ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਲੱਭੂ ਰਾਮ 'ਜੋਸ਼' ਮਲਸਿਆਨੀ

Ad Position 21
No active advertisement
ਅਜੀਤ ਡੈਸਕ 14-06-2026

(01 ਫਰਵਰੀ, 1884-01 ਜਨਵਰੀ, 1976)
ਨਕੋਦਰ, ਜ਼ਿਲ੍ਹਾ ਜਲੰਧਰ ਵਿਚ ਸਤਲੁਜ ਦੇ ਕੰਢੇ ਪਿੰਡ ਮਲਸੀਆਂ ਇਕ ਘੁੱਗ ਵਸਦਾ ਪਿੰਡ ਸੀ, ਜੋ ਬਾਬਾ ਖੇਮ ਸਿੰਘ ਬੇਦੀ ਦੀ ਸਰਦਾਰੀ ਹੇਠ ਸੀ। ਬਾਬਾ ਬੇਦੀ ਉਨ੍ਹੀਵੀਂ ਸਦੀ ਵਿਚ ਰਾਵਲਪਿੰਡੀ ਚਲੇ ਗਏ। ਉਥੇ ਸੱਯਦਾਂ, ਪਠਾਣਾਂ ਤੇ ਹੋਰ ਜਾਤੀਆਂ ਦੇ ਲੋਕ ਵਸਦੇ ਸਨ। ਪੰਡਿਤਾਂ ਦੇ ਕੇਵਲ ਤਿੰਨ ਘਰ ਸਨ, ਜੋ ਗ਼ਰੀਬੀ ਦਾਅਵੇ ਨਾਲ ਗੁਜ਼ਾਰਾ ਕਰਦੇ ਰਹੇ। ਫਿਰ ਉਨ੍ਹਾਂ ਦੇ ਬਜ਼ੁਰਗਾਂ ਨੇ ਪਿਸ਼ੌਰ, ਕਾਬਲ ਤੱਕ ਵਪਾਰ ਕਰਨ ਦੇ ਹੀਲੇ ਕੀਤੇ ਪਰ ਗ਼ਰੀਬੀ ਹੀ ਪੱਲੇ ਪਈ। ਉਨ੍ਹਾਂ 'ਚੋਂ ਇਕ ਬ੍ਰਾਹਮਣ ਪਰਿਵਾਰ ਵਿਚ ਇਕ ਜ਼ਹੀਨ ਬਾਲਕ ਨੇ ਜਨਮ ਲਿਆ। ਉਹ ਮਦਰੱਸੇ ਵਿਚ ਉਰਦੂ, ਫ਼ਾਰਸੀ ਪੜ੍ਹਦਾ ਸੀ ਤੇ ਅੱਠਵੀਂ ਜਮਾਤ ਵਿਚ ਹੀ ਸ਼ਾਇਰੀ ਕਰਨ ਲੱਗਾ। ਉਹਦਾ ਨਾਂਅ ਲੱਭੂ ਰਾਮ ਸੀ। 