-ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ
ਨਾ ਜਾਨੇ ਕਿਸ ਗਲੀ ਮੇਂ ਜ਼ਿੰਦਗੀ ਕੀ ਸ਼ਾਮ ਹੋ ਜਾਏ।'
ਇਸ ਮਸ਼ਹੂਰ ਸ਼ੇਅਰ ਦੇ ਰਚਣਹਾਰੇ ਉੱਘੇ ਸ਼ਾਇਰ ਬਸ਼ੀਰ ਬਦਰ ਅੱਜ ਸਾਡੇ ਵਿਚਕਾਰ ਨਹੀਂ ਹਨ। 28 ਮਈ 2026 ਨੂੰ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਵੇਖੀ ਤਾਂ ਦਿਲ ਵਿਚ ਈਦ-ਉਲ-ਅਜ਼ਹਾ ਦਾ ਦਿਹਾੜਾ ਹੋਣ ਦੇ ਬਾਵਜੂਦ ਇਕ ਡੂੰਘੀ ਉਦਾਸੀ ਛਾ ਗਈ। ਮੈਨੂੰ ਯਾਦ ਹੈ ਕਿ ਮੈਂ ਪਹਿਲੀ ਵਾਰ ਬਸ਼ੀਰ ਬਦਰ ਸਾਹਿਬ ਨੂੰ ਪਟਿਆਲਾ ਦੇ ਇਕ ਮੁਸ਼ਾਇਰੇ ਵਿਚ ਮਿਲਿਆ ਸੀ। ਮੈਨੂੰ ਪਹਿਲੀ ਮੁਲਾਕਾਤ ਵਿਚ ਹੀ ਬੜੇ ਜ਼ਿੰਦਾ-ਦਿਲ ਤੇ ਬਹੁਤ ਹੀ ਸੁਘੜ ਤੇ ਹਸਮੁਖ ਜਾਪੇ ਸਨ। ਦਰਅਸਲ ਮੈਂ ਵਿਦਿਆਰਥੀ ਜੀਵਨ ਤੋਂ ਹੀ ਉਨ੍ਹਾਂ ਦੀ ਸ਼ਾਇਰੀ ਦਾ ਇਕ ਵੱਡਾ ਪ੍ਰਸ਼ੰਸਕ ਰਿਹਾ ਹਾਂ। ਭਾਵੇਂ ਉਨ੍ਹੀਂ ਦਿਨੀਂ ਆਪਣੇ ਪਾਠਕ੍ਰਮ ਵਿਚ ਮੀਰ, ਗ਼ਾਲਿਬ ਅਤੇ ਇਕਬਾਲ ਨੂੰ ਪੜ੍ਹਿਆ ਸੀ, ਪਰ ਜੀਵਤ ਸ਼ਾਇਰਾਂ ਵਿਚ ਵਸੀਮ ਬਰੇਲਵੀ, ਨਿਦਾ ਫ਼ਾਜ਼ਲੀ, ਮੁਨੱਵਰ ਰਾਣਾ ਅਤੇ ਬਸ਼ੀਰ ਬਦਰ ਦੀ ਸ਼ਾਇਰੀ ਨੇ ਮੈਨੂੰ ਖ਼ਾਸ ਤੌਰ 'ਤੇ ਪ੍ਰਭਾਵਿਤ ਕੀਤਾ।
ਬਸ਼ੀਰ ਬਦਰ ਹੁਰਾਂ ਬਾਰੇ ਗੱਲਬਾਤ ਕਰਦੇ ਹਾਂ ਤਾਂ ਸਮਕਾਲੀ ਉਰਦੂ ਸ਼ਾਇਰੀ ਵਿਚ ਬਸ਼ੀਰ ਬਦਰ ਦਾ ਇਕ ਵਿਲੱਖਣ ਤੇ ਅਹਿਮ ਸਥਾਨ ਸੀ। ਦਰਅਸਲ ਉਨ੍ਹਾਂ ਦਾ ਨਾਮ ਨਵੀਂ ਉਰਦੂ ਗ਼ਜ਼ਲ ਦੇ ਉਨ੍ਹਾਂ ਚੋਣਵੇਂ ਸ਼ਾਇਰਾਂ ਵਿਚ ਲਿਆ ਜਾਂਦਾ ਹੈ ਜਿਨ੍ਹਾਂ ਨੇ ਗ਼ਜ਼ਲ ਨੂੰ ਨਵੀਂ ਸ਼ਬਦਾਵਲੀ, ਨਵੇਂ ਬਿੰਬਾਂ ਅਤੇ ਆਧੁਨਿਕ ਸੰਵੇਦਨਾਵਾਂ ਨਾਲ ਸੰਮ੍ਰਿੱਧ ਕੀਤਾ। ਉਨ੍ਹਾਂ ਨੇ ਆਪਣੇ ਸਮੇਂ ਦੇ ਮਨੁੱਖ ਦੀਆਂ ਮਨੋਵਿਗਿਆਨਕ ਹਾਲਤਾਂ ਅਤੇ ਭਾਵਨਾਤਮਕ ਲੋੜਾਂ ਨੂੰ ਬੇਹੱਦ ਖੂਬਸੂਰਤੀ ਨਾਲ ਚਿਤਵਿਆ ਤੇ ਪ੍ਰਗਟ ਕੀਤਾ। ਬਸ਼ੀਰ ਬਦਰ ਆਧੁਨਿਕ ਉਰਦੂ ਗ਼ਜ਼ਲ ਦੇ ਉਨ੍ਹਾਂ ਕਵੀਆਂ ਵਿਚੋਂ ਸਨ ਜਿਨ੍ਹਾਂ ਨੇ ਗ਼ਜ਼ਲ ਨੂੰ ਆਮ ਪਾਠਕ ਦੇ ਦਿਲ ਦੇ ਬਹੁਤ ਨੇੜੇ ਲਿਆ ਖੜ੍ਹਾ ਕੀਤਾ। ਉਨ੍ਹਾਂ ਦੀ ਸ਼ਾਇਰੀ ਵਿਚ ਪਿਆਰ, ਵਿਛੋੜਾ, ਯਾਦਾਂ, ਇਕੱਲਾਪਣ, ਬੇਘਰਪਨ ਅਤੇ ਮਨੁੱਖੀ ਰਿਸ਼ਤਿਆਂ ਦੀਆਂ ਨਾਜ਼ੁਕ ਬਾਰੀਕੀਆਂ ਬੜੇ ਹੀ ਸਧਾਰਣ ਪਰ ਪ੍ਰਭਾਵਸ਼ਾਲੀ ਅੰਦਾਜ਼ ਵਿਚ ਪ੍ਰਗਟ ਹੁੰਦੀਆਂ ਹਨ।
ਬਸ਼ੀਰ ਬਦਰ ਦਾ ਅਸਲ ਨਾਮ ਸਯੀਅਦ ਮੁਹੰਮਦ ਬਸ਼ੀਰ ਸੀ। ਉਨ੍ਹਾਂ ਦਾ ਜਨਮ 15 ਫ਼ਰਵਰੀ 1935 ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਹੋਇਆ। ਉਨ੍ਹਾਂ ਨੇ ਉੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਉਰਦੂ ਸਾਹਿਤ ਵਿਚ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ। ਬਾਅਦ ਵਿਚ ਉਹ ਅਧਿਆਪਨ ਅਤੇ ਸਾਹਿਤਕ ਗਤੀਵਿਧੀਆਂ ਨਾਲ ਜੁੜੇ ਰਹੇ।
