ਦ ਜੱਗਾ ਰਾਤ ਨੂੰ ਸ਼ਰਾਬ ਪੀ ਕੇ ਘਰ ਆਇਆ ਤਾਂ ਉਸ ਦੀ ਮਾਂ ਦੀਆਂ ਭੁੱਬਾਂ ਨਿਕਲ ਗਈਆਂ। ਉਸ ਨੇ ਰੋੋਂਦੀ ਹੋਈ ਨੇ ਕਿਹਾ, 'ਵੇ ਜੱਗਿਆ, ਤੂੰ ਵੀ ਆਪਣੇ ਪਿਓ ਦੇ ਰਾਹਾਂ 'ਤੇ ਚਲ ਪਿਆ। ਮੈਂ ਤੇਰੇ ਪਿਓ ਸ਼ਰਾਬੀ ਨਾਲ ਕਿਵੇਂ ਕੱਟੀ, ਇਹ ਮੈਨੂੰ ਹੀ ਪਤਾ। ਮੈਂ ਕਦੇ ਸੁੱਖ ਦਾ ਸਾਹ ਨਹੀਂ ਲਿਆ। ਹਮੇਸ਼ਾ ਹੀ ਉਸ ਤੋਂ ਕੁੱਟ ਹੀ ਖਾਧੀ। ਤੂੰ ਜਵਾਨ ਹੋਇਆ ਮੈਂ ਤੈਨੂੰ ਤੇਰੇ ਸ਼ਰਾਬੀ ਪਿਓ ਤੋਂ ਦੂਰ ਰੱਖਿਆ ਇਸ ਕਰਕੇ ਕਿ ਉਹ ਤੈਨੂੰ ਆਪਣੇ ਰਾਹ 'ਤੇ ਹੀ ਨਾ ਤੋਰ ਲਵੇ। ਉਸ ਨੇ ਸ਼ਰਾਬ ਵਿਚ ਹੀ ਸਾਰਾ ਘਰ ਉਜਾੜ ਦਿੱਤਾ ਤੇ ਅਖੀਰ ਮੈਨੂੰ ਵਿਧਵਾਪਨ ਦਾ ਰਾਹ ਦਿਖਾਇਆ। ਹੁਣ ਮੈਂ ਸੋਚ ਲਿਆ ਸੀ ਕਿ ਮੇਰਾ ਮੁੰਡਾ ਜਵਾਨ ਹੋ ਗਿਆ, ਇਸ ਦੇ ਸਹਾਰੇ ਮੈਂ ਬਚੇ ਚਾਰ ਦਿਨ ਸੌਖੇ ਕੱਟ ਲਵਾਂਗੀ। ਤੂੰ ਵੀ ਪਿਓ ਵਾਲੇ ਰਾਹਾਂ 'ਤੇ ਚਲ ਪਿਆ।'
ਜੀਤੋ ਜੱਗੇ ਦੇ ਸਾਹਮਣੇ ਆਪਣਾ ਦੁੱਖੜਾ ਰੋ ਰਹੀ ਸੀ ਪਰ ਜੱਗੇ ਨੂੰ ਕੋਈ ਸੁਰਤ ਨਹੀਂ ਸੀ। ਜੀਤੋ ਨੇ ਉਸ ਨੂੰ ਫੜ ਕੇ ਮੰਜੇ 'ਤੇ ਪਾ ਦਿੱਤਾ ਤੇ ਆਪ ਵੀ ਭੁੱਖਣ-ਭਾਣੀ ਮੰਜੇ 'ਤੇ ਪੈ ਗਈ।
ਦਿਨ ਚੜ੍ਹਿਆ। ਜੱਗ ਉੱਠਿਆ ਦੇਖ ਕੇ ਜੀਤੋ ਉਸ ਕੋਲ ਗਈ ਤੇ ਉਸ ਨੇ ਕਿਹਾ, 'ਜੱਗਿਆ, ਤੈਨੂੰ ਪਤਾ ਰਾਤ ਨੂੰ ਕਿੰਨੀ ਪੀਤੀ ਹੋਈ ਸੀ। ਭੋਰਾ ਸੁਰਤ ਨੀ ਸੀ ਤੈਨੂੰ। ਤੂੰ ਕਿਹੜੇ ਰਾਹ ਪੈ ਗਿਆ ਜੱਗਿਆ। ਇਸ ਰਾਹ ਨੇ ਤਾਂ ਤੇਰੇ ਪਿਓ ਨੂੰ ਖਾ ਲਿਆ ਤੂੰ ਵੀ ਉਸ ਰਾਹ 'ਤੇ ਚੱਲ ਪਿਆ। ਤੂੰ ਇਹ ਰਾਹ ਛੱਡ ਦੇ ਜੱਗਿਆ। ਮੈਂ ਤਾਂ ਤੇਰੇ ਸਹਾਰੇ ਜ਼ਿੰਦਗੀ ਕੱਟਣੀ ਆ।'
'ਨਹੀਂ ਮਾਂ, ਮੈਨੂੰ ਮੁਆਫ਼ ਕਰਦੇ। ਮੈਨੂੰ ਪਤਾ ਕਿ ਮੇਰਾ ਬਾਪੂ ਕਿਹੜੇ ਹਾਲਾਤਾਂ ਵਿਚ ਮਰਿਆ ਹੈ। ਤੂੰ ਉਸ ਨਾਲ ਕੋਈ ਸੌਖੀ ਜ਼ਿੰਦਗੀ ਨਹੀਂ ਕੱਟੀ। ਫਾਕੇ ਕੱਟ-ਕੱਟ ਕੇ ਜ਼ਿੰਦਗੀ ਗੁਜ਼ਾਰੀ। ਬਾਪੂ ਨੂੰ ਸ਼ਰਾਬ ਚਾਹੀਦੀ ਸੀ ਸਿਰਫ਼ ਸ਼ਰਾਬ। ਮੈਂ ਤਾਂ ਜੈਲੇ ਕੋਲ ਜ਼ਮੀਨ ਦਾ ਮਾਮਲਾ ਲੈਣ ਗਿਆ ਸੀ, ਉਸ ਨੇ ਜ਼ਬਰਦਸਤੀ ਮੈਨੂੰ ਪਿਲਾ ਦਿੱਤੀ। ਮੈਨੂੰ ਮੁਆਫ਼ ਕਰਦੇ ਮਾਂ, ਮੈਂ ਅੱਗੇ ਤੋਂ ਸ਼ਰਾਬ ਨਹੀਂ ਪੀਵਾਂਗਾ। ਮੈਂ ਤੇਰਾ ਹੀ ਸਹਾਰਾ ਹਾਂ, ਆਪਣੀ ਮਾਂ ਦਾ ਸਹਾਰਾ ਹਾਂ। ਮੈਂ ਅਜਿਹਾ ਕੋਈ ਕੰਮ ਨਹੀਂ ਕਰਾਂਗਾ, ਜਿਸ ਨਾਲ ਤੈਨੂੰ ਠੇਸ ਪਹੁੰਚੇ। ਸ਼ਰਾਬ ਪੀਣ ਦੀ ਤਾਂ ਬਹੁਤ ਦੂਰ ਦੀ ਗੱਲ ਹੈ।
ਇਹ ਸੁਣ ਕੇ ਜੀਤੋ ਨੇ ਜੱਗੇ ਨੂੰ ਆਪਣੇ ਗਲ ਨਾਲ ਲਾ ਲਿਆ।
-ਮੋਬਾਈਲ : 94632-48191
ਸਹਾਰਾ
ਅਜੀਤ ਡੈਸਕ
31-05-2026