ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਮਜਬੂਰੀਆਂ

Ad Position 21
No active advertisement
ਅਜੀਤ ਡੈਸਕ 28-06-2026

ਕਰਮ ਚੰਦ ਤੇ ਉਸ ਦਾ ਪੁੱਤਰ ਰਵੀ, ਆਪਣੇ ਕਮਰੇ ਵਿਚ ਸਵੇਰੇ-ਸਵੇਰੇ ਸਲਾਹ ਕਰ ਰਹੇ ਸਨ। 'ਪਿਤਾ ਜੀ, ਰਵੀ ਪਿਤਾ ਜੀ ਦੇ ਨਾਲ ਬੈਠਿਆਂ ਬੋਲ ਰਿਹਾ ਸੀ, ਹੁਣ ਚਾਚਾ ਜੀ, ਆਏ ਹੋਏ ਹਨ, ਇਨ੍ਹਾਂ ਨਾਲ ਜ਼ਮੀਨ ਤੇ ਪਿੰਡ ਵਾਲੇ ਘਰ ਦੀ ਗੱਲ ਕਰ ਲੈਣੀ ਸੀ, ਉਹ ਹੁਣ ਤੁਹਾਡੇ ਨਾਂਅ ਕਰਵਾ ਦੇਣ, ਤਾਂ ਚੰਗਾ, ਇਨ੍ਹਾਂ ਤੋਂ ਬਾਅਦ ਕੀ ਪਤਾ ਇਨ੍ਹਾਂ ਦਾ ਪੁੱਤ ਅਸ਼ੋਕ ਸਾਨੂੰ ਦੇਵੇ ਜਾਂ ਨਾ, ਕੀ ਪਤਾ ਹੋਰ ਨੂੰ ਹੀ ਵੇਚ ਦੇਵੇ। ਅਸੀਂ ਦੇਖ ਲੋ, ਜਦੋਂ ਇਹ ਇਥੇ ਆਉਂਦੇ, ਕਿੰਨਾ ਮਾਣ-ਸਤਿਕਾਰ ਨਾਲ ਸੇਵਾ ਕਰਦੇ, ਅਸੀਂ ਵੈਸ਼ਨੂੰ ਪਰ ਇਨ੍ਹਾਂ ਨੂੰ ਮੀਟ ਸ਼ਰਾਬ ਦਿੰਦੇ, ਕਈ ਵਾਰ ਤਾਂ ਇਨ੍ਹਾਂ ਦੇ ਕਿੰਨੇ ਸਾਡੇ ਦੋਸਤ ਆ ਜਾਂਦੇ, ਸਭ ਦੀ ਸੇਵਾ ਕਰਦੇ। ਜਿਥੇ ਜਾਂਦੇ ਤੁਹਾਨੂੰ ਨਾਲ ਲੈ ਕੇ ਜਾਂਦੇ, ਪਿੰਡ ਵਿਚ ਕਈ-ਕਈ ਦਿਨ ਤੁਸੀਂ ਰਹਿੰਦੇ, ਇਥੇ ਤੁਹਾਡੇ ਬਿਨਾਂ ਮੇਰਾ ਕੰਮ ਖਰਾਬ ਹੁੰਦਾ, ਸੋ ਇਨ੍ਹਾਂ ਨੂੰ ਵੀ ਸੋਚਣਾ ਚਾਹੀਦਾ ਹੈ।'
'ਪੁੱਤਰ ਰਵੀ, ਕਰਮ ਚੰਦ ਲੰਬਾ ਸਾਹ ਲੈ ਕੇ ਬੋਲਿਆ, 'ਪੁੱਤ ਤੈਨੂੰ ਪਤਾ ਕਿ ਤੁਹਾਡਾ ਚਾਚਾ ਇਥੇ ਕਿਉਂ ਆਉਂਦਾ, ਇਥੇ ਇਸ ਦਾ ਘਰ ਹੈ, ਪਿੰਡ ਹੈ, ਜਨਮ ਭੂਮੀ ਹੈ, ਇਥੇ ਇਸ ਦੀ। ਇਥੇ ਦੇ ਸੁਪਨੇ ਆਉਂਦੇ ਇਸ ਨੂੰ। ਵਿਦੇਸ਼ ਕਰਮ ਭੂਮੀ ਹੈ। ਉਹ ਇਨ੍ਹਾਂ ਦੇ ਬੱਚਿਆਂ ਦਾ ਦੇਸ਼ ਹੋ ਸਕਦਾ ਹੈ ਪਰ ਇਸ ਦਾ ਨੀਂ। ਇਥੇ ਇਹ ਤੁਹਾਡੀ ਮੀਟ ਸ਼ਰਾਬ ਖਾਣ-ਪੀਣ ਨੀਂ ਆਉਂਦਾ, ਇਹ ਇਨ੍ਹਾਂ ਚੀਜ਼ਾਂ ਦਾ ਭੁੱਖਾ ਨੀਂ। ਉਸ ਨੂੰ ਸਾਡੇ ਨਾਲ ਮੋਹ ਪਿਆਰ ਹੈ। ਆਪਣੇ ਯਾਰਾਂ-ਦੋਸਤਾਂ ਤੇ ਮੇਰੇ ਨਾਲ ਇਕੱਠੇ ਰਹਿ ਆਪਣਾ ਪੁਰਾਣਾ ਵਕਤ ਯਾਦ ਕਰ ਲੈਂਦਾ ਹੈ। ਪਿੰਡ ਰਹਿੰਦਾ ਹੈ ਤਾਂ ਬੱਚਿਆਂ, ਜਵਾਨਾਂ ਨਾਲ ਖੇਡਦਾ ਹੈ, ਬਜ਼ੁਰਗਾਂ ਨਾਲ ਪੁਰਾਣੀਆਂ ਕਹਾਣੀਆਂ ਛੇੜ ਲੈਂਦਾ ਹੈ। ਤੂੰ ਮੈਨੂੰ ਕਹਿੰਦਾ ਏਂ ਕਿ ਮੈਂ ਉਸ ਨੂੰ ਜ਼ਮੀਨ-ਜਾਇਦਾਦ ਆਪਣੇ ਨਾਂਅ ਕਰਵਾਉਣ ਨੂੰ ਕਹਾਂ, ਮੈਂ ਕਿਉਂ ਕਹਾਂ, ਇਹ ਉਸ ਦਾ ਹਿੱਸਾ ਹੈ, ਜੋ ਮਰਜ਼ੀ ਕਰੇ। ਨਾਲੇ ਪੁੱਤ ਇਹੀ ਤਾਂ ਪਿੰਡ ਨਾਲ ਸਾਂਝ ਹੈ, ਇਸ ਨੂੰ ਵੀ ਉਹ ਤੋੜ ਦੇਵੇ। ਤੁਸੀਂ ਅਜੇ ਤੱਕ ਇਸ ਨੂੰ ਪਹਿਚਾਣ ਨੀਂ ਸਕੇ, ਤੂੰ ਤੇ ਤੇਰੀ ਮਾਂ ਇਕੋ ਸੋਚ ਦੇ ਹੋ। ਤੁਹਾਨੂੰ ਯਾਦ ਨੀਂ ਜਦੋਂ ਤੇਰਾ ਕਾਰੋਬਾਰ ਸੈੱਟ ਕਰਨਾ ਸੀ ਤਾਂ ਇਸ ਨੇ ਬਿਨਾਂ ਮੰਗੇ, ਤੈਨੂੰ ਪੈਸੇ ਭੇਜੇ, ਜਦੋਂ ਦਾ ਇਹ ਵਿਦੇਸ਼ ਗਿਆ ਅਸੀਂ ਹੀ ਇਸ ਦਾ ਠੇਕੇ ਦਾ ਹਿੱਸਾ ਖਾਂਦੇ ਹਾਂ। ਇਸ ਨੇ ਕਦੇ ਤੈਥੋਂ ਪੈਸੇ ਵਾਪਸ ਮੰਗੇ, ਕਦੇ ਠੇਕੇ ਦਾ ਜ਼ਿਕਰ ਕੀਤਾ ਤੇ ਤੁਸੀਂ ਇਸ ਦੀਆਂ ਰੋਟੀਆਂ ਗਿਣਨ ਲੱਗ ਪਏ। ਤੈਥੋਂ ਮੈਨੂੰ ਇਹ ਆਸ ਨਹੀਂ ਸੀ। ਪੁੱਤ ਆਪਾਂ ਕੋਲ ਸਭ ਕੁਝ ਹੈ, ਹੋਰ ਕੀ ਚਾਹੀਦਾ ਹੈ ਬਸ ਸਬਰ ਸੰਤੋਖ ਮੰਗੋ।' ਇਹ ਕਹਿੰਦਿਆਂ ਕਰਮ ਚੰਦ ਦੀਆਂ ਅੱਖਾਂ ਭਰ ਆਈਆਂ ਤੇ ਉਹ ਬਾਹਰ ਨਿਕਲ ਗਿਆ।
ਜਦੋਂ ਕਰਮ ਚੰਦ ਬਾਹਰ ਨਿਕਲਿਆ ਤਾਂ ਬਾਹਰ ਛੋਟਾ ਭਰਾ ਬੈਠਾ ਸਭ ਕੁਝ ਸੁਣ ਰਿਹਾ ਸੀ। ਉਸ ਨੂੰ ਵੇਖ ਕਰਮ ਚੰਦ ਹੈਰਾਨ ਪ੍ਰੇਸ਼ਾਨ ਹੋ ਗਿਆ ਤੇ ਛੋਟੇ ਭਰਾ ਨੇ ਕਰਮ ਚੰਦ ਨੂੰ ਉਠ ਕੇ ਆਪਣੀ ਜੱਫੀ ਵਿਚ ਲੈ ਕੇ ਕਹਿਣਾ ਸ਼ੁਰੂ ਕੀਤਾ, 'ਬਾਈ ਸਾਡੇ ਟੱਬਰ ਦਾ ਵੀ ਏਹੀ ਹਾਲ ਹੈ, ਉਨ੍ਹਾਂ ਨੂੰ ਸਬਰ ਨੀਂ, ਉਨ੍ਹਾਂ ਨੂੰ ਆਪਣੇ ਪਿੰਡ ਦੀ ਜ਼ਮੀਨ ਰੜਕਦੀ ਰਹਿੰਦੀ। ਮੇਰੀ ਤਾਂ ਇਹ ਇੱਛਾ ਹੈ ਕਿ ਆਪਣਾ ਹਿੱਸਾ ਤੁਹਾਨੂੰ ਦੇਵਾਂ ਪਰ ਮੇਰਾ ਟੱਬਰ ਹਰ ਵਾਰ ਮੈਨੂੰ ਆਉਣ ਲੱਗੇ ਨੂੰ ਇਹੀ ਹਦਾਇਤ ਦਿੰਦੇ ਹਨ ਕਿ ਇਸ ਵਾਰ ਜ਼ਮੀਨ ਜ਼ਰੂਰ ਵੇਚ ਆਇਓ।'
-ਮੋਬਾਈਲ : 98769-31529

Ad Position 22
No active advertisement
ਪਿਛਲੀ ਖ਼ਬਰ ਪਹਿਰੇਦਾਰ ਧੀ ਅਗਲੀ ਖ਼ਬਰ ਅੱਧੀ ਟਿਕਟ
Ad Position 24
No active advertisement