ਬਸ਼ੀਰ ਬਦਰ ਨੇ ਔਖੇ ਸ਼ਬਦਾਂ ਅਤੇ ਜਟਿਲ ਪ੍ਰਗਟਾਵਿਆਂ ਦੀ ਥਾਂ ਆਮ ਬੋਲਚਾਲ ਦੀ ਭਾਸ਼ਾ ਨੂੰ ਆਪਣੀ ਸ਼ਾਇਰੀ ਦਾ ਆਧਾਰ ਬਣਾਇਆ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਬਹੁਤ ਸਾਰੇ ਸ਼ੇਅਰ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਗਏ। ਉਨ੍ਹਾਂ ਦੀਆਂ ਗ਼ਜ਼ਲਾਂ ਵਿਚ ਪਿਆਰ ਸਿਰਫ਼ ਰੋਮਾਂਸ ਨਹੀਂ, ਸਗੋਂ ਮਨੁੱਖੀ ਰਿਸ਼ਤਿਆਂ ਦੀ ਡੂੰਘਾਈ, ਵਫ਼ਾਦਾਰੀ, ਵਿਛੋੜੇ ਅਤੇ ਯਾਦਾਂ ਦੇ ਅਨੇਕ ਰੰਗਾਂ ਦਾ ਵੀ ਚਿਤਰਨ ਹੈ।
ਉਨ੍ਹਾਂ ਨੇ ਰਵਾਇਤੀ ਗ਼ਜ਼ਲ ਦੀ ਖੂਬਸੂਰਤੀ ਨੂੰ ਕਾਇਮ ਰੱਖਦਿਆਂ ਆਧੁਨਿਕ ਜੀਵਨ ਦੀਆਂ ਸਮੱਸਿਆਵਾਂ, ਸ਼ਹਿਰੀ ਇਕੱਲੇਪਣ ਅਤੇ ਬਦਲਦੇ ਸਮਾਜਿਕ ਵਿਹਾਰਾਂ ਨੂੰ ਵੀ ਆਪਣੀ ਸ਼ਾਇਰੀ ਦਾ ਹਿੱਸਾ ਬਣਾਇਆ। ਜਿਵੇਂ ਇਕ ਥਾਂ ਲਿਖਦੇ ਹਨ :
ਕੋਈ ਹਾਥ ਭੀ ਨਾ ਮਿਲਾਏਗਾ ਜੋ ਗਲੇ ਮਿਲੋਗੇ ਤਪਾਕ ਸੇ।
ਯੇਹ ਨਏ ਮਿਜ਼ਾਜ ਕਾ ਸ਼ਹਿਰ ਹੈ ਜ਼ਰਾ ਫਾਸਲੇ ਸੇ ਮਿਲਾ ਕਰੋ॥
ਇਕ ਥਾਂ ਦਿਲ ਦੀ ਪਰਿਭਾਸ਼ਾ ਆਪਣੇ ਸ਼ਬਦਾਂ ਵਿਚ ਕੁੱਝ ਇਸ ਤਰ੍ਹਾਂ ਦਿੰਦੇ ਹਨ :
ਹਰ ਧੜਕਤੇ ਪੱਥਰ ਕੋ ਲੋਗ ਦਿਲ ਸਮਝਤੇ ਹੈਂ।
ਉਮਰੇਂ ਬੀਤ ਜਾਤੀ ਹੈਂ ਦਿਲ ਕੋ ਦਿਲ ਬਨਾਨੇ ਮੇਂ।
ਉਨ੍ਹਾਂ ਦੇ ਬਹੁਤ ਸਾਰੇ ਸ਼ੇਅਰ ਅੱਜ ਕਹਾਵਤਾਂ ਵਾਂਗ ਮਸ਼ਹੂਰ ਹੋ ਚੁੱਕੇ ਹਨ,
ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਣੇ ਦੋ,
ਨਾ ਜਾਨੇ ਕਿਸ ਗਲੀ ਮੇਂ ਜ਼ਿੰਦਗੀ ਕੀ ਸ਼ਾਮ ਹੋ ਜਾਏ।
'ਦੁਸ਼ਮਨੀ ਜੰਮ ਕੇ ਕਰੋ ਲੇਕਿਨ ਯੇਹ ਗੁੰਜਾਇਸ਼ ਰਹੇ,
ਜਬ ਕਭੀ ਹਮ ਦੋਸਤ ਹੋ ਜਾਏਂ ਤੋ ਸ਼ਰਮਿੰਦਾ ਨਾ ਹੋਂ।
ਜ਼ਿੰਦਗੀ ਤੂਨੇ ਮੁਝੇ ਕਬਰ ਸੇ ਕਮ ਦੀ ਹੈ ਜ਼ਮੀਂ।
ਪਾਓਂ ਫੈਲਾਊਂ ਤੋ ਦੀਵਾਰ ਮੇਂ ਸਰ ਲਗਤਾ ਹੈ॥
ਕੁਛ ਤੋ ਮਜਬੂਰੀਆਂ ਰਹੀ ਹੋਂਗੀਂ।
ਯੂੰ ਕੋਈ ਬੇਵਫ਼ਾ ਨਹੀਂ ਹੋਤਾ ॥
ਨਾ ਜੀ ਭਰ ਕੇ ਦੇਖਾ, ਨਾ ਕੁੱਛ ਬਾਤ ਕੀ,
ਬੜੀ ਆਰਜ਼ੂ ਥੀ ਮੁਲਾਕਾਤ ਕੀ॥
ਬੜੇ ਲੋਗੋੰ ਸੇ ਮਿਲਨੇ ਮੇਂ ਹਮੇਸ਼ਾ ਫਾਸਲਾ ਰੱਖਨਾ।
ਜਹਾਂ ਦਰਿਆ ਸਮੁੰਦਰ ਸੇ ਮਿਲਾ ਦਰਿਆ ਨਹੀਂ ਰਹਿਤਾ॥
'ਹਮ ਭੀ ਦਰਿਆ ਹੈਂ , ਹਮੇਂ ਅਪਨਾ ਹੁਨਰ ਮਾਲੂਮ ਹੈ,
ਜਿਸ ਤਰਫ ਭੀਚੱਲ ਪੜੇਂਗੇ, ਰਾਸਤਾ ਹੋ ਜਾਏਗਾ।'
ਇਹ ਅਤੇ ਅਜਿਹੇ ਅਨੇਕਾਂ ਸ਼ੇਅਰ ਉਨ੍ਹਾਂ ਦੀ ਡੂੰਘੀ ਮਨੁੱਖੀ ਸਮਝ ਅਤੇ ਵਿਸ਼ਾਲ ਚਿੰਤਨ ਦੇ ਸਬੂਤ ਹਨ।
ਨਿਸ਼ਚਤ ਤੌਰ 'ਤੇ ਬਸ਼ੀਰ ਬਦਰ ਨੇ ਆਪਣੀਆਂ ਗ਼ਜ਼ਲਾਂ ਵਿਚ ਨਵੇਂ ਦੌਰ ਦੇ ਵਿਸ਼ਿਆਂ, ਸਮੱਸਿਆਵਾਂ, ਵਿਚਾਰਾਂ ਅਤੇ ਅਨੁਭਵਾਂ ਨੂੰ ਬੇਹੱਦ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਅੰਦਾਜ਼ ਵਿਚ ਪੇਸ਼ ਕਰਕੇ ਉਰਦੂ ਗ਼ਜ਼ਲ ਵਿਚ ਇਕ ਨਵਾਂ ਅਧਿਆਇ ਜੋੜਿਆ। ਉਨ੍ਹਾਂ ਦੀ ਸ਼ਾਇਰੀ ਵਿਚ ਪਿੰਡਾਂ ਅਤੇ ਕਸਬਿਆਂ ਦੀ ਮਿੱਟੀ ਦੀ ਸੌਂਧੀ ਮਹਿਕ ਵੀ ਹੈ ਅਤੇ ਮਹਾਨਗਰੀ ਜੀਵਨ ਦੀਆਂ ਕੌੜੀਆਂ ਸਚਾਈਆਂ ਵੀ।
