ਜੇ ਤੇਰੀ ਜ਼ਮੀਨ ਹੁੰਦੀ?
* ਕਹਿੰਦੇ ਨੇ ਕਿ ਪਟਵਾਰੀ ਜੇ ਮੱਝ 'ਤੇ ਹੱਥ ਫੇਰ ਦੇਵੇ ਤਾਂ 4 ਕਿੱਲੋ ਦੁੱਧ ਵਧ ਜਾਂਦਾ ਹੈ ਤੇ 6 ਕਿਲੋ ਗੋਹਾ।
ਪਟਵਾਰੀ ਨੂੰ ਜੇਕਰ ਕੋਈ ਦੋ ਦਰਜਨ ਕੇਲੇ ਦੇ ਜਾਵੇ ਤਾਂ ਉਹਦੀ ਮਰਜ਼ੀ ਹੈ ਕਿ ਉਹ ਕਾਨੂੰਨਗੋ ਨੂੰ 4 ਕੇਲੇ ਦੇਵੇ ਜਾਂ ਨਾ।
* ਕਾਨੂੰਨਗੋ ਦਾ ਅਹੁਦਾ ਭਾਵੇਂ ਪਟਵਾਰੀ ਤੋਂ ਉਤੇ ਹੁੰਦਾ ਹੈ ਪਰ ਚਲਦੀ ਬਹੁਤੀ ਪਟਵਾਰੀ ਦੀ ਹੈ।
* ਜੱਟ ਇਕ ਜੀਜੇ ਤੋਂ ਡਰਦਾ ਹੈ ਤੇ ਦੂਜਾ ਪਟਵਾਰੀ ਕੋਲੋਂ। ਪਟਵਾਰੀ ਨੂੰ ਤਾਂ ਤਹਿਸੀਲਦਾਰ ਵੀ ਸਾਹਿਬ ਕਹਿ ਕੇ ਸੱਦਦਾ ਹੈ।
* ਇਕ ਵਾਰੀ ਇਕ ਪਟਵਾਰੀ ਨੂੰ ਕੁੱਤਾ ਪੈ ਗਿਆ। ਪਟਵਾਰੀ ਦਾ ਹੋਰ ਤਾਂ ਜ਼ੋਰ ਨਾ ਚੱਲਿਆ ਪਰ ਉਹ (ਪਟਵਾਰੀ) ਕੁੱਤੇ ਨੂੰ ਕਹਿੰਦਾ ਜੇ ਕਿਤੇ ਤੇਰੀ ਇਕ ਮਰਲਾ ਵੀ ਜ਼ਮੀਨ ਹੁੰਦੀ ਤਾਂ ਤੈਨੂੰ ਪਤਾ ਲੱਗ ਜਾਂਦਾ ਹੈ ਕਿ ਪਟਵਾਰੀ ਕੀ ਚੀਜ਼ ਹੈ? ਬੁੜ-ਬੁੜ ਕਰਦਾ ਅੱਗੇ ਲੰਘ ਗਿਆ।
ਆਚਰਣ
ਇਕ ਵਿਦਿਆਰਥੀ ਨਵਾਂ-ਨਵਾਂ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਮੰਗਤੇ ਕੈਨੇਡਾ ਵਿਚ ਵੀ ਹਨ। ਇਕ ਗੋਰਾ ਅੰਗਰੇਜ਼ੀ ਵਿਚ ਭੀਖ ਮੰਗ ਰਿਹਾ ਸੀ। ਉਹਨੇ ਡਰਿੰਕ (ਸ਼ਰਾਬ) ਪੀਣੀ ਸੀ।
ਵਿਦਿਆਰਥੀ ਨੇ ਅੰਗਰੇਜ਼ੀ ਨੂੰ ਸਮਝ ਕੇ ਉਸ ਦੀ ਭਾਸ਼ਾ ਵਿਚ ਉਸ ਨੂੰ ਕਿਹਾ ਕਿ ਮੈਂ ਪੈਸੇ ਤਾਂ ਤੈਨੂੰ ਦੇ ਦਿੰਦਾ ਹਾਂ ਪਰ (ਸ਼ਰਾਬ) ਡਰਿੰਕ ਨਾ ਕਰੀਂ?
