ਲਗਭਗ ਪੰਜ ਦਹਾਕੇ ਪਹਿਲਾਂ ਦੀ ਗੱਲ ਹੈ ਜਦੋਂ ਮੈਂ ਖੰਨੇ ਤੋਂ ਲੁਧਿਆਣਾ ਖਚਾਖਚ ਭਰੀ ਹੋਈ ਬੱਸ ਵਿਚ ਆ ਰਿਹਾ ਸੀ | ਬਸ ਦੋਰਾਹੇ ਆ ਕੇ ਰੁਕੀ | ਕੁਝ ਸਵਾਰੀਆਂ ਉਤਰ ਗਈਆਂ ਤੇ ਕੁਝ ਚੜ੍ਹ ਗਈਆਂ | ਮੇਰੇ ਕੋਲ ਇਕ ਕੁੜੀ ਅਤੇ ਉਸਦੀ ਮਾਤਾ ਆ ਕੇ ਖਲੋ ਗਈਆਂ | ਜਦੋਂ ਬਸ ਚੱਲੀ ਤਾਂ ਕੁੜੀ ਦੀ ਮਾਤਾ ਨੇ ਮੈਨੂੰ ਕਿਹਾ, ਪੁੱਤ, ਮੇਰੀ ਕੁੜੀ ਨੂੰ ਆਪਣੇ ਨਾਲ ਬਿਠਾ ਲੈ, ਤੇਰਾ ਭਲਾ ਹੋਵੇ | ਮੈਂ ਟੇਢਾ ਜਿਹਾ ਹੋ ਕੇ ਉਸ ਕੁੜੀ ਨੂੰ ਬੈਠਣ ਲਈ ਜਗ੍ਹਾ ਦੇ ਦਿੱਤੀ | ਜ਼ਿਆਦਾ ਸਵਾਰੀਆਂ ਹੋਣ ਕਾਰਨ ਉਸਦੀ ਮਾਤਾ ਅੱਗੇ ਲੰਘ ਗਈ |
'ਕੀ ਤੈਨੂੰ ਬੁਖ਼ਾਰ ਹੈ?' ਮੈਂ ਹੌਸਲਾ ਕਰਕੇ ਉਸਨੂੰ ਪੁੱਛਿਆ |
'ਤੈਨੂੰ ਕਿੱਦਾਂ ਪਤਾ ਲੱਗਾ ?'
'ਤੇਰਾ ਤਪਦਾ ਸਰੀਰ ਮੇਰੇ ਨਾਲ ਛੂਹ ਜੋ ਰਿਹਾ ਹੈ ?'
'ਹਾਂ, ਤੂੰ ਠੀਕ ਕਹਿੰਨਾ | ਮੈਨੂੰ ਪਿਛਲੇ ਦੋ ਦਿਨਾਂ ਤੋਂ ਰੁਕ ਰੁਕ ਕੇ ਬੁਖ਼ਾਰ ਚੜ੍ਹ ਰਿਹਾ ਹੈ ਅਤੇ ਮੇਰੀ ਬੀਬੀ ਮੈਨੂੰ ਇਕ ਦੇਸੀ ਵੈਦ ਕੋਲ ਦਵਾਈ ਦਿਵਾਉਣ ਲੈ ਕੇ ਆਈ ਹੈ |' ਕਹਿ ਕੇ ਉਹ ਚੁੱਪ ਕਰ ਗਈ |
'ਕੀ ਨਾਉਂ ਹੈ ਤੇਰਾ?' ਮੈਂ ਚੁੱਪ ਤੋੜਦਿਆਂ ਕਿਹਾ |
'ਕਮਲਜੀਤ'
'ਬਹੁਤ ਹੀ ਪਿਆਰਾ ਨਾਮ ਹੈ' ਉਹ ਥੋੜ੍ਹਾ ਮੁਸਕਰਾਈ
'ਤੇਰਾ ਵੀ ਤਾਂ ਕੋਈ ਨਾਉਂ ਹੋਵੇਗਾ'
'ਨਿਰਮਲ ਹੈ ਮੇਰਾ ਨਾਉਂ'
'ਇਹ ਵੀ ਤਾਂ ਬਹੁਤ ਪਿਆਰਾ ਨਾਉਂ ਹੈ'
'ਕਿਹੜੀ ਜਮਾਤ ਵਿਚ ਪੜ੍ਹ ਰਹੀ ਹੈਂ ?'