'ਜੋਸ਼' ਉਸ ਨੇ ਸ਼ਾਇਰਾਨਾ ਤਖ਼ੱਲਸ ਰੱਖਿਆ। ਸਕੂਲੀ ਵਿੱਦਿਆ ਪਿੱਛੋਂ ਲਾਹੌਰ ਤੋਂ ਟੀਚਰ ਟਰੇਨਿੰਗ ਕਰਕੇ ਆਪਣੇ ਇਲਾਕੇ ਵਿਚ ਡਿਸਟ੍ਰਿਕਟ ਬੋਰਡ ਦੇ ਸਕੂਲ ਵਿਚ ਅਧਿਆਪਕ ਲੱਗ ਗਿਆ। ਉਹ ਬਹੁਤ ਤੇਜ਼ ਦਿਮਾਗ ਤੇ ਸ਼ਰੀਫ ਸੁਭਾਅ ਦਾ ਸੀ। ਆਪਣੀ ਮਿਹਨਤ ਨਾਲ ਉਰਦੂ, ਫ਼ਾਰਸੀ ਦਾ ਵੱਡਾ ਵਿਦਵਾਨ ਬਣਿਆ ਤੇ ਡਾਕ ਰਾਹੀਂ ਗ਼ਜ਼ਲਾਂ ਭੇਜ ਕੇ ਉਸ ਸਮੇਂ ਦੇ ਸਭ ਤੋਂ ਵੱਡੇ ਸ਼ਾਇਰ ਮਿਰਜ਼ਾ ਖ਼ਾਨ 'ਦਾਗ਼' ਦੇਹਲਵੀ ਤੋਂ ਆਪਣੀ ਸ਼ਾਇਰੀ ਵਿਚ ਪਕਿਆਈ ਹਾਸਿਲ ਕੀਤੀ। ਡਾਕਟਰ ਇਕਬਾਲ ਵੀ ਕੁਝ ਚਿਰ 'ਦਾਗ਼' ਦੇਹਲਵੀ ਦਾ ਸ਼ਾਗਿਰਦ ਰਿਹਾ ਸੀ। ਪੰਜਾਬ ਵਿਚ ਸਰਕਾਰੀ ਤੇ ਸਿੱਖਿਆ ਦੀ ਭਾਸ਼ਾ ਉਰਦੂ ਸੀ। ਪੜ੍ਹੇ-ਲਿਖੇ ਲੋਕ ਮੁਸ਼ਾਇਰਿਆਂ ਵਿਚ ਦਿਲ ਪਰਚਾਵਾ ਕਰਦੇ ਸਨ ਤੇ ਪਿੰਡਾਂ ਵਿਚ ਦਿਨੇ ਗੌਣ, ਜਲਸੇ ਤੇ ਰਾਤੀਂ ਨਚਾਰਾਂ ਦੇ ਪ੍ਰੋਗਰਾਮ ਚਲਦੇ ਸਨ। ਕਹਿ ਸਕਦੇ ਹਾਂ ਕਿ ਪੰਜਾਬ ਵਿਚ ਕਲਚਰ ਦੀਆਂ ਦੋ ਸ਼੍ਰੇਣੀਆਂ ਭਾਵ ਪੜ੍ਹਾਕੂ ਸ਼ਹਿਰਾਂ-ਕਸਬਿਆਂ ਵਾਲਿਆਂ ਤੇ ਪੇਂਡੂ ਕਿਸਾਨਾਂ ਮਜ਼ਦੂਰਾਂ ਦੇ ਸ਼ੌਕ ਤੇ ਜ਼ੌਕ ਅੱਡੋ - ਅੱਡ ਸਨ।
ਉਹ ਨਕੋਦਰ ਵਿਚ ਨਿਵਾਸ ਕਰਕੇ ਇਲਾਕੇ ਦੇ ਪਿੰਡਾਂ ਵਿਚ ਬੱਚਿਆਂ ਨੂੰ ਪੜ੍ਹਾਉਂਦਾ ਤੇ ਦੂਰ-ਦੂਰਾਡੇ ਮੁਸ਼ਾਇਰਿਆਂ ਵਿਚ ਸ਼ਾਮਿਲ ਹੁੰਦਾ। ਸਿਰ 'ਤੇ ਚਿੱਟੀ ਪੱਗ, ਚਿੱਟਾ ਲਿਬਾਸ, ਗਰਮੀ, ਬੱਦਲਵਾਈ ਵਿਚ ਘਰੋਂ ਤੁਰਦਾ ਤਾਂ ਰਾਹ ਵਿਚ ਉਸ ਨੂੰ 'ਸਲਾਮੁਲ ਏਕਮ', 'ਰਾਮ-ਰਾਮ', 'ਸਾ'ਸਰੀ ਕਾਲ' ਨਾਲ ਨਿਵਾਜਿਆ ਜਾਂਦਾ ਤੇ ਮੁਸ਼ਾਇਰਿਆਂ ਵਿਚ ਇਕ ਉਸਤਾਦ ਸ਼ਾਇਰ ਦਾ ਸਨਮਾਨ ਮਿਲਦਾ। ਇਕ ਵਾਰ ਇਕ ਵੱਡੇ ਮੁਸ਼ਾਇਰੇ ਵਿਚ ਭਾਰਤ ਸਰਕਾਰ ਦੇ ਉੱਚ ਅਧਿਕਾਰੀ, ਮਿਸਟਰ ਚੌਧਰੀ ਮੁਹੰਮਦ ਅਲੀ ਮੁਸ਼ਾਇਰੇ ਦੀ ਸਦਾਰਤ (ਪ੍ਰਧਾਨਗੀ) ਕਰ ਰਹੇ ਸਨ (ਜੋ ਪਿੱਛੋਂ ਜਾ ਕੇ ਪਾਕਿਸਤਾਨ ਦੇ ਚੌਥੇ ਪ੍ਰਧਾਨ ਮੰਤਰੀ ਬਣੇ)। ਹੋਰ ਨਿੱਕੇ-ਵੱਡੇ ਸ਼ਾਇਰਾਂ ਨਾਲ 'ਜੋਸ਼' ਮਲਸਿਆਨੀ ਦੇ ਸੰਗ ਉਸ ਦਾ ਪੁੱਤਰ ਬਾਲ ਮੁਕੰਦ 'ਅਰਸ਼' ਮਲਸਿਆਨੀ ਵੀ ਸੀ। ਸਭਨਾਂ ਦੇ ਚੰਗੇ ਸ਼ੇਅਰਾਂ ਨੂੰ ਵਾਹ-ਵਾਹ ਤੇ ਦਾਦ ਮਿਲੀ ਤੇ 'ਜੋਸ਼' ਅਤੇ 'ਅਰਸ਼' ਨੂੰ ਵੀ ਖ਼ਾਸ ਧਿਆਨ ਨਾਲ ਸੁਣਿਆ ਗਿਆ। ਚੌਧਰੀ ਮੁਹੰਮਦ ਅਲੀ ਨੇ ਇਨ੍ਹਾਂ ਦੋਨਾਂ ਨਾਲ ਗੱਲ ਕੀਤੀ ਤੇ 'ਅਰਸ਼' ਮਲਸਿਆਨੀ ਨੂੰ ਦਿੱਲੀ ਸਰਕਾਰੀ ਨੌਕਰੀ 'ਤੇ ਲਗਾ ਦਿੱਤਾ।
ਉਰਦੂ ਸ਼ਾਇਰੀ ਵਿਚ ਮੁੱਢ ਤੋਂ ਲੈ ਕੇ ਹੁਣ ਤੱਕ ਕੁਝ ਚਿੰਨ੍ਹਾਂ, ਬਿੰਬਾਂ ਜਿਵੇਂ ਗੁਲੋ-ਬੁਲਬੁਲ, ਸ਼ਮ੍ਹਾਂ-ਪਰਵਾਨਾ, ਪੈਮਾਨਾ-ਮੈਖ਼ਾਨਾ, ਆਸ਼ਿਕ-ਮਾਸ਼ੂਕ, ਹਿਜਰ-ਵਸਲ ਤੇ ਕੁਝ ਇਸਲਾਮਿਕ ਰਵਾਇਤਾਂ ਦੀ ਗ਼ੈਰਜ਼ਰੂਰੀ ਹੱਦ ਤੱਕ ਵਰਤੋਂ ਹੋ ਰਹੀ ਸੀ। ਭਾਰਤ ਦੇ ਕੁਝ ਕੁ ਹੋਰ ਕਵੀਆਂ ਦੇ ਨਾਲ ਪੰਜਾਬ ਦੇ ਸ਼ਾਇਰਾਂ 'ਹਾਲੀ', 'ਇਕਬਾਲ', 'ਮਹਿਰੂਮ', 'ਹਫ਼ੀਜ਼ ਜਲੰਧਰੀ', ਤੇ 'ਜੋਸ਼' ਮਲਸਿਆਨੀ ਨੇ ਇਸ ਰਵਾਇਤ ਨੂੰ ਠੱਲ੍ਹ ਪਾਈ। 