16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

25-04-26

Ad Position 21
repet_subhas-goyals [Copy P29]
ਅਜੀਤ ਡੈਸਕ 25-04-2026

 ਅੱਕ ਦੀਆਂ ਅੰਬੀਆਂ
ਲੇਖਕ : ਹਰੀਸ਼ ਪਟਿਆਲਵੀ
ਪ੍ਰਕਾਸ਼ਕ : ਜੇ.ਪੀ. ਪਬਲੀਕੇਸ਼ਨ, ਪਟਿਆਲਾ
ਮੁੱਲ : 189 ਰੁਪਏ, ਸਫ਼ੇ : 120
ਸੰਪਰਕ : 97793-98793

'ਅੱਕ ਦੀਆਂ ਅੰਬੀਆਂ' ਕਾਵਿ-ਸੰਗ੍ਰਹਿ ਹਰੀਸ਼ ਪਟਿਆਲਵੀ ਦੀ ਪਲੇਠੀ ਕਾਵਿ ਪੁਸਤਕ ਹੈ। ਇਸ ਪੁਸਤਕ ਦਾ ਸਮਰਪਣ ਕਵੀ ਨੇ ਆਪਣੇ ਮਾਤਾ-ਪਿਤਾ ਨੂੰ ਕੀਤਾ ਹੈ। ਪੁਸਤਕ ਦੀ ਭੂਮਿਕਾ ਵਿਚ ਲੇਖਕ ਜਨਕ ਸੰਗਤ ਨੇ ਅਤੇ ਸੁਖਵਿੰਦਰ ਆਕੀ ਨੇ ਪੁਸਤਕ ਦੀ ਜਾਣ-ਪਛਾਣ ਕਰਵਾਈ ਹੈ।
ਇਸ ਪੁਸਤਕ ਵਿਚ ਗੀਤ ਅਤੇ ਗ਼ਜ਼ਲਾਂ ਸ਼ਾਮਿਲ ਹਨ। ਇਨ੍ਹਾਂ ਵੱਖ-ਵੱਖ ਰਚਨਾਵਾਂ ਰਾਹੀਂ ਕਵੀ ਹਰੀਸ਼ ਪਟਿਆਲਵੀ ਨੇ ਸਮਾਜਿਕ ਸੱਭਿਆਚਾਰਕ ਅਤੇ ਮਾਨਵੀ ਕਦਰਾਂ-ਕੀਮਤਾਂ ਦੇ ਪ੍ਰਚਾਰ-ਪ੍ਰਸਾਰ ਨਾਲ ਸੰਬੰਧਿਤ ਵਿਸ਼ੇ ਚੁਣੇ ਹਨ। ਇਹ ਸਮੂਹ ਰਚਨਾਵਾਂ ਜਿਥੇ ਕਵੀ ਦੀ ਸੋਚ ਦਾ ਸੁਹਜਮਈ ਪ੍ਰਗਟਾਵਾ ਬੜੀ ਸਹਿਜਤਾ ਨਾਲ ਕਰਦੀਆਂ ਹਨ, ਉੱਥੇ ਕਵੀ ਨੇ ਪਾਠਕਾਂ ਨੂੰ ਵੀ ਮਨੋਰੰਜਨ ਅਤੇ ਹਲਕੇ-ਫੁਲਕੇ ਅੰਦਾਜ਼ ਨਾਲ ਸਮਾਜਿਕ ਬੁਰਾਈਆਂ ਬਾਰੇ ਚੇਤੰਨ ਕਰਵਾਇਆ ਹੈ।
ਕਵੀ ਨੇ ਰਿਸ਼ਤਿਆਂ ਦੀ ਨੇੜਤਾ ਵਿਚ ਮਾਂ-ਬਾਪ ਦੇ ਰਿਸ਼ਤੇ ਅਤੇ ਪ੍ਰੇਮਿਕਾ ਦੇ ਰਿਸ਼ਤੇ ਬਾਰੇ ਆਪਣੇ ਭਾਵ ਪ੍ਰਗਟ ਕੀਤੇ ਹਨ। ਉਸ ਨੇ ਬਾਪ ਦੇ ਖ਼ੂਬਸੂਰਤ ਅਤੇ ਜ਼ਿੰਮੇਵਾਰੀ ਭਰਪੂਰ ਰਿਸ਼ਤੇ ਨੂੰ ਖ਼ੂਬਸੂਰਤੀ ਨਾਲ ਬਿਆਨ ਕੀਤਾ ਹੈ :
ਛਾਵਾਂ ਦਾ ਬਾਗ ਸੀ ਬਾਪੂ
ਵਕਤਾਂ ਦਾ ਰਾਗ ਸੀ ਬਾਪੂ
ਸਿਰੜੀ ਕੋਈ ਜਾਦੂਗਰ ਸੀ
