02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਐਡਿਨਬਰਗ ਵਿਚ ਭਾਰਤੀ ਵਿਦਿਆਰਥੀਆਂ ’ਤੇ ਹੋਇਆ ਚਾਕੂ ਨਾਲ ਹਮਲਾ

Ad Position 21
No active advertisement
ਅਜੀਤ ਡੈਸਕ 28-06-2026
ਗਲਾਸਗੋ, 27 ਜੂਨ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੀ ਰਾਜਧਾਨੀ ਐਡਿਨਬਰਗ ਵਿੱਚ ਭਾਰਤ ਤੋਂ ਉੱਚ ਸਿੱਖਿਆ ਲਈ ਪਹੁੰਚੇ ਦੋ ਵਿਦਿਆਰਥੀਆਂ ’ਤੇ ਹੋਏ ਕਥਿਤ ਇਸਲਾਮ ਵਿਰੋਧੀ ਚਾਕੂ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਮਲੇ ਵਿੱਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਇੱਕ ਵਿਦਿਆਰਥੀ ਨੇ ਕਿਹਾ, “ਸਕਾਟਲੈਂਡ ਆਉਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਮਾੜਾ ਫੈਸਲਾ ਸੀ। ਇੱਥੇ ਆਉਣ ਤੋਂ ਪਹਿਲਾਂ ਮੈਂ ਸੁਣਿਆ ਸੀ ਕਿ ਇਹ ਬਹੁਤ ਸੁਰੱਖਿਅਤ ਅਤੇ ਖੂਬਸੂਰਤ ਦੇਸ਼ ਹੈ।” ਦੋਵੇਂ ਵਿਦਿਆਰਥੀ, ਜਿਨ੍ਹਾਂ ਦੀ ਉਮਰ 22 ਸਾਲ ਹੈ, ਕਰੀਬ ਚਾਰ ਹਫ਼ਤੇ ਪਹਿਲਾਂ ਹੀ ਭਾਰਤ ਤੋਂ ਐਡਿਨਬਰਗ ਵਿੱਚ ਮਾਸਟਰਜ਼ ਦੀ ਪੜ੍ਹਾਈ ਲਈ ਪਹੁੰਚੇ ਸਨ। ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਸ਼ਾਮ ਦੀ ਨਮਾਜ਼ ਅਦਾ ਕਰਕੇ ਸ਼ਹਿਰ ਦੀ ਇੱਕ ਮਸਜਿਦ ਤੋਂ ਨਿਕਲਣ ਮਗਰੋਂ ਸਾਈਟਹਿੱਲ ਪਾਰਕ ਵਿਚੋਂ ਲੰਘ ਰਹੇ ਸਨ। ਹਮਲੇ ਵਿੱਚ ਇੱਕ ਵਿਦਿਆਰਥੀ ਦੇ ਸਰੀਰ ਅਤੇ ਚਿਹਰੇ ’ਤੇ ਸੱਤ ਚਾਕੂਆਂ ਦੇ ਵਾਰ ਕੀਤੇ ਗਏ, ਜਿਸ ਕਾਰਨ ਉਸ ਨੂੰ 35 ਟਾਂਕੇ ਲਗਾਉਣੇ ਪਏ। ਦੂਜੇ ਵਿਦਿਆਰਥੀ ਨੂੰ ਪੰਜ ਵਾਰ ਚਾਕੂ ਮਾਰਿਆ ਗਿਆ ਅਤੇ ਉਸ ਦੇ 17 ਟਾਂਕੇ ਲੱਗੇ। ਦੋਵਾਂ ਦਾ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਅਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੋਵੇਂ ਜ਼ਖ਼ਮੀ ਵਿਦਿਆਰਥੀ ਭਾਰਤੀ ਹਨ ਅਤੇ ਉਨ੍ਹਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ ਕਿਉਂਕਿ ਉਨ੍ਹਾਂ ਦੀ ਪਹਿਚਾਣ ਗੋਪਨੀਯਤਾ ਅਤੇ ਸੁਰੱਖਿਆ ਦੇ ਮੱਦੇਨਜ਼ਰ ਲੁਕਾਈ ਗਈ ਹੈ। ਇਸ ਮਾਮਲੇ ਵਿੱਚ 36 ਸਾਲਾ ਲੂਇਸ ਹਾਕਸ ਨੂੰ ਗ੍ਰਿਫ਼ਤਾਰ ਕਰਕੇ ਐਡਿਨਬਰਗ ਸ਼ੈਰਿਫ਼ ਕੋਰਟ ਵਿੱਚ ਪੇਸ਼ ਕੀਤਾ ਗਿਆ। ਉਸ ’ਤੇ ਪੰਜ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਨੂੰ ਅੱਤਵਾਦੀ ਸੰਬੰਧਾਂ ਨਾਲ ਜੁੜਿਆ ਮੰਨਿਆ ਗਿਆ ਹੈ। ਪੁਲਿਸ ਮੁਤਾਬਕ ਉਸੇ ਦਿਨ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਵੀ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋਏ ਸਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਹ ਘਟਨਾ ਮੁੱਢਲੀ ਨਜ਼ਰ ਵਿੱਚ ਮੁਸਲਿਮ ਵਿਰੋਧੀ ਨਫ਼ਰਤ ਤੋਂ ਪ੍ਰੇਰਿਤ ਲੱਗਦੀ ਹੈ। ਸਕਾਟਲੈਂਡ ਦੇ ਪਹਿਲੇ ਮੰਤਰੀ ਜੌਨ ਸਵਿਨੀ ਨੇ ਜ਼ਖ਼ਮੀ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਹਮਦਰਦੀ ਜਤਾਈ, ਜਦਕਿ ਗ੍ਰਹਿ ਮੰਤਰੀ ਸ਼ਬਾਨਾ ਮਹਮੂਦ ਨੇ ਕਿਹਾ ਕਿ ਨਫ਼ਰਤ ਅਤੇ ਹਿੰਸਾ ਲਈ ਸਮਾਜ ਵਿੱਚ ਕੋਈ ਥਾਂ ਨਹੀਂ ਹੈ। ਇਸ ਦਰਮਿਆਨ ਮੁਸਲਿਮ ਕੌਂਸਲ ਫਾਰ ਸਕਾਟਲੈਂਡ ਨੇ ਪੁਲਿਸ ਵੱਲੋਂ ਵੱਖ-ਵੱਖ ਧਾਰਮਿਕ ਭਾਈਚਾਰਿਆਂ ਨਾਲ ਕੀਤੇ ਜਾ ਰਹੇ ਸੰਪਰਕ ਦਾ ਸਵਾਗਤ ਕਰਦਿਆਂ ਕਿਹਾ ਕਿ ਐਡਿਨਬਰਗ ਦਾ ਮੁਸਲਿਮ ਭਾਈਚਾਰਾ ਡਰ ਕੇ ਪਿੱਛੇ ਨਹੀਂ ਹਟੇਗਾ ਅਤੇ ਨਫ਼ਰਤ ਫੈਲਾਉਣ ਵਾਲੀਆਂ ਤਾਕਤਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ।
Ad Position 22
No active advertisement
ਪਿਛਲੀ ਖ਼ਬਰ ਮੈਪਲ ਰਿਜ਼ ਦੇ ਵਿਅਕਤੀ ਨੇ ਜਿੱਤੀ ਨਵੀਂ ਕਾਰ ਤੇ 2,500 ਡਾਲਰ ਦੀ ਰਾਸ਼ੀ ਅਗਲੀ ਖ਼ਬਰ ਸਕਾਟਲੈਂਡ ਵਿਚ ਮੋਟਰਸਾਈਕਲ ਅਤੇ ਲਾਰੀ ਦੀ ਭਿਆਨਕ ਟੱਕਰ ਵਿਚ ਭਾਰਤੀ ਲੜਕੇ ਦੀ ਮੌਤ
Ad Position 24
No active advertisement