ਪ੍ਰਸਿੱਧ ਆਲੋਚਕ ਗੋਪੀ ਚੰਦ ਨਾਰੰਗ ਦੇ ਸ਼ਬਦਾਂ ਵਿਚ, ਬਸ਼ੀਰ ਬਦਰ ਨੇ ਕਵਿਤਾ ਵਿਚ ਨਵੀਆਂ ਬਸਤੀਆਂ ਵਸਾਈਆਂ ਹਨ। ਉਨ੍ਹਾਂ ਦੀ ਸ਼ਾਇਰੀ ਸਾਨੂੰ ਆਪਣੀ ਮਿੱਟੀ, ਆਪਣੀ ਸੱਭਿਆਚਾਰਕ ਵਿਰਾਸਤ ਅਤੇ ਗੰਗਾ-ਜਮੁਨੀ ਤਹਜ਼ੀਬ ਨਾਲ ਜੋੜਦੀ ਹੈ।
ਉਨ੍ਹਾਂ ਦੇ ਪ੍ਰਮੁੱਖ ਕਾਵਿ-ਸੰਗ੍ਰਹਿ 'ਇਕਾਈ', 'ਇਮੇਜ', 'ਆਮਦ', 'ਆਸ', 'ਆਸਮਾਨ' ਅਤੇ 'ਆਹਟ' ਪ੍ਰਕਾਸ਼ਿਤ ਹੋਏ। ਉਹ ਬਹੁਤ ਹੀ ਨਿਮਰ, ਮਿਲਣਸਾਰ ਅਤੇ ਸ਼ਿਸ਼ਟ ਸੁਭਾਅ ਦੇ ਵਿਅਕਤੀ ਸਨ। ਮੁਸ਼ਾਇਰਿਆਂ ਵਿਚ ਉਨ੍ਹਾਂ ਦੀ ਮੌਜੂਦਗੀ ਸਰੋਤਿਆਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੁੰਦੀ ਸੀ।
ਜੇਕਰ ਉਨ੍ਹਾਂ ਦੇ ਸ਼ੁਰੂਆਤੀ ਜੀਵਨ ਵੱਲ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਉਨ੍ਹਾਂ ਨੇ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ। ਪਿਤਾ ਦੀ ਅਕਾਲ ਮੌਤ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਵਿਭਾਗ ਵਿਚ ਨੌਕਰੀ ਕਰਨੀ ਪਈ। ਬਾਅਦ ਵਿਚ ਉਨ੍ਹਾਂ ਨੇ ਆਪਣੀ ਸਿੱਖਿਆ ਮੁੜ ਜਾਰੀ ਰੱਖੀ ਅਤੇ ਬੀ.ਏ., ਐੱਮ.ਏ. ਅਤੇ ਪੀ.ਐੱਚ.ਡੀ. ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। 1984 ਵਿਚ ਪਾਕਿਸਤਾਨ ਯਾਤਰਾ ਦੌਰਾਨ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ। 1987 ਦੇ ਮੇਰਠ ਦੰਗਿਆਂ ਵਿਚ ਉਨ੍ਹਾਂ ਦਾ ਘਰ ਸਾੜ ਦਿੱਤਾ ਗਿਆ। ਜੀਵਨ ਦੀਆਂ ਇਨ੍ਹਾਂ ਮੁਸ਼ਕਿਲ ਘੜੀਆਂ ਦੇ ਬਾਵਜੂਦ ਉਨ੍ਹਾਂ ਨੇ ਸਾਹਿਤ ਸਿਰਜਣਾ ਦਾ ਦਾਮਨ ਨਹੀਂ ਛੱਡਿਆ।
