ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਤੁਸੀਂ ਸਮਝੋ...

Ad Position 21
No active advertisement
ਅਜੀਤ ਡੈਸਕ 31-05-2026

ਕੁਝ ਦਿਨ ਪਹਿਲਾਂ ਮੇਰੇ ਕੋਲ ਕਾਊਂਸਲਿੰਗ ਸੈਸ਼ਨ ਵਿਚ ਇਕ ਔਰਤ ਆਈ। ਉਮਰ ਉਸਦੀ ਲਗਭਗ 55 ਸਾਲ ਸੀ। ਬਹੁਤ ਸੋਹਣਾ ਲਿਬਾਸ, ਪੂਰੀ ਇੱਜ਼ਤਦਾਰ ਸ਼ਖ਼ਸੀਅਤ, ਪਰ ਅੱਖਾਂ ਵਿਚ ਅਜੀਬ ਜਿਹੀ ਖ਼ਾਮੋਸ਼ੀ। ਅਸੀਂ ਇਕ ਦੂਜੀ ਨੂੰ ਸਤਿ ਸ੍ਰੀ ਅਕਾਲ ਕੀਤੀ। ਉਸ ਨੇ ਪਾਣੀ ਪੀਤਾ ਅਤੇ ਫਿਰ ਸੈਸ਼ਨ ਸ਼ੁਰੂ ਹੋਇਆ। ਮੈਂ ਉਸ ਨੂੰ ਕੁਝ ਮੁਢਲੇ ਸਵਾਲ ਪੁੱਛੇ। ਮੈਂ ਪੁੱਛਿਆ, 'ਤੁਹਾਡੇ ਕਿੰਨੇ ਬੱਚੇ ਹਨ?'
ਉਸ ਨੇ ਕਿਹਾ, 'ਇਕ।'
ਮੈਂ ਫਿਰ ਸਵਾਲ ਦੁਹਰਾਇਆ। ਉਸ ਦਾ ਉੱਤਰ ਫਿਰ ਵੀ 'ਇਕ' ਸੀ। ਮੈਂ ਨਰਮਦਿਲੀ ਨਾਲ ਫਿਰ ਪੁੱਛਿਆ। ਉਸ ਨੇ ਫਿਰ ਉਹੀ ਉੱਤਰ ਦਿੱਤਾ। ਮੈਂ ਸਹਿਜ ਸੁਭਾਅ ਉਸ ਨੂੰ ਦੱਸਿਆ ਕਿ ਜਿਸ ਜਾਣਕਾਰ ਰਾਹੀਂ ਉਹ ਮੇਰੇ ਕੋਲ ਆਈ ਹੈ, ਉਸ ਨੇ ਮੈਨੂੰ ਉਸ ਦੇ ਚਾਰ ਬੱਚਿਆਂ ਦੇ ਹੋਣ ਬਾਰੇ ਦੱਸਿਆ ਸੀ। ਇਹ ਗੱਲ ਸੁਣ ਕੇ ਉਹ ਅਜੀਬ ਜਿਹੀ ਹਾਸੀ ਨਾਲ ਕਹਿੰਦੀ, 'ਓਅ...ਕੇ।' ਫਿਰ ਕਹਿੰਦੀ, 'ਹਾਂ, ਚਾਰ ਨੇ, ਪਰ ਉਨ੍ਹਾਂ ਵਿਚੋਂ ਇਕ ਪੁੱਤਰ ਹੈ, ਬਾਕੀ ਤਿੰਨ ਧੀਆਂ।'
ਮੈਂ ਕਿਹਾ, 'ਫਿਰ ਵੀ, ਮੈਡਮ, ਇਹ ਹੋਏ ਤਾਂ ਚਾਰ ਹੀ।
ਉਹ ਅੜੀ, 'ਨਹੀਂ, ਤੁਸੀਂ ਇਕ ਹੀ ਲਿਖੋ।'
ਮੈਂ ਕਿਹਾ, 'ਮੈਡਮ, ਸਮਝਣ ਦੀ ਕੋਸ਼ਿਸ਼ ਕਰੋ ...'
ਉਹ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ, ਨਿਰੀ ਖ਼ਾਮੋਸ਼ੀ ਨਾਲ ਕਹਿੰਦੀ, 'ਤੁਸੀਂ ਸਮਝੋ × ਮੈਂ ਤਾਂ ਸਮਝ ਗਈ ਹਾਂ।'
ਇਹ ਉਹ ਵਾਕ ਸੀ ਜੋ ਮੇਰੀ ਰੂਹ ਨੂੰ ਝੰਜੋੜ ਗਿਆ। ਚੁੱਪ ਛਾ ਗਈ। ਉਸ ਦਾ ਗਲਾ ਤਾਂ ਭਰ ਆਇਆ ਸੀ, ਪਰ ਉਹ ਰੋਈ ਨਹੀਂ। ਉਹ ਚੁੱਪ ਵੀ ਕਿੰਨੀ ਉੱਚੀ ਸੀ, ਜੋ ਸਿੱਧੀ ਰੂਹ 'ਤੇ ਲੱਗ ਰਹੀ ਸੀ। ਮੈਨੂੰ ਉਸਦੀਆਂ ਅੱਖਾਂ ਵਿਚ ਪਾਣੀ ਤੈਰਦਾ ਹੋਇਆ ਨਜ਼ਰ ਆਇਆ, ਪਰ ਉਹ ਹੰਝੂ ਬਣ ਕੇ ਬਾਹਰ ਨਹੀਂ ਡਿੱਗਿਆ। ਉਹ ਦਰਦ ਅਜੇ ਵੀ ਅੱਖਾਂ ਦੇ ਕਿਨਾਰਿਆਂ 'ਤੇ ਅਟਕਿਆ ਹੋਇਆ ਸੀ। ਨਾ ਬੋਲਿਆ ਗਿਆ, ਨਾ ਰੋਇਆ ਗਿਆ, ਸਿਰਫ਼ ਮਹਿਸੂਸ ਕੀਤਾ ਗਿਆ। ਪਰ ਅੰਦਰ ਦੀ ਸਾਂਝ ਬਣ ਚੁੱਕੀ ਸੀ। ਉਸਦੀਆਂ ਅੱਖਾਂ ਵਿਚ ਸਾਲਾਂ ਦੀ ਚੀਸ ਸੀ। ਲੋਕਾਂ ਦੀਆਂ ਟਿੱਪਣੀਆਂ, ਪੁੱਤਰ ਦੀ ਲੋੜ, ਧੀਆਂ ਨੂੰ ਅਣਗਿਣਤ ਲੋਕਾਂ ਵਲੋਂ ਘੱਟ ਸਮਝਣਾ।
ਉਹ ਰੋ ਨਾ ਸਕੀ, ਘੁੱਟ ਹੋ ਕੇ ਬੈਠੀ ਰਹੀ; ਜਿਵੇਂ ਸ਼ੀਸ਼ੇ ਦੇ ਪਿੰਜਰੇ ਵਿਚ ਬੈਠੀ ਹੋਵੇ। ਉਸ ਦੇ ਦਰਦ ਦਿਖਾਈ ਦੇ ਰਹੇ ਸਨ, ਪਰ ਸਮਝ ਨਹੀਂ ਆ ਰਹੇ ਸਨ। ਉਸ ਦੀ ਉਹ ਚੁੱਪ, ਉਹ ਥਰਥਰਾਉਂਦੀ ਆਵਾਜ਼, ਮੇਰੀ ਰੂਹ ਨੂੰ ਅੰਦਰੋਂ ਚੀਰਦੀ ਜਾ ਰਹੀ ਸੀ। ਫਿਰ ਉਸ ਨੇ ਹੌਲੀ-ਹੌਲੀ ਬੋਲਣਾ ਸ਼ੁਰੂ ਕੀਤਾ। ਕਹਿੰਦੀ, 'ਮੇਰੇ ਤਿੰਨ ਧੀਆਂ ਹਨ ਜੋ ਕਿ ਮੇਰੇ ਜਿਗਰ ਦਾ ਟੁਕੜਾ ਹਨ, ਮੇਰੇ ਸਿਰ ਦਾ ਤਾਜ ਹਨ, ਪਰ ਸਮਾਜ ਲਈ ਉਹ ਤਿੰਨ ਪੱਥਰ ਹਨ।