ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਅੱਧੀ ਟਿਕਟ

Ad Position 21
No active advertisement
ਅਜੀਤ ਡੈਸਕ 28-06-2026

ਸਵੇਰ ਦਸ ਕੁ ਵਜੇ ਦਾ ਸਮਾਂ ਸੀ। ਰਾਏਕੋਟ ਬੱਸ ਸਟੈਂਡ 'ਤੇ ਖੜ੍ਹੀ ਅਹਿਮਦਗੜ੍ਹ ਮੰਡੀ ਨੂੰ ਜਾਣ ਵਾਲੀ ਬੱਸ ਦੇ ਕੰਡਕਟਰ ਨੂੰ ਮੈਂ ਪੁੱਛਿਆ, 'ਇਹ ਬੱਸ ਅਹਿਮਦਗੜ੍ਹ ਮੰਡੀ ਜਾਊਗੀ...।'
ਉਸ ਨੇ 'ਹਾਂ' ਵਿਚ ਸਿਰਫ਼ ਆਪਣਾ ਸਿਰ ਹਿਲਾਇਆ ਪਰ ਕੁਝ ਬੋਲਿਆ ਨਹੀਂ।
ਮੈਂ ਉਸ ਨੂੰ ਅਗਲਾ ਸਵਾਲ ਕੀਤਾ, 'ਅੱਧੀ ਟਿਕਟ ਲੈ ਲਓਗੇ...।'
'ਹਾਂ, ਬਹਿ ਜਾ' ਉਸ ਨੇ ਮੱਧਮ ਜਿਹਾ ਜਵਾਬ ਦਿੱਤਾ।
ਮੈਂ ਬੱਸ ਦੀ ਅਗਲੀ ਤਾਕੀ ਚੜ੍ਹ ਕੇ ਬੱਸ ਦੇ ਵਿਚਕਾਰ ਤਿੰਨ ਸਵਾਰੀਆਂ ਵਾਲੀ ਸੀਟ 'ਤੇ ਬੈਠ ਗਿਆ। ਬੱਸ ਵਿਚ ਮਸਾਂ ਪੰਜ-ਸੱਤ ਸਵਾਰੀਆਂ ਹੋਰ ਸਨ। ਰੁੱਖੇ ਜਿਹੇ ਸੁਭਾਅ ਦਾ ਕੰਡਕਟਰ ਲਗਾਤਾਰ ਸਵਾਰੀਆਂ ਨੂੰ ਉੱਚੀ-ਉੱਚੀ ਆਵਾਜ਼ ਮਾਰ ਰਿਹਾ ਸੀ, 'ਭੈਣੀ ਦਰੇੜਾਂ, ਬੜੂੰਦੀ, ਛਪਾਰ, ਲਤਾਲਾ, ਅਹਿਮਦਗੜ੍ਹ ਮੰਡੀ ਆਲੇ× × × ਆ ਜੋ ਵੀ...।' ਬੱਸ ਵਿਚ ਹੋਰ ਸਵਾਰੀਆਂ ਆ ਚੜ੍ਹੀਆਂ। ਕਾਲੇ ਰੰਗ ਦੇ ਡੱਬੀਆਂ ਵਾਲੇ ਪਰਨੇ ਨੂੰ ਆਪਣੇ ਸੱਜੇ ਮੋਢੇ 'ਤੇ ਸੁੱਟਦਿਆਂ ਆਪਣੇ ਖੱਬੇ ਗੁੱਟ 'ਤੇ ਬੰਨ੍ਹੀ ਘੜੀ ਵੱਲ ਦੇਖਦੇ ਹੋਏ ਬੱਸ ਕੰਡਕਟਰ ਨੇ ਵਿਸਲ ਮਾਰ ਕੇ ਡਰਾਈਵਰ ਨੂੰ ਬੱਸ ਤੋਰਨ ਦਾ ਇਸ਼ਾਰਾ ਕੀਤਾ ਅਤੇ ਬੱਸ ਅੱਡੇ ਤੋਂ ਤੁਰ ਪਈ। ਬੱਸ ਵਿਚ ਅਜੇ ਵੀ ਜ਼ਿਆਦਾਤਰ ਸੀਟਾਂ ਖਾਲੀ ਸਨ। ਜਦੋਂ ਬੱਸ ਰਾਏਕੋਟ ਦੇ ਮਸ਼ਹੂਰ ਘੋੜੇ ਵਾਲੇ ਚੌਕ ਵਿਚ ਪੁੱਜੀ ਤਾਂ ਕਾਫ਼ੀ ਹੋਰ ਸਵਾਰੀਆਂ ਬੱਸ ਦੀ ਉਡੀਕ ਵਿਚ ਖੜ੍ਹੀਆਂ ਸਨ, ਜਿਵੇਂ ਕਾਫ਼ੀ ਸਮੇਂ ਤੋਂ ਕੋਈ ਬੱਸ ਨਾ ਆਈ ਹੋਵੇ। ਉਸੇ ਚੌਕ ਤੋਂ ਇਕ ਸੋਹਣੀ-ਸੁਨੱਖੀ ਮੁਟਿਆਰ ਬੱਸ ਦੀ ਅਗਲੀ ਤਾਕੀ ਵਿਚੋਂ ਚੜ੍ਹੀ, ਜਿਸਨੇ ਆਪਣੇ ਹੱਥ ਵਿਚ ਵੱਡਾ ਸਾਰਾ ਅਟੈਚੀ ਬੈਗ ਫੜਿਆ ਹੋਇਆ ਸੀ ਜੋ ਭਾਰੀ ਲੱਗ ਰਿਹਾ ਸੀ। ਜਦੋਂ ਉਹ ਬੱਸ ਵਿਚ ਚੜ੍ਹੀ ਤਾਂ ਉਸੇ ਪਲ ਮੇਰੀ ਨਜ਼ਰ ਉਸ 'ਤੇ ਪਈ ਅਤੇ ਇੰਝ ਲੱਗਿਆ ਜਿਵੇਂ ਉਸ ਨੇ ਆਪਣੀਆਂ ਮਹਿੰਗੀਆਂ ਕਾਲੀਆਂ ਐਨਕਾਂ ਵਿਚੋਂ ਮੈਨੂੰ ਵੀ ਚੋਰੀ ਅੱਖ ਨਾਲ ਵੇਖਿਆ ਹੋਵੇ। ਉਹ ਬੱਸ ਵਿਚ ਖਾਲੀ ਪਈਆਂ ਹੋਰ ਸੀਟਾਂ ਛੱਡ ਕੇ ਮੇਰੇ ਵਾਲੀ ਸੀਟ 'ਤੇ ਆ ਬੈਠੀ ਅਤੇ ਆਪਣਾ ਅਟੈਚੀ ਸੀਟ ਉੱਪਰ ਆਪਣੇ ਖੱਬੇ ਹੱਥ ਰੱਖ ਲਿਆ। ਉਸ ਦੇ ਪਹਿਨਿਆ ਹੋਇਆ ਗੂੜ੍ਹੇ ਰੰਗ ਦਾ ਲਾਲ ਸੂਟ, ਹੱਥਾਂ ਵਿਚ ਪਾਇਆ ਚੂੜਾ ਅਤੇ ਕੀਤਾ ਹੋਇਆ ਹਾਰ-ਸ਼ਿੰਗਾਰ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ ਕਿ ਉਸ ਦਾ ਵਿਆਹ ਅਜੇ ਕੁਝ ਦਿਨ ਪਹਿਲਾਂ ਹੀ ਹੋਇਆ ਹੈ। ਉਸ ਸਮੇਂ ਮੇਰੀ ਉਮਰ ਮਸਾਂ ਵੀਹ ਕੁ ਸਾਲ ਦੀ ਹੋਵੇਗੀ ਅਤੇ ਉਹ ਮੇਰੇ ਤੋਂ ਇਕ-ਦੋ ਸਾਲ ਵੱਡੀ ਜਾਪਦੀ ਸੀ। ਉਮਰ ਦੇ ਇਸ ਪੜਾਅ 'ਤੇ ਜਦੋਂ ਇਕ ਨਵੀਂ ਵਿਆਹੀ ਕੁੜੀ ਆਪਣੇ ਹਾਣ ਦੇ ਕਿਸੇ ਅਣਜਾਣ ਮੁੰਡੇ ਕੋਲ ਇਸ ਤਰ੍ਹਾਂ ਆ ਕੇ ਬੈਠੀ ਹੋਵੇ ਤਾਂ ਇਸ ਹਾਲਤ ਵਿਚ ਉਸ ਜਵਾਨ ਮੁੰਡੇ ਦੇ ਦਿਲ ਦੀ ਧੜਕਣ ਵਧਣੀ ਸੁਭਾਵਿਕ ਗੱਲ ਹੈ, ਮੇਰੇ ਨਾਲ ਵੀ ਇਹੀ ਹੋਇਆ। ਸ਼ਾਇਦ ਇਹ ਪਹਿਲੀ ਵਾਰ ਸੀ ਕਿ ਮੈਂ ਕਿਸੇ ਅਜਨਬੀ ਕੁੜੀ ਨੂੰ ਐਨੀ ਨਜ਼ਦੀਕ ਤੋਂ ਮਹਿਸੂਸ ਕੀਤਾ ਹੋਵੇ। ਮੇਰੇ ਅੰਦਰ ਕਈ ਵਲਵਲੇ ਪੈਦਾ ਹੋ ਰਹੇ ਸਨ, ਜਿਨ੍ਹਾਂ ਦਾ ਜਵਾਬ ਵੀ ਮੈਂ ਆਪ ਹੀ ਦੇ ਰਿਹਾ ਸੀ ਕਿਉਂਕਿ ਉਹ ਤਾਂ ਇਸ ਗੱਲ ਤੋਂ ਅਣਜਾਣ ਸੀ। ਉਸ ਦੇ ਕੱਪੜਿਆਂ ਵਿਚੋਂ ਆ ਰਹੀ ਮਹਿਕ ਮੈਨੂੰ ਮਦਹੋਸ਼ ਜਿਹਾ ਕਰ ਰਹੀ ਸੀ, ਜਿਵੇਂ ਉਸ ਦੇ ਕੋਈ ਮਹਿੰਗਾ ਇਤਰ ਲੱਗਿਆ ਹੋਵੇ। ਮੈਂ ਕਦੇ ਬੱਸ ਤੋਂ ਬਾਹਰ ਦੇਖਦਾ, ਕਦੇ ਆਪਣੀ ਅਸਮਾਨੀ ਰੰਗ ਦੀ ਸ਼ਰਟ ਨੂੰ ਲੱਗੀ ਨੀਲੀ ਟਾਈ ਠੀਕ ਕਰਦਾ ਅਤੇ ਕਦੇ ਆਪਣੇ ਗਲ ਵਿਚ ਪਾਏ ਆਪਣੀ ਕੰਪਨੀ ਦੇ ਆਈ ਕਾਰਡ ਨੂੰ ਜੇਬ ਵਿਚ ਲੁਕਾਉਣ ਦੀ ਕੋਸ਼ਿਸ਼ ਕਰਦਾ। ਪਤਾ ਨਹੀਂ ਕਿਉਂ ਮੈਂ ਆਪਣੀ ਪਹਿਚਾਣ ਉਸ ਅਜਨਬੀ ਕੁੜੀ ਤੋਂ ਛੁਪਾ ਰਿਹਾ ਸੀ ਜੋ ਅੱਜ ਇਸ ਸਫ਼ਰ ਵਿਚ ਮੇਰੇ ਨਾਲ ਇੰਝ ਆ ਬੈਠੀ ਸੀ ਜਿਵੇਂ ਉਹ ਮੈਨੂੰ ਪਹਿਲਾਂ ਤੋਂ ਹੀ ਜਾਣਦੀ ਹੋਵੇ। ਅੱਜ ਪਹਿਲੀ ਵਾਰ ਮੈਨੂੰ ਬੱਸ ਦਾ ਸਫ਼ਰ ਨਵਾਂ ਅਤੇ ਉਮੰਗ ਭਰਿਆ ਲੱਗ ਰਿਹਾ ਸੀ ਹਾਲਾਂਕਿ ਮੈਂ ਹਰ ਰੋਜ਼ ਬੱਸ ਦਾ ਸਫ਼ਰ ਕਰਦਾ ਸੀ।
