ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *

Ad Position 21
No active advertisement
ਅਜੀਤ ਡੈਸਕ 31-05-2026

ਬੀਬਾ ਬਲਵੰਤ ਜ਼ਿੰਦਗੀ ਦੀਆਂ ਤਲਖ਼ੀਆਂ, ਤਨਹਾਈਆਂ, ਬੇਵਫ਼ਾਈਆਂ ਤੇ ਰੁਸਵਾਈਆਂ ਦੇ ਰੂਬਰੂ ਸਾਬਤ-ਸਬੂਤਾ ਖੜ੍ਹਨ ਵਾਲਾ ਸ਼ਾਇਰ ਹੈ। ਕੁਦਰਤ ਨੂੰ ਪਿਆਰ ਕਰਨ ਵਾਲੇ ਤੇ ਵੰਡ ਤੋਂ ਦੋ ਸਾਲ ਪਹਿਲਾਂ ਜਨਮੇ ਬੀਬਾ ਬਲਵੰਤ ਦਾ ਪਿਛੋਕੜ ਜਗਰਾਓਂ ਹੈ ਪਰ ਅੱਜਕਲ੍ਹ ਉਸ ਦੀ ਰਿਹਾਇਸ਼ ਗੁਰਦਾਸਪੁਰ ਵਿਖੇ ਹੈ। ਬੀਬਾ ਦੀ ਰੰਗਾਂ ਤੇ ਰੇਖਾਵਾਂ ਨਾਲ ਵੀ ਸਾਂਝ ਹੈ ਤੇ ਸਾਹਿਤਕ ਪੱਤਰਕਾਰੀ ਵਿਚ ਵੀ ਉਸ ਦੀ ਰੁਚੀ ਹੈ। ਫੋਟੋਗ੍ਰਾਫੀ ਵੀ ਉਸ ਦਾ ਪ੍ਰਮੁੱਖ ਸ਼ੌਕ ਹੈ ਤੇ ਚਲਦੇ ਰਹਿਣਾ ਉਸ ਨੂੰ ਪਸੰਦ ਹੈ। ਨਜ਼ਮਾਂ ਤੇ ਗ਼ਜ਼ਲਾਂ ਉਸ ਦੀਆਂ ਮਨਪਸੰਦ ਵਿਧਾਵਾਂ ਹਨ ਤੇ ਹੁਣ ਤੱਕ ਉਹ ਗਿਆਰਾਂ ਦੇ ਕਰੀਬ ਪੁਸਤਕਾਂ ਪੰਜਾਬੀ ਸਾਹਿਤ ਨੂੰ ਦੇ ਚੁੱਕਾ ਹੈ। ਆਪਣੀਆਂ ਕਾਵਿ-ਕ੍ਰਿਤਾਂ ਰਾਹੀਂ ਉਹ ਸਮਾਜ ਦਾ ਦਿੱਤਾ ਈਮਾਨਦਾਰੀ ਨਾਲ ਸਮਾਜ ਨੂੰ ਮੋੜ ਦਿੰਦਾ ਹੈ ਤੇ ਵਧੇਰੇ ਕਰਕੇ ਉਸ ਦੇ ਵਿਸ਼ੇ ਸਮਾਜਿਕ ਤੰਦਾਂ ਨਾਲ ਜੁੜੇ ਹੋਏ ਹੁੰਦੇ ਹਨ। 'ਆਨੰਦ ਭਇਆ' ਉਸ ਦੀਆਂ ਸਮੁੱਚੀਆਂ ਰਚਨਾਵਾਂ ਦੀ ਪੁਸਤਕ ਹੈ, ਜੋ ਹੁਣੇ ਜਿਹੇ ਪ੍ਰਕਾਸ਼ਤ ਹੋਈ ਹੈ। ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ ਹਨ-
-ਮੋਬਾਈਲ : 99884-44002


ਸਾਥ ਤੇਰਾ ਜੇ ਮਿਲ ਜਾਂਦਾ ਤਾਂ ਸੁਫ਼ਨਾ ਪੂਰਾ ਕਰ ਲੈਣਾ ਸੀ।
ਦਿਓਦਾਰਾਂ ਵਿੱਚ ਵਹਿੰਦੀ ਨਦੀ ਦੇ ਕੰਢੇ ਆਪਣਾ ਘਰ ਲੈਣਾ ਸੀ।

ਦੁਨੀਆਦਾਰਾਂ ਨੂੰ ਦੁੱਖ ਦੱਸ ਕੇ ਹਾਸੋਹੀਣੇ ਹੀ ਅਖਵਾਏ,
ਦੁੱਖ ਹਿਜਰ ਦਾ ਚੁੱਪ ਚੁਪੀਤੇ ਅੰਦਰੋਂ ਅੰਦਰੀਂ ਜਰ ਲੈਣਾ ਸੀ।

ਬੇਸ਼ਕ ਅੱਗ ਦਾ ਦਰਿਆ ਸੀ ਤੇ ਡੁੱਬਣਾ ਭਾਵੇਂ ਲਾਜ਼ਿਮ ਹੀ ਸੀ,
ਫਿਰ ਵੀ ਇਸ਼ਕ ਦੇ ਦਰਿਆ ਅੰਦਰ ਥੋੜ੍ਹਾ ਬਹੁਤ ਤਾਂ ਤਰ ਲੈਣਾ ਸੀ।

