ਲੰਡਨ, 1 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥਹੈਂਪਟਨ ਵਿਖੇ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਮਾਮਲੇ 'ਚ ਅਦਾਲਤ ਨੇ ਆਪਣਾ ਅਹਿਮ ਫੈਸਲਾ ਸੁਣਾਉਂਦਿਆਂ 23 ਸਾਲਾ ਦੋਸ਼ੀ ਵਿਕਰਮ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਜੱਜ ਵਿਲੀਅਮ ਮੌਸਲੇ ਕੇਸੀ ਨੇ ਵਿਕਰਮ ਦਿਗਵਾ ਨੂੰ ਕਤਲ ਤੇ ਜਨਤਕ ਥਾਂ 'ਤੇ ਹਥਿਆਰ ਰੱਖਣ ਦਾ ਦੋਸ਼ੀ ਮੰਨਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਤੇ ਸਪੱਸ਼ਟ ਕੀਤਾ ਕਿ ਦੋਸ਼ੀ ਨੂੰ ਘੱਟੋ-ਘੱਟ 21 ਸਾਲ ਦੀ ਸਜ਼ਾ ਕੱਟਣੀ ਹੀ ਪਵੇਗੀ | ਜੱਜ ਨੇ ਦੋਸ਼ੀ ਵਿਕਰਮ ਦਿਗਵਾ ਵੱਲੋਂ ਕਿਰਪਾਨ ਤੇ ਇਕ ਹੋਰ ਵੱਡਾ ਬਲੇਡ (ਜਿਸ ਨਾਲ ਕਤਲ ਹੋਇਆ ਸੀ) ਕੋਲ ਰੱਖਣ ਦੇ ਧਾਰਮਿਕ ਪਹਿਲੂਆਂ 'ਤੇ ਅਹਿਮ ਟਿੱਪਣੀ ਕੀਤੀ ਤੇ ਕਿਹਾ ਕਿ ਜਨਤਕ ਥਾਵਾਂ 'ਤੇ ਕਿਰਪਾਨ ਧਾਰਨ ਕਰਨ ਦੀ ਕਾਨੂੰਨੀ ਇਜਾਜ਼ਤ ਮਿਲਣਾ ਇਕ 'ਵਿਸ਼ੇਸ਼ ਅਧਿਕਾਰ' ਹੈ, ਜੋ ਆਪਣੇ ਨਾਲ ਇਕ 'ਬਹੁਤ ਵੱਡੀ ਜ਼ਿੰਮੇਵਾਰੀ' ਲੈ ਕੇ ਆਉਂਦਾ ਹੈ | ਅਦਾਲਤ ਨੇ ਸਪੱਸ਼ਟ ਕੀਤਾ ਕਿ ਕਿਰਪਾਨ 'ਧਾਰਮਿਕ ਆਸਥਾ ਦਾ ਇਕ ਪਵਿੱਤਰ ਪ੍ਰਤੀਕ ਹੈ ਤੇ ਇਸ ਨੂੰ ਕਦੇ ਵੀ ਕਿਸੇ 'ਤੇ ਹਮਲਾ ਕਰਨ ਜਾਂ ਹਮਲਾਵਰ ਰੁਖ਼ ਅਖਤਿਆਰ ਕਰਨ ਦੇ ਮਨੋਰਥ ਨਾਲ ਕੋਲ ਨਹੀਂ ਰੱਖਿਆ ਜਾਣਾ ਚਾਹੀਦਾ |