ਬੱਸ ਕਰੀਬ ਦੋ-ਤਿੰਨ ਕੁ ਕਿਲੋਮੀਟਰ ਅੱਗੇ ਪਹੁੰਚੀ। ਹੁਣ ਬੱਸ ਵਿਚ ਸਵਾਰੀਆਂ ਦੇ ਬੈਠਣ ਲਈ ਕੋਈ ਸੀਟ ਨਹੀਂ ਸੀ ਬਲਕਿ ਅੱਠ-ਦਸ ਸਵਾਰੀਆਂ ਖੜ੍ਹੀਆਂ ਸਨ। ਬੱਸ ਕੰਡਕਟਰ ਟਿਕਟਾਂ ਕੱਟਦਾ-ਕੱਟਦਾ ਮੇਰੇ ਕੋਲ ਆਇਆ। ਉਹਨਾਂ ਦਿਨਾਂ ਵਿਚ ਰਾਏਕੋਟ ਤੋਂ ਅਹਿਮਦਗੜ੍ਹ ਮੰਡੀ ਜਾਣ ਦਾ ਬਾਰ੍ਹਾਂ ਰੁਪਏ ਕਿਰਾਇਆ ਲੱਗਦਾ ਸੀ। ਮੈਂ ਕੰਡਕਟਰ ਨੂੰ ਆਪਣੀ ਜੇਬ ਵਿਚੋਂ ਟਿਕਟ ਕਟਵਾਉਣ ਲਈ ਖੁੱਲ੍ਹੇ ਛੇ ਰੁਪਏ ਕੱਢ ਕੇ ਫੜਾਏ ਪਰ ਉਹ ਅੱਗੋਂ ਬੋਲਿਆ, 'ਕਾਕਾ ਜੀ, ਅਹਿਮਦਗੜ੍ਹ ਮੰਡੀ ਦੇ ਬਾਰ੍ਹਾਂ ਰੁਪਏ ਲੱਗਦੇ ਨੇ...।' ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਪੁੱਛ ਕੇ ਬੈਠਿਆ ਸੀ ਕਿ ਅੱਧੀ ਟਿਕਟ ਲੈ ਲਓਗੇ ਅਤੇ ਤੁਸੀਂ 'ਹਾਂ' ਕਿਹਾ ਸੀ ਪਰ ਸਵਾਰੀਆਂ ਨਾਲ ਭਰੀ ਹੋਈ ਬੱਸ ਦੇਖ ਕੇ ਕੰਡਕਟਰ ਦਾ ਰਵੱਈਆ ਪਹਿਲਾਂ ਨਾਲੋਂ ਕੁਝ ਬਦਲਿਆ ਹੋਇਆ ਲੱਗ ਰਿਹਾ ਸੀ। ਉਹ ਮੇਰੇ ਨਾਲ ਬਹਿਸਬਾਜ਼ੀ ਕਰ ਰਿਹਾ ਸੀ ਅਤੇ ਮੈਂ ਵੀ ਉਸ ਵਲੋਂ ਅੱਧੀ ਟਿਕਟ ਕਟਵਾਉਣ ਬਾਰੇ ਕੀਤੀ ਗਈ 'ਹਾਂ' ਦਾ ਉਸ ਨੂੰ ਚੇਤਾ ਕਰਵਾ ਰਿਹਾ ਸੀ ਪਰ ਉਹ ਨਾ ਮੰਨਿਆ। ਉਹ ਇਹ ਗੱਲ ਕਹਿ ਕੇ ਅੱਗੇ ਚਲਾ ਗਿਆ ਕਿ ਪੂਰੀ ਟਿਕਟ ਲਓ। ਉਹ ਮੈਨੂੰ ਜ਼ੁਬਾਨ ਦਾ ਪੱਕਾ ਨਹੀਂ ਲੱਗਿਆ।
ਮੇਰੇ ਨਾਲ ਸੀਟ 'ਤੇ ਬੈਠੀ ਉਹ ਅਜਨਬੀ ਕੁੜੀ ਇਹ ਸਭ ਕੁਝ ਆਪਣੇ ਅੱਖੀਂ ਦੇਖ ਰਹੀ ਸੀ। ਉਸ ਨੇ ਮੈਨੂੰ ਪ੍ਰੇਸ਼ਾਨ ਹੁੰਦਾ ਦੇਖ ਪੁੱਛਿਆ, 'ਤੁਸੀ ਕਿੱਥੇ ਜਾਣਾ ਹੈ?' ਮੇਰਾ ਦਿਲ ਪਹਿਲਾਂ ਨਾਲੋਂ ਵੀ ਤੇਜ਼ ਧੜਕਣ ਲੱਗਾ। ਮੈਂ ਸ਼ਰਮਾਉਂਦੇ ਹੋਏ ਉਸ ਨੂੰ ਦੱਸਿਆ ਕਿ ਮੈਂ ਅਹਿਮਦਗੜ੍ਹ ਮੰਡੀ ਜਾਣਾ ਹੈ ਅਤੇ ਮੈਂ ਅੱਧੀ ਟਿਕਟ ਦੇਣ ਬਾਰੇ ਕੰਡਕਟਰ ਨੂੰ ਪੁੱਛ ਕੇ ਹੀ ਬੱਸ ਵਿਚ ਚੜ੍ਹਿਆ ਸੀ। ਉਸ ਨੇ ਕਿਹਾ, 'ਫਿਰ ਤੁਸੀਂ ਪੂਰੀ ਟਿਕਟ ਲੈ ਲਓ।' ਇਹ ਉਹੀ ਸਵਾਲ ਸੀ ਜਿਸ ਤੋਂ ਮੈਂ ਡਰ ਰਿਹਾ ਸੀ। ਆਖ਼ਰ ਕੁਝ ਸੋਚਕੇ ਮੈਂ ਝਿਜਕਦੇ ਹੋਏ ਉਸ ਨੂੰ ਸਾਰੀ ਗੱਲ ਦੱਸੀ, 'ਜੀ, ਮੈਂ ਇਕ ਮਾਰਕੀਟਿੰਗ ਕੰਪਨੀ ਵਿਚ ਕੰਮ ਕਰਦਾ ਹਾਂ, ਇਹ ਕੰਪਨੀ ਸਾਨੂੰ ਮਾਰਕੀਟਿੰਗ ਕਰਨ ਲਈ ਹਰ ਰੋਜ਼ ਕਿਸੇ ਨਵੇਂ ਸ਼ਹਿਰ ਜਾਂ ਪਿੰਡ ਵਿਚ ਭੇਜਦੀ ਹੈ। ਇਨ੍ਹੀਂ ਦਿਨੀਂ ਸਾਡੀ ਇਕ ਵਿਸ਼ੇਸ਼ ਟ੍ਰੇਨਿੰਗ ਚੱਲ ਰਹੀ ਹੈ, ਜਿਸ ਤਹਿਤ ਸਾਨੂੰ ਮਾਰਕੀਟਿੰਗ ਸਕਿੱਲਜ਼ ਸਿਖਾਏ ਜਾਂਦੇ ਹਨ ਜੋ ਸਾਨੂੰ ਇਕ ਵਧੀਆ ਸੇਲਜ਼ਮੈਨ ਬਣਾਉਣ ਵਿਚ ਸਹਾਈ ਹੁੰਦੇ ਹਨ। ਇਸ ਟ੍ਰੇਨਿੰਗ ਦੌਰਾਨ ਕੰਪਨੀ ਵਲੋਂ ਸਾਨੂੰ ਸਫ਼ਰ ਕਰਨ ਲਈ ਇਕ ਪਾਸੇ ਦਾ ਕਿਰਾਇਆ ਦਿੱਤਾ ਜਾਂਦਾ ਹੈ ਅਤੇ ਵਾਪਸੀ ਦਾ ਕਿਰਾਇਆ ਅਸੀਂ ਦਿਨ ਭਰ ਵਿਚ ਵੇਚੇ ਗਏ ਸਾਮਾਨ ਦੇ ਪੈਸਿਆਂ ਵਿਚੋਂ ਖ਼ਰਚ ਕਰਦੇ ਹਾਂ। ਮੇਰੇ ਕੋਲ ਇਸ ਵਕਤ ਸਿਰਫ਼ ਦਸ ਰੁਪਏ ਹੀ ਹਨ...।' ਮੇਰੀ ਗੱਲ ਸੁਣ ਕੇ ਉਹ ਕੁੜੀ ਹੈਰਾਨ ਵੀ ਹੋਈ ਅਤੇ ਪ੍ਰੇਸ਼ਾਨ ਵੀ। ਮੇਰਾ ਚਿਹਰਾ ਮੁਰਝਾਇਆ ਹੋਇਆ ਸੀ। ਕੰਡਕਟਰ ਦੁਬਾਰਾ ਫਿਰ ਮੇਰੇ ਵੱਲ ਆ ਰਿਹਾ ਸੀ ਅਤੇ ਉਹ ਕੁੜੀ ਮੇਰੇ ਮੂੰਹ ਵੱਲ ਦੇਖ ਰਹੀ ਸੀ। ਕੰਡਕਟਰ ਨੇ ਫਿਰ ਆ ਕੇ ਮੈਨੂੰ ਟਿਕਟ ਪੁੱਛੀ।
'ਲਿਆ ਵੀ ਟਿਕਟ' ਉਹ ਬੋਲਿਆ।
ਮੈਂ ਕਿਹਾ, 'ਪੰਜ ਰੁਪਏ ਵਿਚ ਬੱਸ ਜਿੱਥੋਂ ਤੱਕ ਜਾਂਦੀ ਐ, ਉੱਥੋਂ ਦੀ ਟਿਕਟ ਦੇ ਦਿਓ...।'
'ਪੰਜ ਰੁਪਏ ਵਿਚ ਤਾਂ ਫੇਰ ਬੜੂੰਦੀ ਤੱਕ ਹੀ ਜਾਊਗੀ× ...।'
'ਫੇਰ ਬੜੂੰਦੀ ਤੱਕ ਦੀ ਟਿਕਟ ਦੇ ਦਿਓ...।'
ਉਸ ਕੁੜੀ ਨੇ ਆਪਣੇ ਗੁਲਾਬੀ ਰੰਗ ਦੇ ਪਰਸ ਵਿਚੋਂ ਪੰਜਾਹ ਰੁਪਏ ਦਾ ਨੋਟ ਕੱਢਿਆ ਅਤੇ ਮੇਰਾ ਹੱਥ ਫੜ ਕੇ ਉਹ ਪੰਜਾਹ ਰੁਪਏ ਦਾ ਨੋਟ ਮੇਰੇ ਹੱਥ 'ਤੇ ਰੱਖ ਦਿੱਤਾ। ਮੈਂ ਵੀ ਹੈਰਾਨ ਸੀ ਅਤੇ ਕੰਡਕਟਰ ਵੀ। ਮੇਰੇ ਵਲੋਂ ਵਾਰ-ਵਾਰ ਮਨ੍ਹਾਂ ਕਰਨ ਦੇ ਬਾਵਜੂਦ ਵੀ ਉਸ ਨੇ ਮੈਨੂੰ ਜ਼ਬਰਦਸਤੀ ਪੰਜਾਹ ਰੁਪਏ ਦਾ ਨੋਟ ਫੜਾ ਦਿੱਤਾ। ਜਿਸ ਵਿਚੋਂ ਮੈਂ ਅਹਿਮਦਗੜ੍ਹ ਮੰਡੀ ਜਾਣ ਲਈ ਪੂਰੀ ਟਿਕਟ ਕਟਵਾ ਲਈ। ਬਾਕੀ ਪੈਸੇ ਉਸ ਨੂੰ ਵਾਪਸ ਕਰਨੇ ਚਾਹੇ ਤਾਂ ਉਸ ਨੇ ਕਿਹਾ, ਇਹ ਪੈਸੇ ਤੁਸੀਂ ਰੱਖੋ, ਵਾਪਸੀ 'ਤੇ ਕੰਮ ਆਉਣਗੇ। ਕੰਡਕਟਰ ਨੇ ਮੈਨੂੰ ਟਿਕਟ ਦਿੱਤੀ ਅਤੇ ਮੇਰੇ ਵੱਲ ਟੇਢਾ-ਟੇਢਾ ਝਾਕਦਾ ਹੋਇਆ ਅੱਗੇ ਨਿਕਲ ਗਿਆ ਅਤੇ ਹੋਰ ਟਿਕਟਾਂ ਕੱਟਣ ਲੱਗਾ। ਅਗਲੀ-ਪਿਛਲੀ ਸੀਟ 'ਤੇ ਬੈਠੀਆਂ ਸਵਾਰੀਆਂ ਵੀ ਇਹ ਸਭ ਕੁਝ ਦੇਖ ਰਹੀਆਂ ਸਨ। ਉਸ ਕੁੜੀ ਨੇ ਮੈਨੂੰ ਹੋਰ ਸੋਚਾਂ ਵਿਚ ਪਾ ਦਿੱਤਾ। ਮੈਂ ਸੋਚ ਰਿਹਾ ਸੀ ਕਿ ਪਤਾ ਨਹੀਂ ਇਸ ਕੁੜੀ ਦੇ ਮਨ ਵਿਚ ਕੀ ਚੱਲ ਰਿਹਾ ਹੋਵੇਗਾ।
