ਵੈਨਕੂਵਰ, 27 ਜੂਨ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਮੈਪਲ ਰਿਜ਼ ਦੇ ਇੱਕ ਵਿਅਕਤੀ ਦੀ ਕਿਸਮਤ ਉਸ ਵੇਲੇ ਚਮਕ ਗਈ ਜਦੋਂ ਉਸ ਨੇ ਸਕ੍ਰੈਚ ਐਂਡ ਵਿਨ ਟਿਕਟ ‘ਤੇ ਨਵੀਂ ਫੋਰਡ ਮਸਟੈਂਗ ਮੈਕ-ਈ ਪ੍ਰੀਮੀਅਮ ਕਾਰ ਅਤੇ 2,500 ਡਾਲਰ ਨਕਦ ਦਾ ਇਨਾਮ ਜਿੱਤ ਲਿਆ। ਜਾਣਕਾਰੀ ਅਨੁਸਾਰ ਜੈਫਰੀ ਪੀ. ਨਾਂ ਦੇ ਇੱਕ ਵਿਅਕਤੀ ਨੇ 5 ਡਾਲਰ ਦੀ 7-ਰਨ ਸਕ੍ਰੈਚ ਟਿਕਟ ਲੈਂਗਲੀ ਦੇ 200 ਸਟਰੀਟ ਅਤੇ 72 ਐਵੇਨਿਊ ਸਥਿਤ 7-ਇਲੈਵਨ ਸਟੋਰ ਤੋਂ ਖਰੀਦੀ ਸੀ। ਇਸ ਤੋਂ ਪਹਿਲਾਂ ਉਸੇ ਸਟੋਰ ਤੋਂ ਮਿਲੀ ਮੁਫ਼ਤ 7-ਰਨ ਟਿਕਟ ‘ਤੇ ਉਹ 15 ਡਾਲਰ ਜਿੱਤ ਚੁੱਕਾ ਸੀ। ਇਸ ਜਿੱਤੀ ਹੋਈ ਰਕਮ ਤੋਂ ਬਾਅਦ ਉਸ ਨੇ ਇੱਕ ਹੋਰ 7-ਰਨ ਟਿਕਟ ਖਰੀਦੀ, ਜਿਸ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਜੈਫਰੀ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਕਾਰ ਅਤੇ ਨਕਦ ਇਨਾਮ ਜਿੱਤ ਗਿਆ ਹੈ ਤਾਂ ਪਹਿਲਾਂ ਉਸ ਨੂੰ ਇਸ ਗੱਲ ‘ਤੇ ਯਕੀਨ ਹੀ ਨਹੀਂ ਹੋਇਆ। ਉਸ ਨੇ ਕਿਹਾ ਕਿ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਇਨਾਮ ਹੈ ਅਤੇ ਉਹ ਇਸ ਜਿੱਤ ਨਾਲ ਬਹੁਤ ਖੁਸ਼ ਹੈ।