ਆਸਰਾ
ਮਹਿੰਦਰ ਸਿੰਘ ਨੇ ਆਪਣੀ ਪਤਨੀ ਸਤਵੰਤ ਕੌਰ ਦੇ ਕਹਿਣ 'ਤੇ ਆਪਣੇ ਬਿਮਾਰ ਪਿਤਾ ਨੂੰ ਇਕ ਦਇਆਵਾਨ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਕਿਉਂਕਿ ਉਸ ਦੀ ਪਤਨੀ ਕੋਲੋਂ ਬਿਮਾਰ ਸਹੁਰੇ ਦੀ ਸੇਵਾ ਨਹੀਂ ਸੀ ਹੁੰਦੀ। ਪਰ ਜਦੋਂ ਮਹਿੰਦਰ ਸਿੰਘ ਦੀ ਭੈਣ ਨੇ ਪਿਓ ਦੀ ਬਿਮਾਰੀ ਬਾਰੇ ਸੁਣਿਆ ਤਾਂ ਉਹ ਆਪਣੇ ਪਿਤਾ ਨੂੰ ਆਪਣੇ ਘਰ ਲੈ ਗਈ। ਉਸ ਦੀ ਚੰਗੀ ਤਰ੍ਹਾਂ ਸੇਵਾ ਕੀਤੀ। ਧੀ ਦੇ ਘਰ ਰਹਿੰਦਿਆਂ ਹੀ ਉਸ ਦੀ ਹਾਲਤ ਕੁਝ ਸੁਧਰ ਗਈ ਸੀ। ਹੁਣ ਉਹ ਤੁਰਨ-ਫਿਰਨ ਵੀ ਲੱਗ ਪਿਆ ਸੀ, ਇਥੇ ਹੀ ਸੇਵਾ ਸਿੰਘ ਨੂੰ ਇਕ ਦਿਨ ਆਪਣੇ ਪੁੱਤਰ ਮਹਿੰਦਰ ਦੇ ਘਰ ਪੁੱਤਰ ਹੋਣ ਦੀ ਖਬਰ ਮਿਲੀ ਤਾਂ ਉਹ ਖੁਸ਼ ਹੁੰਦਾ ਬੋਲਿਆ; 'ਸ਼ੁਕਰ ਹੈ ਰੱਬ ਨੇ ਤਿੰਨ ਕੁੜੀਆਂ ਮਗਰੋਂ ਮੁੰਡਾ ਦਿੱਤਾ ਹੈ ਬੁਢਾਪੇ ਦਾ ਆਸਰਾ ਬਣੂ।'
ਅੱਜ ਦੀ ਦੌੜ
'ਯਾਰ ਇਹ ਕੌਣ ਹੈ'?
'ਮਨੁੱਖ ਹੈ'
ਪਰ ਇਹ ਇਸ ਤਰ੍ਹਾਂ ਕਿਉਂ ਦੌੜ ਰਿਹਾ ਹੈ?
ਇਹ ਆਪਣੀ ਮੰਜ਼ਿਲ ਦੀ ਤਲਾਸ਼ ਵਿਚ ਹੈ। ਇਹੀ ਇਸ ਦੀ ਦੌੜ ਦਾ ਕਾਰਨ ਹੈ।
ਕੀ ਇਸ ਨੂੰ ਅਜੇ ਮੰਜ਼ਿਲ ਨਹੀਂ ਮਿਲੀ।
ਇਹ ਕਈ ਮੰਜ਼ਿਲਾਂ ਤੈਅ ਕਰ ਚੁੱਕਾ ਹੈ ਪਰ ਹਰ ਵਾਰ ਮੰਜ਼ਿਲ 'ਤੇ ਪੁੱਜਣ ਤੇ ਉਸਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਹ ਉਸ ਦੀ ਮੰਜ਼ਿਲ ਨਹੀਂ ਮੰਜ਼ਿਲ ਅਜੇ ਅੱਗੇ ਹੈ। ਇਸ ਅਹਿਸਾਸ ਕਾਰਨ ਉਹ ਦੌੜਦਾ ਹੀ ਜਾ ਰਿਹਾ ਹੈ।
ਫਿਰ ਇਹ ਦੌੜ ਕਿਹੜੀ ਮੰਜ਼ਿਲ 'ਤੇ ਰੁਕੇਗੀ
ਮੌਤ ਦੀ।
ਅਹਿਸਾਸ
ਮੈਂ ਉਸਨੂੰ ਹਰ ਰੋਜ਼ ਦੇਖਦਾ ਸੀ। ਹਰ ਵਕਤ ਉਸ ਦੇ ਚਿਹਰੇ 'ਤੇ ਗ਼ਮ ਅਤੇ ਉਦਾਸੀ ਛਾਈ ਰਹਿੰਦੀ ਸੀ ਪ੍ਰੰਤੂ ਉਸ ਦੀ ਇਸ ਉਦਾਸੀ ਅਤੇ ਗਮ ਦੇ ਕਾਰਨ ਤੋਂ ਮੈਂ ਨਾਵਾਕਫ ਸੀ। ਜਦੋਂ ਮੈਂ ਹਿੰਮਤ ਕਰਕੇ ਇਕ ਦਿਨ ਉਸ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਹ ਬੋਲਿਆ ਯਾਰ ਮੈਂ ਜਦ ਵੀ ਉਚਾਈ ਵੱਲ ਵੇਖਦਾ ਹਾਂ ਤਾਂ ਮੈਨੂੰ ਆਪਣੇ ਛੋਟੇਪਨ ਦਾ ਅਹਿਸਾਸ ਦੁਖੀ ਕਰ ਜਾਂਦਾ ਹੈ।