ਸਾਲ 2000 ਵਿਚ ਮੇਰੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਦੁਬਾਰਾ ਪਟੜੀ 'ਤੇ ਲਿਆਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ। ਘਰੇਲੂ ਮਜ਼ਬੂਰੀਆਂ ਅਤੇ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਚਲਦੇ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਆਪਣੇ ਦੋਸਤਾਂ ਨਾਲ ਕਾਲਜ ਜਾਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਸਾਲ 2006 ਵਿਚ ਇਕ ਨਜ਼ਦੀਕੀ ਦੋਸਤ ਦੀ ਸਲਾਹ ਨਾਲ ਮੈਂ ਇਕ ਮਾਰਕਟਿੰਗ ਕੰਪਨੀ ਵਿਚ ਕੰਮ ਕਰਨ ਲੱਗਾ ਤਾਂ ਕਿ ਪਰਿਵਾਰ ਦੀ ਆਰਥਿਕ ਸਥਿਤੀ ਵਿਚ ਕੁਝ ਸੁਧਾਰ ਹੋ ਸਕੇ। ਇਹ ਕੰਪਨੀ ਸਾਨੂੰ ਸਾਮਾਨ ਸੇਲ ਕਰਨ ਬਦਲੇ ਹਰ ਆਇਟਮ ਪਿੱਛੇ ਵੀਹ ਪ੍ਰਤੀਸ਼ਤ ਕਮਿਸ਼ਨ ਦਿੰਦੀ, ਜਿਸ ਵਿਚ ਜ਼ਿਆਦਾਤਰ ਸਿਹਤ ਨਾਲ ਸੰਬੰਧਿਤ ਚੁੰਬਕੀ ਪ੍ਰੋਡਕਟ ਅਤੇ ਹੋਰ ਸਾਮਾਨ ਹੁੰਦਾ ਸੀ। ਹਰ ਮਹੀਨੇ ਮੇਰੀ ਮਾਂ ਉਮੀਦ ਕਰਦੀ ਕਿ ਮੈਂ ਉਸ ਨੂੰ ਆਪਣੀ ਕਮਾਈ ਵਿਚੋਂ ਕੁਝ ਪੈਸੇ ਘਰ ਦਾ ਖਰਚਾ ਚਲਾਉਣ ਵਾਸਤੇ ਭੇਜਾਂਗਾ ਪਰ ਇਹ ਸੰਭਵ ਨਾ ਹੋ ਸਕਿਆ ਕਿਉਂਕਿ ਕਮਿਸ਼ਨ ਦੇ ਰੂਪ ਵਿਚ ਮਿਲੇ ਪੈਸਿਆਂ ਨਾਲ ਮੇਰਾ ਆਪਣਾ ਖਰਚਾ ਹੀ ਬੜੀ ਮੁਸ਼ਕਿਲ ਨਾਲ ਚਲਦਾ ਸੀ। ਮੇਰੇ ਪਿਤਾ ਦੀ ਮੌਤ ਤੋਂ ਬਾਅਦ ਜਿਵੇਂ ਸਾਰਾ ਕੁਝ ਇਕਦਮ ਬਦਲ ਗਿਆ ਸੀ। ਮੇਰੀ ਜ਼ਿੰਦਗੀ ਦਾ ਇਹ ਕੀਮਤੀ ਸਮਾਂ, ਮਤਲਬ ਮੇਰੀ ਜਵਾਨੀ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਅਤੇ ਬਾਕੀ ਪਰਿਵਾਰ ਦੇ ਫ਼ਿਕਰਾਂ ਵਿਚ ਗੁਜ਼ਰ ਰਹੀ ਸੀ, ਜਦਕਿ ਇਹ ਉਮਰ ਆਪਣੇ ਸਕੂਲ ਅਤੇ ਕਾਲਜ ਦੇ ਦੋਸਤਾਂ ਨਾਲ ਹਾਸੀਆਂ-ਖੇਡੀਆਂ ਕਰਨ ਦੀ ਹੁੰਦੀ ਹੈ। ਮਾਰਕੀਟਿੰਗ ਦੇ ਇਸ ਖੇਤਰ ਵਿਚ ਮੈਨੂੰ ਮਜ਼ਬੂਰੀਆਂ ਵਿਚ ਫਸੇ ਹੋਏ ਬਹੁਤ ਸਾਰੇ ਬੱਚੇ ਮਿਲੇ ਜੋ ਮੇਰੀ ਤਰ੍ਹਾਂ ਆਪਣੀ ਜ਼ਿੰਦਗੀ ਵਿਚ ਸੰਘਰਸ਼ ਕਰ ਰਹੇ ਸਨ। ਇਸ ਕੰਪਨੀ ਵਿਚ ਕੰਮ ਕਰਦੇ ਹੋਏ ਮੈਨੂੰ ਸਾਹਮਣੇ ਵਾਲੇ ਵਿਅਕਤੀ ਦਾ ਚਿਹਰਾ ਅਤੇ ਦਿਮਾਗ਼ ਪੜ੍ਹਨਾ ਚੰਗੀ ਤਰ੍ਹਾਂ ਆ ਗਿਆ ਸੀ। ਇਸ ਸਫ਼ਰ ਵਿਚ ਬਹੁਤ ਸਾਰੇ ਲੋਕ ਮਿਲੇ ਜਿਨ੍ਹਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਤੇ ਕੁਝ ਲੋਕ ਅਜਿਹੇ ਪ੍ਰੇਰਨਾ ਸਰੋਤ ਰਹੇ ਜੋ ਹਮੇਸ਼ਾ ਲਈ ਯਾਦ ਬਣ ਕੇ ਰਹਿ ਗਏ। ਅੱਜ ਅਹਿਮਦਗੜ੍ਹ ਮੰਡੀ ਨੂੰ ਜਾ ਰਹੀ ਇਸ ਬੱਸ ਵਿਚ ਬੈਠੀ ਇਹ ਅਜਨਬੀ ਕੁੜੀ ਵੀ ਉਨ੍ਹਾਂ ਵਿਚੋਂ ਇਕ ਸੀ।
ਬੱਸ ਛਪਾਰ ਪਿੰਡ ਪੁੱਜੀ। ਉਸ ਕੁੜੀ ਨੇ ਮੈਨੂੰ ਦੱਸਿਆ ਕਿ ਇੱਥੇ ਛਪਾਰ ਦਾ ਮੇਲਾ ਲੱਗਦਾ ਹੈ, ਸਾਡੇ ਵਿਚ ਹੋਰ ਬਹੁਤ ਸਾਰੀਆਂ ਗੱਲਾਂ-ਬਾਤਾਂ ਹੋਈਆਂ। ਅਸੀਂ ਦੋਵੇਂ ਇਕ ਦੂਸਰੇ ਤੋਂ ਅਣਜਾਣ ਸੀ ਪਰ ਇਹ ਸਭ ਕੁਝ ਕਿਵੇਂ ਹੋ ਰਿਹਾ ਸੀ, ਮੈਨੂੰ ਨਹੀਂ ਪਤਾ। ਬੱਸ ਦੀ ਅਗਲੀ ਤਾਕੀ ਵਿਚ ਖੜ੍ਹਾ ਕੰਡਕਟਰ ਮੈਨੂੰ ਪਤਾ ਨਹੀਂ ਕਿਉਂ ਘੂਰ ਰਿਹਾ ਸੀ। ਮੇਰੇ ਮਨ ਵਿਚ ਉੱਠ ਰਹੇ ਸੈਂਕੜੇ ਸਵਾਲਾਂ ਦਾ ਇਕ ਸਵਾਲ ਬਣਾ ਕੇ ਮੈਂ ਉਸ ਕੁੜੀ ਨੂੰ ਪੁੱਛਿਆ, 'ਤੁਸੀਂ ਕਿੱਥੇ ਜਾ ਰਹੇ ਹੋਂ?' ਉਸ ਨੇ ਹੱਸਦੇ ਹੋਏ ਕਿਹਾ, 'ਮੈਂ ਆਪਣੇ ਪੇਕੇ ਪਿੰਡ ਆਪਣੇ ਮਾਤਾ-ਪਿਤਾ ਨੂੰ ਮਿਲਣ ਜਾ ਰਹੀ ਹਾਂ ਕਿਉਂਕਿ ਅਗਲੇ ਹਫ਼ਤੇ ਮੈਂ ਆਪਣੇ ਪਤੀ ਕੋਲ ਨਿਊਜ਼ੀਲੈਂਡ ਚਲੇ ਜਾਣਾ ਹੈ, ਹਮੇਸ਼ਾ ਲਈ, ਫਿਰ ਪਤਾ ਨਹੀਂ ਕਦੋਂ ਆਉਣਾ ਹੋਵੇਗਾ।' ਉਸ ਨੇ ਮੇਰੇ ਵਲੋਂ ਪੁੱਛੇ ਸਵਾਲ ਦਾ ਬੜਾ ਸਰਲ ਜਿਹਾ ਜਵਾਬ ਦਿੱਤਾ। 'ਪਰ ਤੁਸੀਂ ਮੇਰੀ ਟਿਕਟ ਕਿਉਂ ਕਟਵਾਈ, ਤੁਸੀਂ ਕਿਹੜਾ ਮੈਨੂੰ ਜਾਣਦੇ ਹੋ?' ਮੈਂ ਉਸ ਨੂੰ ਅਗਲਾ ਸਵਾਲ ਕੀਤਾ। ਉਸ ਨੇ ਆਪਣੀ ਕਾਲੀ ਐਨਕ ਉਤਾਰੀ ਅਤੇ ਕਿਹਾ, 'ਸਾਡਾ ਕਿਰਦਾਰ ਹੀ ਸਾਡੀ ਪਹਿਚਾਣ ਹੁੰਦਾ ਹੈ, ਮੈਂ ਤੁਹਾਡੇ ਨਾਲ ਹੋ ਰਹੇ ਸਾਰੇ ਘਟਨਾਕ੍ਰਮ ਨੂੰ ਦੇਖ ਰਹੀ ਸੀ ਜਿਸ ਤੋਂ ਤੁਸੀਂ ਮੈਨੂੰ ਇਕ ਇਮਾਨਦਾਰ ਅਤੇ ਨੇਕ ਸੁਭਾਅ ਦੇ ਸ਼ਰੀਫ਼ ਇਨਸਾਨ ਲੱਗੇ ਅਤੇ ਕਿਸੇ ਸੱਚੇ ਬੰਦੇ ਦੀ ਮਦਦ ਕਰਨਾ ਮੇਰਾ ਸੁਭਾਅ ਹੈ× ...।'
'ਪਰ ਤੁਸੀਂ ਬੱਸ ਵਿਚ ਚੜ੍ਹਦੇ ਸਮੇਂ ਮੇਰੇ ਨਾਲ ਹੀ ਆ ਕੇ ਕਿਉਂ ਬੈਠੇ ਜਦਕਿ ਬੱਸ ਵਿਚ ਹੋਰ ਵੀ ਸੀਟਾਂ ਖਾਲੀ ਪਈਆਂ ਸਨ× × × ?'