× ਜਦੋਂ ਮੇਰੀ ਤੀਜੀ ਧੀ ਹੋਈ, ਤਾਂ ਮੇਰਾ ਜਿਊਣਾ ਨਰਕ ਬਣ ਗਿਆ। ਪਤੀ ਨੇ ਕਿਹਾ ਸੀ, 'ਇਸ ਵਾਰੀ ਪੁੱਤਰ ਚਾਹੀਦਾ ਹੈ, ਕਿਸੇ ਵੀ ਕੀਮਤ 'ਤੇ। ... ਮੈਂ ਤਿੰਨ ਸੀ-ਸੈਕਸ਼ਨ ਤੋਂ ਲੰਘ ਚੁੱਕੀ ਸੀ ਪਰ ਚੌਥੀ ਵਾਰੀ ਸਧਾਰਨ ਡਲਿਵਰੀ ਹੋਈ। ...ਹਾਂ, ਪੁੱਤਰ ਹੋਇਆ, ਪਰ ਮੇਰੀ ਆਤਮਾ ਜ਼ਖਮੀ ਹੋ ਗਈ। ਮੈਂ ਆਪਣੇ ਕੰਨਾਂ ਨਾਲ ਸੁਣਿਆ, 'ਪੁੱਤਰ ਚਾਹੀਦਾ ਸੀ, ਜੇ ਇਸ ਦੀ ਜਾਨ ਵੀ ਚਲੀ ਜਾਂਦੀ ਤਾਂ ਵੀ ਪਰਵਾਹ ਨਹੀਂ ਸੀ।'
ਉਸ ਦੀ ਹਰ ਇਕ ਸਿਸਕੀ ਇਕ ਜ਼ਖ਼ਮ ਸੀ, ਜੋ ਸਿਰਫ਼ ਉਸ ਦਾ ਨਹੀਂ, ਸਾਡੀ ਸਮਾਜਿਕ ਸੋਚ ਦਾ ਨਤੀਜਾ ਸੀ। ਉਹ ਰੋਣ ਤੋਂ ਵੀ ਡਰਦੀ ਸੀ, ਕਿਉਂਕਿ ਕਈ ਵਾਰ ਧੀਆਂ ਦੀਆਂ ਮਾਵਾਂ ਨੂੰ ਆਪਣੇ ਹੰਝੂਆਂ ਲਈ ਵੀ ਸਫ਼ਾਈ ਦੇਣੀ ਪੈਂਦੀ ਹੈ।
ਉਹ ਕਹਿੰਦੀ, 'ਉਸ ਦਿਨ ਤੋਂ ਮੈਂ ਅੰਦਰੋਂ ਟੁੱਟ ਚੁੱਕੀ ਹਾਂ। ਮੈਂ ਮਾਂ ਤਾਂ ਹਾਂ ਚਾਰ ਬੱਚਿਆਂ ਦੀ, ਪਰ ਪਰਿਵਾਰ ਨੇ ਤਿੰਨਾਂ ਨੂੰ ਕਦੇ ਮੰਨਿਆ ਹੀ ਨਹੀਂ ਕਿਉਂਕਿ ਇਹ ਧੀਆਂ ਹਨ। ਧੀਆਂ ਹੋਣ ਦੀ ਸਜ਼ਾ ਪਾ ਰਹੀਆਂ ਹਨ।'