'ਜੋਸ਼' ਨੇ ਤਾਂ ਬਹੁਤ ਬਾ-ਕਮਾਲ ਤੇ ਉੱਚ ਪੱਧਰ ਦੇ ਸ਼ੇਅਰ ਲਿਖੇ, ਨਜ਼ਮ (ਕਵਿਤਾ) ਰਾਹੀਂ ਵੀ ਆਪਣੇ ਖ਼ਿਆਲ ਜ਼ਾਹਿਰ ਕੀਤੇ। ਉਸ ਨੇ ਹਿੰਦੂ-ਸਿੱਖ ਸ਼ਖ਼ਸੀਅਤਾਂ, ਵੈਦਿਕ, ਪੁਰਾਣਿਕ, ਸਿੱਖ ਰਹੁ-ਰੀਤਾਂ ਤੇ ਸਨਮਾਨ ਯੋਗ ਹਸਤੀਆਂ ਬਾਰੇ ਵੀ ਲਿਖਿਆ ਤੇ ਪੰਜਾਬ ਦੇ ਤਿੱਥਾਂ ਤਿਉਹਾਰਾਂ, ਮੇਲਿਆਂ ਆਦਿ ਬਾਰੇ ਵੀ ਨਜ਼ਮਾਂ ਰਚੀਆਂ। ਉਸ ਨੇ ਦੇਸ਼ ਦੀ ਅਜ਼ਾਦੀ ਦੇ ਆਗਮਨ 'ਤੇ ਖੁਸ਼ੀਆਂ ਦੇ ਜਸ਼ਨ ਵੀ ਮਨਾਏ। 'ਜੋਸ਼' ਨੇ ਜੋ ਵੀ ਸ਼ੇਅਰ ਲਿਖੇ ਉਹ ਉੱਚ ਪੱਧਰੇ ਹੀ ਰਹੇ। ਉਸ ਨੂੰ ਭਾਸ਼ਾ ਵਿਭਾਗ, ਪੰਜਾਬ ਵਲੋਂ ਸਨਮਾਨਿਤ ਕੀਤਾ ਗਿਆ। ਉਸ ਦੀ ਸਮੂਹ ਜਾਂ ਹੱਥ ਲੱਗਦੀ ਰਚਨਾ ਨੂੰ 'ਅਰਸ਼' ਮਲਸਿਆਨੀ ਵਲੋਂ ਸੰਪਾਦਿਤ ਕਰਵਾ ਕੇ 'ਭਾਸ਼ਾ ਵਿਭਾਗ' ਪੰਜਾਬ ਨੇ ਛਪਵਾਇਆ। ਉਸ ਨੂੰ ਭਾਰਤ ਸਰਕਾਰ ਨੇ 'ਪਦਮਸ੍ਰੀ' ਨਾਲ ਸਨਮਾਨਿਤ ਕੀਤਾ। 'ਜੋਸ਼' ਮਲਸਿਆਨੀ ਦੀਆਂ ਗ਼ਜ਼ਲਾਂ ਤੇ ਨਜ਼ਮਾਂ ਵਿਚੋਂ ਕੁਝ ਸ਼ੇਅਰ ਤੇ ਅੰਸ਼ ਸੂਝਵਾਨ ਪਾਠਕਾਂ ਨੂੰ ਪੇਸ਼ ਕਰਦੇ ਹਾਂ:
ਗ਼ਜ਼ਲ
ਦਿਲ ਪੇ ਜੋ ਗੁਜ਼ਰੀ ਕੋਈ ਕਿਆ ਜਾਨੇ,
ਯਾ ਤੋ ਹਮ ਜਾਨੇ ਯਾ ਖ਼ੁਦਾ ਜਾਨੇ।

