ਸਾਡੇ ਘਰ ਵਿਚ ਜਦੋਂ ਮੇਰਾ ਪੋਤਾ ਰੁੱਸਦਾ ਤਾਂ ਉਸ ਦੀ ਮਾਂ ਉਸ ਨੂੰ ਟੋਫੀਆਂ ਦੇ ਕੇ ਨਿੱਕੇ ਸਾਈਕਲ 'ਤੇ ਝੂਟੇ ਦੇ ਕੇ, ਲੈ ਵੇ ਤੇਰੇ ਮਾਮੇ ਨੂੰ ਫੋਨ ਲਾਈਏ, ਲੈ ਵੇ ਤੇਰੀ ਮਾਸੀ ਨੂੰ ਫੋਨ ਲਾਈਏ ਜਾਂ ਆਪਣੇ ਮੋਢੇ ਲਾ ਕੇ ਮਿੱਠੀਆਂ-ਮਿੱਠੀਆਂ ਲੋਰੀਆਂ ਦੇ ਕੇ ਮਨਾ ਲੈਂਦੀ ਆ |
ਇਸ ਤਰ੍ਹਾਂ ਹੀ ਮੇਰਾ ਪੁੱਤ ਵਿਆਹਿਆ ਵਰਿ੍ਹਆ ਵੀ ਮਾਮੂਲੀ ਜਿਹੀ ਰੋਕ-ਟੋਕ ਤੋਂ ਜਾਂ ਫਿਰ ਕੋਈ ਮੰਗ ਪੂਰੀ ਨਾ ਹੋਣ 'ਤੇ ਰੁੱਸ ਜਾਂਦਾ ਏ | ਪਰ ਉਸ ਦੀ ਮਾਂ ਮੇਰੇ ਕੋਲੋਂ ਚੋਰੀ ਪੈਸੇ ਦੇ ਕੇ ਕਹਿੰਦੀ ਹੈ, ਜਾਹ ਲੈ ਆ ਜਿਹੜੀ ਜੀਨ ਦੀ ਪੈਂਟ ਲੈ ਕੇ ਆਉਣੀ, ਜਾਹ ਲੈ ਆ ਜਿਹੜੇ ਬੂਟ ਲੈ ਕੇ ਆਉਣੇ ਨੇ, ਜਾਹ ਤੂੰ ਰੋਟੀ ਖਾ ਲੈ ਮੇਰਾ ਪੁੱਤ ਜਿਹੜਾ ਮੋਬਾਈਲ ਲਿਆਉਣਾ ਲੈ ਆ, ਚੁੱਪ ਕਰਕੇ ਪਰ ਆਪਦੇ ਪਿਓ ਨੂੰ ਨਾ ਦੱਸੀਂ, ਕਹਿ ਕੇ ਆਪਣੇ ਪੁੱਤ ਨੂੰ ਮਨਾ ਲੈਂਦੀ ਆ |
ਪਰ ਮੈਂ ਨਹੀਂ ਰੁੱਸਦਾ | ਇਹ ਨਹੀਂ ਕਿ ਮੈਨੂੰ ਰੁੱਸਣਾ ਨਹੀਂ ਆਉਂਦਾ, ਗੱਲ ਇਹ ਵੀ ਨਹੀਂ ਕਿ ਮੈਂ ਕਿ ਬਹੁਤ ਸਿਆਣਾ ਹੋ ਗਿਆ ਹਾਂ ਜਾਂ ਇਹ ਵੀ ਨਹੀਂ ਕਿ ਮੇਰੀਆਂ ਮੰਗਾਂ ਹੈ ਨੀਂ | ਗੱਲ ਤਾਂ ਹਿ ਹੈ ਕਿ ਜੇਕਰ ਮੈਂ ਰੁੱਸ ਗਿਆ ਤਾਂ 'ਪਰਗਟਾ ਐਂ ਪਿਆ ਏਾ, ਕਿਤੇ ਬੁਖਾਰ ਨੇ ਤਾਂ ਨਹੀਂ ਫੜਿਆ, ਐਵੇਂ ਨਾ ਇਨ੍ਹਾਂ ਮਾਂ-ਪੁੱਤਾਂ ਨਾਲ ਲੜਿਆ ਕਰ, ਇਹ ਤਾਂ ਜਿਹੋ ਜਿਹੇ ਹੈਗੇ, ਹੈਗੇ ਈ ਆ, ਪਰ ਤੂੰ ਤਾਂ ਸਿਆਣਾ ਬਣ, ਉਠ ਮੇਰਾ ਪੁੱਤ ਰੋਟੀ ਖਾ ਲੈ', ਕਹਿ ਕੇ ਮਨਾਉਣ ਵਾਲੀ ਮੇਰੀ ਮਾਂ ਹੈ ਨੀਂ |
-ਮੋਬਾਈਲ : 98553-63234