'ਦਸਵੀਂ ਵਿਚ ਤੇ ਤੂੰ ਕੀ ਕਰਦਾਂ?'
'ਮੈਂ ਪੀ.ਏ.ਯੂ. ਵਿਚ ਬੀ.ਐੱਸ.ਸੀ. (ਖੇਤੀਬਾੜੀ) ਵਿਚ ਪਹਿਲੇ ਸਾਲ ਦਾ ਵਿਦਿਆਰਥੀ ਹਾਂ' |
'ਹੈਂ, ਲਗਦਾ ਤਾਂ ਇੰਦਾ ਜਿਵੇਂ ਤੂੰ ਵੀ ਦਸਵੀਂ ਕਲਾਸ ਵਿਚ ਹੀ ਪੜ੍ਹਦਾ ਹੋਵੇਂ | ਉਹ ਮੇਰੇ ਪਹਿਨੇ ਹੋਏ ਕੜੇ ਵਿਚ ਆਪਣੀ ਉਂਗਲੀ ਪਾਉਂਦੀ ਹੋਈ ਬੋਲੀ' |
'ਕਮਲਜੀਤ, ਰੱਬ ਕਰੇ ਤੇਰਾ ਬੁਖਾਰ ਮੈਨੂੰ ਚੜ੍ਹ ਜਾਵੇ' |
'ਨਾ ਨਾ ਐਂਦਾ ਨਾ ਬੋਲ, ਤੂੰ'
'ਕਮਲਜੀਤ, ਮੈਨੂੰ ਤੇਰੇ ਨਾਲ.... |' ਮੈਂ ਕਹਿ ਕੇ ਚੁੱਪ ਕਰ ਗਿਆ |
'ਅਤੇ ਮੈਨੂੰ ਵੀ...' ਉਸ ਨੇ ਕੜੇ ਨੂੰ ਕੱਸ ਕੇ ਪੜਕ ਲਿਆ |
'ਇੰਝ ਲਗਦਾ ਹੈ ਜਿਵੇਂ ਤੇਰਾ ਬੁਖ਼ਾਰ ਉੱਤਰ ਗਿਆ ਹੋਵੇ |'
'ਹਾਂ ਲਗਦਾ ਤਾਂ ਮੈਨੂੰ ਵੀ ਹੈ, ਉਤਰੇ ਵੀ ਕਿਉਂ ਨਾ, ਮੇਰੇ ਨਾਲ ਨਿਰਮਲ ਜੋ ਬੈਠਾ ਹੈ |'
'ਕਮਲਜੀਤ, ਬੱਸ ਅੱਡਾ ਆਉਣ ਵਾਲਾ ਹੈ, ਫਿਰ ਪਤਾ ਨਹੀਂ ਕਦੇ ਮਿਲਾਂਗੇ ਕਿ ਨਹੀਂ |'
'ਜੇ ਰੱਬ ਨੇ ਚਾਹਿਆ ਤਾਂ ਜ਼ਰੂਰ ਮਿਲਾਂਗੇ, ਕਿਉਂਕਿ ਇਹ ਦੁਨੀਆਂ ਬਹੁਤ ਛੋਟੀ ਹੈ |'
ਉਹ ਅੱਖਾਂ ਵਿਚ ਆਏ ਹੰਝੂਆਂ ਨੂੰ ਹਰੇ ਰੰਗ ਦੀ ਚੁੰਨੀ ਨਾਲ ਸਾਫ਼ ਕਰਦੀ ਹੋਈ ਬੋਲੀ |