ਮੈਂ, ਉਸ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਕੁਝ ਦਿਨਾਂ ਬਾਅਦ ਉਹ ਮੈਨੂੰ ਫਿਰ ਮਿਲਿਆ ਪਰ ਉਹ ਅੱਜ ਬੜਾ ਖ਼ੁਸ਼ ਨਜ਼ਰ ਆ ਰਿਹਾ ਸੀ। ਮੈਂ ਉਸ ਤੋਂ ਉਸ ਦੀ ਖੁਸ਼ੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਉੱਤਰ ਦਿੱਤਾ ਯਾਰ ਅੱਜ ਮੇਰੀ ਨਜ਼ਰ ਆਪਣੇ ਪੈਰਾਂ ਹੇਠਲੀ ਨਿਵਾਣ 'ਤੇ ਪਈ ਤਾਂ ਮੈਨੂੰ ਆਪਣੀ ਉਚਾਈ ਦਾ ਅਹਿਸਾਸ ਹੋਇਆ
ਮਾਂ ਬੋਲੀ
ਅੱਜ ਸਕੂਲ ਵਿਚ ਸੈਮੀਨਾਰ ਹੋ ਰਿਹਾ ਸੀ, ਸੈਮੀਨਾਰ ਦਾ ਵਿਸ਼ਾ ਸੀ, 'ਮਾਂ ਬੋਲੀ ਪੰਜਾਬੀ ਦਾ ਵਿਕਾਸ' ਬੜੇ ਸਕੂਲਾਂ ਦੇ ਬੱਚੇ ਆਏ। ਸਾਰਿਆਂ ਨੇ ਮਾਂ ਬੋਲੀ ਦੇ ਵਿਕਾਸ ਬਾਰੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਸੁਰਿੰਦਰ ਜੋ ਇਸੇ ਸਕੂਲ ਦਾ ਸੀ ਉਸ ਨੇ ਇੰਨਾ ਵਧੀਆ ਬੋਲਿਆ ਕਿ ਉਸ ਨੂੰ ਸੈਮੀਨਾਰ ਵਿਚ ਸਨਮਾਨਿਤ ਕੀਤਾ ਗਿਆ। ਸੈਮੀਨਾਰ ਖਤਮ ਹੋਣ 'ਤੇ ਜਦੋਂ ਉਹ ਕਲਾਸ ਵਿਚ ਗਿਆ ਤਾਂ ਉਸ ਦੇ ਦੋ ਪਿਆਰੇ ਮਿੱਤਰ ਅਧਿਆਪਕ ਵਲੋਂ ਕਲਾਸ ਵਿਚ ਖੜ੍ਹੇ ਕੀਤੇ ਗਏ ਸਨ। ਪੁੱਛਣ 'ਤੇ ਪਤਾ ਲੱਗਾ ਕਿ ਉਹ ਦੋਵੇਂ ਕਲਾਸ ਵਿਚ ਪੰਜਾਬੀ ਬੋਲ ਰਹੇ ਸਨ ਜਿਸ ਕਰਕੇ ਉਨ੍ਹਾਂ ਨੂੰ ਸਜ਼ਾ ਦੇ ਰੂਪ ਵਿਚ ਖੜ੍ਹਾ ਕੀਤਾ ਗਿਆ ਸੀ।
ਤਰੱਕੀ
ਇਕ ਦਿਨ ਸਾਰੇ ਪਸ਼ੂ ਅਤੇ ਜਾਨਵਰਾਂ ਵਿਚ ਇਹ ਸੋਚ ਕੇ ਖਲਬਲੀ ਮਚ ਗਈ ਕਿ ਮਨੁੱਖ ਜਿਸ ਦੀ ਉਤਪਤੀ ਪਸ਼ੂਆਂ ਦੀ ਇਕ ਜਾਤੀ ਤੋਂ ਹੋਈ ਹੈ, ਅੱਜ ਤਰੱਕੀ ਦੇ ਅਸਮਾਨ ਨੂੰ ਛੂ ਰਿਹਾ ਹੈ। ਉਹ ਪਸ਼ੂ ਅੱਜ ਵੀ ਕੁਦਰਤ ਦੇ ਨਿਯਮਾਂ ਵਿਚ ਰਹਿਣ ਕਰਕੇ ਉਥੇ ਦੇ ਉਥੇ ਹੀ ਹਨ। ਇਹ ਸੋਚ ਕੇ ਉਹ ਸਭ ਉਦਾਸ ਹੋ ਗਏ। ਉਨ੍ਹਾਂ ਵਿਚੋਂ ਇਕ ਬੋਲਿਆ ਉਦਾਸ ਹੋਣ ਦੀ ਲੋੜ ਨਹੀਂ, ਉਹ ਤਰੱਕੀ ਦੀ ਉੱਚੀ ਮੰਜ਼ਿਲ 'ਤੇ ਪਹੁੰਚ ਕੇ ਮਨੁੱਖ ਤੋਂ ਪਸ਼ੂ ਬਣ ਗਿਆ ਹੈ।
ਪਰਵਿੰਦਰ ਕੌਰ ਸਡਾਨਾ ਦੀਆਂ ਪੰਜ ਮਿੰਨੀ ਕਹਾਣੀਆਂ
ਅਜੀਤ ਡੈਸਕ
28-06-2026