ਪੈਰਾਂ ਹੇਠ ਪਹਾੜ
ਲੇਖਕ : ਗੰਗਾ ਰਾਮ ਰਾਜੀ
ਅਨੁਵਾਦਕ: ਸੁਰਜੀਤ ਜੱਜ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 174
ਸੰਪਰਕ : 94173-04446

ਹਥਲੇ ਨਾਵਲ ਦੇ 35 ਭਾਗ ਹਨ। ਇਹ ਨਾਵਲ ਸਿੱਖ ਰਾਜ ਦੇ ਉਸ ਅਣਗੌਲੇ ਹੀਰੇ, ਜਰਨੈਲ ਜ਼ੋਰਾਵਰ ਸਿੰਘ ਕਹਿਲੂਰੀਆ ਦੀ ਗਾਥਾ ਹੈ, ਜਿਸ ਨੇ 19ਵੀਂ ਸਦੀ ਵਿਚ ਲੱਦਾਖ, ਬਾਲਟਿਸਤਾਨ ਅਤੇ ਪੱਛਮੀ ਤਿੱਬਤ ਨੂੰ ਜਿੱਤ ਕੇ ਭਾਰਤ ਦੀਆਂ ਭੂਗੋਲਿਕ ਹੱਦਾਂ ਨੂੰ ਸੁਰੱਖਿਅਤ ਕੀਤਾ। ਮੂਲ ਲੇਖਕ ਦੀ ਇਸ ਕਾਰਜ ਪ੍ਰਤੀ ਉਤਸੁਕਤਾ ਉਦੋਂ ਜਾਗੀ ਜਦੋਂ ਉਨ੍ਹਾਂ ਨੇ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਦੁਆਰਾ ਬਣਾਇਆ ਜਰਨੈਲ ਜ਼ੋਰਾਵਰ ਸਿੰਘ ਦਾ ਤੇਜਵਾਨ ਚਿੱਤਰ ਦੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲਾਂ ਬੱਧੀ ਗਹਿਰੀ ਖੋਜ ਕੀਤੀ, ਜਿਸ ਵਿਚ ਜਰਨੈਲ ਦੀ ਛੇਵੀਂ ਪੀੜ੍ਹੀ ਦੇ ਪਰਿਵਾਰਕ ਮੈਂਬਰਾਂ ਅਤੇ ਹਿਮਾਚਲ ਪ੍ਰਦੇਸ਼ ਦੇ ਇਤਿਹਾਸਕ ਸਰੋਤਾਂ ਦੀ ਮਦਦ ਲਈ। ਨਾਵਲ ਦੀ ਖ਼ੂਬਸੂਰਤੀ ਇਹ ਹੈ ਕਿ ਇਸ ਵਿਚ ਇਤਿਹਾਸਕ ਤੱਥਾਂ ਦੀ ਪ੍ਰਮਾਣਿਕਤਾ ਨੂੰ ਬਰਕਰਾਰ ਰੱਖਦਿਆਂ ਗਲਪ ਦੀ ਵਰਤੋਂ ਸਿਰਫ਼ ਪਾਤਰਾਂ ਦੇ ਜਜ਼ਬਾਤਾਂ ਅਤੇ ਉਸ ਦੌਰ ਦੇ ਕਠਿਨ ਹਾਲਾਤ ਨੂੰ ਸਿਰਜਣ ਲਈ ਕੀਤੀ ਗਈ ਹੈ। ਨਾਵਲ ਦਿਖਾਉਂਦਾ ਹੈ ਕਿ ਕਿਵੇਂ ਇੱਕ ਸਾਧਾਰਨ ਸਿਪਾਹੀ ਆਪਣੀ ਇਮਾਨਦਾਰੀ ਅਤੇ ਯੁੱਧ-ਕਲਾ ਦੇ ਦਮ 'ਤੇ ਮਹਾਰਾਜਾ ਰਣਜੀਤ ਸਿੰਘ ਅਤੇ ਰਾਜਾ ਗੁਲਾਬ ਸਿੰਘ ਦਾ ਭਰੋਸੇਮੰਦ ਜਰਨੈਲ ਬਣਿਆ। ਲੇਖਕ ਨੇ ਇਸ ਨਾਇਕ ਦੀ ਸ਼ਖ਼ਸੀਅਤ ਨੂੰ 'ਦੀਵੇ ਥੱਲੇ ਹਨੇਰੇ' ਦੀ ਮਿਸਾਲ ਵਾਂਗ ਪੇਸ਼ ਕੀਤਾ ਹੈ, ਜਿਸ ਦੀ ਬਹਾਦਰੀ ਦੇ ਕਿੱਸੇ ਇਤਿਹਾਸ ਦੀਆਂ ਗੂੜ੍ਹੀਆਂ ਪਰਤਾਂ ਵਿਚ ਦਬੇ ਹੋਏ ਸਨ। ਨਾਵਲ ਵਿਚ ਜ਼ੋਰਾਵਰ ਸਿੰਘ ਨੂੰ 'ਭਾਰਤ ਦਾ ਨੇਪੋਲੀਅਨ' ਵਜੋਂ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੀਆਂ ਸੈਨਿਕ ਮੁਹਿੰਮਾਂ ਕਿਸੇ ਚਮਤਕਾਰ ਤੋਂ ਘੱਟ ਨਹੀਂ ਸਨ, ਕਿਉਂਕਿ ਉਨ੍ਹਾਂ ਨੇ ਅਜਿਹੇ ਦੁਰਗਮ ਪਹਾੜੀ ਇਲਾਕਿਆਂ ਵਿਚ ਜੰਗਾਂ ਜਿੱਤੀਆਂ ਜਿੱਥੇ ਆਕਸੀਜਨ ਦੀ ਕਮੀ ਅਤੇ ਹੱਡ-ਚੀਰਵੀਂ ਸਰਦੀ ਵੱਡੀਆਂ-ਵੱਡੀਆਂ ਫੌਜਾਂ ਦੇ ਹੌਸਲੇ ਪਸਤ ਕਰ ਦਿੰਦੀ ਹੈ। ਸੁਰਜੀਤ ਜੱਜ ਨੇ ਆਪਣੀ ਕਲਮ ਰਾਹੀਂ ਇਸ ਦੇ ਪੰਜਾਬੀ ਅਨੁਵਾਦ ਵਿਚ ਉਹ ਰਵਾਨਗੀ ਭਰੀ ਹੈ ਕਿ ਪਾਠਕ ਮਹਿਸੂਸ ਕਰਦਾ ਹੈ ਜਿਵੇਂ ਉਹ ਖੁਦ ਉਨ੍ਹਾਂ ਬਰਫ਼ੀਲੀਆਂ ਚੋਟੀਆਂ 'ਤੇ ਜੰਗ ਦੇ ਮੈਦਾਨ ਵਿਚ ਖੜ੍ਹਾ ਹੋਵੇ। ਇਹ ਨਾਵਲ ਯਾਦ ਦਿਵਾਉਂਦਾ ਹੈ ਕਿ ਸਾਡੇ ਇਤਿਹਾਸ ਵਿਚ ਅਜਿਹੇ ਸੂਰਮੇ ਹੋਏ ਹਨ ਜਿਨ੍ਹਾਂ ਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ। ਇਹ ਪੁਸਤਕ ਹਰ ਉਸ ਪਾਠਕ ਲਈ ਪੜ੍ਹਨਯੋਗ ਹੈ ਜੋ ਆਪਣੇ ਗੌਰਵਮਈ ਵਿਰਸੇ ਅਤੇ ਇਤਿਹਾਸਕ ਨਾਇਕਾਂ ਬਾਰੇ ਜਾਣਨਾ ਚਾਹੁੰਦਾ ਹੈ। ਇਤਿਹਾਸ ਦੇ ਪੰਨਿਆਂ ਨੂੰ ਫਰੋਲਦਾ ਇਹ ਨਾਵਲ ਇਕ ਇਤਿਹਾਸਕ ਨਾਵਲ ਹੋ ਨਿੱਬੜਿਆ ਹੈ। ਖੋਜਾਰਥੀਆਂ ਲਈ ਇਹ ਨਾਵਲ ਲਾਹੇਵੰਦ ਹੋਵੇਗਾ ਜਿਸ ਦੀਆਂ ਪਰਤਾਂ ਨੂੰ ਹੋਰ ਫਰੋਲਿਆ ਜਾ ਸਕਦਾ ਹੈ।
-ਜਸਵਿੰਦਰ ਸਿੰਘ ਕਾਈਨੌਰ
ਮੋਬਾਈਲ : 98888-dodd
ਸ. ਸ. ਮੀਸ਼ਾ ਸੰਪੂਰਨ ਕਾਵਿ
ਸੰਪਾਦਕ : ਗੁਲਜ਼ਾਰ ਸਿੰਘ ਸੰਧੂ, ਸੁਰਿੰਦਰ ਕੌਰ ਮੀਸ਼ਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 400 ਰੁਪਏ, ਸਫ਼ੇ : 282
ਸੰਪਰਕ : 98157-37548

ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ 'ਸੰਧੂ' ਨੇ ਮੀਸ਼ਾ ਨੂੰ ਮੋਹ ਦਾ ਮੁਜੱਸਮਾ ਦੱਸਦੇ ਹੋਏ ਉਸ ਦੇ ਕਾਵਿ 'ਚੋਂ ਉਦਾਹਰਨਾਂ ਦੇ ਕੇ ਮੁੱਲਵਾਨ ਵਿਆਖਿਆ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ, 'ਬਰਜਿੰਦਰ ਸਿੰਘ ਦੀ ਵਾਰਤਕ ਵਿਚ ਏਨੀ ਲਚਕ ਹੋਰ ਕਿਧਰੇ ਨਹੀਂ ਮਿਲਦੀ, ਮੈਂ ਇਸ ਨੂੰ ਮੀਸ਼ਾ ਦੀ ਸ਼ਖ਼ਸੀਅਤ ਦੀ ਦੇਣ ਮੰਨਦਾ ਹਾਂ।' ਪ੍ਰੋ. ਰਾਜਿੰਦਰ ਪਾਲ ਬਰਾੜ ਨੇ ਮੀਸ਼ਾ ਦੇ ਪਰਿਵਾਰ ਬਾਰੇ ਜਾਣਕਾਰੀ ਅਤੇ ਉਸ ਦੀਆਂ ਰਚਨਾਵਾਂ ਦਾ ਸਰਵੇਖਣ ਕੀਤਾ ਹੈ। ਮੀਸ਼ਾ ਦੀ ਪਤਨੀ ਨੇ ਮੀਸ਼ਾ ਦੇ ਸੰਪੂਰਨ ਕਾਵਿ ਬਾਰੇ ਜਾਣਕਾਰੀ ਦਿੱਤੀ ਹੈ ਅਤੇ 2012 ਵਿਚ ਪੂਰੇ ਦੇ ਪੂਰੇ ਕਾਵਿ ਦਾ ਸੰਪਾਦਨ ਕੀਤਾ ਹੈ। ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਮੀਸ਼ਾ ਨੂੰ ਧੀਮੇ ਬੋਲਾਂ ਦਾ ਸ਼ਾਇਰ ਕਹਿ ਕੇ ਮੁਲਾਂਕਣ ਕੀਤਾ ਹੈ। ਉਸ ਦੀ ਕਵਿਤਾ ਵਿਚ ਨਿਰਾਸ਼ਾ ਜ਼ਿਆਦਾ ਕਹਿੰਦਿਆਂ ਕਦੇ-ਕਦੇ ਹੀ ਆਸ਼ਾ ਦੀ ਕਿਰਨ ਵਿਖਾਈ ਦਿੰਦੀ ਹੈ। ਕਰਤਾਰ ਸਿੰਘ ਦੁੱਗਲ ਨੇ ਮੀਸ਼ਾ ਨੂੰ ਇਕ ਖ਼ਤ ਵਿਚ ਸੰਬੋਧਨ ਕਰਦਿਆਂ ਕਿਹਾ ਹੈ 'ਤੇਰੀ ਕਵਿਤਾ ਜ਼ਿੰਦਗੀ ਦੀਆਂ ਸੁਆਦਲੀਆਂ ਬੇਸੁਆਦਲੀਆਂ ਨੂੰ ਉਂਝ ਦਾ ਉਂਝ ਪੇਸ਼ ਕਰਦੀ ਹੈ।' ਸ. ਸ. ਮੀਸ਼ਾ ਨੇ ਖ਼ੁਦ ਉਸ ਦੀ ਇੰਦਰਾ ਗਾਂਧੀ ਨਾਲ ਹੋਈ ਗੋਸ਼ਟੀ ਦੀ ਕਲਾਤਮਿਕ ਵਿਆਖਿਆ ਕੀਤੀ ਹੈ। 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਆਪਣੀ ਮੁਲਾਕਾਤ ਵਿਚ ਮੀਸ਼ਾ ਨੂੰ ਗੰਭੀਰ ਪ੍ਰਸ਼ਨ ਕਰਕੇ ਕਈ ਵਿਲੱਖਣ ਗੱਲਾਂ ਉਜਾਗਰ ਕਰਵਾਉਣ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ।
ਮੇਰੀ ਤੁੱਛ ਬੁੱਧੀ ਅਨੁਸਾਰ ਮੀਸ਼ਾ ਦੀ ਕਵਿਤਾ ਚੇਤਨ-ਧਾਰਾ (Stream of 3onsc}ous) ਤੋਂ ਪ੍ਰਭਾਵਿਤ ਹੈ। ਚੇਤਨ-ਧਾਰਾ ਨੂੰ ਵਿਲੀਅਮ ਜੇਮਜ਼ ਨੇ ਆਪਣੀ ਪੁਸਤਕ 'ਮਨੋਵਿਗਿਆਨ ਦੇ ਸਿਧਾਂਤ (1891) ਵਿਚ ਪੇਸ਼ ਕੀਤਾ ਹੈ। ਇਸ ਸਿਧਾਂਤ ਅਨੁਸਾਰ ਜਾਗ੍ਰਿਤ ਅਵਸਥਾ ਵਿਚ ਸਹਿਜ ਅਨੁਭਵ, ਚਿੰਤਨ ਅਤੇ ਜਜ਼ਬੇ, ਮਾਨਸਿਕ ਪ੍ਰਤੀਕਿਰਿਆ ਰੂਪਮਾਨ ਹੁੰਦੀ ਹੈ। ਕਈ ਵਿਦਵਾਨ ਅਜਿਹੀ ਪਰਿਸਥਿਤੀ ਨੂੰ 'ਇੰਟੀਅਰ ਮੋਨੋਲਾਗ' ਦੇ ਅੰਤਰਗਤ ਵੀ ਵਿਚਾਰਦੇ ਹਨ। ਮੀਸ਼ਾ ਜੀ ਦੇ ਕਾਵਿ ਵਿਚ ਦੁਚਿੱਤੀ, ਭਟਕਣ, ਉੱਭਰਦੀ, ਮਚਲਦੀ ਪ੍ਰਤਿਭਾ, ਕਦੇ ਆਸ਼ਾ ਕਦੇ ਨਿਰਾਸ਼ਾ ਦੀ ਚਮਕ ਵਿਖਾਈ ਦਿੰਦੀ ਹੈ। ਕਵੀ ਹਰ ਕਵਿਤਾ ਵਿਚ ਵਿਚਾਰਾਂ ਦੀ ਪ੍ਰਸਤੁਤੀ ਸਮੇਂ ਤਿਲਕਦਾ ਰਹਿੰਦਾ ਹੈ। ਕਦੇ ਇੱਧਰ ਕਦੀ ਉਧਰ। ਉਸ ਦੀ ਚੇਤਨਾ ਪਾਰੇ ਵਾਂਗ ਡੋਲਦੀ ਨੋਟ ਕੀਤੀ ਜਾ ਸਕਦੀ ਹੈ। ਉਹ ਅਣਗੌਲੇ ਪਲਾਂ ਵਿਚ ਦੀ ਪਕੜ ਕਰਦਾ ਰਹਿੰਦਾ ਹੈ। ਉਸ ਦੀ ਕਵਿਤਾ ਦਾ ਅਰਥਾਪਣ ਵੱਖ-ਵੱਖ ਪੱਧਰਾਂ 'ਤੇ ਹੀ ਕੀਤਾ ਜਾ ਸਕਣਾ ਸੰਭਵ ਹੈ। ਉਸ ਦੀ ਕਵਿਤਾ ਵਿਚ ਕਾਵਿ-ਨਾਇਕ (ਪੋਇਟਕ ਆਈ), ਕਾਵਿ-ਨਾਇਕਾ ਸੰਵਾਦ ਵਿਚ ਰੁੱਝੇ ਨੋਟ ਕੀਤੇ ਜਾ ਸਕਦੇ ਹਨ। ਜ਼ਿਆਦਾਤਰ ਕਾਵਿ ਸਵੈ-ਸੰਬੋਧਨੀ ਹੈ। ਉਸ ਦੀ ਕਵਿਤਾ ਵਿਚ ਮਾਨਵ ਦਾ ਖੰਡਿਤ ਵਿਅਕਤਿਤਵ ਵੇਖਿਆ ਜਾ ਸਕਦਾ ਹੈ। ਅਨੇਕਾਂ ਕਵਿਤਾਵਾਂ ਵਿਚ ਬਿਰਤਾਂਤਕ ਬਾਰੰਬਾਰਤਾ (ਨੈਗੇਟਿਵ ਫਰੀਕੁਐਂਸੀ) ਸੰਬੰਧਿਤ ਕਵਿਤਾ ਨੂੰ ਰਾਗਮਈ ਬਣਾ ਦਿੰਦੀ ਹੈ। ਜ਼ਿਆਦਾਤਰ ਵਾਕੰਸ਼ੀ ਹੈ ਇਹ ਕਾਵਿ। ਕਿਧਰੇ ਕਿਧਰੇ ਸੰਪੂਰਨ ਵਾਕ ਦੀ ਝਲਕ ਮਿਲਦੀ ਹੈ। ਸੰਕਟ ਦੇ ਪਲ ਵੀ ਆਉਂਦੇ ਹਨ, ਸੁਧਾਰ ਦੇ ਪਲ ਵੀ। ਆਮ ਗ਼ਜ਼ਲਕਾਰ ਅਤੇ ਕਿੱਸਾਕਾਰਾਂ ਵਾਂਗ ਮੀਸ਼ਾ ਉਪ-ਨਾਂਅ ਦੀ ਵਰਤੋਂ ਤੋਂ ਸੰਕੋਚ ਕਰਦਾ ਹੈ। ਕਈ ਵਾਰ ਸ਼ਬਦ ਢਕੇ ਰਹਿ ਜਾਂਦੇ ਨੇ, ਅਰਥ ਨੰਗੇ ਹੋ ਜਾਂਦੇ ਹਨ। ਦ੍ਰਿਸ਼ ਚਿਤਰਨ ਵੀ ਸਹਿਜਤਾ ਨਾਲ ਆ ਜਾਂਦਾ ਹੈ। ਉਹ ਆਰਥਿਕ, ਸਮਾਜਿਕ, ਧਾਰਮਿਕ, ਇਤਿਹਾਸਕ, ਮਿਥਿਹਾਸਕ ਵਿਸ਼ੇ ਵੀ ਪੇਸ਼ ਕਰਦਾ ਰਹਿੰਦਾ ਹੈ। ਉਸ ਦੀ ਕਵਿਤਾ ਰੁਮਾਂਸਵਾਦ, ਯਥਾਰਥਵਾਦ ਅਤੇ ਅਸਤਿਤਵਾਦ ਦਾ ਸੁਮੇਲ ਹੈ। ਉਸ ਦੀ ਕਵਿਤਾ ਜਜ਼ਬਿਆਂ ਦਾ ਆਪ ਮੁਹਾਰਾ ਹੜ੍ਹ ਹੈ। ਉਸ ਦੀਆਂ ਪ੍ਰਸਿੱਧ ਕਵਿਤਾਵਾਂ ਵਿਚ ਸ਼ਾਮਿਲ ਚੀਕ ਬੁਲਬੁਲੀ, ਲੀਕ, ਫਾਸਲਾ, ਅੱਟਣ, ਪੁੱਤਰ ਦਾ ਜਨਮ, ਧੀ ਦਾ ਜਨਮ ਆਦਿ ਅਨੇਕਾਂ ਹਨ। ਇੱਥੇ ਕੇਵਲ 'ਚੀਕ ਬੁਲਬੁਲੀ' ਦਾ ਅੰਤਿਮ ਬੰਦ ਹਾਜ਼ਰ ਹੈ :
ਹੁਣ ਜੀਅ ਕਰਦਾ
ਕਲ੍ਹ ਕਚਹਿਰੀ ਲਾਗੇ
ਗਾਂਧੀ ਚੌਕ 'ਚ ਖੜ੍ਹ ਕੇ,
ਸਾਰਾ ਗੁਭ ਘਲਾਟ ਕਢ ਲਵਾਂ
ਏਨੇ ਚਿਰ ਦੀ ਡਕੀ ਹੋਈ
ਖੁਲ੍ਹ ਕੇ - ਚੀਕ ਬੁਲਬਲੀ ਮਾਰਾਂ।
ਮੁਸਕੌਂਦੇ ਗਾਂਧੀ ਦੇ ਬੁੱਤ ਤੋਂ
ਡਾਂਡੀ-ਸਫ਼ਰ ਦੀ ਸੋਟੀ ਖੋਹ ਕੇ
ਆਪਣਾ ਹੀ ਸਿਰ ਪਾੜਾਂ
ਲਹੂ ਪਲੱਥਾ
ਬੁੱਤ 'ਚ ਪੈਰੀਂ ਡਿੱਗਾ
ਸਾਹ ਛੱਡਣ ਤੋਂ ਤੋਂ ਪਹਿਲਾਂ
ਇਕ ਦੋ ਵਾਰੀ ਰਾਮ ਪੁਕਾਰਾਂ (ਪੰਨਾ 139)
ਮੀਸ਼ਾ ਨੇ ਏ.ਆਰ. ਜਲੰਧਰ ਵਿਖੇ ਪ੍ਰੋਡਿਊਸਰ ਵਜੋਂ ਸੇਵਾ ਨਿਭਾਈ। ਮੰਦੇ ਭਾਗਾਂ ਨੂੰ ਕਪੂਰਥਲੇ ਲਾਗੇ ਕਿਸ਼ਤੀ ਨੂੰ ਛੱਡ ਕੇ ਵੇਈਂ ਨਦੀ ਵਿਚ ਟੁੱਭੀ ਮਾਰੀ ਅਤੇ ਸਦਾ ਲਈ ਖਾਮੋਸ਼ ਹੋ ਗਿਆ। ਦੋਵੇਂ ਸੰਪਾਦਕ (ਸੰਧੂ ਅਤੇ ਮੀਸ਼ਾ ਦੀ ਪਤਨੀ) ਅਜਿਹੇ ਸੰਪੂਰਨ ਸੰਪਾਦਨ ਲਈ ਵਧਾਈ ਦੇ ਪਾਤਰ ਹਨ।
-ਡਾ. ਧਰਮ ਚੰਦ ਵਾਤਿਸ਼
ਈਮੇਲ : vatishdharm.chand@gmail.com