ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਕਹਾਣੀ-ਬਹਾਰ ਤਾਂ ਹੁਣ ਆਈ ਹੈ

Ad Position 21
No active advertisement
ਅਜੀਤ ਡੈਸਕ 14-06-2026

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਮਾਤਾ ਜੀ! ਮੈਂ ਤੁਹਾਡੇ ਨਾਲ ਸੌ ਪ੍ਰਤੀਸ਼ਤ ਸਹਿਮਤ ਹਾਂ ਕਿ ਉਨ੍ਹਾਂ ਨੇ ਆਪਣੇ ਨਾਲ ਬਹੁਤ ਵਧੀਕੀਆਂ ਕੀਤੀਆਂ ਹਨ ਪਰ ਦੇਖੋ ਨਾ! ਆਪਾਂ ਘਰ ਦਾ ਘਰ ਹਾਂ, ਹੋਰ ਹੁਣ ਭਲਾਂ ਆਪਾਂ ਕਿੰਨਾ ਕੁ ਚਿਰ ਰੁੱਸੇ ਰਹਾਂਗੇ? ਹਰ ਚੀਜ਼ ਦੀ ਕੋਈ ਨਾ ਕੋਈ ਹੱਦ ਵੀ ਤਾਂ ਹੁੰਦੀ ਏ।
'ਪਰ ਕਾਕਾ! ਤੂੰ ਕਹਿਣਾ ਕੀ ਚਾਹੁੰਦਾ ਏਂ?' ਮਾਂ ਦਾ ਚਿਹਰਾ ਇਕ ਦਮ ਤਣ ਗਿਆ ਸੀ।
'ਮਾਤਾ ਜੀ! ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਸਾਰਾ ਪਰਿਵਾਰ ਆਪਣੇ ਆਪ ਹੀ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਵਿਆਹ ਦੀਆਂ ਵਧਾਈਆਂ ਦੇ ਆਈਏ।' ਮੈਂ ਆਪਣਾ ਪੱਖ ਪੇਸ਼ ਕੀਤਾ।
ਮਾਂ ਹੋਰ ਵੀ ਗੁੱਸੇ ਵਿਚ ਆ ਗਈ ਤੇ ਹਿਰਖ ਕੇ ਬੋਲੀ, 'ਹੇਖਾਂ! ਸ਼ਰਮ ਤਾਂ ਨ੍ਹੀਂ ਆਉਂਦੀ ਤੈਨੂੰ! ਅਗਲਿਆਂ 'ਚ ਤਾਂ ਪੂਰੀ ਸੱਤ ਮਣ ਪੱਕੀ ਆਕੜ ਐ, ਏਥੇ ਤਾਂ ਮਾਰ ਕਿਤੇ ਬਹੁਤ ਤੈਨੂੰ ਸੱਦੇ ਪੱਤਰ ਆਏ ਪਏ ਨੇ ਨਾ, ਨਹੀਂ ਵੇ ਮੁੰਡਿਆ! ਤੂੰ ਆਵਦੀ ਅਕਲ ਆਵਦੇ ਕੋਲ ਈ ਰੱਖਿਆ ਕਰ, ਇਹ ਗੱਲ ਤਾਂ ਹਰਗਿਜ਼ ਹੀ ਨਹੀਂ ਹੋ ਸਕਦੀ' ਮਾਂ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ।
'ਪਰ ਮਾਤਾ ਜੀ! ਕੀ ਪਤੈ ! ਏਸ ਬਹਾਨੇ ਆਪਣੀ ਚਿਰਾਂ ਦੀ ਟੁੱਟੀ ਹੋਈ ਸਾਂਝ ਦੁਬਾਰਾ ਗੰਢੀ ਜਾਵੇ, ਆਪਾਂ ਕੋਸ਼ਿਸ਼ ਤਾਂ ਕਰਕੇ ਵੇਖੀਏ, ਨਾਲੇ ਗੁਰਬਾਣੀ ਵਿਚ ਵੀ ਤਾਂ ਇਉਂ ਹੀ ਲਿਖਿਆ ਏ, 'ਧਰਿ ਤਾਰਾਜੂ ਤੋਲੀਐ ਨਿਵੈ ਸੁ ਗਾਉਰਾ ਹੋਇ।'
ਅਖੀਰ ਮੈਂ ਬੜੀ ਮੁਸ਼ਕਿਲ ਨਾਲ ਆਪਣੀਆਂ ਦਲੀਲਾਂ ਦੇ ਕੇ ਮਾਤਾ ਜੀ ਨੂੰ ਮਨਾਉਣ ਵਿਚ ਸਫ਼ਲ ਹੋ ਹੀ ਗਿਆ ਤੇ ਅਸੀਂ ਸਾਰਾ ਟੱਬਰ ਚਾਚੇ ਦੇ ਘਰ ਵੱਲ ਨੂੰ ਤੁਰ ਪਏ। ਸਾਰਿਆਂ ਤੋਂ ਮੂਹਰੇ ਮੈਂ ਸੀ, ਮੇਰੇ ਪਿੱਛੇ ਮੇਰੀ ਪਤਨੀ, ਮਾਂ ਤੇ ਬੱਚੇ ਸਾਡੇ ਨਾਲੋਂ ਥੋੜ੍ਹਾ ਹਟਵੇਂ ਖੜ੍ਹੇ ਸਨ। ਦਰਵਾਜ਼ਾ ਖੋਲ੍ਹਣ ਤੇ ਪਹਿਲਾਂ ਤਾਂ ਉਹ ਸਾਨੂੰ ਬੂਹੇ ਵਿਚ ਖੜ੍ਹਿਆਂ ਦੇਖ ਕੇ ਊ ਈਂ ਡੌਰ-ਭੌਰੇ ਹੋ ਗਏ। ਅਸੀਂ ਦੋਵਾਂ ਜੀਆਂ ਨੇ ਅਗਾਂਹ ਵਧ ਕੇ ਚਾਚੇ-ਚਾਚੀ ਨੂੰ ਪੈਰੀਂ ਪੈਣਾ ਕੀਤਾ ਫੇਰ ਤਨੋਂ-ਮਨੋਂ ਮੁਸਕਰਾ ਕੇ ਵਿਆਹ ਦੀ ਮੁਬਾਰਕਵਾਦ ਦਿੱਤੀ। ਭਾਵੁਕ ਹੁੰਦੇ ਹੋਏ ਚਾਚੇ ਨੇ ਮੈਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ, ਇਉਂ ਲੱਗਿਆ ਜਿਵੇਂ ਮੇਰਾ ਪਿਉ ਮੁੜ ਤੋਂ ਜਿਉਂਦਾ ਹੋ ਗਿਆ ਹੋਵੇ, ਜਾਣੀਦੀ ਕਲੇਜੇ ਠੰਢ ਪੈ ਗਈ। ਮਾਂ ਤੇ ਚਾਚੀ ਇਕ-ਦੂਜੀ ਦੇ ਗਲੇ ਲੱਗ ਕੇ ਫੁਟ-ਫੁਟ ਕੇ ਰੋਣ ਲੱਗ ਪਈਆਂ। ਚਿਰਾਂ ਤੋਂ ਮਨ ਦੇ ਖ਼ਾਨਿਆਂ ਵਿਚ ਸਾਂਭ ਕੇ ਰੱਖੇ ਸਾਰੇ ਗਿਲੇ-ਸ਼ਿਕਵੇ ਪਲਾਂ ਵਿਚ ਹੀ ਅੱਖਾਂ ਦੇ ਪਰਨਾਲਿਆਂ ਥਾਣੀਂ ਵਹਿ ਗਏ। ਵਿਆਹ ਦੇ ਸਾਰੇ ਸ਼ਗਨਾਂ ਵਿਹਾਰਾਂ ਦਾ ਅਸੀਂ ਇਕੱਠੇ ਹੋ ਕੇ ਇਉਂ ਆਨੰਦ ਮਾਣਿਆ ਜਿਵੇਂ ਸਾਡੇ ਵਿਚਕਾਰ ਕਦੇ ਕੋਈ ਉੱਚੀ-ਨੀਵੀਂ ਗੱਲ ਹੋਈ ਹੀ ਨਾ ਹੋਵੇ, ਸਦਾ ਤੋਂ ਹੀ ਅਸੀਂ ਘਿਓ ਖਿਚੜੀ ਹੋ ਕੇ ਰਹਿ ਰਹੇ ਹੋਈਏ। ਵਿਆਹ ਤੋਂ ਦੋ ਕੁ ਦਿਨ ਬਾਅਦ ਹੀ ਨਵੇਂ ਵਿਆਹੇ ਜੋੜੇ ਨੂੰ ਅਸੀਂ ਪਰਿਵਾਰ ਸਮੇਤ ਰਾਤ ਦੀ ਰੋਟੀ ਦਾ ਸੱਦਾ ਦੇ ਦਿੱਤਾ ਸੀ। ਅੱਜ ਅਸੀਂ ਸਾਰੇ ਟੱਬਰ ਨੇ ਇਕੱਠੇ ਹੋ ਕੇ ਖਾਣਾ ਪੀਣਾ ਸੀ। ਪਰਿਵਾਰ ਦੇ ਸਾਰੇ ਜੀਅ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਸਨ। ਦੋਹਾਂ ਪਰਿਵਾਰਾਂ ਦਾ ਚਾਅ ਨਾਲ ਧਰਤੀ 'ਤੇ ਪੈਰ ਨਹੀਂ ਸੀ ਲੱਗ ਰਿਹਾ। ਜਿਵੇਂ ਅੱਜ ਮੁੱਦਤਾਂ ਤੋਂ ਚਲੀ ਆ ਰਹੀ ਪਤਝੜ ਦੀ ਰੁੱਤ ਖ਼ਤਮ ਹੋ ਗਈ ਹੋਵੇ ਤੇ ਲੰਬੇ ਸਮੇਂ ਤੋਂ ਸਾਡੇ ਨਾਲ ਰੁੱਸੀ ਹੋਈ ਬਹਾਰ ਅੱਜ ਦੇ ਭਾਗਾਂ ਭਰੇ ਦਿਨ ਮੁੜ ਤੋਂ ਸਾਡੇ ਵਿਹੜੇ ਫੇਰੀ ਪਾਉਣ ਆਈ ਹੋਵੇ। (ਸਮਾਪਤ)

-ਪਿੰਡ ਤੇ ਡਾਕਖਾਨਾ ਚੌਕੀਮਾਨ ( ਲੁਧਿਆਣਾ)
ਸੰਪਰਕ : 78146 98117

Ad Position 22
No active advertisement
ਪਿਛਲੀ ਖ਼ਬਰ ਤੇਜ਼ ਹੁੰਦੀਆਂ ਸਿਆਸੀ ਸਰਗਰਮੀਆਂ ਅਗਲੀ ਖ਼ਬਰ ਤੇਰੇ ਦਿਲ ਦਾ ਭੇਤ ਜੇ ਪਹਿਲਾਂ ਪਾ ਲੈਂਦੇ
Ad Position 24
No active advertisement