ਪੌਣ ਪਾਣੀ ਗੰਧਲਾ ਕੀਤਾ,
ਫ਼ਿਜ਼ਾ ਕਰੀ ਤੂੰ ਫੀਤਾ ਫੀਤਾ |
ਆਫ਼ਤਾਂ ਬਣ ਬਣ ਆ ਰਹੇ,
ਤੇਰੇ ਕੀਤੇ ਪੁੱਠੇ ਕਾਜ |
ਹੁਣ ਤੇਰੇ ਨਾਲ ਬੰਦਿਆ,
ਕੁਦਰਤ ਹੋਈ ਨਾਰਾਜ਼ |
ਸਵਰਗ ਜਿਹਾ ਸੰਸਾਰ ਸੀ,
ਤੰੂ ਬਣਾਇਆ ਨਰਕ |
ਸੁਆਰਥ ਪੂਰਤੀ ਵਿਚ,
ਕੀਤਾ ਬੇੜਾ ਗਰਕ |
ਤਾਲੋਂ ਬੇਤਾਲੇ ਹੋ ਗਏ,
ਜ਼ਿੰਦਗੀ ਦੇ ਕੁੱਲ ਸਾਜ਼ |
ਹੁਣ ਤੇਰੇ ਨਾਲ ਬੰਦਿਆ,
ਕੁਦਰਤ ਹੋਈ ਨਾਰਾਜ਼ |
ਦਿਲ ਵਿਚ ਰੱਖੇਂ ਈਰਖਾ,
ਛੱਡ ਨਿਮਰਤਾ ਪ੍ਰੀਤ |
ਤੇਰੀ ਝੋਲੀ ਖਾਲੀ ਕਰ ਗਈ.
ਤੇਰੀ ਮਾੜੀ ਨੀਤ |
ਹੁਣ ਤੇਰੇ 'ਤੇ ਰਿਹਾ ਨਾ,
ਕੁਦਰਤ ਨੂੰ ਭੋਰਾ ਨਾਜ਼ |
ਹੁਣ ਤੇਰੇ ਨਾਲ ਬੰਦਿਆ,
ਕੁਦਰਤ ਹੋਈ ਨਾਰਾਜ਼ |
ਕਾਹਦੀ ਤੈਨੂੰ ਤਿ੍ਸ਼ਨਾ,
ਕਾਹਦੀ ਤੈਨੂੰ ਹੋੜ |
ਤੇਰੀ ਉਹ ਗੱਲ ਬੰਦਿਆ,
ਅੱਗਾ ਦੌੜ ਪਿੱਛਾ ਚੌੜ |
ਤੇਰੇ ਸਿਰ ਸੋਂਹਦਾ ਨਾ,
ਇਨਸਾਨਾਂ ਵਾਲਾ ਤਾਜ਼ |
ਹੁਣ ਤੇਰੇ ਨਾਲ ਬੰਦਿਆ,
ਕੁਦਰਤ ਹੋਈ ਨਾਰਾਜ਼ |
ਹੱਥੀਂ ਬੂਟੇ ਲਾ ਲਾ ਛੱਡੇਂ,
ਮੁੜ ਕੇ ਪਾਣੀ ਨਾ ਪਾਵੇਂ |
ਜ਼ਹਿਰਾਂ ਆਪ ਫੈਲਾਵੇਂ,
ਸ਼ੁੱਧ ਹਵਾ ਦਾ ਹੋਕਾ ਲਾਵੇਂ |
ਅੰਦਰੋਂ ਹੋਰ ਬਾਹਰੋਂ ਹੋਰ,
ਕੀ ਕੀ ਖੋਲਾਂ ਪਾਜ |
ਹੁਣ ਤੇਰੇ ਨਾਲ ਬੰਦਿਆ
ਕੁਦਰਤ ਹੋਈ ਨਾਰਾਜ਼ |
ਅਜੇ ਕੁਝ ਨਾ ਵਿਗੜਿਆ,
ਬੰਦਿਆ ਡੁੱਲ੍ਹੇ ਬੇਰਾਂ ਦਾ |
ਨਹੀਂ ਨਤੀਜਾ ਘਾਤਕ ਹੋਊ,
ਤੇਰੀਆਂ ਦੇਰਾਂ ਦਾ |
ਆਓ 'ਮੀਤ' ਜਾਣ ਲਈਏ,
ਤੰਦਰੁਸਤੀ ਦਾ ਰਾਜ਼ |
ਹੁਣ ਤੇਰੇ ਨਾਲ ਬੰਦਿਆ,
ਕੁਦਰਤ ਹੋਈ ਨਾਰਾਜ਼ |
-ਗੁਰਮੀਤ ਰਾਮਪੁਰੀ
138, ਵਾਰਡ ਨੰ: 7, ਰਾਮਪੁਰਾ ਮੰਡੀ (ਬਠਿੰਡਾ) |
ਮੋਬਾਈਲ : 98783-25301