ਅੱਜ ਐਤਵਾਰ ਸੀ, ਸੋ ਸਾਰਾ ਦਿਨ ਘਰ ਹੀ ਬਿਤਾਇਆ। ਸ਼ਾਮ ਨੂੰ ਬੱਤੀ ਗੁੱਲ ਹੋ ਗਈ ਤਾਂ ਮੈਂ ਤਾਜ਼ੀ ਹਵਾ ਲਈ ਕੋਲ ਦੇ ਪਾਰਕ ਵਿਚ ਚਲੀ ਗਈ। ਉੱਥੇ ਇੱਕ ਬੈਂਚ 'ਤੇ ਬੈਠ ਕੇ ਮੈਂ ਕੁਦਰਤ ਦਾ ਅਨੰਦ ਲੈ ਰਹੀ ਸੀ ਕਿ ਅਚਾਨਕ ਕਾਵਾਂ ਦੇ ਕਾਂ-ਕਾਂ ਕਰਨ ਦੀਆਂ ਆਵਾਜ਼ਾਂ ਨੇ ਮੇਰਾ ਧਿਆਨ ਖਿੱਚਿਆ।
ਮੈਂ ਵੇਖਿਆ ਕਿ ਪਾਰਕ ਦੇ ਵਿਚਕਾਰ ਘਾਹ 'ਤੇ ਬ੍ਰੈੱਡ ਦਾ ਇੱਕ ਵੱਡਾ ਟੁਕੜਾ ਪਿਆ ਸੀ, ਜਿਸ ਦੇ ਆਲੇ-ਦੁਆਲੇ 10-12 ਕਾਂ ਇਕੱਠੇ ਹੋ ਗਏ ਸਨ। ਕੁਝ ਪਲ ਲਈ ਤਾਂ ਉਹ ਸਾਰੇ ਇੱਕ-ਦੂਜੇ ਦੇ ਚਿਹਰੇ ਵੱਲ ਵੇਖਦੇ ਰਹੇ, ਜਿਵੇਂ ਆਪਸ ਵਿਚ ਕੋਈ ਸਲਾਹ ਕਰ ਰਹੇ ਹੋਣ। ਫਿਰ ਇੱਕ ਕਾਂ ਅੱਗੇ ਵਧਿਆ, ਬ੍ਰੈੱਡ ਦੇ ਟੁਕੜੇ ਵਿਚੋਂ ਕੁਝ ਹਿੱਸਾ ਖਾਧਾ ਅਤੇ ਚੁੱਪ-ਚਾਪ ਇੱਕ ਪਾਸੇ ਹੋ ਕੇ ਬੈਠ ਗਿਆ। ਉਸ ਤੋਂ ਬਾਅਦ ਦੂਜਾ ਆਇਆ, ਫਿਰ ਤੀਜਾ; ਇਸੇ ਤਰ੍ਹਾਂ ਸਾਰਿਆਂ ਨੇ ਵਾਰੋ-ਵਾਰੀ ਆਪਣੀ ਭੁੱਖ ਮਿਟਾਈ। ਉੱਥੇ ਕੋਈ ਖੋਹ-ਖਿੱਚ ਨਹੀਂ ਸੀ, ਕੋਈ ਲੜਾਈ ਨਹੀਂ ਸੀ।
ਇਹ ਦ੍ਰਿਸ਼ ਵੇਖ ਕੇ ਮੈਂ ਡੂੰਘੀ ਸੋਚ ਵਿਚ ਡੁੱਬ ਗਈ। ਅਸੀਂ ਇਨਸਾਨ, ਜਿਨ੍ਹਾਂ ਨੂੰ ਰੱਬ ਨੇ ਅਕਲ ਬਖ਼ਸ਼ੀ ਹੈ, ਉਹ ਕਿਉਂ ਨਹੀਂ ਸਮਝਦੇ ਕਿ ਰੱਬ ਨੇ ਪੇਟ ਹਰ ਜੀਵ ਦੇ ਲਾਇਆ ਹੈ? ਇਨਸਾਨ ਤਾਂ ਬੱਸ ਆਪਣਾ ਹੀ ਢਿੱਡ ਭਰਨ ਦੀ ਦੌੜ ਵਿਚ ਲੱਗਾ ਹੋਇਆ ਹੈ, ਭਾਵੇਂ ਉਸ ਲਈ ਕਿਸੇ ਦੂਜੇ ਦਾ ਹੱਕ ਹੀ ਕਿਉਂ ਨਾ ਮਾਰਨਾ ਪਵੇ। ਅਸੀਂ ਆਪਣੇ ਸਵਾਰਥ ਅਤੇ ਝਗੜਿਆਂ ਵਿਚ ਇੰਨੇ ਉਲਝ ਗਏ ਹਾਂ ਕਿ ਸਾਂਝੀਵਾਲਤਾ ਦਾ ਸਬਕ ਹੀ ਭੁੱਲ ਗਏ ਹਾਂ।
ਉਸ ਦਿਨ ਮੈਨੂੰ ਮਹਿਸੂਸ ਹੋਇਆ ਕਿ ਸ਼ਾਇਦ ਇਹ ਬੇਜ਼ੁਬਾਨ ਪੰਛੀ ਇਨਸਾਨੀਅਤ ਦੇ ਮਾਮਲੇ ਵਿਚ ਸਾਡੇ ਤੋਂ ਬਹੁਤ ਅੱਗੇ ਨਿਕਲ ਗਏ ਹਨ।
-ਸਾਇੰਸ ਮਿਸਟ੍ਰੈੱਸ, ਸ. ਕੰ. ਸੀ. ਸੈ. ਸ. ਸਕੂਲ, ਦੁਸਾਂਝ ਕਲਾਂ, ਜ਼ਿਲ੍ਹਾ ਜਲੰਧਰ।
ਸਾਂਝੀ ਭੁੱਖ
ਅਜੀਤ ਡੈਸਕ
31-05-2026