ਘਰ ਦਾ ਰੰਗ ਭਾਗ ਸੀ ਬਾਪੂ
ਅਨਪੜ੍ਹ ਸੀ ਪਰ ਚਿਹਰੇ ਪੜ੍ਹਦਾ।
ਕਵੀ ਨੇ ਸਰਹੱਦ 'ਤੇ ਲੜਦੇ ਜਵਾਨਾਂ ਬਾਰੇ, ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਬਾਰੇ, ਆਧੁਨਿਕ ਸਮੇਂ ਸੋਸ਼ਲ ਮੀਡੀਆ ਨਾਲ ਜੁੜੀ ਪੀੜ੍ਹੀ ਬਾਰੇ, ਰੱਖੜੀ ਬਾਰੇ, ਪੰਜਾਬੀ ਮਾਂ-ਬੋਲੀ ਬਾਰੇ, ਸ਼ਹੀਦ ਭਗਤ ਸਿੰਘ ਬਾਰੇ, ਕਰਜ਼ਾਈ ਕਿਸਾਨਾਂ ਬਾਰੇ, ਆਮ ਲੋਕਾਂ ਦੀ ਭੇਡ ਚਾਲ ਵਰਗੀ ਸੋਚ ਬਾਰੇ, ਨਸ਼ੇ ਦੀ ਸਮੱਸਿਆ, ਜਾਤੀਵਾਦ ਦੀ ਰਾਜਨੀਤੀ, ਪਾਖੰਡੀ ਸਾਧੂ ਸੰਤਾਂ ਬਾਰੇ, ਮਰਦਾਨੇ ਦੀ ਰਬਾਬ ਬਾਰੇ, ਨਾਰੀ ਦੀ ਸਥਿਤੀ ਆਦਿ ਵਿਸ਼ਿਆਂ ਬਾਰੇ ਬਹੁਤ ਹੀ ਖੁੱਲ੍ਹ ਕੇ ਲਿਖਿਆ ਹੈ। ਪੁਰਾਣੇ ਸੱਭਿਆਚਾਰ ਦੇ ਖੂਬਸੂਰਤ ਰੰਗੀਲੇ ਦ੍ਰਿਸ਼ਾਂ ਦੀ ਵੀ ਕਵੀ ਨੇ ਉਸਾਰੀ ਕੀਤੀ ਹੈ। ਮਜ਼ਦੂਰ ਤੇ ਕਿਰਤੀ ਕਾਮਿਆਂ ਦੀ ਮਨੋਅਵਸਥਾ ਨੂੰ ਵੀ ਕਵੀ ਨੇ ਬਹੁਤ ਖ਼ੂਬਸੂਰਤੀ ਨਾਲ ਬਿਆਨ ਕੀਤਾ ਹੈ। ਕਵੀ ਲੇਖਕ ਨੂੰ ਆਪਣੇ ਫ਼ਰਜ਼ ਪਛਾਣਨ ਦਾ ਸੰਕੇਤ ਦਿੰਦਾ ਹੈ।
ਕਬੀਲਦਾਰੀਆਂ, ਗਲਵੱਕੜੀ, ਮਹਾਤਮਾ ਰਾਵਣ, ਸੂਰਜ ਵਰਗਾ ਬਾਪੂ, ਸਲੀਬਾਂ, ਜ਼ਰੂਰ ਮਿਲਾਂਗੇ, ਸਾਕਾ ਨੀਲਾ ਤਾਰਾ, ਜਦੋਂ ਆਜ਼ਾਦੀ ਫੈਲੀ ਸੀ, ਪਰੇਮ ਵਾਲੀ ਗਲੀ, ਕੁੜੀਆਂ ਤੇ ਚਿੜੀਆਂ, ਸਰਦਾਰਾਂ ਦਾ ਸੀਰੀ, ਅੱਕ ਦੀਆਂ ਅੰਬੀਆਂ, ਧੀਆਂ ਤੇ ਤੀਆਂ ਆਦਿ ਰਚਨਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਸਮੁੱਚੇ ਤੌਰ 'ਤੇ ਇਹ ਪੁਸਤਕ ਪਾਠਕਾਂ ਨੂੰ ਚੰਗੀ ਲੱਗੇਗੀ, ਕਿਉਂਕਿ ਬਹੁਤ ਹੀ ਸਾਧਾਰਨ ਵਿਸ਼ਿਆਂ ਨੂੰ ਬੜੀ ਗੰਭੀਰਤਾ ਨਾਲ ਨਿਭਾਇਆ ਗਿਆ ਹੈ। ਲੇਖਕ ਹਰੀਸ਼ ਪਟਿਆਲਵੀ ਨੂੰ ਬਹੁਤ-ਬਹੁਤ ਮੁਬਾਰਕਬਾਦ।

