ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪੰਜਾਬੀ ਆਲੋਚਨਾ ਖੇਤਰ ਦੀ ਬਹੁਮੁੱਲੀ ਸ਼ਖ਼ਸੀਅਤ ਸੰਤ ਸਿੰਘ ਸੇਖੋਂ

Ad Position 21
No active advertisement
ਅਜੀਤ ਡੈਸਕ 31-05-2026

ਸੰਤ ਸਿੰਘ 'ਸੇਖੋਂ' ਨੂੰ ਲੇਖਕ ਬਣਨ ਦਾ ਸ਼ੌਕ ਪ੍ਰਾਇਮਰੀ ਸਕੂਲ ਤੋਂ ਹੀ ਸੀ, ਉਨ੍ਹਾਂ ਨੇ ਸੰਨ 1936 ਵਿਚ ਕਹਾਣੀ ਖੇਤਰ ਵਿਚ ਪ੍ਰਵੇਸ਼ ਕੀਤਾ। ਸੇਖੋਂ ਦੀਆਂ 'ਭੱਤਾ' ਤੇ 'ਕੀਟਾਂ ਅੰਦਰ ਕੀਟ' ਦੋ ਕਹਾਣੀਆਂ ਦੋ-ਮਾਸਿਕ ਰਸਾਲੇ 'ਪ੍ਰਭਾਤ' ਵਿਚ ਛਪੀਆਂ। ਉਹ ਸਰਬਾਂਗੀ ਸਾਹਿਤਕਾਰ, ਸ੍ਰੇਸ਼ਟ ਬੁੱਧੀ ਦੇ ਮਾਲਕ, ਸਿਧਾਂਤਕ ਸੂਝ-ਬੂਝ ਰੱਖਣ ਵਾਲੇ ਸਨ। ਜਦ ਪ੍ਰਗਤੀਵਾਦੀ ਲਹਿਰ ਦਾ ਦੌਰ ਚੱਲ ਰਿਹਾ ਸੀ, ਓਦੋਂ, ਸੇਖੋਂ ਨੇ ਸਾਹਿਤ ਚਿੰਤਨ ਤੇ ਆਲੋਚਨਾ ਦੇ ਖੇਤਰ ਵਿਚ ਪੈਰ ਰੱਖਿਆ ਅਤੇ ਆਦਰਸ਼ਵਾਦ ਤੋਂ ਸਮਾਜਵਾਦ, ਯਥਾਰਥਵਾਦ ਵੱਲ ਕਲਮ ਨੂੰ ਮੋੜਿਆ ਤੇ ਪ੍ਰਗਤੀਵਾਦ ਆਲੋਚਨਾ ਦਾ ਮੋਢੀ ਅਖਵਾਇਆ। ਉਸ ਨੇ ਆਪਣੇ ਸਮੇਂ 'ਚ ਸਾਹਿਤਕਾਰਾਂ ਦੀ ਅਗਵਾਈ ਕੀਤੀ। ਸੇਖੋਂ ਕੋਲ ਅਥਾਹ ਦਾ ਗਿਆਨ ਖਜ਼ਾਨਾ ਸੀ, ਉਸ ਦਾ ਨਜ਼ਰੀਆ ਵਿਗਿਆਨਕ ਸੀ। ਸੇਖੋਂ ਦਾ ਪੰਜਾਬੀ ਸਾਹਿਤ ਦੀਆਂ ਅਨੇਕਾਂ ਵੰਨਗੀਆਂ ਦਾ ਮੂੰਹ-ਮੁਹਾਂਦਰਾ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਰਿਹਾ। ਨਿੱਕੀ ਕਹਾਣੀ ਨੂੰ ਡੂੰਘਾਈ ਤੱਕ ਸਮਝਣ ਵਾਲਾ ਤੇ ਇਸ ਨੂੰ ਸਾਕਾਰ ਕਰਨ ਵਾਲਾ ਵੀ ਸੇਖੋਂ ਹੀ ਹੈ। ਸੇਖੋਂ ਹੀ ਦੂਜੀ ਪੀੜ੍ਹੀ ਦੇ ਲੇਖਕਾਂ ਦਾ ਮੋਢੀ ਹੈ।
