ਜਲੰਧਰ, 25 ਜੁਲਾਈ (ਜਤਿੰਦਰ ਪੰਮੀ)–ਕੇਂਦਰ ਸਰਕਾਰ ਦੀਆਂ ਕਥਿਤ ਵਿਦਿਆਰਥੀ ਵਿਰੋਧੀ ਨੀਤੀਆਂ ਤੇ ਲਗਾਤਾਰ ਸਾਹਮਣੇ ਆ ਰਹੇ ਪੇਪਰ ਲੀਕ ਮਾਮਲਿਆਂ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਸ਼ਨਿਚਰਵਾਰ ਨੂੰ ‘ਥਾਲੀ ਵਜਾਓ, ਤਾਨਾਸ਼ਾਹ ਭਜਾਓ’ ਮੁਹਿੰਮ ਤਹਿਤ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਵਿੱਚ ਪਾਰਟੀ ਦੇ ਮੰਤਰੀ, ਸੰਸਦ ਮੈਂਬਰ, ਵਿਧਾਇਕ, ਜ਼ਿਲ੍ਹਾ ਅਤੇ ਬਲਾਕ ਅਹੁਦੇਦਾਰ, ਕੌਂਸਲਰ, ਵੱਖ-ਵੱਖ ਵਿੰਗਾਂ ਦੇ ਪ੍ਰਤੀਨਿਧੀ ਅਤੇ ਪਾਰਟੀ ਵਰਕਰਾਂ ਨੇ ਭਾਗ ਲਿਆ। ਇਸ ਦੌਰਾਨ ਪਾਰਟੀ ਨੇਤਾਵਾਂ ਅਤੇ ਵਰਕਰਾਂ ਨੇ ਵਿਦਿਆਰਥੀਆਂ ਦੇ ਸਮਰਥਨ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਿੱਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਅਤੇ ਪਰੀਖਿਆਵਾਂ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਦੀ ਮੰਗ ਉਠਾਈ। ਕੈਬਿਨੇਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਦੇਸ਼ ਭਰ ਵਿੱਚ ਵੱਖ-ਵੱਖ ਪ੍ਰਤੀਯੋਗੀ ਅਤੇ ਭਰਤੀ ਪਰੀਖਿਆਵਾਂ ਵਿੱਚ ਲਗਾਤਾਰ ਪੇਪਰ ਲੀਕ ਅਤੇ ਬੇਨਿਯਮੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨਾਲ ਲੱਖਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਦਾ ਭਵਿੱਖ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਇਨ੍ਹਾਂ ਮਾਮਲਿਆਂ ‘ਤੇ ਪ੍ਰਭਾਵਸ਼ਾਲੀ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ ਅਤੇ ਨੌਜਵਾਨਾਂ ਨੂੰ ਨਿਆਂ ਦਿਵਾਉਣ ਦੀ ਬਜਾਏ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਦਰਸ਼ਨ ਦੌਰਾਨ ਵਰਕਰਾਂ ਨੇ ਥਾਲੀਆਂ ਵਜਾ ਕੇ ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਾਇਆ। ਇਸ ਮੌਕੇ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ, ਲੋਕ ਸਭਾ ਹਲਕਾ ਇੰਚਾਰਜ ਰਮਨੀਕ ਸਿੰਘ ਰੰਧਾਵਾ, ਮੇਅਰ ਵਨੀਤ ਧੀਰ, ਨਿਤਿਨ ਕੋਹਲੀ (ਹਲਕਾ ਇੰਚਾਰਜ, ਜਲੰਧਰ ਸੈਂਟਰਲ), ਰਾਜਵਿੰਦਰ ਕੌਰ ਥਿਆਰਾ (ਹਲਕਾ ਇੰਚਾਰਜ, ਜਲੰਧਰ ਕੈਂਟ), ਦਿਨੇਸ਼ ਢੱਲ (ਹਲਕਾ ਇੰਚਾਰਜ, ਜਲੰਧਰ ਨੌਰਥ), ਪ੍ਰਦੀਪ ਦੁੱਗਲ (ਦੇਹਾਤੀ ਪ੍ਰਧਾਨ), ਗੁਰਿੰਦਰ ਸਿੰਘ ਸ਼ੇਰਗਿੱਲ (ਦੋਆਬਾ ਯੂਥ ਪ੍ਰਧਾਨ), ਤਰਨਦੀਪ ਸਿੰਘ ਸਨੀ (ਦੋਆਬਾ ਮੀਡੀਆ ਇੰਚਾਰਜ), ਸੰਜੀਵ ਭਗਤ (ਮੀਡੀਆ ਇੰਚਾਰਜ) ਅਤੇ ਰੂਬਲ ਸੰਧੂ (ਯੂਥ ਪ੍ਰਧਾਨ) ਸ਼ੋਭਾ ਭਗਤ, ਸੁਭਾਸ਼ ਭਗਤ, ਚੇਅਰਮੈਨ,ਬਲਾਕ ਪ੍ਰਧਾਨ ,ਕੌਂਸਲਰ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਨੇਤਾ ਅਤੇ ਵਰਕਰ ਮੌਜੂਦ ਰਹੇ।