ਕੋਜ਼ੀੲਕੋਡੇ ਵਿਮਾਨ ਘਟਨਾ ਬਾਰੇ ਸੁਣ ਕੇ ਮੈਨੂੰ 22 ਸਾਲ ਪੁਰਾਣੀ ਗੱਲ ਯਾਦ ਆ ਗਈ | ਵਿਆਹ ਨੂੰ ਮਸੀਂ ਤਿੰਨ ਮਹੀਨੇ ਹੋਏ ਸਨ, ਮੈਨੂੰ ਆਪਣੀ ਮਰਜ਼ੀ ਨਾਲ ਪੱਤਰ ਵਿਹਾਰ ਦੁਆਰਾ ਬੀ. ਐੱਡ ਵਿਚ ਦਾਖਲਾ ਲੈਣ ਲਈ ਪੁਣੇ ਤੋਂ ਪੰਜਾਬ ਆਉਣਾ ਪਿਆ | ਫ਼ੌਜੀਆਂ ਨੂੰ ਵਾਰ-ਵਾਰ ਬਹੁਤੀ ਛੁੱਟੀ ਨਹੀਂ ਮਿਲਦੀ, ਸੋ ਇਹ ਮੇਰਾ ਪਹਿਲਾ ਇਕੱਲਿਆਂ ਗੱਡੀ ਦਾ ਲੰਬਾ ਸਫ਼ਰ ਸੀ | ਮੈਨੂੰ ਅੰਦਰੋਂ ਬਹੁਤ ਡਰ ਲੱਗ ਰਿਹਾ ਸੀ, ਪਰ ਅੱਗੋਂ ਪੜ੍ਹਾਈ ਕਰਨ ਦੀ ਜ਼ਿੱਦ ਵੀ ਮੇਰੀ ਆਪਣੀ ਹੀ ਸੀ | ਉੱਤਰੇ ਹੋਏ ਚਿਹਰੇ ਨਾਲ ਇਹ ਮੈਨੂੰ ਗੱਡੀ ਚੜ੍ਹਾਉਣ ਆਏ | ਡੱਬੇ ਵਿੱਚ ਸੀਟ ਨੰਬਰ 'ਤੇ ਬਿਠਾਉਂਦੇ ਹੋਏ ਇਨ੍ਹਾਂ ਦੇਖ ਲਿਆ ਕਿ ਮੇਰੀ ਸਾਹਮਣੇ ਵਾਲੀ ਸੀਟ 'ਤੇ ਇਕ ਆਰਮੀ ਕਰਨਲ ਦਾ ਪਰਿਵਾਰ ਜਾ ਰਿਹਾ ਹੈ | ਚਲੋ ਕੁਝ ਹੌਸਲਾ ਹੋ ਗਿਆ ਕਿ ਅੰਬਾਲੇ ਤੱਕ ਸਾਥ ਤਾਂ ਹੈ | ਮੇਰੇ ਬਾਹੀਂ ਚੂੜਾ ਪਾਇਆ ਦੇਖ ਉਨ੍ਹਾਂ ਹੌਲੀ ਦੇਣੇ ਅੰਗਰੇਜ਼ੀ ਵਿੱਚ ਪੁੱਛਿਆ, 'ਨਿਊਲੀ ਮੈਰਿਡ | ' ਮੈਂ ਕਿਹਾ 'ਜੀ' | ਜਿਉਂ ਹੀ ਗੱਡੀ ਤੁਰੀ ਮੈਂ ਆਲੇ-ਦੁਆਲੇ ਤੋਂ ਬੇਖ਼ਬਰ ਉਦਾਸ ਹੋ ਗਈ ਤੇ ਕਿੰਨਾ ਚਿਰ ਰੋਂਦੀ ਰਹੀ |
ਗੱਡੀ ਆਪਣੀ ਚਾਲੇ ਚੱਲਦੀ ਰਹੀ, ਕਦੇ ਹੌਲੀ ਹੋ ਜਾਂਦੀ ਕਦੇ ਤੇਜ਼ , ਤੇਜ਼ ਗੱਡੀ ਥੋੜ੍ਹੀ ਡੋਲਦੀ ਹੈ ਪਤਾ ਲੱਗ ਜਾਂਦਾ ਹੈ | ਬਰਸਾਤਾਂ ਦਾ ਮੌਸਮ ਹੋਣ ਕਰਕੇ ਬਾਹਰ ਬਹੁਤ ਮੀਂਹ ਪੈ ਰਿਹਾ ਸੀ | ਰੋਂਦੇ-ਰੋਂਦੇ ਕਦੋਂ ਮੇਰੀ ਅੱਖ ਲੱਗ ਗਈ ਮੈਨੂੰ ਨਹੀਂ ਪਤਾ | ਅੱਧੀ ਕੁ ਰਾਤ ਵੇਲੇ ਇਕਦਮ ਡੱਬੇ ਵਿੱਚ ਰੌਲਾ ਪੈ ਗਿਆ | ਜਾਗੋ-ਮੀਟੀ ਵਿਚ ਮੈਂ ਦੇਖਿਆ ਮੇਰੀ ਸੀਟ ਤੋਂ ਥੋੜ੍ਹੀ ਹੀ ਦੂਰ ਬਾਥਰੂਮ ਸਾਹਮਣੇ ਏ.