ਨਵੀਂ ਦਿੱਲੀ, 22 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਬਾਹਰੀ ਜ਼ਿਲ੍ਹਾ ਦੇ ਸੁਲਤਾਨਪੁਰੀ ਥਾਣੇ ਦੀ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਮਾਰੇ ਛਾਪਿਆਂ ਦੇ ਦੌਰਾਨ 1568 ਗ੍ਰਾਮ ਹੈਰੋਇਨ ਅਤੇ 506 ਗ੍ਰਾਮ ਕੱਚੀ ਅਫ਼ੀਮ ਬਰਾਮਦ ਕੀਤੀ ਹੈ | ਦਿੱਲੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਤਸਕਰਾਂ ਦੇ ਵਿਰੁੱਧ ਕਾਫ਼ੀ ਸਮੇਂ ਤੋਂ ਮੁਹਿੰਮ ਚਲਾਈ ਹੋਈ ਹੈ ਅਤੇ ਇਸ ਦੇ ਪ੍ਰਤੀ ਮੁਖ਼ਬਰ ਤੇ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਤਸਕਰਾਂ ਦੇ ਕੋਲ ਪੁੱਜਦੀ ਹੈ | ਇਸ ਮਾਮਲੇ ਦੇ ਪ੍ਰਤੀ ਪੁਲਿਸ ਨੇ ਸੁਮੀਰ ਅਹਿਮਦ (21) ਨਿਵਾਸੀ ਨੰਦ ਨਗਰੀ ਦਿੱਲੀ, ਅਸ਼ੀਸ਼ ਸੋਨੀ (29) ਨਿਵਾਸੀ ਗਾਜ਼ੀਆਬਾਦ, ਮਨੋਜ ਸੋਨੀ ਉਰਫ਼ ਵਿੱਕੀ (30) ਨਿਵਾਸੀ ਨੰਦ ਨਗਰੀ ਦਿੱਲੀ, ਸੰਧਿਆ (30) ਨਿਵਾਸੀ ਤਿਲਕ ਨਗਰ, ਦਿੱਲੀ, ਮਹਿਨਾਜ ਉਰਫ਼ ਬੇਜੀ ਨਿਵਾਸੀ ਬਰੇਲੀ, ਉੱਤਰ ਪ੍ਰਦੇਸ਼ ਅਤੇ ਯੂਨਸ (28) ਨਿਵਾਸੀ ਬਰੇਲੀ, ਉੱਤਰ ਪ੍ਰਦੇਸ਼ ਨੂੰ ਕਾਬੂ ਕੀਤਾ ਹੈ | ਇਹ ਲੋਕ ਆਪੋ ਆਪਣੀਆਂ ਡਿਊਟੀਆਂ ਕਰਦੇ ਹੋਏ ਨਸ਼ਾ ਲੋਕਾਂ ਕੋਲ ਪੁੱਜਦਾ ਕਰਦੇ ਸਨ | ਫੜੇ ਗਏ ਤਸਕਰਾਂ 'ਚ ਕਈ ਅਜਿਹੇ ਤਸਕਰ ਵੀ ਸ਼ਾਮਿਲ ਹਨ ਜਿਨ੍ਹਾਂ ਦੇ ਉਪਰ ਪਹਿਲਾਂ ਹੀ ਪੁਲਿਸ ਦੇ ਕੋਲ ਮਾਮਲੇ ਦਰਜ ਹਨ | ਦਿੱਲੀ ਪੁਲਿਸ ਦੇ ਥਾਣਿਆਂ ਦੀ ਪੁਲਿਸ ਆਪੋ ਆਪਣੇ ਇਲਾਕਿਆਂ ਦੇ ਵਿਚ ਗਸ਼ਤ ਕਰਦੇ ਹੋਏ ਹਰ ਤਰ੍ਹਾਂ ਦੇ ਨਾਲ ਨਿਗਰਾਨੀ ਰੱਖ ਰਹੇ ਹਨ, ਜਿਸ ਕਰਕੇ ਤਸਕਰ ਪੁਲਿਸ ਦੀ ਗਿ੍ਫ਼ਤ ਵਿਚ ਆ ਰਹੇ ਹਨ |