ਸੰਤ ਸਿੰਘ 'ਸੇਖੋਂ' ਨੂੰ ਅਮੀਰੀ-ਗ਼ਰੀਬੀ ਦਾ ਵਧ ਰਿਹਾ ਪਾੜਾ ਹਜ਼ਮ ਨਹੀਂ ਹੁੰਦਾ ਸੀ। ਉਹ ਬਰਾਬਰਤਾ ਦਾ ਸਮਾਜ ਵੇਖਣਾ ਚਾਹੁੰਦਾ ਸੀ। ਉਸ ਦਾ ਵਿਚਾਰ ਸੀ ਕਿ ਨਾ ਕੋਈ ਲੁੱਟ ਕਰਨ ਵਾਲਾ ਹੋਵੇ, ਨਾ ਕੋਈ ਲੁੱਟਿਆ ਜਾਣ ਵਾਲਾ ਹੋਵੇ। ਉਹ ਆਪਣੀਆਂ ਲਿਖਤਾਂ ਵਿਚ ਵੀ ਹਮੇਸ਼ਾ ਬਰਾਬਰ ਦੀ ਗੱਲ ਹੀ ਕਰਦੇ ਸਨ। ਉਨ੍ਹਾਂ ਨੂੰ ਮਜ਼ਦੂਰ, ਦੁਕਾਨਦਾਰ, ਕਿਸਾਨ, ਵਪਾਰੀ ਸਭ ਦੀਆਂ ਆਰਥਿਕ ਮੁਸ਼ਕਿਲਾਂ ਦਾ ਅਹਿਸਾਸ ਸੀ। ਇਸ ਕਰਕੇ ਹੀ ਉਨ੍ਹਾਂ ਆਪਣੀਆਂ ਲਿਖਤਾਂ ਵਿਚ ਇਨਸਾਨੀਅਤ ਨਾਲ ਹਮਦਰਦੀ ਪ੍ਰਗਟਾਈ ਹੈ।
ਸੰਤ ਸਿੰਘ 'ਸੇਖੋਂ' ਆਪਣੀ ਸਵੈ-ਜੀਵਨੀ 'ਉਮਰ ਦਾ ਪੰਧ' ਵਿਚ ਲਿਖਦੇ ਹਨ ਕਿ ਉਨ੍ਹਾਂ ਦੀ ਕਲਮ ਦਾ ਜਨਮ ਪ੍ਰਗਤੀਵਾਦੀ ਲਹਿਰ ਸਮੇਂ ਹੋਇਆ। ਸੇਖੋਂ 'ਤੇ ਭਾਵੇਂ ਕਮਿਊਨਿਸਟ ਪ੍ਰਭਾਵ ਹਾਵੀ ਸੀ, ਪਰ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਸੰਸਕ ਵੀ ਸਨ। ਇਸ ਕਰਕੇ ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ਬਚਿਤ੍ਰ ਨਾਟਕ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਕੇ ਆਪਣਾ ਬਣਦਾ ਫਰਜ਼ ਨਿਭਾਇਆ। ਇਵੇਂ ਹੀ ਵਾਰਿਸ ਸ਼ਾਹ ਦੀ ਹੀਰ ਸ਼੍ਰੋਮਣੀ ਰਚਨਾ ਮੰਨੀ ਜਾਂਦੀ ਹੈ। ਲੋਕਾਂ ਦੇ ਵਿਚਾਰ, ਵਿਹਾਰ, ਰਹਿਣਾ, ਪਹਿਨਣਾ, ਖਾਣਾ, ਮੌਕੇ ਦੀ ਹਕੂਮਤ ਦੀ ਸੋਚ, ਇਸ ਸਭ ਦਾ ਜਿਥੇ ਵਾਰਿਸ ਸ਼ਾਹ ਨੇ ਬੈਂਤ ਛੰਦ ਵਿਚ ਪਰੋ ਕੇ ਸਾਹਿਤ ਖਜ਼ਾਨਾ ਅਮੀਰ ਕੀਤਾ, ਉੱਥੇ ਸੰਤ ਸਿੰਘ 'ਸੇਖੋਂ' ਨੇ ਹੀਰ ਵਾਰਿਸ ਦਾ ਅਨੁਵਾਦ ਕਰਕੇ ਆਪਣੀ ਭਾਸ਼ਾਵਾਂ 'ਤੇ ਪਕੜ ਦਾ ਸਬੂਤ ਦਿੱਤਾ। ਸੇਖੋਂ ਨੇ ਕਰਤਾਰ ਸਿੰਘ ਕਲਾਸਵਾਲੀਏ ਦੀ ਸਾਹਿਬਜ਼ਾਦਿਆਂ ਬਾਰੇ ਪੁਸਤਕ ਪੜ੍ਹੀ, ਜਿਸ ਤੋਂ ਉਨ੍ਹਾਂ ਨੂੰ ਸਿੱਖ ਇਤਿਹਾਸ ਦਾ ਗਿਆਨ ਹੋਇਆ। ਭਾਈ ਵੀਰ ਸਿੰਘ ਦੇ ਸੁੰਦਰੀ (ਨਾਵਲ) ਦਾ ਵੀ ਉਨ੍ਹਾਂ 'ਤੇ ਬਹੁਤ ਪ੍ਰਭਾਵ ਪਿਆ।
ਸੰਤ ਸਿੰਘ ਸੇਖੋਂ ਨੇ ਹਰ ਵਿਧਾ, ਵੰਨਗੀ 'ਤੇ ਕਲਮ ਚਲਾਈ ਜਿਵੇਂ:- ਕਵਿਤਾ, ਨਾਟਕ, ਇਕਾਂਗੀ, ਨਿਬੰਧ, ਖੋਜ, ਆਲੋਚਨਾ, ਨਾਵਲ, ਕਹਾਣੀ ਆਦਿ। ਸੇਖੋਂ ਦੀ ਕਿਤਾਬਾਂ ਦੀ ਲਿਸਟ ਵੀ ਕਾਫੀ ਲੰਬੀ ਹੈ, ਜਿਵੇਂ ਉਨ੍ਹਾਂ ਦਾ ਪਹਿਲਾ ਕਹਾਣੀ ਸੰਗ੍ਰਹਿ 'ਸਮਾਚਾਰ' ਸੰਨ 1943 ਵਿਚ ਛਪਿਆ ਸੀ। ਉਸ ਤੋਂ ਬਾਅਦ ਤੀਜਾ ਪਹਿਰ, ਕਾਮੇ ਯੋਧੇ, ਅੱਧੀ ਵਾਟ ਸਿਆਣਪਾਂ, ਬਾਰਾਂ ਸਿੱਧ ਕਹਾਣੀ ਸੰਗ੍ਰਹਿ ਹਨ। ਦਮਯੰਤੀ, ਮਿੱਤਰ ਪਿਆਰਾ, ਬੇੜਾ ਬੰਧਿ ਨਾ ਸਕਿਓ, ਮੋਇਆਂ ਸਾਰ ਨਾ ਕਾਈ, ਸਿਆਲਾਂ ਦੀ ਨੱਢੀ, ਬੰਦਾ ਬਹਾਦਰ, ਵੱਡਾ ਘੱਲੂਘਾਰਾ, ਨਰਕੀ, ਵਾਰਿਸ, ਭੂਦਾਨ, ਕਲਾਕਾਰ ਨਾਟਕ ਹਨ। ਕਾਵਿ ਦੂਤ (ਕਾਵਿ ਸੰਗ੍ਰਹਿ) ਹੈ। ਬਾਬਾ ਬੋਹੜ (ਕਾਵਿ ਨਾਟ) ਹੈ, ਛੇ ਘਰ, ਸੁੰਦਰ ਪਦ, ਸੋਨੇ ਦੀ ਛੋਹ, ਨਾਟ ਸੁਨੇਹੇ, ਤਪਿਆ ਕਿਉਂ ਖਾਪਿਆ (ਇਕਾਂਗੀ ਸੰਗ੍ਰਹਿ) ਹਨ। ਲਹੂ ਮਿੱਟੀ, ਬਾਬਾ ਅਸਮਾਨ (ਨਾਵਲ) ਹਨ। ਪ੍ਰਗਤੀ ਪੰਧ, ਪੰਜਾਬੀ ਕਾਵਿ, ਭਾਈ ਗੁਰਦਾਸ, ਭਾਈ ਵੀਰ ਸਿੰਘ ਤੇ ਉਨ੍ਹਾਂ ਦਾ ਯੁੱਗ, ਪੰਜਾਬੀ ਦੇ ਪ੍ਰਸਿੱਧ ਕਵੀ, ਸਾਹਿਤ ਅਰਥ, ਸਮੀਖਿਆ ਪ੍ਰਣਾਲੀਆ, ਪੰਜਾਬੀ ਬੋਲੀ ਦਾ ਇਤਿਹਾਸ, ਸ਼੍ਰੋਮਣੀ ਪ੍ਰਸਿੱਧ ਪੰਜਾਬੀ ਕਵੀ, ਮੈਕਬਥ ਕ੍ਰਿਤ ਸ਼ੈਕਸਪੀਅਰ, ਅੰਤੋਨੀ, ਕ੍ਰਿਤ ਸੋਫੇਕਲੀਜ਼ (ਖੋਜ ਤੇ ਆਲੋਚਨਾ ਸੰਗ੍ਰਹਿ) ਹਨ। ਪੰਜਾਬੀ ਸ਼ਬਦ ਬੋਧ 2 ਭਾਗ, ਪੰਜਾਬੀ ਸੰਸਥਾਵਲੀ 8 ਭਾਗ ਤੇ ਝੂਠੀਆਂ ਸੱਚੀਆਂ ਸੰਪਾਦਨਾ ਸੰਗ੍ਰਹਿ ਹਨ। ਵਰਿਸ਼ ਸ਼ਾਹ ਦੀ ਹੀਰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ਬੱਚਿਤ੍ਰ ਨਾਟਕ ਦੇ ਕੁਝ ਭਾਗ ਦਾ 'ਦੀ ਲਵ ਆਫ ਹੀਰ ਐਂਡ ਰਾਂਝਾ, ਦੀ ਯੂਨੀਕ ਡਰਾਮਾ, ਪ੍ਰਗਤੀ ਪੰਧ, ਨਾਟਕ ਕਲਾ ਤੇ ਮੇਰਾ ਅਨੁਭਵ ਏ ਹਿਸਟਰੀ ਆਫ ਪੰਜਾਬੀ ਲਿਟਰੇਚਰ, ਵੇਰਵਾ ਕਰਤਾਰ ਸਿੰਘ ਦੁੱਗਲ' ਅਨੁਵਾਦ ਅੰਗਰੇਜ਼ੀ ਵਿਚ ਹਨ। 'ਉਮਰ ਦਾ ਪੰਧ' ਉਨ੍ਹਾਂ ਦੀ ਸਵੈ-ਜੀਵਨੀ ਦੋ ਜਿਲਦਾਂ ਵਿਚ ਹੈ, ਜਿਸ 'ਤੇ ਪਾਬੰਦੀ ਲੱਗੀ ਹੈ।
ਜਿਵੇਂ ਸੰਤ ਸਿੰਘ 'ਸੇਖੋਂ' ਦੀਆਂ ਕਿਤਾਬਾਂ ਦੀ ਲਿਸਟ ਲੰਬੀ ਹੈ, ਓਵੇਂ ਹੀ ਉਨ੍ਹਾਂ ਦੇ ਮਾਣਾਂ-ਸਨਮਾਨਾਂ ਦੀ ਲਿਸਟ ਵੀ ਬਹੁਤ ਲੰਬੀ ਹੈ। ਉਨ੍ਹਾਂ ਨੂੰ ਮਿਲੇ ਕੁਝ ਮਾਣ-ਸਨਮਾਨ, ਇਨਾਮ ਲਿਖ ਰਹੇ ਹਾਂ। ਸਰਬੋਤਮ ਪੰਜਾਬੀ ਲੇਖਕ ਪੁਰਸਕਾਰ ਪੰਜਾਬ ਸਰਕਾਰ ਵਲੋਂ, ਮਿੱਤਰ ਪਿਆਰੇ ਨੂੰ (ਨਾਟਕ ਸੰਗ੍ਰਹਿ) ਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ, ਇੰਟਰ ਨੈਸ਼ਨਲ ਪੰਜਾਬੀ ਲਿਟਰੇਰੀ ਟਰੱਸਟ (ਕੈਨੇਡਾ) ਵੱਲੋਂ, ਕੌਮਾਂਤਰੀ ਸਾਹਿਤ ਸ਼੍ਰੋਮਣੀ ਮਨਜੀਤ ਯਾਦਗਾਰੀ ਪੁਰਸਕਾਰ, ਸ. ਕਰਤਾਰ ਸਿੰਘ ਧਾਲੀਵਾਲ ਪੁਰਸਕਾਰ, ਪ੍ਰਿੰ: ਸੰਤ ਸਿੰਘ 'ਸੇਖੋਂ' ਅਭਿਨੰਦਨ ਕਮੇਟੀ ਵਲੋਂ ਇਕ ਲੱਖ ਰੁਪਏ ਅਤੇ ਅਭਿਨੰਦਨ ਗ੍ਰੰਥ, ਪਦਮ ਸ਼੍ਰੀ ਦੀ ਉਪਾਧੀ ਭਾਰਤ ਸਰਕਾਰ ਵਲੋਂ, ਪੰਜਾਬੀ ਸਾਹਿਤ ਅਕਾਦਮੀ (ਚੰਡੀਗੜ੍ਹ), ਗੁਰੂ ਨਾਨਕ ਦੇਵ ਯੂਨੀਵਰਸਿਟੀ, (ਅੰਮ੍ਰਿਤਸਰ), ਪੰਜਾਬੀ ਯੂਨੀਵਾਰਸਿਟੀ, (ਪਟਿਆਲਾ), ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ) ਵਲੋਂ ਸੰਤ ਸਿੰਘ ਸੇਖੋਂ ਦੀਆਂ ਸੇਵਾਵਾ ਬਦਲੇ ਫੈਲੋਸ਼ਿਪ ਪ੍ਰਦਾਨ ਕੀਤੀ ਗਈ।