ਅੰਗਰੇਜ਼ (ਗੋਰੇ) ਨੇ ਕਿਹਾ ਕਿ ਮੈਂ ਝੂਠ ਨਹੀਂ ਬੋਲਦਾ, ਤੁਸੀਂ ਭਾਵੇਂ ਪੈਸੇ ਨਾ ਦਿਓ ਪਰ ਮੈਂ ਸ਼ਰਾਬ ਨਹੀਂ ਛੱਡ ਸਕਦਾ।
ਸ਼ਰਾਬ ਦੀ ਆਦਤ (ਡਰਿੰਕ ਕਰਨ ਦੀ) ਭਾਵੇਂ ਮਾੜੀ ਸੀ ਪਰ ਅੰਗਰੇਜ਼ ਦਾ ਸੱਚ ਬੋਲਣ (ਆਚਰਨ) ਦਾ ਅੰਦਾਜ਼ ਕਾਬਲ-ਏ-ਤਾਰੀਫ਼ ਸੀ।
ਫੁਰਤੀ
ਇਕ ਵਾਰੀ ਤੋਤੇ ਤੇ ਗਾਲ੍ਹੜ ਦੀ ਦੋਸਤੀ ਹੋ ਗਈ। ਤੋਤੇ ਨੇ ਗਾਲ੍ਹੜ ਨੂੰ ਘਰ ਖਾਣੇ 'ਤੇ ਸੱਦਿਆ। ਗਾਲ੍ਹੜ ਦੇ ਆਉਣ ਤੇ ਤੋਤੇ ਨੇ ਉਸ ਨੂੰ ਤਰ੍ਹਾਂ-ਤਰ੍ਹਾਂ ਦੇ ਪਕਵਾਨ ਖਵਾਏ।
ਫਿਰ ਗਾਲ੍ਹੜ ਨੇ ਤੋਤੇ ਨੂੰ ਘਰ ਖਾਣੇ 'ਤੇ ਸੱਦਾ ਦਿੱਤਾ। ਤੋਤਾ ਚਲਿਆ ਗਿਆ । ਤੋਤੇ ਨੂੰ ਵੇਖ ਕੇ ਗਾਲ੍ਹੜ ਕਦੇ ਦਰੱਖਤ 'ਤੇ ਚੜ੍ਹ ਜਾਵੇ ਕਦੇ ਉੱਤਰ ਜਾਏ। ਤੋਤਾ ਕਹਿੰਦਾ ਕੁਝ ਖਾਣ ਨੂੰ ਦੇ ਦੇ, ਭੁੱਖ ਲੱਗੀ ਏ, ਗਾਲ੍ਹੜ ਕਹਿੰਦਾ ਖਾਣ-ਪੀਣ ਨੂੰ ਛੱਡ ਮੇਰੀ ਫੁਰਤੀ ਵੇਖ।
ਤੋਤਾ ਫੁਰਰ ਹੋ ਗਿਆ।
ਗੰਡਾਸੀ
ਇਕ ਜੱਟ ਦੁਕਾਨ 'ਤੇ ਗਿਆ ਤੇ ਉਸ ਨੇ ਦੁਕਾਨ ਵਾਲੇ ਕੋਲੋਂ ਗੰਡਾਸੀ ਮੰਗੀ। ਦੁਕਾਨ ਵਾਲੇ ਨੇ ਗੰਡਾਸੀ ਲਿਆ ਕੇ ਅੱਗੇ ਰੱਖ ਦਿੱਤੀ। ਜੱਟ ਨੇ ਮੁੱਲ ਪੁੱਛਿਆ?
ਲਾਲਾ ਦੁਕਾਨ ਵਾਲਾ ਕਹਿੰਦਾ ਏਥੇ ਤਾਂ ਤੂੰ ਪੰਜਾਹ ਰੁਪਏ ਦੇ ਜਾ, ਅਸਲੀ ਮੁੱਲ ਤਾਂ ਇਸ ਦਾ ਕਚਹਿਰੀ 'ਚ ਪੈਣਾ ਹੈ?