'ਕਮਲਜੀਤ, ਮਨ ਹੌਲਾ ਨਾ ਕਰ, ਦੁਨੀਆਂ ਵਿਸ਼ਵਾਸ ਤੇ ਜਿਊਾਦੀ ਹੈ, ਇਸ ਸਮੇਂ ਮੈਂ ਤੈਨੂੰ ਕੋਈ ਹੋਰ ਨਿਸ਼ਾਨੀ ਤਾਂ ਦੇ ਨਹੀਂ ਸਕਦਾ, ਹਾਂ ਇਹ ਮੇਰੇ ਪਹਿਨਿਆਂ ਹੋਇਆ ਕੜਾ ਪਿਆਰ ਦੀ ਨਿਸ਼ਾਨੀ ਵਜੋਂ ਰੱਖ ਲੈ |'
'ਧੰਨਵਾਦ, ਕੜੇ ਨੂੰ ਆਪਣੇ ਬੈਗ ਵਿਚ ਰੱਖਦੀ ਹੋਈ ਉਹ ਬੋਲੀ |'
'ਨਿਰਮਲ ਮੈਂ ਤੈਨੂੰ ਜ਼ਿੰਦਗੀ ਭਰ ਨਹੀਂ ਭੁਲਾਂਗੀ |'
'ਤੇ ਮੈਂ ਵੀ ਕਮਲ.... |' ਕਹਿ ਕੇ ਅਸੀਂ ਬੱਸ ਵਿਚੋਂ ਉਤਰ ਗਏ |
ਕਮਲਜੀਤ ਅਤੇ ਉਸਦੀ ਮਾਤਾ ਰਿਕਸ਼ੇ ਵਿਚ ਬੈਠ ਕੇ ਵੈਦ ਵੱਲ ਚੱਲ ਪਈਆਂ | ਕਮਲਜੀਤ ਕਦੇ-ਕਦੇ ਪਿੱਛੇ ਮੇਰੇ ਵੱਲ ਦੇਖ ਲੈਂਦੀ ਸੀ ਤੇ ਮੈਂ ਉਨ੍ਹਾਂ ਚਿਰ ਉੱਥੇ ਖੜ੍ਹਾ ਰਿਹਾ ਜਿੰਨਾ ਚਿਰ ਉਹ ਮੇਰੀਆਂ ਅੱਖਾਂ ਤੋਂ ਉਹਲੇ ਨਾ ਹੋ ਗਈਆਂ |
ਯੂਨੀਵਰਸਿਟੀ ਦੇ ਹੋਸਟਲ ਵਿਚ ਜਦੋਂ ਮੈਂ ਕਮਰੇ ਵਿਚ ਪਹੁੰਚਿਆ ਤਾਂ ਮੇਰਾ ਰੂਮਮੇਟ ਤਰਲੋਕ ਸਹੋਤਾ ਬੈਠਾ ਸੀ | ਮੈਂ ਉਸਦੇ ਗਲ ਲੱਗ ਕੇ ਰੋਣ ਲੱਗ ਪਿਆ | ਉਸਦੇ ਪੁੱਛਣ ਤੇ ਮੈਂ ਸਾਰੀ ਘਟਨਾ ਉਸ ਨੂੰ ਸੁਣਾ ਦਿੱਤੀ |
'ਉਹ ਕਿਹੜੇ ਪਿੰਡ ਦੀ ਹੈ?' ਤਰਲੋਕ ਨੇ ਪੁੱਛਿਆ
'ਮੈਂ ਪੁੱਛਿਆ ਹੀ ਨਹੀਂ'
'ਉਹ ਕਿਹੜੇ ਸਕੂਲ ਵਿਚ ਪੜ੍ਹਦੀ ਹੈ?'