-ਪ੍ਰੋ. ਕੁਲਜੀਤ ਕੌਰ

 


ਮੈਂ ਵੀ ਇੱਕ ਸਿਕੰਦਰ
ਲੇਖਕ : ਤਾਰਬਲਬੀਰ ਸਿੰਘ ਪੰਨੂੰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 0161-2740738

ਤਾਰਬਲਬੀਰ ਸਿੰਘ ਪੰਨੂੰ ਦੁਆਰਾ ਲਿਪੀਅੰਕਿਤ ਨਾਵਲ ਪੰਜਾਬ ਦੀ ਜਵਾਨੀ ਨੂੰ ਸੰਬੋਧਨ ਹੈ, ਜਿਸ ਵਿਚ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਮਾਰਗ ਦਰਸ਼ਨ ਤੇ ਸਹੀ ਮੌਕਿਆਂ ਦੀ ਤਲਾਸ਼ ਵਿਚ ਆਪਣੇ ਸਦ-ਮਾਰਗ ਤੋਂ ਕੁ-ਮਾਰਗ ਤੱਕ ਦੇ ਸਫ਼ਰ ਨੂੰ ਬਿਆਨ ਕੀਤਾ ਗਿਆ ਹੈ। ਇਸ ਨਾਵਲ ਦੇ ਪਾਠਕ ਦੀ ਰੌਚਕਿਤਾ ਮੁੱਢ ਤੋਂ ਹੀ ਬੱਝਦੀ ਹੈ, ਜਦੋਂ ਪਾਠਕ ਨੂੰ ਮੁੱਖ-ਬੰਦ ਤੋਂ ਪਤਾ ਲਗਦਾ ਹੈ ਕਿ ਇਹ ਨਾਵਲ ਲੇਖਕ ਦੇ ਦੋਸਤ ਅਵਤਾਰ ਸਿੰਘ ਦੀ ਹੱਡ-ਬੀਤੀ ਹੈ। ਸੋ ਇਹ ਸਾਹਿਤਕ ਰਚਨਾ ਨਾਵਲ ਰਚਨਾ ਘੱਟ ਜੀਵਨੀ ਦਾ ਦਵੰਦੀ ਰੰਗ ਪ੍ਰਸਤੁਤ ਕਰਦੀ ਹੈ। ਨਾਵਲ ਦੀ ਖ਼ੂਬੀ ਉਸ ਦੀ ਸੌਖੀ ਤੇ ਉਮਦਾ ਸ਼ਬਦਾਵਲੀ ਹੈ, ਜੋ ਪਾਠਕ ਦੀ ਨਾਵਲ ਦੇ ਕਿਸੇ ਵੀ ਖੰਡ ਵਿਚਲੀ ਵਿਚਾਰਾਂ ਦੀ ਲੜੀਬੱਧਤਾ ਨੂੰ ਭੰਗ ਨਹੀਂ ਹੋਣ ਦਿੰਦੀ। 24 ਕਾਂਡਾਂ ਦੇ ਇਸ ਨਾਵਲ ਵਿਚ ਅਵਤਾਰ ਸਿੰਘ ਦੇ ਬਚਪਨ ਤੋਂ ਲੈ ਕੇ ਜਿਸ ਵਿਚ ਉਸ ਦੇ ਪਰਿਵਾਰ ਦੁਆਰਾ ਉਸ ਨੂੰ ਸੱਤ ਸਾਲਾਂ ਦੀ ਉਮਰ ਵਿਚ ਬੋਰਡਿੰਗ ਭੇਜ ਦਿੱਤਾ ਜਾਣਾ ਤਾਂ ਜੋ ਉਹ ਇੱਕ ਚੰਗਾ ਤੇ ਕਾਬਿਲ ਅਫ਼ਸਰ ਬਣ ਸਕੇ ਦੇ ਸਫ਼ਰ ਤੋਂ ਲੈ ਕੇ ਜਵਾਨੀ ਦੇ ਦੋ ਨੰਬਰ ਦਾ ਕੰਮ ਕਰਨ ਵਾਲਾ ਵਪਾਰੀ ਬਣਨ ਦਾ ਜ਼ਿਕਰ ਮਿਲਦਾ ਹੈ, ਜਿਸ ਵਿਚ ਉਸ ਦੇ ਤਾਲੁਕਾਤ ਦੁਬਈ ਦੇ ਡਾੱਨ ਨਾਲ ਵੀ ਦਿਖਾਏ ਜਾਂਦੇ ਹਨ। ਫ਼ੌਜੀ ਸਿੱਖਿਆ ਦੀ ਸਿਖਲਾਈ ਦੌਰਾਨ ਉਸ ਦੀ ਇੱਕ ਗਰਲਫਰੈਂਡ ਵੀ ਬਣਦੀ ਹੈ, ਜਿਸ ਨਾਲ ਉਸ ਦਾ ਰਿਸ਼ਤਾ ਵਧੇਰੇ ਸਮੇਂ ਲਈ ਸਿਰੇ ਨਾ ਚੜ੍ਹਿਆ। ਅਵਤਾਰ ਪੜ੍ਹਾਈ ਵਿਚ ਦਿਲਚਸਪੀ ਦਿਖਾਉਣ ਵਾਲਾ ਕੁਝ ਨਵਾਂ ਸਿੱਖਣ ਲਈ ਤਿਆਰ-ਬਰ-ਤਿਆਰ ਰਹਿਣ ਵਾਲਾ ਜਗਿਆਸੂ ਹੈ। ਪਰ ਪਰਿਵਾਰ ਦੇ ਸਿਆਸੀ ਤਾਲੁਕਾਤਾਂ ਦੇ ਚਲਦੇ ਉਸ ਦਾ ਹੱਥ ਹਥਿਆਰਾਂ ਨੂੰ ਪੈ ਜਾਂਦਾ ਹੈ। ਉਹ ਸ਼ਰਾਬ ਦਾ ਕਾਰੋਬਾਰ, ਚਾਂਦੀ, ਸੋਨੇ ਦੀ ਸਮਗਲਿੰਗ ਤੱਕ ਆਪਣਾ ਹੱਥ ਅਜ਼ਮਾਉਂਦਾ ਹੈ ਤੇ ਉਸ ਅਨੁਸਾਰ ਉਸ ਵਿਚ ਕਾਮਯਾਬੀ ਵੀ ਹਾਸਿਲ ਕਰ ਲੈਂਦਾ ਹੈ। ਗੱਲ ਕੀ ਅਵਤਾਰ ਨੂੰ ਛੋਟੀ ਉਮਰ ਵਿਚ ਪੈਸੇ ਕਮਾਉਣ ਦਾ ਚਸਕਾ ਲੱਗ ਚੁੱਕਾ ਸੀ, ਚੰਗਾ ਵਪਾਰੀ ਤਾਂ ਉਹ ਹੈ ਹੀ ਸੀ, ਜਿਸ ਕਾਰਨ ਸਫ਼ਲਤਾ ਉਸ ਦੇ ਹਰ ਕਦਮ 'ਤੇ ਆਪਣਾ ਆਪ ਨਿਛਾਵਰ ਕਰਦੀ ਨਜ਼ਰ ਆਉਂਦੀ ਹੈ। ਵਕਾਲਤ ਦਾ ਵਿਦਿਆਰਥੀ ਰਹਿਣ ਕਾਰਨ ਉਸ ਨੂੰ ਸਰਕਾਰੀ ਧਾਰਾਵਾਂ ਦੀ ਜਾਣਕਾਰੀ ਸੀ, ਜਿਸ ਦੇ ਤਹਿਤ ਉਹ ਕਈ ਵਾਰ ਪੁਲਿਸ ਤੋਂ ਵੀ ਬਚਦਾ ਰਿਹਾ ਹੈ।
ਜੇਲ੍ਹ ਯਾਤਰਾ ਦੌਰਾਨ ਵੀ ਉਹ ਆਪਣੇ ਵਕਾਲਤ ਦੇ ਸੰਬੰਧੀ ਇਸ ਗਿਆਨ ਦਾ ਚੁਸਤੀ ਨਾਲ਼ ਪ੍ਰਯੋਗ ਕਰਦਾ ਹੈ। ਪਰ ਇਸ ਗੈਰ-ਕਾਨੂੰਨੀ ਮਾਰਗ 'ਤੇ ਚਲਦਿਆਂ ਸਦੈਵ ਹੀ ਉਸ ਨੂੰ ਆਪਣੀ ਜਾਨ ਦਾ ਖ਼ਤਰਾ ਸਦੈਵ ਹੀ ਬਣਿਆ ਰਿਹਾ। ਨਾਵਲ ਵਿਚ ਇੱਕ ਥਾਂ ਉੱਤੇ ਅਵਤਾਰ ਆਪਣੇ ਗੈਂਗਸਟਰ ਸਾਥੀਆਂ ਨੂੰ ਸਿੱਖਿਆ ਬਾਬਤ ਗਿਆਨ ਦਿੰਦਾ ਵੀ ਨਜ਼ਰ ਆਉਂਦਾ ਹੈ, ਪਰ ਯਾਦ ਰਹੇ ਇਹ ਗਿਆਨ ਦਾ ਪ੍ਰਯੋਗ ਜੇ ਤਾਂ ਸਹੀ ਕਾਰਜ ਲਈ ਹੋਵੇ ਤਾਂ ਵਿਕਾਸ ਹੈ, ਜੇਕਰ ਗਲ਼ਤ ਕੰਮ ਲਈ ਹੋਵੇ ਤਾਂ ਵਿਨਾਸ਼ ਲਾਜ਼ਮੀ ਹੀ ਹੈ। ਨਾਵਲ ਵਿਚਲੀ ਅਣਫਰੋਲੀ ਪਰਤ ਹੈ, ਅਵਤਾਰ ਦੇ ਘਰਦਿਆਂ ਦਾ ਉਸ ਦੇ ਪਰਿਵਾਰ ਤੋਂ ਦੂਰ ਹੋਣ ਕਾਰਨ ਉਸ ਦੀ ਯਾਦ ਦਾ ਉਦਰੇਵਾਂ, ਪਿਉ ਦੀਆਂ ਅੱਖਾਂ ਆਪਣੇ ਮੁੰਡੇ ਦੇ ਗ਼ੈਰ-ਕਾਨੂੰਨੀ ਕੰਮਾਂ ਨੂੰ ਛੱਡ ਕੇ ਵਾਪਸ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਆਸ ਵਿਚ ਪਥਰਾਅ ਜਾਣਾ ਤੇ ਇਸ ਦੁਨੀਆ ਤੋਂ ਰਵਾਨਾ ਹੋਣਾ। ਅਵਤਾਰ ਤਿਹਾੜ ਤੋਂ ਬੁੜੈਲ ਜੇਲ੍ਹ ਤੱਕ ਦਾ ਸਫ਼ਰ ਕਰਦਾ ਹੈ ਤੇ ਕਈ ਚੰਗੇ ਦੋਸਤ ਤੇ ਮਤਲਬੀ ਸਿਆਸੀ ਆਗੂਆਂ ਨਾਲ ਵੀ ਉਸ ਦਾ ਸਾਹਮਣਾ ਹੁੰਦਾ ਹੈ। ਨਾਵਲ ਵਿਚ ਰਸ ਭਰਨ ਲਈ ਕਈ ਮੁਹਾਵਰਿਆਂ ਤੇ ਅਖਾਣਾਂ ਦਾ ਪ੍ਰਯੋਗ ਵੀ ਕੀਤਾ ਗਿਆ ਹੈ। ਨਾਵਲ ਵਿਚ ਦੋ ਨੰਬਰ ਦੇ ਕੰਮ ਕਰਨ ਲਈ ਵਰਤੇ ਜਾਂਦੇ ਕੋਡ ਵਰਡਸ ਨੂੰ ਵੀ ਸਪੱਸ਼ਟ ਕੀਤਾ ਗਿਆ ਹੈ।