ਐਵੇਂ ਖ਼ਾਲੀ ਭਾਂਡੇ ਵਾਗੂੰ ਟਣ ਟਣ, ਠਣ ਠਣ ਕੀਤਾ ਸੀ ਤੂੰ,
ਕੀ ਹੁੰਦਾ ਜੇ ਛਲਕ ਵੀ ਜਾਂਦਾ ਪੂਰੀ ਤਰ੍ਹਾਂ ਤਾਂ ਭਰ ਲੈਣਾ ਸੀ।

ਇਹੀਓ ਇਕ ਜਨਮ ਸੀ ਇਸ ਨੂੰ ਹੱਸ ਖੇਡ ਕੇ ਜੀਅ ਹੀ ਲੈਂਦੇ,
ਹੋਰ ਕੀ 'ਬੀਬਾ' ਦੇਵਤਿਆਂ ਤੋਂ ਸੱਤ ਜਨਮਾਂ ਦਾ ਵਰ ਲੈਣਾ ਸੀ
*


*
ਜਦੋਂ ਵੀ ਬੇਵਸੀ ਦੇ ਨਾਲ ਸੀ ਇਹ ਠਹਿਰਿਆ ਪਾਣੀ।
ਤਾਂ ਵਗਦੇ ਪਾਣੀਆਂ ਪੁਛਿੱਆ ਕਿ ਤੂੰ ਵੀ ਹੈਂ ਕਿਹਾ ਪਾਣੀ।

ਕਿਤੇ ਅੱਥਰੂ, ਕਿਤੇ ਬਾਰਿਸ਼, ਕਿਤੇ ਦਰਿਆ, ਕਿਤੇ ਨਦੀਆਂ,
ਕਿਤੇ ਚਸ਼ਮੇ, ਕਿਤੇ ਸਾਗਰ, ਬੜਾ ਰੋਂਦਾ ਰਿਹਾ ਪਾਣੀ।

ਕਦੇ ਇਹ ਜੂਝ ਕੇ ਝੁਲਸੇ ਅਗਨ ਦੇ ਭਾਂਬੜਾਂ ਉੱਤੇ,
ਕਦੇ ਫੁਲਪੱਤੀਆਂ ਉੱਤੇ ਲੱਗੇ ਸ਼ਬਨਮ ਜਿਹਾ ਪਾਣੀ।

ਜਦੋਂ ਪੱਤਣ 'ਤੇ ਖੜ੍ਹ ਕੇ ਵੇਖਿਆ ਸੀ ਹੁਸਨ ਨੱਢੀ ਨੇ,
ਤਾਂ ਲਾਂਬੂ ਅੰਬਰਾਂ ਤਕ ਬਣ ਕੇ ਯਾਰੋ ਜਲ ਗਿਆ ਪਾਣੀ।

ਕਿਤੇ ਸੋਕਾ, ਕਿਤੇ ਇਹ ਬਸਤੀਆਂ ਹੀ ਰੋੜ੍ਹਦਾ ਫਿਰਦਾ,
ਕਰੇ ਪੁੱਠੇ ਜਿਹੇ ਕਾਰੇ ਜਦੋਂ ਵੀ ਬਹਿਕਿਆ ਪਾਣੀ।

ਕਦੇ ਵੇਖਾਂਗੇ ਅਪਣਾ ਅਕਸ, ਅਪਣੇ ਨਕਸ਼ ਜੀਅ ਭਰ ਕੇ,
ਕਦੋਂ ਨਿਤਰੇਗਾ ਇਹ ਬੇਚੈਨ ਤੇ ਗੰਧਲਾ ਜਿਹਾ ਪਾਣੀ।

ਇਹ ਪਾਣੀ ਉਮਰ ਦਾ ਹਾਣੀ, ਤੂੰ ਇਸ ਦੀ ਕਦਰ ਨਾ ਜਾਣੀ,
ਜਦੋਂ ਦਮ ਆਖ਼ਿਰੀ ਸੀ, ਖ਼ੁਸ਼ਕ ਬੁੱਲ੍ਹਾਂ ਨੇ ਕਿਹਾ ਪਾਣੀ।

Ad Position 22
No active advertisement
ਪਿਛਲੀ ਖ਼ਬਰ ਉਰਦੂ ਗ਼ਜ਼ਲ ਨੂੰ ਆਮ ਪਾਠਕ ਦੇ ਦਿਲ ਤੱਕ ਲਿਜਾਣ ਵਾਲਾ ਸ਼ਾਇਰ ਬਸ਼ੀਰ ਬਦਰ ਅਗਲੀ ਖ਼ਬਰ ਪੰਜਾਬ ਦੇ ਉਰਦੂ ਸ਼ਾਇਰਾਂ ਸੰਬੰਧੀ ਵਿਸ਼ੇਸ਼ ਲੇਖ-ਲੜੀ
Ad Position 24
No active advertisement