ਬਚਨ ਸਿੰਘ ਦਾ ਬੇਟਾ ਅਮਰੀਕਾ ਤੋਂ ਥੋੜ੍ਹੇ ਦਿਨ ਪਹਿਲਾਂ ਹੀ ਆਇਆ ਸੀ ਤੇ ਬਚਨ ਸਿੰਘ ਤੇ ਉਹਦੀ ਘਰਵਾਲੀ ਬਹੁਤ ਖੁਸ਼ ਸਨ, ਪਰ ਉਨ੍ਹਾਂ ਦੀ ਇਹ ਖੁਸ਼ੀ ਥੋੜ੍ਹੇ ਦਿਨ ਬਾਅਦ ਹੀ ਉਦਾਸੀ ਵਿਚ ਬਦਲ ਗਈ ਸ਼ਾਇਦ ਉਨ੍ਹਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਦਾ ਬੇਟਾ ਆਪਣੀ ਪਤਨੀ ਤੇ ਦੋਵਾਂ ਬੱਚਿਆਂ ਨੂੰ ਨਾਲ ਲਿਜਾਣ ਦੇ ਸਾਰੇ ਕਾਗਜ਼ ਪੱਤਰ ਤਿਆਰ ਕਰਕੇ ਲਿਆਇਆ ਸੀ ਤੇ ਚੁੱਪ-ਚੁਪੀਤੇ ਸਮਾਨ ਵਗੈਰਾ ਖ਼ਰੀਦ ਰਿਹਾ ਸੀ ਤੇ ਤਿਆਰੀ ਕਰ ਰਿਹਾ ਸੀ। ਬਚਨ ਸਿੰਘ ਤੇ ਉਸ ਦੀ ਪਤਨੀ ਆਪਣੇ ਇਕਲੌਤੇ ਪੁੱਤ ਦੇ ਬਾਹਰ ਜਾਣ ਕਾਰਨ ਕਈ ਵਾਰੀ ਬੜੀ ਉਦਾਸੀ ਮਹਿਸੂਸ ਕਰਦੇ ਸਨ ਪਰ ਨੂੰਹ ਤੇ ਪੋਤੇ ਪੋਤੀ ਦੀ ਮੌਜੂਦਗੀ ਉਨ੍ਹਾਂ ਦੀ ਉਦਾਸੀ ਥੋੜ੍ਹੀ ਘੱਟ ਕਰ ਦਿੰਦੀ। ਆਖਰ ਉਹ ਸਮਾਂ ਵੀ ਆ ਗਿਆ ਜਦੋਂ ਬਚਨ ਸਿੰਘ ਦੇ ਬੇਟੇ ਨੇ ਦੱਸ ਹੀ ਦਿੱਤਾ ਕਿ ਅੱਜ ਉਨ੍ਹਾਂ ਦੀ ਅਮਰੀਕਾ ਲਈ ਉਡਾਣ ਹੈ। ਇਹ ਸੁਣ ਬਚਨ ਸਿੰਘ ਦੀ ਘਰਵਾਲੀ ਤਾਂ ਕੁਝ ਨਾ ਬੋਲੀ ਪਰ ਬਚਨ ਸਿੰਘ ਨੇ ਆਪਣੇ ਮੁਰਝਾਏ ਚਿਹਰੇ ਤੇ ਛਿਕੜੀ ਜੰਮੇ ਬੁੱਲ੍ਹਾਂ ਵਿਚੋਂ ਬੋਲ ਕੇ ਕਿਹਾ ਕਿ ਬੇਟਾ ਹੁਣ ਸਾਡਾ ਕੀ ਬਣੇਗਾ? ਇਹ ਸੁਣਦਿਆਂ ਹੀ ਬਚਨ ਸਿੰਘ ਦੇ ਮੁੰਡੇ ਨੇ ਕਿਹਾ ਕਿ ਉਹ ਹੁਣ ਆਪਣੇ ਬੱਚਿਆਂ ਤੋਂ ਬਿਨਾਂ ਨਹੀਂ ਰਹਿ ਸਕਦਾ। ਇਸ ਕਰਕੇ ਉਹ ਉਨ੍ਹਾਂ ਨੂੰ ਨਾਲ ਲਿਜਾ ਰਿਹਾ ਹੈ। ਇਹ ਸੁਣਦਿਆਂ ਹੀ ਬਚਨ ਸਿੰਘ ਦੀਆਂ ਅੱਖਾਂ ਵਿਚੋਂ ਅੱਥਰੂਆਂ ਦੀ ਧਾਰ ਵਗ ਤੁਰੀ, ਸ਼ਾਇਦ ਇਹ ਧਾਰ ਇਹ ਕਹਿ ਰਹੀ ਹੋਵੇ ਕਿ ਜਿਵੇਂ ਤੂੰ ਆਪਣੇ ਬੱਚਿਆਂ ਬਿਨਾਂ ਨਹੀਂ ਰਹਿ ਸਕਦਾ। ਉਵੇਂ ਹੀ ਤੇਰਾ ਪਿਓ ਵੀ ਆਪਣੇ ਬੱਚੇ ਬਿਨਾਂ ਨਹੀਂ ਰਹਿ ਸਕਦਾ, ਪਰ ਅੱਥਰੂਆਂ ਤੋਂ ਬਿਨਾਂ ਹੋਰ ਕੁਛ ਕਹੇ ਦਿਲ ਦੀਆਂ ਗੱਲਾਂ ਦਿਲ ਵਿਚ ਹੀ ਦੱਬ ਕੇ ਬਚਨ ਸਿੰਘ ਨੇ ਆਪਣੇ ਸਾਫੇ ਨਾਲ ਆਪਣੀਆਂ ਅੱਖਾਂ ਪੂੰਝੀਆਂ ਤੇ ਭਰੇ ਮਨ ਨਾਲ ਆਪਣੇ ਬੇਟੇ ਤੇ ਓਹਦੇ ਪਰਿਵਾਰ ਨੂੰ ਅਮਰੀਕਾ ਲਈ ਵਿਦਾ ਕਰਨ ਵਿਚ ਲੱਗ ਪਿਆ।
ਬੱਚਿਆਂ ਬਿਨ
ਅਜੀਤ ਡੈਸਕ
31-05-2026