ਨਾਵਲ ਵਿਚ ਹਾਸਰਸ ਉੱਥੇ ਉਪਜਦਾ ਹੈ, ਜਿੱਥੇ ਦੋ ਨੰਬਰੀ ਤੇ ਗੈਂਗਸਟਰਾਂ ਨਾਲ਼ ਕੰਮ ਕਰਨ ਵਾਲਾ ਨਾਵਲ ਦਾ ਮੁੱਖ ਪਾਤਰ ਇੱਕ ਪਾਸੇ ਤਾਂ ਲੁਕਵੇਂ ਤੇ ਸੁਰੱਖਿਅਤ ਟਿਕਾਣੇ ਲੱਭਣ ਦੀ ਗੱਲ ਕਰਦਾ ਹੈ ਤੇ ਦੂਸਰੇ ਪਾਸੇ ਆਪਣੇ ਦੋ ਨੰਬਰੀ ਕਾਰੋਬਾਰ ਨੂੰ ਮਿਹਨਤ ਦੀ ਕਮਾਈ ਜਾਂ ਕਾਰੋਬਾਰ ਦੱਸਦਾ ਹੈ। ਨਾਵਲ ਦਾ ਪਲਾਟ ਲੜੀਵਾਰ ਅੱਗੇ ਵਧਦਾ ਹੈ, ਪਰ ਪਾਠਕ ਦੀ ਇਕਸਾਰਤਾ ਸ਼ਬਦ-ਜੋੜਾਂ ਦੀਆਂ ਤਰੁੱਟੀਆਂ 'ਤੇ ਆ ਕੇ ਭੰਗ ਹੁੰਦੀ ਹੈ। ਪਰ ਤਾਰਬਲਬੀਰ ਸਿੰਘ ਪੰਨੂੰ ਦਾ ਇਹ ਨਾਵਲ ਅਜੋਕੀ ਪਨੀਰੀ ਲਈ ਸੇਧ ਬਣ ਉੱਭਰਦਾ ਹੈ। ਪਰ ਇੱਥੇ ਬਤੌਰ ਅਲੋਚਕ ਮੈਂ ਇਹ ਜ਼ਰੂਰ ਕਹਿਣਾ ਚਾਹਵਾਂਗੀ ਕਿ ਇੱਥੇ ਪਾਠਕ ਨਾਇਕ ਤੇ ਖਲਨਾਇਕ ਦੀ ਪੜਚੌਲ ਸੁਡੌਲਤਾ ਨਾਲ ਕਰਨ। ਨਾਵਲ ਸਾਊਥ ਦੀਆਂ ਫ਼ਿਲਮਾਂ ਵਾਲਾਂ ਐਕਸ਼ਨ ਤੇ ਡਰਾਮਾ ਵੀ ਉਭਾਰਦਾ ਹੈ। ਅਵਤਾਰ ਚਾਹੇ ਇਸ ਨਾਵਲ ਦਾ ਮੁੱਖ ਪਾਤਰ ਹੈ ਪਰ ਇੱਥੇ ਇਹ ਧਿਆਨ ਦੇਣ ਵਾਲ਼ੀ ਗੱਲ ਹੈ ਕਿ ਕਈ ਪ੍ਰਕਾਰ ਦੇ ਗ਼ੈਰ-ਕਾਨੂੰਨੀ ਕੰਮਾਂ ਦਾ ਉਹ ਸਰਮਾਇਆ ਵੀ ਹੈ। ਹਰ ਗ਼ੈਰ-ਕਾਨੂੰਨੀ ਕੰਮ ਦੀ ਹਾਨੀ ਨਾ ਤਾਂ ਗ਼ਲਤ ਕੰਮ ਕਰਨ ਵਾਲਾ ਅਤੇ ਨਾ ਹੀ ਸਰਕਾਰਾਂ ਨੂੰ ਝੇਲਣੀ ਪੈਂਦੀ ਹੈ, ਇਸ ਦੀ ਚੱਠੂ ਵਿਚ ਜੇਕਰ ਕੋਈ ਪਿਸਦਾ ਤਾਂ ਉਹ ਹੈ ਹੇਠਲੇ ਪੱਧਰ ਦੇ ਮੱਧ-ਵਰਗੀ ਗ਼ਰੀਬ ਪਰਿਵਾਰ। ਜੀਵਨ ਉਹ ਹੈ-ਜੋ ਮਾਣ ਨਾਲ, ਨਿਰਭਉ, ਨਿਰਵੈਰ ਹੋ ਕੇ ਪਰਿਵਾਰ ਸੰਗ ਮਾਣਿਆ ਜਾਵੇ। ਜਿੱਥੇ ਸਿਰਫ਼ ਚੰਨ ਠੀਕਰੀਆਂ ਲਈ ਗ਼ਲਤ ਮਾਰਗ ਅਪਣਾਉਣਾ ਪਵੇ ਤਾਂ ਉਹ ਜੀਵਨ ਕਦੇ ਸਮਾਜ ਲਈ ਸੁਚਾਰੂ ਉਦਾਹਰਨ ਨਹੀਂ ਬਲਕਿ ਅਖ਼ਬਾਰਾਂ ਵਿਚਲੀ ਕਿਸੇ ਨਾ-ਮੁਰਾਦ ਦੇ ਛੁਟਕਾਰੇ ਖ਼ਬਰ ਬਣ ਰਹਿ ਜਾਵੇ। ਤਾਰਬਲਬੀਰ ਸਿੰਘ ਹੁਰਾਂ ਦੀ ਕਲਮ ਨੂੰ ਸਾਹਿਤਕ ਜਗਤ ਵਿਚ ਜੀਅ ਆਇਆਂ ਆਖਦੇ ਹਾਂ, ਇਹੋ ਜਿਹੀਆਂ ਹੋਰ ਸਿਰਕੱਢ ਰਚਨਾਵਾਂ ਦੀ ਆਮਦ ਲਈ ਆਸ ਸਹਿਤ ਨਾਵਲ ਲਈ ਮੁਬਾਰਕਬਾਦ।