ਖ਼ਾਕ ਝ੍ਹੇਲੇਗਾ ਵੋਹ ਮੁਸਬੀਤੇ-ਇਸ਼ਕ
ਜੋ ਲਗਾ ਕਰ ਨ ਫਿਰ ਬੁਝਾ ਜਾਨੇ।

ਬਾਤ ਰਿੰਦੀ (ਨਸ਼ਾ) ਕੀ ਮੁਝ ਕੋ ਆਤੀ ਹੈ,
ਪਾਰਸਾ ਕੀ ਪਾਰਸਾ (ਧਰਮੀ ਬੰਦਾ) ਜਾਨੇ।

ਤੁਝ ਕੋ ਅਪਨੀ ਖ਼ਬਰ ਨਹੀਂ ਐ 'ਜੋਸ਼'
ਤੂੰ ਖ਼ੁਦਾ ਕੇ ਰਾਜ਼ (ਭੇਤ) ਕਿਆ ਜਾਨੇ।
ਵਤਨ ਕੀ ਸਰਜ਼ਮੀਂ
ਵਤਨ ਕੀ ਸਰਜ਼ਮੀਂ ਸੇ ਇਸ਼ਕੋ-ਉਲਫ਼ਤ ਹਮ ਭੀ ਰਖਤੇ ਹੈਂ।
ਖਟਕਤੀ ਜੋ ਰਹੇ ਦਿਲ ਮੇਂ ਵੋਹ ਹਸਰਤ ਹਮ ਭੀ ਰਖਤੇ ਹੈਂ।
ਜ਼ਰੂਰਤ ਹੋ ਤੋ ਮਰ ਮਿਟਨੇ ਕੀ ਹਿੰਮਤ ਹਮ ਭੀ ਰਖਤੇ ਹੈਂ।
ਯੇਹ ਜੁਰਅਤ1 ਯੇਹ ਸ਼ੁਜਾਅਤ2 ਯੇਹ ਬਸਾਲਤ3 ਹਮ ਭੀ ਰਖਤੇ ਹੈਂ।
ਜ਼ਮਾਨੇ ਕੋ ਹਿਲਾ ਦੇਨੇ ਕੇ ਦਾਅਵੇ ਬਾਂਧਨੇ ਵਾਲੋ,
ਜ਼ਮਾਨੇ ਕੋ ਹਿਲਾ ਦੇਨੇ ਕੀ ਤਾਕਤ ਹਮ ਭੀ ਰਖਤੇ ਹੈਂ।
ਬਲਾ ਸੇ ਹੋ ਅਗਰ ਸਾਰਾ ਜਹਾਂ ਉਨਕੀ ਹਿਮਾਇਤ ਪਰ,
ਖ਼ੁਦਾਏ-ਹਰਦੋ-ਆਲਮ4 ਕੀ ਹਿਮਾਇਤ ਹਮ ਭੀ ਰਖਤੇ ਹੈਂ।
ਗਿਲਾ ਨਾਮਿਹਰਬਾਨੀ ਕਾ ਤੋ ਸਭਸੇ ਸੁਨ ਲੀਆ ਤੁਮਨੇ
ਤੁਮ੍ਹਾਰੀ ਮਿਹਰਬਾਨੀ ਕੀ ਸ਼ਿਕਾਇਤ ਹਮ ਭੀ ਰਖਤੇ ਹੈਂ।
ਹਮਾਰਾ ਨਾਮ ਭੀ ਸ਼ਾਇਦ ਗੁਨਾਹਗਾਰੋਂ ਮੇਂ ਸ਼ਾਮਿਲ ਹੋ
ਜਨਾਬੇ 'ਜੋਸ਼' ਸੇ ਸਾਹਬ ਸਲਾਮਤ ਹਮ ਭੀ ਰਖਤੇ ਹੈਂ।
1. ਹਿੰਮਤ 2. ਹੌਸਲਾ 3. ਬਹਾਦਰੀ 4. ਪਰਮਾਤਮਾ
ਗ਼ਜ਼ਲ
ਖ਼ਬਰ ਉੜੀ ਹੈ ਚਮਨ ਮੇਂ ਖ਼ਿਜ਼ਾਂ ਆਨੇ ਕੀ।
ਉੜੇਗੀ ਖ਼ਾਕ ਭੀ ਅਬ ਮੇਰੇ ਆਸ਼ਿਆਨੇ ਕੀ।

ਬਿਆਨ ਫ਼ਿਰ ਵੁਹੀ ਗੁਜ਼ਰੇ ਹੂਏ ਜ਼ਮਾਨੇ ਕਾ,
ਕੋਈ ਤੋ ਬਾਤ ਗੁਜ਼ਰਤੇ ਹੂਏ ਜ਼ਮਾਨੇ ਕੀ।

ਘੁਲੀ ਮਿਲੀ ਨਜ਼ਰ ਆਤੀ ਹੈ ਜਾ-ਬ-ਜਾ1 ਸਬਕੋ
ਮਿਰੇ ਫ਼ਸਾਨੇ ਮੇਂ ਬਾਤੇਂ ਤੇਰੇ ਫ਼ਸਾਨੇ ਕੀ।

ਗਿਲਾ ਨਹੀਂ ਹੈ ਅਗਰ ਆਪ ਮੁਝ ਕੋ ਭੂਲ ਗਏ,
ਮੇਰੇ ਖ਼ੁਦਾ ਕੋ ਭੀ ਆਦਤ ਹੈ ਭੂਲ ਜਾਨੇ ਕੀ।

ਦਿਮਾਗ਼ੇ-ਨਗ਼ਮਾਏ2 ਰੰਗੀਂ ਅਭੀ ਕਹਾਂ ਮੁਝਕੋ,
ਅਭੀ ਤੋ ਖ਼ੈਰ ਮਨਾਤਾ ਹੂੰ ਆਸ਼ਿਆਨੇ ਕੀ।

ਫ਼ੰਸਾ ਹੀ ਲੇਤੀ ਹੈ ਇਨਸਾਂ ਕੋ ਪਿਆਰ ਕੀ ਨਜ਼ਰੇਂ,
ਯੇਹ ਦਾਮ3 ਵੁਹ ਹੈ ਕਿ ਹਾਜਤ4 ਨਹੀਂ ਹੈ ਦਾਨੇ ਕੀ।

