ਜਲੰਧਰ, 24 ਜੁਲਾਈ (ਸ਼ਿਵ)- ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ 27 ਜੁਲਾਈ ਨੂੰ ਮੇਅਰ ਹਾਊਸ ਵਿਚ ਕਰਵਾਈ ਜਾ ਰਹੀ ਹੈ ਤੇ ਇਸ ਵਿਚ ਕਰੀਬ 690 ਕਰੋੜ ਦੇ ਕੰਮਾਂ ਨੂੰ ਮਨਜੂਰੀ ਮਿਲਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਕੰਮਾਂ ਵਿਚ ਸਭ ਤੋਂ ਅਹਿਮ ਸ਼ਹਿਰ ਦੀ ਕੂੜਾ ਸਮੱਸਿਆ ਖ਼ਤਮ ਕਰਨ ਲਈ 600 ਕਰੋੜਾ ਦਾ ਕੂੜਾ ਪ੍ਰਬੰਧਨ ਦਾ ਪ੍ਰਾਜੈਕਟ ਹੈ। ਇਸ ਪ੍ਰਾਜੈਕਟ ਵਾਲੇ ਮਤੇ ਨੂੰ ਮੀਟਿੰਗ ਦੇ ਏਜੰਡੇ ਵਿਚ ਸ਼ਾਮਿਲ ਤਾਂ ਕਰ ਲਿਆ ਗਿਆ ਹੈ ਪਰ ਜਿਸ ਤਰਾਂ ਨਾਲ ਯੂਨੀਅਨਾਂ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਇਸ ਦੇ ਪਾਸ ਕਰਵਾਉਣ ਲਈ ਕਮੇਟੀ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 8 ਸਾਲਾਂ ਦੇ ਸਮੇਂ ਵਾਲੇ ਜਿਸ ਕੰਪਨੀ ਨੂੰ ਵੀ ਇਸ ਪ੍ਰਾਜੈਕਟ ਦਾ ਕੰਮ ਮਿਲੇਗਾ, ਉਸ ਵਲੋਂ ਘਰੋਂ-ਘਰੀਂ ਕੂੜਾ ਇਕੱਠਾ ਕਰਨ ਤੋਂ ਇਲਾਵਾ ਉਸ ਕੂੜੇ ਨੂੰ ਪਲਾਂਟ ਲਗਾ ਕੇ ਉਸ ਦੀ ਖਾਦ ਬਣਾਉਣ ਦਾ ਕੰਮ ਕੀਤਾ ਜਾਣਾ ਹੈ। ਮੀਟਿੰਗ ਵਿਚ ਇਸ ਪ੍ਰਾਜੈਕਟ ਵਾਲੇ ਮਤੇ ਨੂੰ ਪਾਸ ਕਰਵਾਉਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਏਜੰਡੇ ਵਿਚ ਜਿਹੜੇ ਕੰਮ ਸ਼ਾਮਿਲ ਕੀਤੇ ਗਏ ਹਨ। ਵਿੱਤ ਅਤੇ ਠੇਕਾ ਕਮੇਟੀ ਵਲੋਂ ਜੇਕਰ ਇਹ ਅਹਿਮ ਪ੍ਰਾਜੈਕਟ ਦਾ ਮਤਾ ਪਾਸ ਕਰਵਾ ਲਿਆ ਜਾਂਦਾ ਹੈ ਤਾਂ ਉਸ ਲਈ ਵੱਡੀ ਸਮੱਸਿਆ ਖ਼ਤਮ ਹੋ ਸਕਦੀ ਹੈ। ਸਰਕਾਰ ਸ਼ਹਿਰ ਦੀ ਕੂੜੇ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਸਾਰਾ ਕੰਮ ਨਿੱਜੀ ਕੰਪਨੀ ਦੇ ਹਵਾਲੇ ਕਰਨਾ ਚਾਹੁੰਦੀ ਹੈ ਤੇ ਨਿਗਮ ਪ੍ਰਸ਼ਾਸਨ ਇਸ ਵਿਚ ਕਿੰਨਾ ਸਫਲ ਹੁੰਦੀ ਹੈ। ਇਹ ਸੋਮਵਾਰ ਨੂੰ ਹੀ ਸਾਹਮਣੇ ਆ ਸਕੇਗਾ। ਉਂਜ ਹੋਰ ਕੰਮਾਂ ਵਿਚ ਸਟਰੀਟ ਲਾਈਟਾਂ ਦੇ ਕੰਮਾਂ ਵਿਚ ਕਾਫੀ ਘੱਟ ਛੋਟ ਦੇਣ ਦੇ ਮਾਮਲੇ ਨੂੰ ਲੈ ਕੇ ਸਵਾਲੀਆ ਨਿਸ਼ਾਨ ਲੱਗ ਸਕਦੇ ਹਨ ਕਿਉਂਕਿ ਪਹਿਲਾਂ ਜਿਨਾਂ ਲੋਕਾਂ ਵਲੋਂ ਇਸ ਕੰਮ ਲਈ ਜ਼ਿਆਦਾ ਛੋਟ ਦਿੱਤੀ ਗਈ ਹੈ ਤਾਂ ਹੁਣ ਇਹ ਛੋਟ ਘੱਟ ਕੀਤੀ ਹੈ ਤਾਂ ਇਸ ’ਤੇ ਜ਼ਰੂਰ ਸਵਾਲੀਆ ਨਿਸ਼ਾਨ ਲੱਗ ਸਕਦੇ ਹਨ। ਇਸ ਤੋਂ ਇਲਾਵਾ ਨਗਰ ਨਿਗਮ ਵਲੋਂ ਲਾਵਾਰਸ ਕੁੱਤਿਆਂ ਨੂੰ ਰੱਖਣ ਲਈ ਡੌਗ ਸੈਂਚੁਰੀ ਦੀ ਵੀ ਉਸਾਰੀ ਕਰਨੀ ਹੈ।ਇਸ ’ਤੇ 35 ਲੱਖ ਰੁਪਏ ਦਾ ਖਰਚਾ ਆਉਣਾ ਹੈ। ਸੁਪਰੀਮ ਕੋਰਟ ਦੀ ਹਦਾਇਤ ਤੋਂ ਬਾਅਦ ਸ਼ਹਿਰ ਦੇ ਲਾਵਾਰਸ ਕੁੱਤਿਆਂ ਨੂੰ ਇਸ ਸੈਂਚੁਰੀ ਵਿਚ ਰੱਖਿਆ ਜਾਵੇਗਾ। ਇਸ ਵੇਲੇ ਸ਼ਹਿਰ ਵਿਚ ਲੱਖਾਂ ਦੀ ਗਿਣਤੀ ਵਿਚ ਲਾਵਾਰਸ ਕੁੱਤੇ ਮੌਜੂਦ ਹਨ ਤੇ ਰੋਜ਼ਾਨਾ ਕਈਆਂ ਨੂੰ ਵੱਢਣ ਦੀਆਂ ਸੂਚਨਾਵਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਨਗਰ ਨਿਗਮ ਵਲੋਂ ਸ਼ਹਿਰ ਵਿਚ ਇੰਟੈਲਟੀਜੰਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਵੀ ਲਾਗੂ ਕੀਤਾ ਜਾਣਾ ਹੈ। 9.24 ਕਰੋੜ ਦੀ ਲਾਗਤ ਨਾਲ ਇਸ ਸਿਸਟਮ ਨੂੰ ਲਾਗੂ ਕੀਤਾ ਜਾਵੇਗਾ। ਸ਼ਹਿਰਾਂ ਵਿਚ ਜਿੰਨੀਆਂ ਟ੍ਰੈਫਿਕ ਲਾਈਟਾਂ ਲੱਗੀਆਂ ਹਨ। ਉਨਾਂ ਦੀ ਥਾਂ ’ਤੇ ਨਵੀਆਂ ਇੰਟੈਲੀਜੰਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੇ ਤਹਿਤ ਲਾਈਟਾਂ ਲਗਾਈਆਂ ਜਾਣਗੀਆਂ ਤੇ ਇਨ੍ਹਾਂ ਨੂੰ ਕਮਾਨ ਐਂਡ ਕੰਟਰੋਲ ਸੈਂਟਰ ਨਾਲ ਜੋੜਿਆ ਜਾਵੇਗਾ। ਇਸ ਨਾਲ ਨਾ ਸਿਰਫ਼ ਟ੍ਰੈਫਿਕ ਸਿਸਟਮ ਵਿਚ ਸੁਧਾਰ ਹੋਵੇਗਾ ਸਗੋਂ ਚਲਾਨ ਕਰਨ ਦੇ ਸਿਸਟਮ ਵਿਚ ਸੁਧਾਰ ਹੋਵੇਗਾ। ਨਗਰ ਨਿਗਮ ਇਸ ਬਾਰ ਖੇਡਾਂ ’ਤੇ ਵੀ ਧਿਆਨ ਕੇਂਦਰਿਤ ਕਰ ਰਿਹਾ ਹੈ। ਕਈ ਪਾਰਕਾਂ ਵਿਚ ਸਿੰਥੇਟਿਕ ਪਾਰਕ ਬਣਾਏ ਜਾਣਗੇ। ਮੀਟਿੰਗ ਵਿਚ ਕਈ ਨਵੀਆਂ ਸੜਕਾਂ ਦੀ ਵੀ ਮਨਜੂਰੀ ਦਿੱਤੀ ਜਾਵੇਗੀ।