ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਹਾਰੇ ਦੀ ਹਾਰ ਨਾਲ ਚਾਟੀਆਂ, ਮਧਾਣੀਆਂ ਅਤੇ ਕਾੜ੍ਹਨੀਆਂ ਵੀ ਹਾਰੀਆਂ ਅਤੇ ਹਾਰ ਗਈ ਨਰੋਈ ਸਿਹਤ <br/>

Ad Position 21
No active advertisement
ਅਜੀਤ ਡੈਸਕ 14-06-2026

ਪੰਜਾਬੀ ਵਿਰਸੇ ਵਿਚ ਮਿਲਿਆ ਸ਼ਬਦ ਹਾਰਾ ਸਿਰਫ਼ ਇਕ ਮਿੱਟੀ ਦਾ ਢਾਂਚਾ ਨਹੀਂ ਸੀ ਸਗੋਂ ਸਾਡੀ ਨਰੋਈ ਸਿਹਤ, ਸਾਂਝੀਵਾਲਤਾ ਅਤੇ ਸਬਰ ਸੰਤੋਖ ਦਾ ਪ੍ਰਤੀਕ ਸੀ | ਅੱਜ ਦੀ ਚਕਾਚੌਂਧ ਜ਼ਿੰਦਗੀ ਵਿਚ ਅਸੀਂ ਗੁਆਚ ਗਏ ਹਾਂ | ਇਸ ਦੇ ਨਾਲ ਹੀ ਸਾਡਾ ਵਿਰਸਾ ਸਾਡੀ ਪਛਾਣ ਅਤੇ ਸਾਡੀ ਨਰੋਈ ਸਿਹਤ ਦਾ ਰਾਜ ਸਾਡੀ ਜ਼ਿੰਦਗੀ ਦੀ ਮੁੱਠੀ ਵਿਚੋਂ ਰੇਤ ਵਾਂਗ ਕਿਰ ਗਿਆ ਹੈ | ਜੇਕਰ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਹਾਰਾ ਸ਼ਬਦ ਆਰੀਆ ਕਾਲ ਤੋਂ ਚਲੀ ਆ ਰਹੀ ਉਸ ਪਰੰਪਰਾ ਦਾ ਹਿੱਸਾ ਹੈ ਜਿੱਥੇ ਅਗਨੀ ਨੂੰ ਪਵਿੱਤਰ ਮੰਨ ਕੇ ਘਰ ਦੇ ਇਕ ਕੋਨੇ ਵਿਚ ਬਹੁਤ ਹੀ ਆਦਰ ਸਹਿਤ ਥਾਂ ਸੀ | ਅੱਜ ਕੱਲ੍ਹ ਸ਼ਹਿਰਾਂ ਦੀ ਤਾਂ ਦੂਰ ਦੀ ਗੱਲ ਪਿੰਡਾਂ ਵਿਚ ਵੀ ਹਾਰਾ ਸ਼ਾਇਦ ਹੀ ਕਿਸੇ ਭਾਗਾਂ ਵਾਲੇ ਘਰੇ ਮਘਦਾ ਹੋਵੇ | ਹਾਰੇ ਦਾ ਸਿੱਧਮ-ਸਿੱਧਾ ਸੰਬੰਧ ਦੁੱਧ ਨਾਲ ਹੁੰਦਾ ਹੈ | ਕਿਸੇ ਜ਼ਮਾਨੇ ਵਿਚ ਹਰ ਘਰ ਵਿਚ ਦੁਧਾਰੂ ਪਸ਼ੂ ਹੋਇਆ ਕਰਦੇ ਸਨ | ਸ਼ਹਿਰਾਂ ਵਿਚ ਵੀ ਲੋਕੀ ਪਸ਼ੂਆਂ ਜੋਗੀ ਥਾਂ ਰੱਖਦੇ ਸਨ | ਪਰ ਹੁਣ ਜ਼ਮਾਨੇ ਨੇ ਇਹੋ ਜਿਹੀ ਕਰਵਟ ਬਦਲੀ ਹੈ ਸ਼ਹਿਰ ਤਾਂ ਛੱਡੋ ਪਿੰਡਾਂ ਵਿਚ ਵੀ ਪਸ਼ੂਆਂ ਜੋਗੀ ਥਾਂ ਕਿਸੇ ਕਿਸੇ ਘਰ ਵਿਚ ਰਹਿ ਗਈ ਹੈ | ਜਦੋਂ ਪਸ਼ੂ ਹੀ ਨਹੀਂ ਰਹੇ ਫਿਰ ਹਾਰਾ ਸ਼ਬਦ ਦਾ ਹੋਣਾ ਤਾਂ ਨਾ ਮੁਮਕਿਨ ਹੈ | ਅੱਜ ਕੱਲ੍ਹ ਹਾਰੇ ਦੀ ਥਾਂ ਗੈਸ ਚੁਲਿਆਂ ਅਤੇ ਮਾਈਕੋ੍ਰਵੇਵ ਨੇ ਲੈ ਲਈ ਹੈ ਪਰ ਜਿਹੜਾ ਸਵਾਦ ਹਾਰੇ ਵਿਚ ਕੜ੍ਹੇ ਦੁੱਧ ਵਿਚ ਹੁੰਦਾ ਸੀ ਉਹ ਗੈਸ ਦੇ ਚੁੱਲਿ੍ਹਆਂ ਵਿਚ ਕਿੱਥੇ ਹੈ | ਹਾਰੇ ਵਿਚ ਦੁੱਧ, ਪਾਥੀਆਂ ਦੀ ਧੁਖਦੀ (ਕੋਸੀ-ਕੋਸੀ) ਅੱਗ ਵਿਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਾੜਿ੍ਹਆ ਜਾਂਦਾ ਸੀ ਅਤੇ ਸ਼ਾਮ ਵਕਤ ਦੁੱਧ ਦਾ ਰੰਗ ਸੰਧੂਰੀ ਲਾਲ ਹੋ ਜਾਂਦਾ ਸੀ | ਪਰ ਹੁਣ ਦੁੱਧ ਗੈਸ ਚੁਲਿ੍ਹਆਂ ਵਿਚ ਕਾੜਿ੍ਹਆਂ ਨਹੀਂ ਸਗੋਂ ਉਬਾਲਿਆ ਅਤੇ ਸਾੜਿਆ ਜਾਂਦਾ ਹੈ | ਅੱਜ ਦੇ ਯੁੱਗ ਵਿਚ ਧੀਰਜ ਦਾ ਅੰਤ ਹੋ ਗਿਆ ਹੈ ਜਦ ਕਿ ਹਾਰੇ ਵਿਚ ਦੁੱਧ ਕੜ੍ਹਨ ਨੰੂ ਕਈ ਕਈ ਘੰਟੇ ਲੱਗ ਜਾਂਦੇ ਸਨ | ਅੱਜ ਦੇ ਇੰਸਟੈਂਟ ਯੁੱਗ ਵਿਚ ਮਨੁੱਖ ਕੋਲ ਧੀਰਜ ਖ਼ਤਮ ਹੋ ਗਿਆ ਹੈ | ਅੱਜ ਕੱਲ੍ਹ ਪਿੰਡਾਂ ਵਿਚ ਵੀ ਪਸ਼ੂਆਂ ਵਾਲੇ ਵਾੜੇ ਸੁੰਗੜ ਗਏ ਹਨ | ਨਾ ਹੁਣ ਪਸ਼ੂ ਰਹੇ ਤੇ ਨਾ ਹੀ ਗੋਹੇ ਤੋਂ ਬਣੀਆਂ ਪਾਥੀਆਂ ਰਹੀਆਂ | ਹੁਣ ਪਾਥੀਆਂ ਪੱਥਣਾ ਵੀ ਹਰ ਔਰਤ ਦੇ ਵੱਸ ਦੀ ਗੱਲ ਨਹੀਂ ਹੈ | ਹਾਰੇ ਵਿਚ ਕੜ੍ਹੇ ਦੁੱਧ ਦੀ ਬਣੀ ਹੋਈ ਸੰਧੂਰੀ ਲੱਸੀ ਇਕ ਤਰ੍ਹਾਂ ਦੀ ਔਸ਼ਧੀ ਹੁੰਦੀ ਸੀ ਅਤੇ ਸ਼ਾਮ ਵਕਤ ਹਾਰੇ ਵਿਚ ਕੜਿ੍ਹਆ ਦੁੱਧ ਪੀ ਕੇ ਸਰੀਰ ਲੋਹੇ ਵਰਗਾ ਬਣ ਜਾਂਦਾ ਸੀ | ਇਸੇ ਕਰਕੇ ਪੁਰਾਣੇ ਜ਼ਮਾਨੇ ਵਿਚ ਬਿਮਾਰੀਆਂ ਘੱਟ ਹੁੰਦੀਆਂ ਸਨ ਅਤੇ ਲੋਕੀਂ ਲੰਮੀਆਂ ਉਮਰਾਂ ਮਾਣਦੇ ਸਨ | ਜਦ ਕਿ ਅੱਜ ਕੱਲ੍ਹ ਸਾਡੇ ਸਰੀਰ ਬਿਮਾਰੀਆਂ ਦੇ ਆਲ੍ਹਣੇ ਬਣ ਗਏ ਹਨ | ਸਾਡਾ ਸਾਰਾ ਕੁੱਝ ਮਸ਼ੀਨੀਕਰਨ ਦੀ ਭੇਟ ਚੜ੍ਹ ਗਿਆ ਹੈ ਅਤੇ ਸਾਡੀ ਰਸੋਈ ਦਾ ਅਨਮੋਲ ਰਤਨ ਹਾਰਾ ਆਪਣੀ ਹੋਂਦ ਦੀ ਲੜਾਈ ਹਾਰ ਗਿਆ ਹੈ | ਜਦ ਕਿ ਨਰੋਈ ਸਿਹਤ ਦੀ ਜਿੱਤ ਦਾ ਦੂਜਾ ਨਾਮ ਸੀ ਹਾਰਾ | ਇਹ ਸਿਰਫ਼ ਦੁੱਧ ਗਰਮ ਕਰਨ ਦਾ ਸਾਧਨ ਨਹੀਂ ਸੀ ਸਗੋਂ ਸਾਡੇ ਬਜ਼ੁਰਗਾਂ ਦੀ ਲੰਮੀ ਉਮਰ ਅਤੇ ਫ਼ੌਲਾਦੀ ਜੁੱਸਿਆਂ ਦਾ ਰਾਜ ਸੀ ਹਾਰਾ | ਜੇਕਰ ਵਿਗਿਆਨਕ ਦਿ੍ਸ਼ਟੀ ਤੋਂ ਵੇਖੀਏ ਤਾਂ ਪਾਥੀਆਂ ਦੀ ਅੱਗ ਵਿਚ ਕਈ ਕਈ ਘੰਟੇ ਦੁੱਧ ਕੜ੍ਹਦਾ ਸੀ ਅਤੇ ਪਾਣੀ ਭਾਫ਼ ਬਣ ਕੇ ਉੱਡ ਜਾਂਦਾ ਸੀ | ਪਿੱਛੇ ਬਚ ਜਾਂਦੇ ਸਨ ਕੈਲਸ਼ੀਅਮ ਅਤੇ ਪ੍ਰੋਟੀਨ ਨਾਲ ਭਰਪੂਰ ਗਾੜੇ੍ਹ ਤੱਤ | ਹਾਰੇ ਦੀ ਮਿੱਠੀ ਮਿੱਠੀ ਅੱਗ ਵਿਚ ਕੜਿ੍ਹਆ ਦੁੱਧ ਪਚ ਵੀ ਆਸਾਨੀ ਨਾਲ ਜਾਂਦਾ ਸੀ | ਹਾਰੇ ਦਾ ਇਤਿਹਾਸ ਸਬਰ ਦੀ ਕਹਾਣੀ ਹੈ ਜਿੱਥੇ ਚੀਜ਼ਾਂ ਨੂੰ ਤਿਆਰ ਨੂੰ ਵਕਤ ਦਿੱਤਾ ਜਾਂਦਾ ਸੀ, ਕਾਹਲ ਨਹੀਂ ਹੁੰਦੀ ਸੀ | ਜਿਸ ਘਰੇ ਹਾਰਾ ਹੁੰਦਾ ਸੀ ਉੱਥੇ ਹੀ ਕਾੜ੍ਹਨੀ, ਚਾਟੀ, ਮਧਾਣੀ ਹੁੰਦੀ ਸੀ | ਉਸ ਭਾਗਾਂ ਵਾਲੇ ਘਰ ਤੋਂ ਕਈ ਕਈ ਘਰ ਸਵੇਰੇ ਸਵੇਰੇ ਲੱਸੀ ਲੈ ਕੇ ਜਾਂਦੇ ਸੀ ਜਿਹੜੀ ਕਿ ਅਪਣੱਤ ਦੀ ਨਿਸ਼ਾਨੀ ਹੁੰਦੀ ਸੀ | ਅਜੋਕੀ ਜ਼ਿੰਦਗੀ ਵਿਚੋਂ ਹਾਰੇ ਦੇ ਹਾਰ ਜਾਣ ਨਾਲ ਚਾਟੀਆਂ, ਮਧਾਣੀਆਂ ਅਤੇ ਕਾੜ੍ਹਨੇ ਸਭ ਕੁਝ ਸਾਡੀ ਰਸੋਈ ਤੋਂ ਗ਼ਾਇਬ ਹੋ ਗਏ ਹਨ | ਇਹ ਚੀਜ਼ਾਂ ਹੁਣ ਅਜਾਇਬ ਘਰਾਂ ਦਾ ਸ਼ਿੰਗਾਰ ਬਣ ਗਈਆਂ ਹਨ | ਅਜੋਕੀ ਪੀੜ੍ਹੀ ਨੂੰ ਇਨ੍ਹਾਂ ਬਾਰੇ ਕੁੱਝ ਵੀ ਇਲਮ ਨਹੀਂ ਹੈ | ਅੰਮਿ੍ਤ ਵੇਲੇ ਚਾਟੀਆਂ 'ਚ ਦੁੱਧ ਰਿੜਕਣ ਦਾ ਸੰਗੀਤ ਵੀ ਸਾਡੀ ਜ਼ਿੰਦਗੀ ਵਿਚੋਂ ਮਨਫ਼ੀ ਹੋ ਗਿਆ ਹੈ ਸਦਾ ਲਈ ਖ਼ਾਮੋਸ਼ ਹੋ ਗਿਆ ਹੈ | ਹੁਣ ਕਿਤੇ ਕਿਤੇ ਹੋਟਲਾਂ 'ਤੇ ਲਿਖਿਆ ਵਿਖਾਈ ਦੇ ਜਾਂਦਾ ਹੈ ਕਿ ਇੱਥੇ ਚਾਟੀ ਵਾਲੀ ਲੱਸੀ ਮਿਲਦੀ ਹੈ | ਸ਼ਾਇਦ ਉਨ੍ਹਾਂ ਨੂੰ ਵੀ ਪਤਾ ਨਹੀਂ ਹੋਣਾ ਕਿ ਚਾਟੀ ਵਾਲੀ ਲੱਸੀ ਸਿਰਫ਼ ਲਿਖ ਕੇ ਨਹੀਂ ਬਣਦੀ ਇਸ ਪਿੱਛੇ ਦਾ ਇਤਿਹਾਸ ਬਹੁਤ ਅਮੀਰ ਹੈ | ਕਈ ਅਮੀਰ ਘਰਾਂ ਦੇ ਡਰਾਇੰਗ ਰੂਮਾਂ ਵਿਚ ਚਾਟੀਆਂ ਮਧਾਣੀਆਂ ਹਾਰੇ ਪਏ ਵਿਖਾਈ ਤਾਂ ਦੇ ਜਾਂਦੇ ਹਨ ਪਰ ਹਾਰਾ ਅਸਲ ਵਿਚ ਆਪਣੀ ਹੋਂਦ ਹਾਰ ਗਿਆ ਹੈ | ਹਾਰੇ ਦੀ ਹਾਰ ਸਿਰਫ਼ ਮਿੱਟੀ ਦੇ ਚੁੱਲ੍ਹੇ ਦੀ ਹਾਰ ਨਹੀਂ ਹੈ ਬਲਕਿ ਉਸ ਪਰੰਪਰਾ ਦੀ ਹਾਰ ਹੈ ਜਿਸ ਵਿਚ ਨਰੋਈ ਸਿਹਤ ਸਬਰ ਤੇ ਸਾਂਝੀਵਾਲਤਾ ਸੀ | ਅੱਜ ਅਸੀਂ ਨਵੀਨੀਕਰਨ ਦੇ ਚੱਕਰ ਵਿਚ ਪੈ ਕੇ ਕੀਮਤੀ ਖ਼ਜ਼ਾਨੇ ਗੁਆ ਕੇ ਸਿਰਫ਼ ਖ਼ਾਲੀ ਭਾਂਡਿਆਂ ਵਰਗੇ ਹੋ ਗਏ ਹਾਂ | ਹਾਰਾ ਸ਼ਬਦ ਅਸਲ ਵਿਚ ਹਾਰ ਕੇ ਇਤਿਹਾਸ ਦੇ ਪੰਨਿਆਂ ਵਿਚ ਸੰੁਗੜ ਕੇ ਰਹਿ ਗਿਆ ਹੈ | ਹਾਰੇ ਵਿਚ ਭਾਵੇਂ ਹਾਰ ਸ਼ਬਦ ਆਉਂਦਾ ਹੈ ਪਰ ਇਸ ਵਿਚ ਸਾਡੀ ਅਸਲ ਜਿੱਤ ਛਿਪੀ ਹੋਈ ਸੀ | ਹਾਰੇ ਦੀ ਹਾਰ ਨੇ ਸਾਡੀ ਸਿਹਤ ਅਤੇ ਸੁਆਦ ਦੋਵੇਂ ਖੋਹ ਲਏ ਹਨ |

-ਪੱਤਰਕਾਰ ਰਾਜਪੁਰਾ (ਪਟਿਆਲਾ)
ਮੋਬਾਈਲ : 93177-41641

Ad Position 22
No active advertisement
ਪਿਛਲੀ ਖ਼ਬਰ 14-06-26 ਅਗਲੀ ਖ਼ਬਰ ਕਵਿਤਾ ਕੁਦਰਤ
Ad Position 24
No active advertisement