ਸੀ. ਡੱਬੇ ਦੇ ਸਵਿੱਚਾਂ ਵਾਲੇ ਡੱਬੇ ਵਿਚ ਬਹੁਤ ਜ਼ਿਆਦਾ ਸਪਾਰਕਿੰਗ ਹੋ ਰਹੀ ਸੀ, ਜੋ ਕਿ ਅੱਗ ਵਿਚ ਬਦਲ ਗਈ | ਗੱਡੀ ਕਿਉਂ ਜੋ ਬਹੁਤ ਤੇਜ਼ ਚੱਲ ਰਹੀ ਸੀ | ਕਾਲੀ-ਸਿਆਹ ਰਾਤ ਵਿੱਚ ਬਾਹਰ ਪੈ ਰਹੇ ਮੋਹਲੇਧਾਰ ਮੀਂਹ ਦੀ ਲਗਾਤਾਰ ਆ ਰਹੀ ਆਵਾਜ਼ ਨੇ ਮਾਹੌਲ ਹੋਰ ਵੀ ਡਰਾਉਣਾ ਬਣਾ ਦਿੱਤਾ ਸੀ | ਅੱਗ ਵੇਖ ਕੇ ਸਾਰੇ ਡੱਬੇ ਦੀਆਂ ਸਵਾਰੀਆਂ ਘਬਰਾ ਗਈਆਂ | ਗੱਡੀ ਦੇ ਡੱਬੇ ਦੇ ਦੂਜੇ ਕੋਨੇ ਤੋਂ ਕੰਬਲ ਤੇ ਚਾਦਰ ਵੰਡਣ ਵਾਲਾ ਮੁੰਡਾ ਵੀ ਭੱਜਾ ਆਇਆ | ਪਰ ਕੋਈ ਕੁਝ ਨਹੀਂ ਕਰ ਰਿਹਾ ਸੀ | ਉਸ ਫੌਜੀ ਨੇ ਮੌਕਾ ਸੰਭਾਲਦਿਆਂ ਫੁਰਤੀ ਨਾਲ ਇਕੱਲਿਆਂ ਹੀ ਫਾਇਰ ਐਸਟਿੰਗੁਇਸ਼ਰ (ਅੱਗ ਬੁਝਾਉਣ ਵਾਲਾ ਯੰਤਰ) ਨਾਲ ਅੱਗ ਬੁਝਾ ਦਿੱਤੀ ਅਤੇ ਸਵਿੱਚ ਬੰਦ ਕਰ ਦਿੱਤੇ | ਇਸ ਤੋਂ ਬਾਅਦ ਉਸ ਨੇ ਗੱਡੀ ਦੀ ਚੇਨ ਖਿੱਚ ਦਿੱਤੀ | ਚੇਨ ਖਿੱਚਣ ਵਿਚ ਕਾਫੀ ਦਿੱਕਤ ਆ ਰਹੀ ਸੀ | ਦਰਵਾਜ਼ੇ ਖੋਲ੍ਹ ਦਿੱਤੇ ਗਏ ਤਾਂ ਕਿ ਧੂੰਆਂ ਬਾਹਰ ਨਿਕਲ ਜਾਏ | ਜਦੋਂ ਡਰਾਈਵਰ ਦੇ ਸਾਥੀ ਨੇ ਆ ਕੇ ਦੇਖਿਆ ਕਿ ਸਭ ਠੀਕ ਹੈ ਤਾਂ ਥੋੜ੍ਹੀ ਦੇਰ ਬਾਅਦ ਗੱਡੀ ਫਿਰ ਚੱਲ ਪਈ | ਰੂਟ 'ਤੇ ਆਉਂਦੇ ਵੱਡੇ ਸਟੇਸ਼ਨ ਉੱਤੇ ਰੇਲਵੇ ਵਿਭਾਗ ਵਲੋਂ ਦੁਬਾਰਾ ਚੈਕਿੰਗ ਕੀਤੀ ਗਈ |
ਇਸ ਘਟਨਾ ਤੋਂ ਬਾਅਦ ਮੈਨੂੰ ਨੀਂਦ ਨਹੀਂ ਪਈ, ਮੈਂ ਇਹ ਸੋਚ ਰਹੀ ਸੀ ਜਦੋਂ ਇਹ ਵਾਕਿਆ ਹੋਇਆ ਸਾਰੀਆਂ ਸਵਾਰੀਆਂ ਆਪੋ-ਆਪਣੀ ਸੀਟ 'ਤੇ ਘੂਕ ਸੁੱਤੀਆਂ ਪਈਆਂ ਸਨ | ਮੈਂ ਉਸ ਬੰਦੇ ਨੂੰ ਨਹੀਂ ਜਾਣਦੀ ਪਰ ਹਾਲੇ ਵੀ ਉਸ ਦੀ ਵਿਖਾਈ ਦਲੇਰੀ ਅਤੇ ਚੌਕਸੀ ਮੇਰੀਆਂ ਅੱਖਾਂ ਸਾਹਮਣੇ ਇੰਨ-ਬਿੰਨ ਘੁੰਮ ਜਾਂਦੀ ਹੈ ਕਿਸੇ ਫ਼ਿਲਮ ਦੀ ਰੀਲ੍ਹ ਵਾਂਗ |
-ਮੋਬਾਈਲ : 83605-16714