-ਜਸਕਿਰਨਜੀਤ ਕੌਰ
ਮੋਬਾਈਲ : 88476-94338

 

 

ਮੈਂ ਕਹਾਣੀ ਹਾਂ
ਸੰਪਾਦਕ : ਸਾਦਿਕ ਤਖਤੂਪੁਰੀਆ, ਕੁਲਦੀਪ ਸਿੰਘ ਦੀਪ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 200 ਰੁਪਏ, ਸਫ਼ੇ : 92
ਸੰਪਰਕ: 99151-41606

'ਮੈਂ ਕਹਾਣੀ ਹਾਂ' ਸਾਦਿਕ ਤਖ਼ਤੂਪੁਰੀਆ ਅਤੇ ਕੁਲਦੀਪ ਸਿੰਘ ਦੀਪ ਦੁਆਰਾ ਸੰਪਾਦਿਤ ਪੁਸਤਕ ਹੈ ਜਿਸ ਵਿਚ 41 ਕਹਾਣੀ-ਲੇਖਕਾਂ ਦੀਆਂ 82 ਕਹਾਣੀਆਂ ਮਿੰਨੀ ਕਹਾਣੀਆਂ ਸ਼ਾਮਿਲ ਹਨ। ਮਿੰਨੀ ਕਹਾਣੀਕਾਰਾਂ ਵਿਚ ਅਮਰਜੀਤ ਸਿੰਘ ਸਿੱਧੂ, ਅਮਨ ਯਾਤਰੀ, ਅਮਨਦੀਪ ਸਿੰਘ ਬੀਰੋਕੇ, ਅਮਨਦੀਪ ਕੌਰ ਦਾਨੇਵਾਲੀਆ, ਸੁਖਵਿੰਦਰ ਸਿੰਘ ਖਾਰਾ, ਸਤਨਾਮ ਸ਼ਦੀਦ, ਸੁਭਾਸ਼ ਸੋਲੰਕੀ, ਹਰਜਿੰਦਰ ਕੌਰ, ਕੁਲਵਿੰਦਰ ਸਿੰਘ, ਗਗਨਦੀਪ ਸਿੰਘ ਸੰਧੂ, ਗਗਨਦੀਪ ਕੌਰ ਧੂਰੀ, ਜਗਦੇਵ ਸਿੰਘ, ਜਤਿੰਦਰ ਪਾਲ ਕੌਰ, ਜਸਵਿੰਦਰ ਚੱਠਾ, ਡਾ. ਅਮਨਪ੍ਰੀਤ ਕੌਰ ਕੰਗ, ਡਾ. ਹਰਜੀਤ ਸਿੰਘ, ਡਾ. ਹਰਵਿੰਦਰ ਸਿੰਘ, ਡਾ. ਟਿੱਕਾ ਜੇ.ਐਸ. ਸਿੱਧੂ, ਡਾ. ਨੀਤੂ ਸ਼ਰਮਾ, ਦੀਪ ਸੰਧੂ, ਨਵੀ ਨਵਦੀਪ, ਨਸ਼ੀਲਾ ਰਾਣੀ, ਨਰੇਸ਼ ਕੁਮਾਰ, ਨਰਿੰਦਰ ਖਟੜਾ, ਪਰਵੀਨ ਕੌਰ ਸਿੱਧੂ, ਪਰਗਟ ਸਿੰਘ ਜੰਬਰ, ਪਰਮਬੀਰ ਕੌਰ ਰਿਆੜ, ਪਵਨਪ੍ਰੀਤ ਕੌਰ, ਬਲਰਾਜ ਕੌਰ ਚੰਦੇਲ, ਭੁਪਿੰਦਰ ਦੀਨਾ ਨਗਰ, ਭੱਟੀ ਮੌੜਾਂ ਵਾਲਾ, ਮੋਹਿੰਦਰ ਸਿੰਘ ਜੱਗੀ, ਮਨਪ੍ਰੀਤ ਕੌਰ, ਰਾਹੀ, ਰਜਿੰਦਰ ਸਰਾਵਾਂ, ਰੀਨਾ ਸ਼ਰਮਾ, ਵੀਰਪਾਲ ਕੌਰ, ਰਣਬੀਰ ਸਿੰਘ ਪ੍ਰਿੰਸ, ਜੱਸੀ ਧਰੋੜ, ਸਾਦਿਕ ਤਖ਼ਤੂਪੁਰੀਆ ਤੇ ਕੁਲਦੀਪ ਸਿੰਘ ਦੀਪ ਦੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਦੇ ਵਿਸ਼ੇ ਆਮ ਜਨ ਜੀਵਨ ਵਿਚੋਂ ਲਏ ਗਏ ਹਨ ਜੋ ਸਮਾਜਿਕ ਸਮੱਸਿਆਵਾਂ ਨੂੰ ਪਾਠਕਾਂ ਸਾਹਮਣੇ ਰੱਖਦੇ ਹਨ। ਇਹ ਕਹਾਣੀਆਂ ਆਰਥਿਕਤਾ ਨੂੰ ਵਿਸ਼ਾ ਬਣਾਉਂਦੀਆਂ ਹਨ। ਇਹ ਕਹਾਣੀਆਂ ਪੇਂਡੂ ਸ਼ਹਿਰੀ ਜੀਵਨ ਅਤੇ ਔਰਤ ਮਰਦ ਦੇ ਰਿਸ਼ਤਿਆਂ ਦੇ ਕਈ ਪਹਿਲੂਆਂ ਨੂੰ ਚਿਤਰਤ ਕਰਦੀਆਂ ਹਨ। ਕੁਝ ਵਿਸ਼ਿਆਂ ਦਾ ਇਸ ਪੁਸਤਕ ਵਿਚ ਦੁਹਰਾਅ ਵੀ ਹੈ ਅਰਥਾਤ ਕਈ ਕਹਾਣੀਕਾਰਾਂ ਨੇ ਇਕੋ ਜਿਹੇ ਵਿਸ਼ਿਆਂ ਨੂੰ ਲੈ ਕੇ ਹੀ ਕਹਾਣੀਆਂ ਲਿਖੀਆਂ ਹਨ। ਜ਼ਿਆਦਾਤਰ ਕਹਾਣੀਆਂ ਦੇ ਵਿਸ਼ੇ ਵਿਲੱਖਣ ਹਨ ਪਰ ਇਹ ਕਹਾਣੀਆਂ ਕਹਾਣੀ ਵਿਧਾ-ਰੂਪ ਦੇ ਚੌਖਟੇ ਵਿਚ ਫਿਟ ਨਹੀਂ ਹੁੰਦੀਆਂ। ਕਹਾਣੀਕਾਰਾਂ ਨੇ ਆਲੇ-ਦੁਆਲੇ ਦੀ ਕੋਈ ਗੱਲ ਸੁਣਾ ਕੇ ਕਹਾਣੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਜਾਂ ਫਿਰ ਆਪਣੇ ਅਨੁਭਵਾਂ ਨੂੰ ਕਹਾਣੀ ਰੂਪ ਕਹਿ ਕੇ ਲਿਖਿਆ ਹੈ। ਮਿੰਨੀ ਕਹਾਣੀ ਵਾਲੇ ਕਟਾਕਸ਼ ਅਤੇ ਤੰਜ਼ ਦੀ ਵੀ ਇਨ੍ਹਾਂ ਕਹਾਣੀਆਂ ਵਿਚ ਕਮੀ ਦਿੱਸਦੀ ਹੈ। ਇਹ ਪੁਸਤਕ ਨਵੇਂ ਕਹਾਣੀਕਾਰਾਂ ਵਾਸਤੇ ਵਧੀਆ ਪਲੇਟਫਾਰਮ ਸਾਬਤ ਹੋਈ ਹੈ। ਆਸ ਕੀਤੀ ਜਾਂਦੀ ਹੈ ਕਿ ਇਹ ਕਹਾਣੀਕਾਰ ਅੱਗੇ ਤੋਂ ਹੋਰ ਪੁਖ਼ਤਾ ਕਹਾਣੀਆਂ ਰਚਨ ਵੱਲ ਰੁਚਿਤ ਹੋਣਗੇ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

 

 

ਸਵੈ ਜੀਵਨੀ
ਬੈਂਜਾਮਿਨ ਫ੍ਰੈਂਕਲ਼ਿਨ
ਅਨੁਵਾਦ : ਅੰਮ੍ਰਿਤਪਾਲ ਸਿੰਘ ਸ਼ੈਦਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 295 ਰੁਪਏ, ਸਫ਼ੇ : 191
ਸੰਪਰਕ : 98552-32575

