ਗੁਰਨਾਮ ਸਿੰਘ ਸਾਰੀ ਰਾਤ ਡੂੰਘੀਆਂ ਸੋਚਾਂ ਤੇ ਫ਼ਿਕਰਾਂ ਵਿਚ ਪਿਆ ਰਿਹਾ। ਉਹ ਇਸ ਨਤੀਜੇ 'ਤੇ ਪਹੁੰਚਿਆ ਕਿ ਮੈਂ ਖ਼ੁਦਕਸ਼ੀ ਕਰ ਕੇ ਹੀ ਇਸ ਝੰਜਟ 'ਚੋਂ ਨਿਕਲ ਸਕਦਾ ਹਾਂ। ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਨੇ ਵਾਕ ਲਿਆ ਤਾਂ ਉਹ ਵਾਹਿਗੁਰੂ ਕਹਿ ਕੇ ਮੰਜੇ ਤੋਂ ਉੱਠਿਆ ਤੇ ਬੈਠਕ ਵਿਚ ਪਏ ਕਣਕ ਦੇ ਡਰੰਮ 'ਚ ਵਾਧੂ ਰੱਖੀਆਂ ਸਲਫਾਸ ਦੀਆਂ ਗੋਲੀਆਂ ਲੱਭਣ ਲੱਗਾ, ਪਰ ਸਲਫਾਸ ਡਰੱਮ 'ਚ ਨਹੀਂ ਸੀ।
ਸਾਰਾ ਪ੍ਰੀਵਾਰ ਗੂੜੀ ਨੀਂਦ ਸੌਂ ਰਿਹਾ ਸੀ, ਪਰ ਉਸ ਦੀ ਬੀ ਐਡ ਪਾਸ ਧੀ ਪਹਿਰੇਦਾਰ ਬਣੀ ਪਈ ਸੀ। ਹੁਣ ਗੁਰਨਾਮ ਸਿੰਘ ਦੱਬਵੇਂ ਪੈਰੀਂ ਚੁਬਾਰੇ ਦੀਆਂ ਪੌੜੀਆਂ ਚੜ੍ਹ ਕੇ ਜਦ ਆਪਣਾ ਸਾਫਾ ਪੱਖੇ ਨੂੰ ਪਾਉਣ ਲੱਗਾ ਤਾਂ ਪੱਖਾ ਛੱਤ ਤੋਂ ਗਾਇਬ ਸੀ, ਉਸ ਨੇ ਤਾਂ ਅੱਜ ਹਰ ਹਾਲਤ ਮਰ ਜਾਣ ਦੀ ਠਾਣ ਲਈ ਸੀ । ਚੁਬਾਰੇ ਚੋਂ ਉੱਤਰ ਕੇ ਉਸ ਨੇ ਪਿੰਡ ਦੇ ਨੇੜਿਓਂ ਲੰਘਦੀ ਨਹਿਰ ਤੇ ਜਾਣ ਲਈ ਚੋਰਾਂ ਵਾਂਗ ਦਰਵਾਜ਼ਾ ਖੋਲ੍ਹਿਆ। ਅਜੇ ਉਹ ਵੀਹੀ ਵਿਚ ਚਾਰ ਕੁ ਕਦਮ ਹੀ ਗਿਆ ਸੀ ਕਿ ਕਿਸੇ ਨੇ ਉਸਨੂੰ ਮੋਢੇ ਤੋਂ ਫੜ ਕੇ ਰੋਕ ਲਿਆ, ਇਹ ਗੁਰਨਾਮ ਸਿੰਘ ਦੀ ਧੀ ਪ੍ਰਮਿੰਦਰ ਸੀ।
'ਚੱਲ ਬਾਪੂ ਜੀ ਘਰ ਮੁੜੋ' ਉਸ ਨੇ ਗੁਰਨਾਮ ਸਿੰਘ ਨੂੰ ਬਾਹੋਂ ਫੜ ਕੇ ਕਿਹਾ। 'ਨਹੀਂ ਬੇਟੀ, ਮੈਂ ਇਸ ਜ਼ਾਲਮ ਸਰਕਾਰ ਅਤੇ ਬੇਦਰਦ ਸਮਾਜ ਤੋਂ ਉੱਕਾ ਹੀ ਹਾਰ ਗਿਆ ਹਾਂ' ਗੁਰਨਾਮ ਸਿੰਘ ਭੁੱਬ ਮਾਰ ਕੇ ਰੋ ਪਿਆ। 'ਬਾਪੂ ਜੀ ਇਹ ਜੀਵਨ ਪਰਮਾਤਮਾ ਨੇ ਇਨਸਾਨ ਨੂੰ ਤੰਗੀਆਂ ਤੁਰਸ਼ੀਆਂ ਨਾਲ ਜੂਝਣ ਲਈ ਤੇ ਬੁਲੰਦ ਹੌਸਲੇ ਨਾਲ ਮੁਸੀਬਤਾਂ ਨਾਲ ਟੱਕਰ ਲੈਣ ਲਈ ਹੀ ਤਾਂ ਬਖ਼ਸ਼ਿਆ ਹੈ, ਕੀ ਨਿਗੂਣਾ ਪੰਜ ਸੱਤ ਲੱਖ ਤੁਹਾਡੇ ਸਿਰ ਕਰਜ਼ਾ ਤੇ ਮੈਂ ਤੇ ਛੋਟਾ ਵੀਰਾ ਗੁਰਜੀਤ ਦੋਵੇਂ ਬੀ ਐੱਡ ਬੇਰੁਜ਼ਗਾਰ ਭੈਣ ਭਰਾ ਦਾ ਫਿਕਰ, ਹਰ ਘੁੱਪ ਹਨੇਰੀ ਰਾਤ ਮਗਰੋਂ ਚਿੱਟਾ ਦਿਨ ਤੇ ਹਰ ਦੁੱਖ ਤੋਂ ਬਾਅਦ ਸੁੱਖ ਦਾ ਆਉਣਾ ਕੁਦਰਤ ਦਾ ਨਿਯਮ ਹੈ'।