ਉਮਰ ਵਧਣ ਦੇ ਨਾਲ ਉਨ੍ਹਾਂ ਦੀ ਯਾਦਦਾਸ਼ਤ ਕਮਜ਼ੋਰ ਹੁੰਦੀ ਗਈ ਅਤੇ ਆਖ਼ਿਰਕਾਰ ਉਹ ਬਹੁਤ ਕੁਝ ਭੁੱਲ ਗਏ। ਇਹ ਇਕ ਵਿਡੰਬਨਾ ਹੀ ਹੈ ਕਿ ਜਿਸ ਸ਼ਾਇਰ ਦੀ ਮੌਜੂਦਗੀ ਕਦੇ ਮੁਸ਼ਾਇਰਿਆਂ ਦੀ ਕਾਮਯਾਬੀ ਦੀ ਗਾਰੰਟੀ ਮੰਨੀ ਜਾਂਦੀ ਸੀ, ਉਹੀ ਸਮੇਂ ਦੇ ਨਾਲ ਯਾਦਾਂ ਦੇ ਧੁੰਦਲਕੇ ਵਿਚ ਗੁੰਮ ਹੋ ਗਿਆ। 28 ਮਈ 2026, ਵੀਰਵਾਰ ਨੂੰ ਉਰਦੂ ਅਦਬ ਦਾ ਇਹ ਮਹਾਨ ਸ਼ਾਇਰ ਹਮੇਸ਼ਾ ਲਈ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ ਅਤੇ ਆਪਣੇ ਚਾਹੁੰਣ ਵਾਲਿਆਂ ਲਈ ਆਪਣੀਆਂ ਯਾਦਾਂ ਦੇ ਉਜਾਲੇ, ਆਪਣੀਆਂ ਗ਼ਜ਼ਲਾਂ ਦੀ ਖੁਸ਼ਬੂ ਅਤੇ ਆਪਣੇ ਅਮਰ ਅਸ਼ਆਰ ਛੱਡ ਗਿਆ।
ਅਸੀਂ ਕਹਿ ਸਕਦੇ ਹਾਂ ਕਿ ਦਰਅਸਲ ਬਸ਼ੀਰ ਬਦਰ ਦੀ ਸ਼ਾਇਰੀ ਪਿਆਰ, ਇਨਸਾਨੀਅਤ, ਉਮੀਦ ਅਤੇ ਜੀਵਨ ਅਨੁਭਵਾਂ ਦਾ ਇਕ ਸੁੰਦਰ ਤੇ ਹਕੀਕੀ ਦਸਤਾਵੇਜ਼ ਹੈ। ਉਨ੍ਹਾਂ ਨੇ ਉਰਦੂ ਗ਼ਜ਼ਲ ਨੂੰ ਨਵੀਂ ਊਰਜਾ, ਨਵੀਂ ਭਾਸ਼ਾ ਅਤੇ ਨਵੀਂ ਪਛਾਣ ਅਤੇ ਨਵੇਂ ਵਿਸ਼ੇ ਪ੍ਰਦਾਨ ਕੀਤੇ । ਮੈਂ ਸਮਝਦਾ ਹਾਂ ਕਿ ਉਹ ਆਪਣੀ ਸ਼ਾਇਰੀ ਦੇ ਰਾਹੀਂ ਹਮੇਸ਼ਾਂ ਲੋਕਾਂ ਦੇ ਦਿਲਾਂ ਵਿਚ ਵਸਦੇ ਰਹਿਣਗੇ ਤੇ ਉਰਦੂ ਸਾਹਿਤ ਦੇ ਇਤਿਹਾਸ ਵਿਚ ਉਨ੍ਹਾਂ ਦਾ ਨਾਮ ਹਮੇਸ਼ਾਂ ਸਤਿਕਾਰ, ਪਿਆਰ ਸੰਵੇਦਨਸ਼ੀਲ ਸ਼ਾਇਰ ਵਜੋਂ ਲਿਆ ਜਾਂਦਾ ਰਹੇਗਾ।
-ਮਲੇਰਕੋਟਲਾ, ਪੰਜਾਬ
ਸੰਪਰਕ: 98552-59650