦੇ ਨਹੀਂ ਮਿਟਦਾ। ਮਿੱਠੇ ਬੋਲਾਂ ਨਾਲ ਵਿਵਹਾਰ ਕਰਨ ਵਾਲੇ ਵਿਅਕਤੀ ਦੀ ਅਪਣੱਤ ਅਤੇ ਆਪਣੇ ਸਵਾਰਥ ਦੀ ਪੂਰਤੀ ਲਈ ਖੁਸ਼ਾਮਦੀ ਲਹਿਜ਼ਾ ਅਪਣਾਉਣ ਵਾਲਾ ਬੰਦਾ ਆਪਣੇ ਚਿਹਰੇ ਦੇ ਹਾਵਾਂ-ਭਾਵਾਂ ਤੋਂ ਸਹਿਜੇ ਹੀ ਪਛਾਣਿਆ ਜਾਂਦਾ ਹੈ। ਜਦੋਂ ਵੀ ਕੋਈ ਥੱਕਿਆ-ਹਾਰਿਆ ਬੰਦਾ ਘਰ ਪਰਤਦਾ ਹੈ ਤਾਂ ਘਰ ਦੀ ਸੁਆਣੀ ਦੇ ਮੋਹ ਭਰੇ ਮਿੱਠੇ ਬੋਲ ਤੇ ਮੁਸਕਰਾਹਟ ਉਸ ਦੀ ਸਾਰੀ ਥਕਾਵਟ ਦੂਰ ਕਰ ਦਿੰਦੀ ਹੈ। ਇਹ ਗੱਲ ਪਤੀ ਤੇ ਪਤਨੀ ਦੋਹਾਂ 'ਤੇ ਢੁਕਦੀ ਹੈ। ਹਰ ਸਮੇਂ ਅੱਗ ਦੀ ਨਾਲ ਬਣੀ ਰਹਿਣ ਵਾਲੀ ਸੁਆਣੀ ਪਤੀ ਦੇ ਦਿਲ ਵਿਚ ਨਹੀਂ ਵਸ ਸਕਦੀ। ਸੱਸ ਤੇ ਨੂੰਹ ਦੀ ਲੜਾਈ ਦਾ ਆਧਾਰ ਵੀ ਬਹੁਤੀ ਵਾਰ ਪਿਆਰ ਤੇ ਅਪਣੱਤ ਤੋਂ ਸੱਖਣੇ ਬੋਲਾਂ ਕਾਰਨ ਹੀ ਬਣਦਾ ਹੈ। ਜਿਹੜੇ ਪਰਿਵਾਰਾਂ ਵਿਚ ਪਤੀ-ਪਤਨੀ ਇਕ-ਦੂਜੇ ਪ੍ਰਤੀ ਮਿਠਾਸ ਭਰੇ ਬੋਲਾਂ ਦਾ ਉਪਯੋਗ ਕਰਦੇ ਹਨ,ਉੱਥੇ ਸਵਰਗ ਦਾ ਵਾਸ ਹੁੰਦਾ ਹੈ। ਇਸ ਤਰ੍ਹਾਂ ਬੱਚੇ ਵੀ ਸੱਭਿਅਕ ਭਾਸ਼ਾ ਤੇ ਸਲੀਕਾ ਸਿੱਖ ਜਾਂਦੇ ਹਨ। ਨਿਮਰਤਾ, ਸਹਿਣਸ਼ੀਲਤਾ ਤੇ ਹਊਮੈ ਤੋਂ ਮੁਕਤ ਹੋ ਕੇ ਮਿੱਠੇ ਬੋਲਾਂ ਵਾਲਾ ਵਿਹਾਰ ਕਰਨਾ ਜ਼ਿੰਦਗੀ ਦਾ ਵੱਡਮੁੱਲਾ ਸਰਮਾਇਆ ਹੈ। ਪਰ ਅਜਿਹੇ ਗੁਣ ਵਿਰਲਿਆਂ ਦੇ ਹੀ ਹਿੱਸੇ ਆਉਂਦੇ ਹਨ, ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਮਿੱਠੇ ਬੋਲਾਂ ਵਿਚ ਪੱਥਰ ਨੂੰ ਵੀ ਮੋਮ ਕਰਨ ਦੀ ਸ਼ਕਤੀ ਹੁੰਦੀ ਹੈ। ਜੇਕਰ ਕੌੜੇ ਬੋਲਾਂ ਦੇ ਤਿੱਖੇ ਤੀਰਾਂ ਨਾਲ ਕਿਸੇ ਦੇ ਹਿਰਦੇ ਨੂੰ ਵਲੂੰਧਰਨ ਦਾ ਫੱਟ ਤਲਵਾਰ ਤੋਂ ਵੀ ਡੂੰਘਾ ਹੁੰਦਾ ਹੈ, ਤਾਂ ਮਿੱਠੇ ਸ਼ਬਦਾਂ ਨਾਲ ਕਿਸੇ ਦੇ ਵੀ ਮਨ ਨੂੰ ਜਿੱਤਿਆ ਜਾ ਸਕਦਾ ਹੈ।
ਸੰਪਰਕ : 98153-56086