'ਕੀ ਤੁਹਾਡੇ ਮਰਨ ਤੋਂ ਬਾਅਦ ਸਾਡੀ ਬਿਮਾਰ ਮਾਂ ਦੀਆਂ ਧਾਹਾਂ ਤੇ ਸਾਡੇ ਭੈਣ-ਭਰਾਵਾਂ ਦੇ ਕੰਧਾਂ ਵਿਚ ਟੱਕਰਾਂ ਮਾਰ-ਮਾਰ ਉੱਚੜ ਦੇ ਮੱਥੇ ਤੁਹਾਡੇ ਦਿਲ ਵਿਚ ਇਕ ਵਾਰ ਵੀ ਨਹੀਂ ਆਏ। ਖ਼ੁਦਕਸ਼ੀ ਤਾਂ ਬੁਝਦਿਲ ਤੇ ਦਲਿੱਦਰ ਲੋਕ ਕਰਦੇ ਹਨ, ਤੁਸੀਂ ਤਾਂ ਦਸਵੇਂ ਸ਼ਹਿਨਸ਼ਾਹ ਦਾ ਅਮ੍ਰਿਤ ਪਾਨ ਕੀਤਾ ਹੋਇਆ ਹੈ, ਬਾਕੀ ਹੋਰ ਸੁਣੋ, ਮੇਰੇ ਵਿਆਹ ਦਾ ਫਿਕਰ ਵੀ ਦਿਲ 'ਚੋਂ ਕੱਢੋ, ਵੀਰੇ ਦੇ ਇਕ ਦੋਸਤ ਟੀਚਰ ਨੇ ਵੀਰੇ ਨਾਲ ਮੇਰੇ ਵਿਆਹ ਦਾ ਪੱਕਾ ਵਾਅਦਾ ਕੀਤਾ ਹੋਇਆ ਹੈ ਜਦੋਂ ਮੈਨੂੰ ਨੌਕਰੀ ਮਿਲ ਗਈ ਬਿਨਾਂ ਦਾਜ ਦਹੇਜ'। ਪ੍ਰਮਿੰਦਰ ਨੇ ਬਾਪੂ ਨੂੰ ਵਿਚੋਂ ਨਹੀਂ ਬੋਲਣ ਦਿੱਤਾ।
'ਪ੍ਰਮਿੰਦਰ ਪੁੱਤ ਮੈਂ ਸਾਰੀ ਜ਼ਿੰਦਗੀ ਤੇਰਾ ਦੇਣਾ ਨਹੀਂ ਦੇ ਸਕਾਂਗਾ, ਪਰ ਸਲਫਾਸ ਤੇ ਪੱਖੇ ਤੁਸੀਂ ਕਿਉਂ ਗ਼ਾਇਬ ਕਰ ਦਿੱਤੇ'। ਆਖ ਕੇ ਧੀ ਨੂੰ ਕਲਾਵੇ ਵਿਚ ਲੈ ਲਿਆ। 'ਬਾਪੂ ਜੀ ਅਸੀਂ ਕਈਆਂ ਦਿਨਾਂ ਤੋਂ ਤੁਹਾਨੂੰ ਉਦਾਸ ਤੇ ਸੋਚਾਂ ਵਿਚ ਪਿਆ ਵੇਖ ਰਹੇ ਸੀ। ਮੈਂ ਹੀ ਵੀਰੇ ਨੂੰ ਕਹਿ ਕੇ ਸਲਫਾਸ ਲੁਕੋਣ 'ਤੇ ਪੱਖੇ ਲਾਹੁਣ ਲਈ ਕਿਹਾ ਸੀ, ਬਾਪੂ ਜੀ ਇਹ ਜੋ ਤੁਸੀਂ ਕਦਮ ਚੁੱਕਿਆ ਸੀ ਮੈਂ ਆਪਣੇ ਟੱਬਰ ਦੇ, ਕਿਸੇ ਜੀਅ ਦੇ ਕੰਨੀ ਨਹੀਂ ਪੈਣ ਦਿਆਂਗੀ, ਇਹ ਮੇਰਾ ਵਾਅਦਾ ਹੈ'।
'ਉਹ ਮੇਰੀ ਜਾਂਬਾਜ ਬੇਟੀ, ਹੇ ਵਾਹਿਗੁਰੂ ਮੈਂ ਇਹ ਕੀ ਕਰ ਬੈਠਣਾ ਸੀ, ਬਖ਼ਸ਼ ਲੈ ਦਾਤਿਆ ਮੈਰੇ ਵਰਗੇ ਹੋਰ ਕਰਜ਼ਾਈ ਕਿਸਾਨ ਵੀਰਾਂ ਨੂੰ' ਆਖ ਕੇ ਗੁਰਨਾਮ ਸਿੰਘ ਆ ਕੇ ਆਪਣੇ ਮੰਜੇ 'ਤੇ ਪੈ ਗਿਆ, ਜਿਵੇਂ ਕੁੱਛ ਹੋਇਆ ਹੀ ਨਾ ਹੋਵੇ, ਬਾਕੀ ਪਰਿਵਾਰ ਅਜੇ ਵੀ ਸੁੱਤਾ ਪਿਆ ਸੀ।
-ਮੋਬਾਈਲ : 98783-28501
ਪਹਿਰੇਦਾਰ ਧੀ
ਅਜੀਤ ਡੈਸਕ
28-06-2026