ਲੰਡਨ, 29 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਜੁਝਾਰੂ ਭਾਈ ਬਲਜਿੰਦਰ ਸਿੰਘ ਰਾਜੂ ਦੇ ਮਾਤਾ ਬੀਬੀ ਸੁਰਜੀਤ ਕੌਰ ਯੂ ਕੇ ਵਿੱਚ ਆਏ ਹੋਏ ਹਨ। ਇਸ ਸਮੇਂ ਕਾਵੈਟਰੀ ਦੇ ਗੁਰੂ ਨਾਨਕ ਪ੍ਰਕਾਸ਼ ਗੁਰਦਵਾਰਾ ਸਾਹਿਬ ਵਿਖੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਭਾਈ ਬਲਵੀਰ ਸਿੰਘ ਧਾਮੀ, ਸਾਬਕਾ ਪ੍ਰਧਾਨ ਭਾਈ ਅਮਰਜੀਤ ਸਿੰਘ ਖਟੜਾ, ਸਾਬਕਾ ਪ੍ਰਧਾਨ ਭਾਈ ਪਵਿੱਤਰ ਸਿੰਘ ਖੈਹਰਾ, ਸਾਬਕਾ ਪ੍ਰਧਾਨ ਭਾਈ ਬਲਵੀਰ ਸਿੰਘ ਖਾਲਸਾ ਅਤੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਯੂ ਕੇ ਦੇ ਕੋਆਰਡੀਨੇਟਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਕਥਾਵਾਚਕ ਗਿਆਨੀ ਰਾਜਪਾਲ ਸਿੰਘ ਵੱਲੋਂ ਬੀਬੀ ਸੁਰਜੀਤ ਕੌਰ ਨੂੰ ਜੀ ਆਇਆਂ ਆਖਦਿਆਂ ਨਿੱਘਾ ਸਵਾਗਤ ਕੀਤਾ ਗਿਆ। ਮਾਤਾ ਸੁਰਜੀਤ ਕੌਰ ਨੇ ਆਪਣੇ ਸ਼ਹੀਦ ਪੁੱਤਰ ਭਾਈ ਬਲਜਿੰਦਰ ਸਿੰਘ ਰਾਜੂ ਵਲੋਂ ਸਿੱਖ ਸੰਘਰਸ਼ ਵਿੱਚ ਸ਼ਾਮਲ ਹੋਣ ਤੋਂ ਲੈ ਕੇ ਸ਼ਹਾਦਤ ਤੱਕ ਵਿਥਿਆ ਦੀ ਸਾਂਝ ਪਾਈ। ਆਪ ਅਰਦਾਸ ਕਰਕੇ ਭਾਈ ਬਲਜਿੰਦਰ ਸਿੰਘ ਰਾਜੂ ਨੂੰ ਸੰਘਰਸ਼ ਵਿੱਚ ਤੋਰਿਆ ਅਤੇ ਤਾਕੀਦ ਕੀਤੇ ਕਿ ਕਦੇ ਡੋਲ ਨਾ ਜਾਣਾ। ਚੜਦੀ ਕਲਾ ਵਿੱਚ ਰਹਿੰਦਿਆਂ ਪੁਲਿਸ ਤਸ਼ੱਦਦ ਝੱਲਣਾ। ਬੀਬੀ ਸੁਰਜੀਤ ਕੌਰ ਨੇ ਰਾਜਸਥਾਨ ਦੀ ਸਥਾਨਕ ਪੁਲਿਸ ਵਲੋਂ ਤੰਗ ਪ੍ਰੇਸ਼ਾਨ ਕਰਨ ਦੀ ਕਈ ਯਾਦਾਂ ਸਾਂਝੀਆਂ ਕੀਤੀਆਂ।