ਗਲਾਸਗੋ, 29 ਜੂਨ (ਹਰਜੀਤ ਸਿੰਘ ਦੁਸਾਂਝ ਪੁਆਦੜਾ) - ਸਕਾਟਲੈਂਡ ਦੀ ਸਟਰਲਿੰਗ ਯੂਨੀਵਰਸਿਟੀ ਦੇ ਗਰਮੀਆਂ ਦਾ ਗ੍ਰੈਜੂਏਸ਼ਨ ਸਮਾਰੋਹ ਇਸ ਵਾਰ ਇੱਕ ਪਰਿਵਾਰ ਲਈ ਦੁੱਗਣੀ ਖੁਸ਼ੀ ਲੈ ਕੇ ਆਇਆ। 45 ਸਾਲਾ ਜੂਲੀਐਨ ਰੂਨੀ ਅਤੇ ਉਸ ਦੀ 22 ਸਾਲਾ ਧੀ ਐਨਾਬੈਲ ਕੂਗਨਜ਼ ਨੇ ਲਗਾਤਾਰ ਦੋ ਦਿਨਾਂ ਵਿੱਚ ਆਪਣੀਆਂ ਡਿਗਰੀਆਂ ਪ੍ਰਾਪਤ ਕਰਕੇ ਇੱਕ ਯਾਦਗਾਰ ਪਲ ਸਾਂਝਾ ਕੀਤਾ। ਰੁਦਰਗਲੈਨ ਦੀ ਰਹਿਣ ਵਾਲੀ ਜੂਲੀਐਨ, ਜੋ ਕਿ ਇੱਕ ਬਿਊਟੀਸ਼ੀਅਨ ਅਤੇ ਪ੍ਰੋਫੈਸ਼ਨਲ ਨੈਚੁਰਲ ਬਾਡੀਬਿਲਡਰ ਵੀ ਹੈ, ਨੇ 24 ਜੂਨ ਨੂੰ ਬੀ.ਏ. ਟੀਚਿੰਗ ਕੁਆਲੀਫਿਕੇਸ਼ਨ ਫਾਰ ਫਰਦਰ ਐਜੂਕੇਸ਼ਨ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਅਗਲੇ ਦਿਨ ਉਨ੍ਹਾਂ ਦੀ ਧੀ ਐਨਾਬੈਲ ਨੇ ਬੀ.ਐੱਸ.ਈ. ਆਨਰਜ ਫਿਜਿਕਸ ਵਿੱਚ ਫਸਟ ਕਲਾਸ ਡਿਗਰੀ ਪ੍ਰਾਪਤ ਕਰਕੇ ਪਰਿਵਾਰ ਦਾ ਮਾਣ ਵਧਾਇਆ। ਐਨਾਬੈਲ ਆਪਣੇ ਪਰਿਵਾਰ ਵਿੱਚ ਯੂਨੀਵਰਸਿਟੀ ਆਫ਼ ਸਟਿਰਲਿੰਗ ਵਿੱਚ ਦਾਖਲਾ ਲੈਣ ਵਾਲੀ ਪਹਿਲੀ ਵਿਦਿਆਰਥਣ ਸੀ। ਉਸ ਤੋਂ ਬਾਅਦ ਉਸ ਦੀ ਮਾਂ ਜੂਲੀਐਨ ਨੇ ਵੀ ਇਸੇ ਯੂਨੀਵਰਸਿਟੀ ਵਿੱਚ ਪੜ੍ਹਾਈ ਸ਼ੁਰੂ ਕੀਤੀ। ਹੁਣ ਉਸ ਦਾ ਭਰਾ ਕ੍ਰਿਸਟੋਫਰ ਵੀ ਆਪਣੀ ਭੈਣ ਦੇ ਨਕਸ਼ੇ-ਕਦਮ ’ਤੇ ਚੱਲਦਿਆਂ ਪਹਿਲੇ ਸਾਲ ਵਿੱਚ ਮਨੋਵਿਗਿਆਨ ਦੀ ਪੜ੍ਹਾਈ ਕਰ ਰਿਹਾ ਹੈ। ਐਨਾਬੈਲ ਨੇ ਦੱਸਿਆ ਕਿ ਜਦੋਂ ਲੋਕਾਂ ਨੂੰ ਪਤਾ ਲੱਗਦਾ ਸੀ ਕਿ ਉਹ ਆਪਣੀ ਮਾਂ ਨਾਲ ਇੱਕੋ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਹੈ ਤਾਂ ਉਹ ਹੈਰਾਨ ਹੋ ਜਾਂਦੇ ਸਨ। ਪਰ ਉਸ ਲਈ ਇਹ ਮਾਣ ਵਾਲੀ ਗੱਲ ਸੀ। ਉਸ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਇਸ ਗੱਲ ਤੋਂ ਖੁਸ਼ ਨਹੀਂ ਹੋਵਾਂਗੀ, ਪਰ ਮੈਂ ਆਪਣੀ ਮਾਂ ’ਤੇ ਬਹੁਤ ਮਾਣ ਮਹਿਸੂਸ ਕਰਦੀ ਹਾਂ। ਕਦੇ ਵੀ ਇਹ ਅਹਿਸਾਸ ਨਹੀਂ ਹੋਇਆ ਕਿ ਮੈਂ ਆਪਣੀ ਮਾਂ ਨਾਲ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਹਾਂ। ਸਾਡੀ ਆਪਣੀ-ਆਪਣੀ ਪਛਾਣ ਅਤੇ ਪੜ੍ਹਾਈ ਸੀ। ਹਾਂ ਦੁਪਹਿਰ ਦੇ ਖਾਣੇ ਵੇਲੇ ਉਨ੍ਹਾਂ ਨਾਲ ਮਿਲਣਾ ਬਹੁਤ ਵਧੀਆ ਲੱਗਦਾ ਸੀ। ਮਾਂ-ਧੀ ਦੀ ਇਹ ਕਾਮਯਾਬੀ ਸਾਬਤ ਕਰਦੀ ਹੈ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਪਰਿਵਾਰ ਦਾ ਆਪਸੀ ਸਹਿਯੋਗ ਹਰ ਮੰਜ਼ਿਲ ਨੂੰ ਆਸਾਨ ਬਣਾ ਸਕਦਾ ਹੈ।