'ਮੈਨੂੰ ਪਤਾ ਸੀ ਤੁਸੀਂ ਇਹ ਸਵਾਲ ਕਰੋਗੇ× × ' ਉਸ ਨੇ ਮੇਰੀਆਂ ਅੱਖਾਂ ਵਿਚ ਅੱਖ ਪਾ ਕੇ ਗੱਲ ਕੀਤੀ।
'ਹਾਂ, ਪਰ ਮੈਂ ਇਹ ਜਾਣਨਾ ਚਾਹੁੰਦਾ ਹਾਂ...।'
ਤਾਂ ਸੁਣੋ, ਅਸੀਂ ਦੋ ਭੈਣ ਭਰਾ ਸੀ, ਮੇਰਾ ਭਰਾ ਮੇਰੇ ਤੋਂ ਛੋਟਾ ਸੀ, ਉਹ ਇਕ ਵਧੀਆ ਕਾਲਜ ਵਿਚ ਪੜ੍ਹਦਾ ਸੀ, ਜਿੱਥੇ ਅਮੀਰ ਘਰਾਂ ਦੇ ਬੱਚੇ ਪੜ੍ਹਦੇ ਸਨ। ਮੇਰੇ ਮਾਤਾ-ਪਿਤਾ ਕੋਲ ਰੱਬ ਦਾ ਦਿੱਤਾ ਸਭ ਕੁਛ ਹੈ, ਜ਼ਮੀਨ-ਜਾਇਦਾਦ, ਪੈਸਾ, ਸ਼ੁਹਰਤ ਪਰ ਬੁਰੀ ਸੰਗਤ ਵਿਚ ਫਸ ਕੇ ਮੇਰਾ ਭਰਾ ਨਸ਼ਿਆਂ ਦਾ ਆਦੀ ਹੋ ਗਿਆ, ਉੱਥੇ ਪੈਸਾ ਕੰਮ ਨਹੀਂ ਆਇਆ, ਅਸੀਂ ਉਸ ਦਾ ਬਹੁਤ ਇਲਾਜ ਕਰਵਾਇਆ ਪਰ ਉਸ ਦੀ ਮਾਨਸਿਕ ਸਥਿਤੀ ਐਨੀ ਵਿਗੜ ਗਈ ਸੀ ਕਿ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਅਤੇ ਉਹ ਸਾਨੂੰ ਹਮੇਸ਼ਾ ਲਈ ਛੱਡ ਕੇ ਚਲਾ ਗਿਆ...।' ਭਰੀਆਂ ਅੱਖਾਂ ਨਾਲ ਉਸ ਕੁੜੀ ਨੇ ਜਵਾਬ ਦਿੱਤਾ ਅਤੇ ਉਹ ਚੁੱਪ ਹੋ ਗਈ।
ਮੇਰਾ ਦਿਮਾਗ਼ ਸੁੰਨ੍ਹ ਹੋ ਗਿਆ ਅਤੇ ਜਿਵੇਂ ਮੇਰੇ ਕੋਲ ਉਸ ਕੁੜੀ ਨੂੰ ਪੁੱਛਣ ਲਈ ਕੋਈ ਹੋਰ ਸਵਾਲ ਨਾ ਬਚਿਆ ਹੋਵੇ। ਇੰਝ ਲੱਗ ਰਿਹਾ ਸੀ ਜਿਵੇਂ ਸਾਰੀ ਬੱਸ ਵਿਚ ਸੰਨਾਟਾ ਛਾ ਗਿਆ ਹੋਵੇ। ਇਹ ਅੰਦਰਲੀ ਚੁੱਪ ਸੀ ਜੋ ਮਨ ਵਿਚ ਚੱਲ ਰਹੇ ਸੈਂਕੜੇ ਸਵਾਲਾਂ ਨੂੰ ਇਕ ਜਵਾਬ ਵਿਚ ਸ਼ਾਂਤ ਕਰ ਗਈ ਸੀ। ਉਦੋਂ ਪਹਿਲੀ ਵਾਰ ਕਿਸੇ ਦੇ ਮੂੰਹ ਤੋਂ ਸੁਣਿਆ ਸੀ ਕਿ ਨਸ਼ਾ ਕਿਵੇਂ ਘਰ ਉਜਾੜ ਦਿੰਦਾ ਹੈ। ਇਨਸਾਨ ਕੋਲ ਪੈਸਾ ਹੁੰਦੇ ਹੋਏ ਵੀ ਉਸ ਨੂੰ ਸਕੂਨ ਦੀ ਭਾਲ ਰਹਿੰਦੀ ਹੈ ਅਤੇ ਕੋਈ ਮਾਂ, ਕੋਈ ਭੈਣ, ਕੋਈ ਬਾਪ ਆਪਣੇ ਤੋਂ ਵਿਛੜ ਚੁੱਕੇ ਆਪਣੇ ਕਿਸੇ ਪਿਆਰੇ ਨੂੰ ਦੁਨੀਆ ਦੀ ਇਸ ਭੀੜ ਵਿਚ ਲੱਭਦਾ ਫਿਰਦਾ ਹੈ ਪਰ ਉਹ ਰੂਹ ਕਿਤੋਂ ਨਹੀਂ ਲੱਭਦੀ ਅਤੇ ਇਹ ਤੜਫ ਮਰਦੇ ਦਮ ਤੱਕ ਇਨਸਾਨ ਦੇ ਅੰਦਰ ਹਮੇਸ਼ਾ ਬਣੀ ਰਹਿੰਦੀ ਹੈ। ਹੁਣ ਮੇਰਾ ਦਿਮਾਗ਼ ਅਤੇ ਮਨ ਦੋਵੇਂ ਸ਼ਾਂਤ ਸਨ ਪਰ ਅੰਦਰੋਂ ਮਨ ਦਾ ਇਕ ਕੋਨਾ ਬੁਹਤ ਦੁਖੀ ਸੀ। ਮੈਂ ਉਸ ਫਰਿਸ਼ਤੇ ਵਰਗੀ ਕੁੜੀ ਤੋਂ ਇਹ ਸਵਾਲ ਪੁੱਛਣ ਲਈ ਮੁਆਫ਼ੀ ਮੰਗਣੀ ਚਾਹੀ ਪਰ ਉਸ ਨੇ ਬੜੇ ਸਹਿਜ ਸੁਭਾਅ ਨਾਲ ਕਿਹਾ, 'ਤੇਰੀ ਸ਼ਕਲ ਮੈਨੂੰ ਆਪਣੇ ਭਰਾ ਵਰਗੀ ਲੱਗੀ ਤਾਂ ਮੈਂ ਤੇਰੇ ਨਾਲ ਆ ਕੇ ਬੈਠੀ ਸੀ, ਪਰ ਜਦੋਂ ਇਹ ਅੱਧੀ ਟਿਕਟ ਨੂੰ ਲੈ ਕੇ ਤੇਰੀ ਕੰਡਕਟਰ ਨਾਲ ਬਹਿਸ ਹੋਈ ਤਾਂ ਮੈਂ ਤੇਰੀ ਮਦਦ ਕਰੇ ਬਿਨਾਂ ਨਹੀਂ ਰਹਿ ਸਕੀ, ਨਾਲੇ ਕਿਸੇ ਦੀਆਂ ਮਜਬੂਰੀਆਂ ਨੂੰ ਹਰ ਕੋਈ ਕਿੱਥੇ ਸਮਝਦੈ, ਸਾਫ਼ ਨੀਅਤ ਨਾਲ ਚੰਗੇ ਲੋਕਾਂ ਦੀ ਮਦਦ ਕਰਨਾ ਕੋਈ ਗੁਨਾਹ ਨਹੀਂ, ਫਿਰ ਦੁਨੀਆ ਤੁਹਾਡੇ ਬਾਰੇ ਚਾਹੇ ਕੁਝ ਵੀ ਸੋਚੇ, ਇਹ ਕਿਤੇ ਪੜ੍ਹਿਆ ਸੀ ਮੈਂ...।' ਉਸ ਦੇ ਇਹ ਬੋਲ ਮੈਨੂੰ ਧੁਰ ਅੰਦਰ ਤੱਕ ਹਿਲਾ ਗਏ।
ਇਤਨੇ ਵਿਚ ਅਹਿਮਦਗੜ੍ਹ ਮੰਡੀ ਦਾ ਬੱਸ ਸਟੈਂਡ ਆ ਗਿਆ ਹੈ। ਉਸ ਅਜਨਬੀ ਕੁੜੀ ਨੇ ਜਾਣ ਲੱਗੇ ਮੇਰੇ ਨਾਲ ਹੱਥ ਮਿਲਾਇਆ ਅਤੇ ਅਸੀਂ ਦੋਵੇਂ ਬੱਸ ਤੋਂ ਉਤਰ ਆਪਣੇ-ਆਪਣੇ ਰਸਤੇ ਚੱਲ ਪਏ। ਬੱਸ ਕੰਡਕਟਰ ਅਜੇ ਵੀ ਮੇਰੇ ਵੱਲ ਕਿਸੇ ਸ਼ੱਕ ਦੀ ਨਜ਼ਰ ਨਾਲ ਦੇਖ ਰਿਹਾ ਸੀ ਅਤੇ ਮੁਸ਼ਕੜੀਆਂ ਹੱਸ ਵੀ ਰਿਹਾ ਸੀ। ਅੱਜ ਕਰੀਬ ਵੀਹ ਸਾਲਾਂ ਬਾਅਦ ਕਿਸੇ ਡਾਇਰੀ ਦੇ ਪੰਨਿਆਂ ਵਿਚ ਸਾਂਭ ਕੇ ਰੱਖੀ ਉਸ ਟਿਕਟ ਨੂੰ ਦੇਖਦਿਆਂ ਉਹ ਅਭੁੱਲ ਸਫ਼ਰ ਯਾਦ ਆਇਆ ਜੋ ਕਦੇ ਮੈਂ ਇਕ ਅਜਨਬੀ ਕੁੜੀ ਨਾਲ ਕੀਤਾ ਸੀ ਪਰ ਅੱਜ ਤੱਕ ਮੈਨੂੰ ਸਮਝ ਨਹੀਂ ਆਈ ਕਿ ਇਹ ਟਿਕਟ ਅੱਧੀ ਸੀ ਜਾਂ ਪੂਰੀ।
-ਮੋਬਾਈਲ : 80540-10233

Ad Position 22
No active advertisement
ਪਿਛਲੀ ਖ਼ਬਰ ਮਜਬੂਰੀਆਂ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *
Ad Position 24
No active advertisement