ਪੰਜਾਬ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਸਿਆਸੀ ਸਰਗਰਮੀ ਚਲਦੀ ਆ ਰਹੀ ਹੈ, ਪਰ ਹੁਣ ਚੋਣਾਂ ਦਾ ਸਮਾਂ ਨੇੜੇ ਆਉਣ ਕਰਕੇ ਇਸ ਨੇ ਵਧੇਰੇ ਤੇਜ਼ੀ ਫੜ ਲਈ ਹੈ | ਪਿੱਛੇ ਜਿਹੇ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਵੱਖ-ਵੱਖ ਪੱਧਰਾਂ 'ਤੇ ਵਧੇਰੇ ਪ੍ਰਤੀਨਿਧਾਂ ਨੇ ਜਿੱਤ ਪ੍ਰਾਪਤ ਕੀਤੀ ਸੀ, ਜਿਸ ਨਾਲ ਪ੍ਰਸ਼ਾਸਨ ਚਲਾ ਰਹੀ ਇਸ ਪਾਰਟੀ ਦਾ ਹੌਸਲਾ ਹੋਰ ਵੀ ਵਧਿਆ ਨਜ਼ਰ ਆਉਂਦਾ ਹੈ | ਬਠਿੰਡਾ ਵਿਚ ਇਸ ਜਿੱਤ ਸੰਬੰਧੀ ਕੱਢੀ ਗਈ ਰੈਲੀ ਤੋਂ ਬਾਅਦ ਆਯੋਜਿਤ ਸਮਾਗਮ ਵਿਚ ਬੋਲਦਿਆਂ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੁਝ ਅਜਿਹੀਆਂ ਗੱਲਾਂ ਕਹੀਆਂ ਹਨ, ਜਿਨ੍ਹਾਂ ਨਾਲ ਸਿਆਸਤ ਹੋਰ ਵੀ ਭਖ ਗਈ ਹੈ | ਕੇਜਰੀਵਾਲ ਨੇ ਸਪੱਸ਼ਟ ਰੂਪ ਵਿਚ ਦੋ ਗੱਲਾਂ ਦਾ ਜ਼ਿਕਰ ਕੀਤਾ ਹੈ | ਉਨ੍ਹਾਂ ਨੇ ਇਹ ਸੰਭਾਵਨਾ ਜਤਾਈ ਹੈ ਕਿ ਚੋਣਾਂ ਆਪਣੇ ਨਿਸਚਿਤ ਸਮੇਂ ਤੋਂ ਕੁਝ ਮਹੀਨੇ ਪਹਿਲਾਂ ਨਵੰਬਰ ਵਿਚ ਹੋ ਸਕਦੀਆਂ ਹਨ | ਅਜਿਹੀ ਸਥਿਤੀ ਵਿਚ ਹੁਣ ਤਿਆਰੀਆਂ ਲਈ ਕੁਝ ਮਹੀਨਿਆਂ ਦਾ ਸਮਾਂ ਹੀ ਬਚਿਆ ਹੈ |
ਉਨ੍ਹਾਂ ਨੇ ਸਪੱਸ਼ਟ ਰੂਪ ਵਿਚ ਇਹ ਵੀ ਕਿਹਾ ਹੈ ਕਿ ਪਾਰਟੀ ਵਲੋਂ ਅਗਲੇ ਮੁੱਖ ਮੰਤਰੀ ਭਗਵੰਤ ਮਾਨ ਹੀ ਹੋਣਗੇ | ਆਪਣੇ ਤਿੰਨ ਦਿਨਾ ਪੰਜਾਬ ਦੌਰੇ ਵਿਚ ਉਹ ਜਲੰਧਰ ਅਤੇ ਲੁਧਿਆਣਾ ਵੀ ਜਾ ਰਹੇ ਹਨ | ਉਨ੍ਹਾਂ ਨੇ ਪਾਰਟੀ ਨੂੰ ਤਿਆਰੀਆਂ ਤੇਜ਼ ਕਰਨ ਦਾ ਸੰਦੇਸ਼ ਦਿੰਦੇ ਹੋਏ ਇਹ ਵੀ ਕਿਹਾ ਹੈ ਕਿ ਵੋਟਰਾਂ ਨਾਲ ਹੇਠਲੇ ਪੱਧਰ ਤੱਕ ਸੰਪਰਕ ਬਣਾਇਆ ਜਾਣਾ ਬੇਹੱਦ ਜ਼ਰੂਰੀ ਹੈ | ਪਾਰਟੀ ਵਲੋਂ ਚੋਣ ਤਿਆਰੀ ਦੀ ਰੂਪ-ਰੇਖਾ ਵੀ ਤਿਆਰ ਕਰ ਲਈ ਗਈ ਹੈ | ਪਿਛਲੇ ਸਾਢੇ 4 ਸਾਲਾਂ ਵਿਚ ਸਰਕਾਰ ਵਲੋਂ ਕੀਤੀਆਂ ਪ੍ਰਾਪਤੀਆਂ ਦੇ ਵੇਰਵੇ ਵੀ ਗਿਣਾਏ ਜਾਣ ਲੱਗੇ ਹਨ | ਇਨ੍ਹਾਂ ਪ੍ਰਾਪਤੀਆਂ ਨੂੰ ਆਧਾਰ ਬਣਾ ਕੇ ਹੀ ਸੱਤਾਧਾਰੀ ਧਿਰ ਵਲੋਂ ਚੋਣ ਪ੍ਰਚਾਰ ਤੇਜ਼ ਕੀਤਾ ਜਾਏਗਾ | ਇਸੇ ਹੀ ਕੜੀ ਵਿਚ ਭਾਜਪਾ ਦੀ ਸਰਗਰਮੀ ਨੂੰ ਵੇਖਿਆ ਜਾ ਸਕਦਾ ਹੈ | ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨ ਬਣਾਉਣ ਦੇ ਐਲਾਨ ਦਾ ਚਾਹੇ ਪਾਰਟੀ ਅੰਦਰ ਰਲਵਾਂ-ਮਿਲਵਾਂ ਪ੍ਰਭਾਵ ਦੇਖਿਆ ਜਾ ਸਕਦਾ ਹੈ, ਪਰ ਜਿਸ ਦਿ੍ੜ੍ਹਤਾ ਅਤੇ ਸਪੱਸ਼ਟਗੋਈ ਨਾਲ ਇਹ ਐਲਾਨ ਕੀਤਾ ਗਿਆ ਹੈ, ਉਸ ਨਾਲ ਹਾਲ ਦੀ ਘੜੀ ਭਾਜਪਾ ਦਾ ਪ੍ਰਭਾਵ ਵਧਿਆ ਦਿਖਾਈ ਦਿੰਦਾ ਹੈ | ਪਿਛਲੇ ਦਿਨੀਂ ਦਿੱਲੀ ਵਿਚ ਪੰਜਾਬ ਭਾਜਪਾ ਦੇ ਆਗੂਆਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਪਾਰਟੀ ਦੇ ਵੱਡੇ ਸਿਆਸੀ ਆਗੂਆਂ ਨਾਲ ਹੋਈ ਮੀਟਿੰਗ ਤੋਂ ਬਣੇ ਪ੍ਰਭਾਵ ਨਾਲ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਭਾਜਪਾ ਆਪਣੀ ਪੂਰੀ ਸ਼ਕਤੀ ਨਾਲ ਪੰਜਾਬ ਦੇ ਚੋਣ ਮੈਦਾਨ ਵਿਚ ਉਤਰ ਰਹੀ ਹੈ | ਇਸ ਲਈ ਉਸ ਵਲੋਂ ਤਿਆਰੀਆਂ ਤਾਂ ਪਿਛਲੇ ਲੰਮੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਸਨ ਪਰ ਬੰਗਾਲ ਚੋਣਾਂ ਦੀ ਜਿੱਤ ਤੋਂ ਬਾਅਦ ਉਹ ਪੂਰੇ ਹੌਸਲੇ 'ਚ ਆ ਗਈ ਹੈ ਅਤੇ ਇਸ ਨੇ ਆਉਂਦੀਆਂ ਪੰਜਾਬ ਚੋਣਾਂ ਜਿੱਤਣ ਦੇ ਦਾਅਵੇ ਵੀ ਕਰਨੇ ਸ਼ੁਰੂ ਕਰ ਦਿੱਤੇ ਹਨ, ਕਿਉਂਕਿ ਭਾਜਪਾ ਨੇ ਪਿਛਲੇ ਸਾਲਾਂ ਵਿਚ ਸਮੇਂ-ਸਮੇਂ ਹੋਈਆਂ ਹਰ ਪੱਧਰ ਦੀਆਂ ਚੋਣਾਂ ਵਿਚ ਆਪਣੀ ਵੋਟ ਫ਼ੀਸਦ ਵਿਚ ਵੱਡਾ ਵਾਧਾ ਕੀਤਾ ਹੈ | ਕਾਂਗਰਸ ਦਾ ਪੰਜਾਬ ਵਿਚ ਵੱਡਾ ਪ੍ਰਭਾਵ ਅਤੇ ਹੇਠਲੇ ਪੱਧਰ 'ਤੇ ਤਾਣਾ-ਬਾਣਾ ਬਣਿਆ ਹੋਇਆ ਹੈ ਪਰ ਹਾਲੇ ਤੱਕ ਪਾਰਟੀ ਵਲੋਂ ਇਨ੍ਹਾਂ ਆਉਂਦੀਆਂ ਚੋਣਾਂ ਲਈ ਅਪਣਾਈ ਜਾਣ ਵਾਲੀ ਕੋਈ ਸਪੱਸ਼ਟ ਨੀਤੀ ਸਾਹਮਣੇ ਨਹੀਂ ਆਈ | ਇਹ ਪ੍ਰਭਾਵ ਵੀ ਮਿਲਦਾ ਰਿਹਾ ਹੈ ਕਿ ਸੂਬੇ ਦੀ ਲੀਡਰਸ਼ਿਪ ਦੇ ਪੁਨਰਗਠਨ ਸੰਬੰਧੀ ਵੀ ਪਾਰਟੀ ਅੰਦਰ ਹਾਲੇ ਤੱਕ ਕੋਈ ਸਪੱਸ਼ਟ ਫ਼ੈਸਲਾ ਨਹੀਂ ਲਿਆ ਜਾ ਸਕਿਆ | ਇਸੇ ਕਾਰਨ ਕਰਕੇ ਹਾਲੇ ਤੱਕ ਇਹ ਸੂਬੇ ਦੇ ਸਿਆਸੀ ਦਿ੍ਸ਼ 'ਤੇ ਉਤਰੀ ਦਿਖਾਈ ਨਹੀਂ ਦੇ ਰਹੀ |
ਸੂਬੇ ਵਿਚ ਅਕਾਲੀ ਦਲ ਦਾ ਵੀ ਵੱਡਾ ਪ੍ਰਭਾਵ ਬਣਿਆ ਰਿਹਾ ਹੈ | ਇਸ ਵਲੋਂ ਲੰਮੇ ਸਮੇਂ ਤੱਕ ਪ੍ਰਸ਼ਾਸਨ ਵੀ ਚਲਾਇਆ ਜਾਂਦਾ ਰਿਹਾ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਚੋਣਾਂ ਦੌਰਾਨ ਹੋਈਆਂ ਨਿਰਾਸ਼ਾਜਨਕ ਹਾਰਾਂ ਨੇ ਇਸ ਦੇ ਪ੍ਰਭਾਵ ਨੂੰ ਵੱਡੀ ਹੱਦ ਤੱਕ ਕਮਜ਼ੋਰ ਕੀਤਾ ਹੈ | ਇਸ ਤੋਂ ਇਲਾਵਾ ਅੱਜ ਪਾਰਟੀ ਵਿਚ ਉੱਭਰੀ ਧੜੇਬੰਦੀ ਕਾਰਨ ਇਸ ਵਿਚ ਵੰਡੀਆਂ ਪਈਆਂ ਵੀ ਦਿਖਾਈ ਦੇ ਰਹੀਆਂ ਹਨ | ਅੱਜ ਹੋਂਦ ਵਿਚ ਆਏ ਕਈ ਅਕਾਲੀ ਦਲ ਵੱਖੋ-ਵੱਖਰੇ ਪੱਧਰ 'ਤੇ ਆਪਣੀ ਜ਼ੋਰ-ਅਜ਼ਮਾਈ ਕਰਨ ਲਈ ਕਮਰਕੱਸੇ ਕਰ ਰਹੇ ਹਨ | ਪਈਆਂ ਇਨ੍ਹਾਂ ਵੰਡੀਆਂ ਨੇ ਅਕਾਲੀ ਦਲ ਦੀ ਸਿਆਸਤ ਨੂੰ ਵੱਡੀ ਹੱਦ ਤੱਕ ਕਮਜ਼ੋਰ ਕਰ ਦਿੱਤਾ ਹੈ | ਆਉਂਦੇ ਸਮੇਂ ਲਈ ਵੀ ਇਹ ਵੱਖੋ-ਵੱਖਰੇ ਦਲ ਕੋਈ ਪ੍ਰੋੜ੍ਹ ਅਤੇ ਪੁਖ਼ਤਾ ਨੀਤੀ ਅਪਣਾ ਕੇ ਅੱਗੇ ਵਧ ਸਕਣਗੇ, ਇਸ ਬਾਰੇ ਅਜੇ ਕੁਝ ਕਿਹਾ ਜਾਣਾ ਮੁਸ਼ਕਿਲ ਜਾਪਦਾ ਹੈ | ਆਉਂਦੇ ਸਮੇਂ ਵਿਚ ਪੰਜਾਬ ਦੇ ਸਿਆਸੀ ਮੰਚ 'ਤੇ ਤਸਵੀਰ ਹੋਰ ਸਪੱਸ਼ਟ ਹੋ ਜਾਏਗੀ | ਪੰਜਾਬ ਲਈ ਆਉਣ ਵਾਲੇ ਦਿਨ ਇਸ ਕਰਕੇ ਵੀ ਮਹੱਤਵਪੂਰਨ ਹੋਣਗੇ, ਕਿਉਂਕਿ ਇਨ੍ਹਾਂ ਸਰਗਰਮੀਆਂ ਵਿਚੋਂ ਹੀ ਰਾਜ ਵਿਚ ਅਗਲੀ ਸਰਕਾਰ ਦੀ ਰੂਪਰੇਖਾ ਉੱਭਰੇਗੀ | ਲੋਕਾਂ ਦੀ ਇੱਛਾ ਹੈ ਕਿ ਅੱਗੇ ਕੋਈ ਅਜਿਹੀ ਸਰਕਾਰ ਹੋਵੇ, ਜੋ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸੂਬੇ ਵਿਚ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰ ਸਕੇ ਅਤੇ ਅਮਨ ਕਾਨੂੰਨ ਦੀ ਸਥਿਤੀ ਵਿਚ ਵੀ ਚੋਖਾ ਸੁਧਾਰ ਲਿਆ ਸਕੇ |
-ਬਰਜਿੰਦਰ ਸਿੰਘ ਹਮਦਰਦ