'ਪੁੱਛਣਾ ਦਿਮਾਗ ਵਿਚ ਹੀ ਨਹੀਂ ਆਇਆ'
'ਰਹਿ ਗਿਆ ਨਾ ਕੱਚਾ ਖਿਡਾਰੀ' | ਚੱਲ ਹੁਣ ਇਹ ਸਭ ਕੁਝ ਛੱਡ, ਪੜ੍ਹਾਈ ਵੱਲ ਧਿਆਨ ਦੇ | ਜੇਕਰ ਰੱਬ ਨੇ ਚਾਹਿਆ ਤਾਂ ਤੁਸੀਂ ਜਰੂਰ ਮਿਲੋਗੇ |
ਸਮਾਂ ਆਪਣੀ ਚਾਲ ਚੱਲਦਾ ਰਿਹਾ | ਮੈਂ ਐੱਮ.ਐੱਸਸੀ. ਕਰਨ ਤੋਂ ਬਾਅਦ ਦੋਰਾਹੇ ਕੋਲ ਪਿੰਡ ਧਮੋਟ ਵਿਖੇ ਭੂਮੀ ਰੱਖਿਆ ਨਿਰੀਖਕ ਲੱਗ ਗਿਆ | ਮੇਰੀ ਸਿਹਤ ਅਤੇ ਮੇਰੀ ਦਾੜ੍ਹੀ ਭਰਵੀਂ ਹੋ ਗਈ ਸੀ | ਸਾਡੇ ਦਫ਼ਤਰ ਦੇ ਸਾਹਮਣੇ ਇਕ ਮਿਡਲ ਸਕੂਲ ਸੀ ਜਿਸ ਵਿਚ ਚਾਰ ਪੰਜ ਅਧਿਆਕਾਵਾਂ ਹੀ ਸਨ | ਮੇਰੀ ਨੌਕਰੀ ਦਫ਼ਤਰ ਵਿਚ ਘੱਟ ਅਤੇ ਫੀਲਡ ਵਿਚ ਜ਼ਿਆਦਾ ਹੁੰਦੀ ਸੀ | ਮੈਂ ਪੂਰੇ 9 ਵਜੇ ਦਫ਼ਤਰ ਆ ਜਾਂਦਾ ਅਤੇ ਲਗਭਗ ਇਕ ਵਜੇ ਫੀਲਡ ਵਿਚ ਚਲਾ ਜਾਂਦਾ | ਮੈਨੂੰ ਇੰਝ ਲਗਦਾ ਜਿਵੇਂ ਉਹ ਅਧਿਆਪਕਾਵਾਂ ਮੇਰੇ ਬਾਰੇ ਜ਼ਰੂਰ ਗੱਲ ਕਰਦੀਆਂ ਹੋਣਗੀਆਂ ਕਿ ਮੌਜ ਦੀ ਨੌਕਰੀ ਮਿਲੀ ਹੋਈ ਹੈ | ਦੋ ਤਿੰਨ ਘੰਟੇ ਦਫ਼ਤਰ ਬੈਠੇ ਤੇ ਬਾਅਦ ਵਿਚ ਦਫ਼ਤਰ ਆਵੋ ਜਾਂ ਨਾ ਆਵੋ ਅਤੇ ਅਸੀਂ ਸਵੇਰੇ ਆ ਕੇ ਛੁੱਟੀ ਵੇਲੇ ਹੀ ਘਰ ਜਾ ਸਕਦੀਆਂ ਹਾਂ |
ਇਕ ਦਿਨ ਮੈਂ ਦਫ਼ਤਰ ਬੈਠਾ ਹੀ ਸੀ ਕਿ ਇਕ ਸਕੂਲ ਦੀ ਬੱਚੀ ਨੇ ਆਕੇ ਕਿਹਾ ਮੈਡਮਾਂ ਨੇ ਕਿਹਾ ਹੈ ਕਿ ਉਹ ਚਾਹ ਬਣਾਉਣ ਲੱਗੀਆਂ ਹਨ, ਕੀ ਤੁਸੀਂ ਚਾਹ ਪੀਉਗੇ? ਬੇਟੇ ਤੇਰੀਆਂ ਮੈਡਮਾਂ ਦਾ ਕੀ ਨਾਮ ਹੈ? ਅੰਕਲ, ਸਾਡੀਆਂ ਮੈਡਮਾਂ ਦਾ ਨਾਮ ਬਲਜੀਤ, ਨੀਰੂ, ਕਰਮਜੀਤ, ਕਮਲਜੀਤ ਅਤੇ ਹਰਜੀਤ ਕੌਰ ਹੈ | ਕਮਲਜੀਤ ਦਾ ਨਾਮ ਸੁਣ ਕੇ ਮੈਂ ਤ੍ਰਬਕ ਗਿਆ | ਮੈਂ ਉਸ ਬੱਚੀ ਨੂੰ ਕਿਹਾ ਕਿ ਤੂੰ ਕਮਲਜੀਤ ਮੈਡਮ ਨੂੰ ਕਹਿ ਕਿ ਮੈਂ ਉਸ ਨੂੰ ਮਿਲਣਾ ਚਾਹੁੰਦਾ ਹਾਂ |
ਕੁਝ ਸਮੇਂ ਬਾਅਦ ਮੇਰੇ ਸਾਹਮਣੇ ਸਾਢੇ ਪੰਜ ਫੁੱਟ ਲੰਬੀ ਗੋਰੇ ਰੰਗ ਅਤੇ ਤਿੱਖੇ ਨੈਣ ਨਕਸ਼ਾਂ ਵਾਲੀ ਸ਼ਖ਼ਸੀਅਤ ਖਲੋਤੀ ਸੀ | ਸ਼ਾਇਦ ਮੈਂ ਉਸ ਨੂੰ ਨਾ ਪਹਿਚਾਣਦਾ ਜੇਕਰ ਮੇਰੀ ਨਿਗ੍ਹਾ ਉਸ ਦੇ ਪਹਿਨੇ ਹੋਏ ਕੜੇ ਵੱਲ ਨਾ ਜਾਂਦੀ | ਮੈਂ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ |
'ਆਹ ਕੜਾ ਤੁਹਾਨੂੰ ਕਿਥੋਂ ਮਿਲਿਆ?'