ਉਹ ਬੋਲਦੀ ਜਾ ਰਹੀ ਸੀ ਤੇ ਮੇਰੀ ਰੂਹ ਨੂੰ ਅੰਦਰ ਤੱਕ ਚੀਰਦੀ ਜਾ ਰਹੀ ਸੀ। ਉਹ ਆਪਣੇ ਜਜ਼ਬਾਤ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀ ਰਹੀ। ਉਹ ਰੋਣ ਦੀ ਇਜਾਜ਼ਤ ਤਲਾਸ਼ ਰਹੀ ਸੀ, ਪਰ ਸਮਾਜ ਨੇ ਉਸ ਤੋਂ ਉਹ ਹੱਕ ਵੀ ਖੋਹ ਲਿਆ ਸੀ। ਉਹ ਦੇ ਹਾਲਾਤ ਸਿਰਫ਼ ਉਸ ਦੀ ਜ਼ਿੰਦਗੀ ਦੀ ਕਹਾਣੀ ਨਹੀਂ ਸਨ, ਇਹ ਸਾਡੀ ਨਕਾਰਾਤਮਿਕ ਸਮਾਜਿਕ ਬਿਮਾਰੀ ਦੀ ਗੂੰਜ ਸੀ। ਉਹ ਤੱਤ, ਜੋ ਔਰਤ ਨੂੰ ਹੀ ਔਰਤ ਦੇ ਅਸਤਿਤਵ ਤੋਂ ਇਨਕਾਰ ਕਰਾਉਂਦਾ ਹੈ। ਇਸ ਮਾਂ ਦੀ ਅੱਖਾਂ ਦੀ ਨਮੀ ਮੇਰੀ ਰੂਹ 'ਤੇ ਲੱਗ ਗਈ। ਮੈਂ ਸੋਚਣ ਲੱਗੀ, 'ਅੱਜ ਵੀ ਅਸੀਂ ਕਿੰਨੇ ਹੀ ਘਰਾਂ ਵਿਚ ਧੀ ਹੋਣ ਦੇ ਗੁਨਾਹ ਦੀ ਸਜ਼ਾ ਦੇ ਰਹੇ ਹਾਂ? ਕਿੰਨੀਆਂ ਮਾਵਾਂ ਨੇ ਧੀਆਂ ਨੂੰ ਆਪਣਾ ਹਿੱਸਾ ਮੰਨਣਾ ਹੀ ਛੱਡ ਦਿੱਤਾ ਹੈ? ਜਦੋਂ ਉਸ ਨੇ ਕਿਹਾ 'ਤੁਸੀਂ ਸਮਝੋ ...' ਉਹ ਸਿਰਫ਼ ਮੇਰੇ ਲਈ ਨਹੀਂ ਸੀ, ਉਹ ਸਾਡੇ ਸਾਰਿਆਂ ਲਈ ਸੀ। ਸਮਾਜ ਲਈ, ਔਰਤਾਂ ਲਈ, ਜੋ ਹੋਰ ਔਰਤਾਂ ਨੂੰ ਧੀਆਂ ਦੀ ਮਾਂ ਬਣਨ ਤੇ ਪੁੱਤਰ ਦੇ ਨਾਂਅ 'ਤੇ ਅਸਵੀਕਾਰ ਕਰਦੀਆਂ ਹਨ। ਉਹ ਸਮਾਜਿਕ ਸਮਾਜਿਕ ਸ਼ਗਨਾਂ-ਵਿਹਾਰਾਂ 'ਤੇ ਆਪਣੇ ਹੰਝੂਆਂ ਨੂੰ ਨੀਵਾਂ ਰੱਖ ਕੇ, ਸਦਾ ਇਕ ਅਜਿਹੇ ਇਲਜ਼ਾਮ ਨਾਲ ਜਿਊਂਦੀ ਰਹੀ, ਜਿਵੇਂ ਧੀਆਂ ਨੂੰ ਜੰਮਣਾ ਉਸ ਦਾ ਗੁਨਾਹ ਹੋਵੇ। ਨਾ ਕਿਸੇ ਨੇ ਉਸ ਦਾ ਦਰਦ ਪੜ੍ਹਿਆ, ਨਾ ਕਿਸੇ ਨੇ ਉਸ ਦਾ ਅਸਤਿਤਵ।