ਜੱਟ ਕਦੇ ਗੰਡਾਸੀ ਵੱਲ ਦੇਖੇ ਤੇ ਕਦੇ ਲਾਲੇ ਵੱਲ।
ਮੁੱਛਾਂ
ਬੰਤਾ ਸਿੰਘ ਬੱਸ ਸਟੈਂਡ 'ਤੇ ਬੱਸ ਉਡੀਕ ਰਿਹਾ ਸੀ। ਉਹ ਕੀ ਵੇਖਦਾ ਹੈ ਕਿ ਇਕ ਆਦਮੀ ਉਸ ਲਾਗੇ ਆਇਆ। ਉਸ ਨੇ ਮੁੱਛਾਂ ਇਸ ਤਰ੍ਹਾਂ ਖੜ੍ਹੀਆਂ ਕੀਤੀਆਂ ਸਨ, ਭਾਵੇਂ ਨਿੰਬੂ ਟਿਕਾ ਦਿਓ। ਬੰਤਾ ਸਿੰਘ ਕਹਿੰਦਾ ਕਿ ਮੁੱਛਾਂ ਇਸ ਤਰ੍ਹਾਂ ਕਿਵੇਂ ਬਣਾਉਂਦੇ ਹੋ? ਓਹ ਆਦਮੀ ਬੰਤਾ ਸਿੰਘ ਨੂੰ ਕਹਿੰਦਾ ਤੇਰੀ ਪੈਲੀ ਕਿੰਨ੍ਹੀ ਹੈ? ਬੰਤਾ ਸਿੰਘ ਕਹਿੰਦਾ ਤਿੰਨ ਕਿੱਲੇ? ਉਹ ਬੰਦਾ ਕਹਿੰਦਾ ਇਸ ਹਿਸਾਬ ਨਾਲ ਤੇਰੀਆਂ ਮੁੱਛਾਂ ਮੂੰਹ 'ਚ ਪੈਣੋਂ ਹੱਟ ਜਾਣਗੀਆਂ। ਮੈਨੂੰ ਆਪਣੀ ਮੁੱਛਾਂ ਖੜ੍ਹੀਆਂ ਰੱਖਣ ਵਾਸਤੇ ਹੁਣ ਤੱਕ ਮੇਰੀ 25 ਕਿੱਲੇ ਪੈਲੀ ਵਿਕ ਗਈ ਹੈ। ਮੁੱਛਾਂ ਦਾ ਇਹੋ ਰਾਜ਼ ਹੈ।
ਕਲੀ
ਵਿਭਾਗੀ ਮੀਟਿੰਗ ਵਿਚ ਕਈ ਵਾਰੀ ਝੂਠ ਨੂੰ ਸੱਚ ਦਾ ਰੰਗ ਚਾੜ੍ਹਨਾ ਪੈਂਦਾ ਹੈ। ਇਸੇ ਤਰ੍ਹਾਂ ਸਿੰਚਾਈ ਦੀ ਮੀਟਿੰਗ ਵਿਚ ਜੇ.ਈ. ਰੰਗ ਕਰਨ ਵਾਲੇ ਕਾਰੀਗਰ ਨੂੰ ਕਹਿੰਦਾ ਕਿ ਫਲਾਣੇ ਪੁਲ 'ਤੇ ਕਲੀ ਫੇਰ ਆ।
ਕਾਰੀਗਰ ਦੱਸੀ ਹੋਈ ਥਾਂ 'ਤੇ ਪਹੁੰਚ ਗਿਆ ਤੇ ਕੀ ਵੇਂਹਦਾ ਏ ਕਿ ਪੁਲ ਤਾਂ ਹੈ ਹੀ ਨਹੀਂ?
ਉਹ ਜੇ.ਈ. ਨੂੰ ਫੋਨ ਕਰਦਾ ਹੈ ਕਿ ਸਾਹਿਬ ਪੁਲ ਤਾਂ ਏਥੇ ਹੈ ਹੀ ਨਹੀਂ?
ਅੱਗੋਂ ਜੇ.ਈ. ਕਹਿੰਦਾ ਕਿ ਮੈਂ ਏਡਾ ਵੱਡਾ ਪੁਲ ਖਾ ਗਿਆ ਤੂੰ ਦੋ ਕਿੱਲੋ ਕਲੀ ਨਹੀਂ ਖਾ ਸਕਦਾ?
ਹੁੰਦਾ ਇਸ ਤਰ੍ਹਾਂ ਹੀ ਹੈ।
-ਮੋਬਾਈਲ : 94633-51425