ਜ਼ਰਾ ਸੀ ਬਾਤ ਪੇ ਵੋਹ ਭੀ ਬਿਗੜ ਗਏ ਮੁਝ ਸੇ,
ਬਿਗੜਤੀ ਜਾਤੀ ਹੈ ਕੈਸੀ ਹਵਾ ਜ਼ਮਾਨੇ ਕੀ।

1. ਚਾਰ ਚੁਫ਼ੇਰੇ 2. ਸੁਹਣੇ ਗੀਤਾਂ ਦਾ ਵਿਚਾਰ 3. ਫੰਦਾ 4. ਜ਼ਰੂਰਤ
ਗ਼ਜ਼ਲ
ਹਰ ਗਾਮ ਪੇ ਆਫ਼ਤ ਹੈ, ਮੁਸੀਬਤ ਹੈ, ਬਲਾ ਹੈ।
ਹਸਤੀ1 ਮੇਰੀ ਨਜ਼ਰੋਂ ਮੇਂ, ਗੁਨਾਹੋਂ ਕੀ ਸਜ਼ਾ ਹੈ।

ਅਬ ਹਮ ਭੀ ਕੁਛ ਇਜ਼ਹਾਰੇ-ਤਮੰਨਾ2 ਨ ਕਰੇਂਗੇ,
ਵੋਹ ਰੂਠ ਗਏ ਹੈਂ ਤੋ ਹਮਾਰਾ ਭੀ ਖ਼ੁਦਾ ਹੈ।

ਸਾਕੀ ਮੁਝੇ ਦੋ ਘੂੰਟ ਪੇ ਟਾਲਾ ਹੈ ਜੋ ਤੂਨੇ,
ਦਿਲ ਭੀ ਮੇਰਾ ਤੋਬਾ ਕੀ ਤਰ੍ਹਾ ਟੂਟ ਗਿਆ ਹੈ।

1. ਹੋਂਦ 2. ਇੱਛਾ ਦਾ ਪਰਗਟਾਓ
ਗ਼ਜ਼ਲ
ਐ ਮਸਤੇ-ਰਊਨਤ1, ਯੇਹ ਜਵਾਨੀ ਨ ਰਹੇਗੀ।
ਜਿਸ ਹੁਸਨ ਪੇ ਨਾਜ਼ਾਂ ਹੋ ਵੋਹ ਪਰ2 ਤੋਲ ਰਹਾ ਹੈ।

ਕੁਛ ਜਜ਼ਬਾ-ਏ-ਸਾਦਕ3 ਹੋ, ਕੁਛ ਇਖਲਾਸ4
ਇਸ ਸੇ ਹਮੇ ਕਿਆ ਗ਼ਰਜ਼, ਵੋਹ ਬੁਤ ਹੈ ਕਿ ਖ਼ੁਦਾ ਹੈ।

ਆਗ਼ਾਜ਼ੇ5-ਵਫ਼ਾ 'ਜੋਸ਼' ਮੈਂ ਅਬ ਭੂਲ ਚੁਕਾ ਹੂੰ
ਅਬ ਦਿਲ ਮੇਰਾ ਅੰਜਾਮੇ6-ਵਫ਼ਾ ਸੋਚ ਰਹਾ ਹੈ।

1. ਮਾਣ-ਮੱਤੀ 2. ਖੰਭ 3. ਸੱਚੀ ਭਾਵਨਾ
4. ਸ਼ੁਭ ਭਾਵਨਾ 5. ਆਰੰਭ 6. ਅੰਤ

Ad Position 22
No active advertisement
ਪਿਛਲੀ ਖ਼ਬਰ ਤੇਰੇ ਦਿਲ ਦਾ ਭੇਤ ਜੇ ਪਹਿਲਾਂ ਪਾ ਲੈਂਦੇ ਅਗਲੀ ਖ਼ਬਰ ਕਹਾਣੀ-ਵਾਕਿਆ ਹੀ ਦੁਨੀਆ ਬਹੁਤ ਛੋਟੀ ਹੈ!
Ad Position 24
No active advertisement