ਇਹ ਵਿਗਿਆਨਕ ਤੌਰ 'ਤੇ ਸੱਚ ਹੈ ਕਿ ਸੰਤਾਨ ਦਾ ਪੁੱਤਰ ਹੋਣਾ ਜਾਂ ਧੀ ਹੋਣਾ ਔਰਤ ਦੇ ਹੱਥ ਵਿਚ ਕਦੇ ਵੀ ਨਹੀਂ ਹੁੰਦਾ। ਉਹ ਸਿਰਫ਼ ਆਪਣੇ ਲਈ ਤੜਫ਼ ਨਹੀਂ ਰਹੀ ਸੀ, ਉਹ ਤੜਫ਼ ਰਹੀ ਸੀ ਹਰ ਉਸ ਮਾਂ ਲਈ, ਜਿਸ ਨੇ ਧੀ ਜਣ ਕੇ ਆਪਣੀ ਵੁੱਕਤ ਗਵਾ ਲਈ ਹੋਵੇ। ਉਹ ਰੋ ਰਹੀ ਸੀ ਉਸ ਸਮਾਜ ਲਈ, ਜੋ ਅੱਜ ਵੀ ਪੁੱਤਰ ਨੂੰ ਮਾਣ ਸਮਝਦਾ ਹੈ ਤੇ ਧੀ ਨੂੰ ਭਾਰ। ਸਮਾਂ ਆ ਗਿਆ ਏ ਰੁਕ ਕੇ ਸੋਚਣ ਦਾ, ਮਹਿਸੂਸ ਕਰਨ ਦਾ ਅਤੇ ਬਦਲਣ ਦਾ। ਜਦੋਂ ਤਕ ਅਸੀਂ 'ਧੀ' ਦੇ ਜਨਮ ਨੂੰ ਸ਼ਾਨ ਨਹੀਂ ਬਣਾਉਂਦੇ, ਉਹ ਹੰਝੂ ਵਗਦੇ ਰਹਿਣਗੇ ਤੇ ਹਰ ਧੀ ਦੀ ਮਾਂ 'ਤੁਸੀਂ ਸਮਝੋ ...' ਆਖਦੀ ਰਹੇਗੀ।
ਉਹ ਰੋ ਰਹੀ ਸੀ, ਪਰ ਉਸ ਦਾ ਉਹ ਰੋਣਾ ਸਿਰਫ਼ ਆਪਣੀ ਅਪਮਾਨਿਤ ਜ਼ਿੰਦਗੀ ਲਈ ਨਹੀਂ ਸੀ। ਉਹ ਹੰਝੂ ਨਹੀਂ ਸਨ, ਉਹ ਤਾਂ ਸਦੀਆਂ ਤੋਂ ਦੱਬੇ ਹੋਏ ਦਰਦ ਦੀ ਸਜੀਵੀ ਚੀਕ ਸਨ। ਧੀਆਂ ਦੀਆਂ ਮਾਵਾਂ ਅੱਜ ਵੀ ਆਪਣੇ ਹੀ ਘਰਾਂ ਵਿਚ ਬੇਗਾਨੀਆਂ ਬਣ ਕੇ ਜੀਅ ਰਹੀਆਂ ਨੇ। ਉਹ ਮਾਂ, ਜੋ ਚਾਰ ਬੱਚਿਆਂ ਦੀ ਮਾਂ ਸੀ, ਅੱਜ ਤਿੰਨ ਨੂੰ ਗਿਣਦੀ ਵੀ ਨਹੀਂ ਸੀ, ਕਿਉਂਕਿ ਸਮਾਜ ਨੇ ਉਸ ਦੇ ਮਨ ਵਿਚ ਇਹ ਲਿਖ ਦਿੱਤਾ ਸੀ ਕਿ ਧੀਆਂ ਕਿਸੇ ਗਿਣਤੀ ਵਿਚ ਨਹੀਂ ਆਉਂਦੀਆਂ।