ਸੰਤ ਸਿੰਘ ਸੇਖੋਂ ਦੇ ਜਨਮ, ਪਰਿਵਾਰ, ਵਿੱਦਿਆ ਤੇ ਕਿੱਤੇ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ 31 ਮਈ 1908 ਵਿਚ ਮਾਤਾ ਪ੍ਰੇਮ ਕੌਰ ਤੇ ਪਿਤਾ ਹਾਕਮ ਸਿੰਘ ਦੇ ਘਰ, ਦਾਦਾ ਰਾਮ ਦਿੱਤਾ ਸਿੰਘ ਦੇ ਵਿਹੜੇ, ਪੜਦਾਦਾ ਹਮੀਰਾ ਸਿੰਘ ਦੇ ਖੇੜੇ ਚੱਕ ਨੰਬਰ 70 ਝੰਗ ਬ੍ਰਾਂਚ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਸੇਖੋਂ ਦਾ ਵਿਆਹ ਸ੍ਰੀਮਤੀ ਚਿੰਤੋ ਕੌਰ ਨਾਲ ਹੋਇਆ। ਇਸ ਜੋੜੀ ਦੇ ਘਰ ਅਗਮਜੋਤ ਕੌਰ, ਅਲਖਜੋਤ ਕੌਰ, ਅਮਰਜੋਤ ਕੌਰ ਤੇ ਅਕਾਲਜੋਤ ਚਾਰ ਧੀਆਂ ਤੇ ਇਕ ਸਪੁੱਤਰ ਕਰਨਬੀਰ ਸਿੰਘ 'ਕਾਕੂ' ਨੇ ਜਨਮ ਲਿਆ। ਸੰਤ ਸਿੰਘ 'ਸੇਖੋਂ', ਕਾਰਲ ਮਾਰਕਸ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਉਨ੍ਹਾਂ ਦੁਨੀਆ ਦਾ ਸਾਹਿਤ ਪੜ੍ਹਿਆ, ਅਤੇ ਆਪਣੇ ਪਾਠਕਾਂ ਵਿਚ ਅਥਾਹ ਗਿਆਨ ਵੰਡਿਆ। ਅਖੀਰ ਇਕ ਦਿਨ ਉਹ ਚੜ੍ਹ ਆਇਆ 17 ਅਕਤੂਬਰ 1997 ਦਾ ਜਦ ਮੌਤ ਡੈਣ ਨੇ ਪੰਜਾਬੀ ਮਾਂ-ਬੋਲੀ ਦੇ ਇਸ ਸਪੁੱਤਰ ਨੂੰ ਆਪਣੇ ਕਲਾਵੇ ਵਿਚ ਲੈ ਲਿਆ।

-ਮੋਬਾਈਲ : 97792-97682

Ad Position 22
No active advertisement
ਪਿਛਲੀ ਖ਼ਬਰ ਮੈਂ ਤੁਹਾਡੇ ਪੈਸੇ ਦੱਬ ਲਏ ਅਗਲੀ ਖ਼ਬਰ ਗੈਸ ਦੀ ਕਿੱਲਤ ਤੇ ਪਰਖ ਦੀ ਘੜੀ
Ad Position 24
No active advertisement