ਇਸ ਪੁਸਤਕ ਦਾ ਪਾਠ ਕਰਦਿਆਂ ਅਸੀਂ ਬਹੁਤ ਸਾਰੀ ਨਵੀਂ ਜਾਣਕਾਰੀ ਦੇ ਸਨਮੁੱਖ ਹੁੰਦੇ ਹਾਂ। ਮੇਰੇ ਲਈ ਨਾ ਤਾਂ ਮੂਲ ਲੇਖਕ ਕੋਈ ਏਡਾ ਓਪਰਾ ਹੈ ਤੇ ਨਾ ਹੀ ਇਸ ਨੂੰ ਪੰਜਾਬੀ ਰੂਪ ਦੇਣ ਵਾਲਾ ਸਿਰੜੀ ਲੇਖਕ! ਇਹ ਸਵੈ ਜੀਵਨੀ ਏਨੀ ਰੌਚਕ ਹੈ ਕਿ ਸਾਨੂੰ ਆਭਾਸ ਹੀ ਨਹੀਂ ਹੁੰਦਾ ਕਿ ਅਸੀਂ ਕਿਸੇ ਦੂਸਰੇ ਖਿੱਤੇ ਤੇ ਦੂਸਰੀ ਭਾਸ਼ਾ 'ਚ ਕੁਝ ਪੜ੍ਹ ਰਹੇ ਹਾਂ! ਲੇਖਕ ਬਖਿਆਨ ਕਰਦਾ ਹੈ ਕਿ 1723 ਵਿਚ ਮੈਂ ਨਿਊਯਾਰਕ ਪਹੁੰਚਿਆ ਤਾਂ ਉਥੇ ਕੋਈ ਅਖ਼ਬਾਰ ਨਹੀਂ ਨਿਕਲਦਾ ਸੀ। ਕੋਈ ਪੁਸਤਕ ਵਿਕ੍ਰੇਤਾ ਨਹੀਂ ਸੀ। ਸੰਭਵ ਹੈ ਕਿ ਉਸ ਜ਼ਮਾਨੇ 'ਚ ਇਹ ਕਾਰੋਬਾਰ ਪ੍ਰਫੁੱਲਤ ਨਹੀਂ ਸੀ ਹੋਇਆ। ਅੱਗੇ ਜਾ ਕੇ ਦੇਖੋ ਇੱਕ ਥਾਂ ਲੇਖਕ ਬਿਆਨ ਕਰਦਾ ਹੈ, ਜਦ ਮੈਂ ਪਹਿਲੀ ਵਾਰ ਚਪਾਤੀ-ਰੋਲ ਖਾਂਦੇ ਹੋਏ ਫਿਲਡੇਲਫ਼ਈਆ ਦੀਆਂ ਸੜਕਾਂ 'ਤੇ ਘੁੰਮ ਰਿਹਾ ਸੀ, ਤਦ ਮੈਂ ਦੂਜੇ ਪਾਸੇ ਫਰੰਟ ਸਟ੍ਰੀਟ ਵਿਚ ਕਾਫ਼ੀ ਖ਼ਾਲੀ ਘਰ ਦੇਖੇ ਸਨ ਅਤੇ ਉਨ੍ਹਾਂ 'ਤੇ ਕਿਰਾਏ ਵਾਲੀਆਂ ਤਖ਼ਤੀਆਂ ਵੀ ਲਟਕੀਆਂ ਹੋਈਆਂ ਸਨ।
ਸਵੈ ਜੀਵਨੀ 'ਚੋਂ ਲੇਖਕ ਦੇ ਅਨੁਭਵ, ਉਸ ਦਾ ਸੰਘਰਸ਼, ਸਮੇਂ ਦੇ ਹਾਲਾਤ, ਭਾਵ ਬਹੁਤ ਕੁਝ ਬੋਲਦਾ ਹੈ ਜੋ ਇਸ ਪੁਸਤਕ ਨੂੰ ਦਿਲਚਸਪ ਤੇ ਪੜ੍ਹਨ ਯੋਗ ਬਣਾਉਂਦਾ ਹੈ। ਪ੍ਰੌੜ੍ਹ ਸ਼ਾਇਰ ਤੇ ਸਿਰੜੀ ਮਿੱਤਰ ਨੇ ਇਸ ਪੁਸਤਕ ਦੇ ਅਨੁਵਾਦ 'ਤੇ ਬਹੁਤ ਮਿਹਨਤ ਕੀਤੀ ਹੈ। ਉਮੀਦ ਹੈ ਉਹ ਭਵਿੱਖ 'ਚ ਵੀ ਨਮੂਨੇ ਦਾ ਸੰਸਾਰ ਪ੍ਰਸਿੱਧ ਸਾਹਿਤ ਪਾਠਕਾਂ ਲਈ ਪੇਸ਼ ਕਰਦਾ ਰਹੇਗਾ।

- ਸੁਖਮਿੰਦਰ ਸੇਖੋਂ
ਮੋਬਾਈਲ : 98145-07693

 


ਚੇਤਿਆਂ ਦੀ ਝੀਥ
ਲੇਖਕ : ਜੀਤ ਸੁਰਜੀਤ
ਪ੍ਰਕਾਸ਼ਕ : ਰੀਥਿੰਕ ਬੁਕਸ, ਨਵੀਂ ਦਿੱਲੀ
ਮੁੱਲ : 349 ਰੁਪਏ, ਸਫ਼ੇ : 133
ਸੰਪਰਕ : 94643-46677

ਪੰਜਾਬੀ ਗ਼ਜ਼ਲਕਾਰੀ ਵਿਚ ਇਸ ਕਦਰ ਕੁੜੀਆਂ ਦਾ ਪ੍ਰਵੇਸ਼ ਸੁਖਦ ਅਹਿਸਾਸ ਦਿੰਦਾ ਹੈ। ਕਦੀ ਸਮਾਂ ਸੀ ਗ਼ਜ਼ਲਕਾਰਾਂ ਵਿਚ ਕੁੜੀਆਂ ਦੀ ਗਿਣਤੀ ਨਾ-ਮਾਤਰ ਸੀ ਪਰ ਮੌਜੂਦਾ ਸਮੇਂ ਵਿਚ ਇਸ ਮਹਿਫ਼ਿਲ ਵਿਚ ਬਰਾਬਰਤਾ ਤਾਂ ਭਾਵੇਂ ਨਾ ਹੋਵੇ ਪਰ ਕੁੜੀਆਂ ਨੇ ਆਪਣੀ ਧਾਂਕ ਜਮਾ ਰੱਖੀ ਹੈ। ਇਸ ਮਹਿਫ਼ਿਲ ਵਿਚ ਜੀਤ ਸੁਰਜੀਤ ਦੀ ਸ਼ਮੂਲੀਅਤ ਵੀ ਹੈ। 'ਚੇਤਿਆਂ ਦੀ ਝੀਥ' ਉਸ ਦਾ ਦੂਸਰਾ ਗ਼ਜ਼ਲ ਸੰਗ੍ਰਹਿ ਹੈ ਤੇ ਇਸ ਤੋਂ ਪਹਿਲਾਂ ਉਸ ਦਾ 'ਕਾਗ਼ਜ਼ੀ ਕਿਰਦਾਰ' ਨਾਂਅ ਦਾ ਗ਼ਜ਼ਲ ਸੰਗ੍ਰਹਿ ਛਪ ਚੁੱਕਾ ਹੈ। ਸੰਬੰਧਿਤ ਪੁਸਤਕ ਵਿਚ ਉਸ ਦੀਆਂ ਇਕ ਸੌ ਦੋ ਗ਼ਜ਼ਲਾਂ ਛਪੀਆਂ ਹੋਈਆਂ ਮਿਲਦੀਆਂ ਹਨ। ਜੀਤ ਨੇ ਲੰਮਾ ਸਮਾਂ ਪਰਵਾਸ ਹੰਢਾਇਆ ਹੈ ਤੇ ਉਹ ਪੰਜਾਬ ਦੀ ਆਬੋ-ਹਵਾ ਤੋਂ ਵਿਰਵੀ ਰਹੀ ਹੈ, ਇਸੇ ਕਾਰਨ ਆਪਣੀ ਜੰਮਣ ਭੋਂ ਤੋਂ ਵਿਛੜਨ ਦਾ ਦਰਦ ਵਧੇਰੇ ਕਰਕੇ ਉਸ ਦੀਆਂ ਗ਼ਜ਼ਲਾਂ ਵਿਚ ਸਮਾਇਆ ਮਿਲਦਾ ਹੈ। ਉਸ ਨੂੰ ਲਹਿਲਹਾਉਂਦੇ ਖੇਤ ਅਤੇ ਪੇਂਡੂ ਰਹਿਤਲ ਵਾਲਾ ਜਨ-ਜੀਵਨ ਮੁੜ-ਮੁੜ ਚੇਤੇ ਆਉਂਦਾ ਹੈ। ਮਾਂ ਇਕ ਪਵਿੱਤਰ ਰਿਸ਼ਤਾ ਤੇ ਸ਼ਬਦ ਹੈ, ਜੋ ਉਸ ਦੀਆਂ ਗ਼ਜ਼ਲਾਂ ਵਿਚ ਵਧੇਰੇ ਦੇਖਣ ਨੂੰ ਮਿਲਦਾ ਹੈ। ਇਹ ਸਾਰਾ ਕੁਝ ਜਦ ਉਹ ਚੇਤਿਆਂ ਦੀ ਝੀਥ 'ਚੋਂ ਦੇਖਦੀ ਹੈ ਤਾਂ ਦੁਨੀਆ ਵਿਚ ਗੁਆਚੀ ਹੋਈ ਮਹਿਸੂਸ ਕਰਦੀ ਹੈ। ਉਸ ਦਾ ਦੂਸਰਾ ਤਰਜੀਹੀ ਵਿਸ਼ਾ ਮੁਹੱਬਤ ਹੈ, ਜੋ ਸੰਸਾਰ ਵਿੱਚੋਂ ਬੀਤੇ ਦੀ ਗੱਲ ਹੋ ਗਈ ਜਾਪਦੀ ਹੈ। ਉਸ ਦੇ ਕਈ ਸ਼ਿਅਰ ਮਨੁੱਖੀ ਜੀਵਨ ਤੇ ਕਿਰਦਾਰ ਨੂੰ ਮੁਖ਼ਾਤਿਬ ਹਨ। ਉਸ ਮੁਤਾਬਿਕ ਖ਼ਾਹਿਸ਼ਾਂ ਨੇ ਆਦਮੀ ਨੂੰ ਖੰਡਿਤ ਕਰ ਦਿੱਤਾ ਹੈ ਤੇ ਇਹ ਹੁਣ ਔਝੜ ਰਾਹਾਂ 'ਤੇ ਤੁਰਿਆ ਜਾ ਰਿਹਾ ਹੈ। ਜੀਤ ਸੁਰਜੀਤ ਦੇ ਕਈ ਸ਼ਿਅਰ ਉਪਦੇਸ਼ਕ ਹਨ ਪਰ ਅਜੋਕੇ ਮਤਲਬਪ੍ਰਸਤੀ ਦੇ ਦੌਰ ਵਿਚ ਉਪਦੇਸ਼ ਸੁਣਦਾ ਕੌਣ ਹੈ। ਗ਼ਜ਼ਲਕਾਰਾ ਨੂੰ ਖ਼ੂਬਸੂਰਤ ਖ਼ਾਬਾਂ ਜਿਹਾ ਨਾ ਹੋ ਸਕਣ ਦਾ ਮਲਾਲ ਹੈ ਤੇ ਅਫ਼ਸੋਸ ਹੈ ਕਿ ਉਸ ਦੀਆਂ ਰੀਝਾਂ ਨੂੰ ਫ਼ਲ, ਫੁੱਲ ਨਹੀਂ ਲੱਗੇ। ਵਿਦੇਸ਼ ਵਿਚ ਰਹਿ ਕੇ ਵੀ ਜੀਤ ਸੁਰਜੀਤ ਦੀਆਂ ਗ਼ਜ਼ਲਾਂ ਵਿਚ ਪੰਜਾਬ ਦੀ ਮਿੱਟੀ ਦੀ ਮਹਿਕ ਹੈ। ਉਂਝ ਗ਼ਜ਼ਲਾਂ ਵਿਚ ਗੰਭੀਰ ਬੇਧਿਆਨੀਆਂ ਹਨ ਤੇ ਉਸ ਦੇ ਸ਼ੁਰੂਆਤੀ ਸਫ਼ਰ ਨੂੰ ਮੁੱਖ ਰੱਖਦਿਆਂ ਹੋਇਆਂ ਉਨ੍ਹਾਂ ਨੂੰ ਬਹੁਤਾ ਰਿੜਕਣਾ ਨਹੀਂ ਚਾਹੀਦਾ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

Ad Position 22
No active advertisement
ਪਿਛਲੀ ਖ਼ਬਰ ਰੇਤਾ-ਸੀਮੈਂਟ ਵਪਾਰੀ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ, ਵੀਡੀਓ ਜਾਰੀ ਕਰਕੇ ਲਗਾਏ ਗੰਭੀਰ ਦੋਸ਼ ਅਗਲੀ ਖ਼ਬਰ ਭਾਰਤ ਵਿਚ ਵਧ ਰਿਹਾ ਹੈ ਪਾਣੀ ਦੀ ਕਮੀ ਦਾ ਸੰਕਟ
Ad Position 24