'ਤੁਸੀਂ ਸਮਝੋ ...' ਇਹ ਸਿਰਫ਼ ਇਕ ਵਾਕ ਨਹੀਂ ਸੀ, ਇਹ ਤਾਂ ਸਾਡੇ ਸਮੂਹਿਕ ਅਣਸੁਣੇ ਪਾਪਾਂ ਦਾ ਖ਼ਾਮੋਸ਼ ਇਲਜ਼ਾਮ ਸੀ। ਸਮਾਂ ਆ ਗਿਆ ਏ, ਜਦੋਂ ਅਸੀਂ ਗੁਰੂ ਨਾਨਕ ਜੀ ਦੀ ਬਾਣੀ ਨੂੰ ਸਿਰਫ਼ ਪੜ੍ਹੀਏ ਹੀ ਨਹੀਂ, ਜੀਵੀਏ ਵੀ, 'ਸੋ ਕਿਉ ਮੰਦਾ ਆਖੀਐ ਜਿਤੁ ਜਮਹਿ ਰਾਜਾਨ।'
ਅਸੀਂ ਚੁੱਪ ਰਹੇ ਤਾਂ ਉਹ ਹੰਝੂ ਕਦੇ ਨਹੀਂ ਸੁੱਕਣਗੇ... ਅਤੇ ਹਰ ਧੀ ਦੀ ਮਾਂ, 'ਤੁਸੀਂ ਸਮਝੋ ...' ਆਖਦੀ ਰਹੇਗੀ। ਸੱਚ ਇਹ ਵੀ ਹੈ ਕਿ ਸਾਰੇ ਲੋਕ ਇਕੋ ਜਿਹੇ ਨਹੀਂ ਹੁੰਦੇ। ਸਮਾਜ ਵਿਚ ਅੱਜ ਵੀ ਬਹੁਤ ਸਾਰੇ ਸਮਝਦਾਰ ਮਾਪੇ ਤੇ ਸੱਸ-ਸਹੁਰੇ ਮੌਜੂਦ ਹਨ, ਜੋ ਧੀਆਂ ਨੂੰ ਪਿਆਰ ਕਰਨ ਵਾਲੇ ਅਤੇ ਵਧੀਆ ਸੋਚ ਵਾਲੇ ਆਪਣੀਆਂ ਨੂੰਹਾਂ ਨੂੰ ਧੀਆਂ ਵਾਂਗ ਸਮਝਦੇ ਹਨ। ਉਹ ਲੋਕ ਧੀਆਂ ਨੂੰ ਰੱਬ ਦੀ ਨਿਆਮਤ ਮੰਨਦੇ ਹਨ।
ਅਸੀਂ ਜੇ ਹਰ ਧੀ ਨੂੰ ਮਾਣ ਦੇਈਏ ਤਾਂ ਅਸਲ ਬਦਲਾਅ ਖੁਦ-ਬ-ਖੁਦ ਆ ਜਾਵੇਗਾ। 'ਤੁਸੀਂ ਸਮਝੋ' ਇਹ ਜੋ ਕੁਝ ਸ਼ਬਦਾਂ ਰਾਹੀਂ ਬਿਆਨਿਆ ਗਿਆ ਹੈ, ਇਹ ਸਿਰਫ਼ ਸ਼ਬਦ ਨਹੀਂ ਹਨ, ਇਹ ਇਕ ਪੁਕਾਰ ਹੈ× ਇਕ ਅਜਿਹੀ ਪੁਕਾਰ ਜੋ ਹਰ ਉਸ ਔਰਤ ਦੇ ਦਿਲ ਵਿਚੋਂ ਨਿਕਲ ਰਹੀ ਹੈ।

-ਸੰਗਰੂਰ। ਮੋਬਾਈਲ : 98776-49587

Ad Position 22
No active advertisement
ਪਿਛਲੀ ਖ਼ਬਰ ਵੇ ਚੰਨਾ ਤੇਰੀ ਕਿਡਨੀ ਨੂੰ ਅਗਲੀ ਖ਼ਬਰ ਬੱਚਿਆਂ ਬਿਨ
Ad Position 24
No active advertisement