'ਉਹ ਇਕ ਠੰਢਾ ਹੋਕਾ ਭਰ ਕੇ ਚੁੱਪ ਬੈਠੀ ਰਹੀ ਅਤੇ ਇੰਝ ਲਗਦਾ ਸੀ ਜਿਵੇਂ ਉਹ ਅਤੀਤ ਵਿਚ ਗੁਆਚ ਗਈ ਹੋਵੇ |
'ਕਮਲਜੀਤ, ਰੱਬ ਕਰੇ ਤੇਰਾ ਬੁਖਾਰ ਮੈਨੂੰ ਚੜ੍ਹ ਜਾਵੇ' ਮੈਂ ਉਸ ਨੂੰ ਯਾਦ ਕਰਾਉਣ ਲਈ ਬੋਲਿਆ |
'ਨਾ ਨਾ ਐਂਦਾ ਨਾ ਬੋਲ ਤੂੰ.....' ਉਸ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ |
'ਕੀ ਹੁਣ ਤੁਸੀਂ ਮੈਨੂੰ ਪਹਿਚਾਣਿਆਂ?' ਮੈਂ ਕੜੇ ਵਿਚ ਆਪਣੀ ਉਂਗਲੀ ਪਾਉਂਦੇ ਕਿਹਾ' |
'ਤੁਸੀਂ ਮੇਰੇ ਨਿਰਮਲ ਹੋ ਨਾ!' ਉਹ ਚੀਕ ਕੇ ਬੋਲੀ
'ਹਾਂ ਕਮਲਜੀਤ, ਮੈਂ ਉਹੀ ਨਿਰਮਲ ਹਾਂ ਜਿਸ ਨੇ ਤੁਹਾਡੇ ਨਾਲ ਸੱਤ ਸਾਲ ਪਹਿਲਾਂ ਦੋਰਾਹੇ ਤੋਂ ਲੁਧਿਆਣੇ ਤੱਕ ਬੱਸ ਵਿਚ ਸਫ਼ਰ ਕੀਤਾ ਸੀ | ਕਮਲਜੀਤ, ਤੁਸੀਂ ਉਦੋਂ ਵਿਛੜਨ ਲੱਗੇ ਕਿਹਾ ਸੀ ਕਿ ਦੁਨੀਆਂ ਬਹੁਤ ਛੋਟੀ ਹੈ, ਆਪਾਂ ਜ਼ਰੂਰ ਮਿਲਾਂਗੇ ਤੇ ਉਹ ਗੱਲ ਸੱਚੀ ਹੋ ਗਈ |'
'ਵਾਕਿਆ ਹੀ ਦੁਨੀਆਂ ਬਹੁਤ ਛੋਟੀ ਹੈ |' ਕੱਲ੍ਹ ਮਿਲਣ ਦਾ ਵਾਅਦਾ ਕਰਕੇ ਉਹ ਸਕੂਲ ਵੱਲ ਚੱਲ ਪਈ |
-ਮੋਬਾਈਲ : 98883-65000