ਪਾਣੀ ਦਾ ਸੰਕਟ ਸਿਰਫ਼ ਵਾਤਾਵਰਨ ਦਾ ਮੁੱਦਾ ਨਹੀਂ ਹੈ, ਸਗੋਂ ਇਹ ਇਕ ਮਨੁੱਖੀ ਸੰਕਟ ਹੈ, ਜਿਸ ਦੀ ਕੀਮਤ ਸਮਾਜ ਦੇ ਹਰੇਕ ਵਰਗ ਨੂੰ ਚੁਕਾਉਣੀ ਪੈ ਰਹੀ ਹੈ। ਭਾਰਤ ਦੇ 60 ਕਰੋੜ ਲੋਕਾਂ ਮਤਲਬ 45 ਫ਼ੀਸਦੀ ਆਬਾਦੀ ਨੂੰ ਹਰ ਸਾਲ ਗਰਮੀ ਦੇ ਦਿਨਾਂ ਵਿਚ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੀਤੀ ਆਯੋਗ ਅਨੁਸਾਰ 2030 ਤੱਕ ਪਾਣੀ ਦੀ ਮੰਗ ਤੇ ਸਪਲਾਈ ਵਿਚ 40 ਫ਼ੀਸਦੀ ਦਾ ਅੰਤਰ ਆ ਸਕਦਾ ਹੈ। ਇਸ ਕਰਕੇ 70 ਕਰੋੜ ਲੋਕਾਂ ਨੂੰ ਆਪਣਾ ਘਰ ਛੱਡ ਕੇ ਹੋਰ ਕਿਤੇ ਜਾਣਾ ਪੈ ਸਕਦਾ ਹੈ। ਭਾਰਤ ਦੀ ਕਰੀਬ 50 ਫ਼ੀਸਦੀ ਪੁਰਸ਼ ਆਬਾਦੀ ਖੇਤੀ 'ਤੇ ਨਿਰਭਰ ਹੈ, ਪਾਣੀ ਦੀ ਘਾਟ ਕਰਕੇ ਕਰੋੜਾਂ ਕਿਸਾਨਾਂ ਤੇ ਮਜ਼ਦੂਰਾਂ ਦੀ ਆਮਦਨ ਪ੍ਰਭਾਵਿਤ ਹੋ ਰਹੀ ਹੈ। ਹਰ ਸਾਲ 10 ਤੋਂ 15 ਹਜ਼ਾਰ ਕਿਸਾਨ ਖੁਦਕੁਸ਼ੀਆਂ ਕਰ ਲੈਂਦੇ ਹਨ, ਜਿਸ ਦੀ ਵੱਡੀ ਵਜ੍ਹਾ ਕਰਜ਼ਾ, ਫ਼ਸਲ ਨੁਕਸਾਨ ਤੇ ਪਾਣੀ ਦਾ ਸੰਕਟ ਦੱਸੇ ਜਾ ਰਹੇ ਹਨ। ਜਲ ਸੰਕਟ ਸਨਅਤਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ, ਕਿਉਂਕਿ ਦੁਨੀਆ ਭਰ 'ਚ 20 ਫ਼ੀਸਦੀ ਤਾਜ਼ਾ ਪਾਣੀ ਉਦਯੋਗਿਕ ਇਕਾਈਆਂ ਵਲੋਂ ਵਰਤਿਆ ਜਾਂਦਾ ਹੈ। ਪਾਣੀ ਸੰਕਟ ਦਾ ਅਸਰ ਉਤਪਾਦਨ ਤੇ ਰੁਜ਼ਗਾਰ 'ਤੇ ਵੀ ਪੈ ਰਿਹਾ ਹੈ।
ਵਿਸ਼ਵ ਸਿਹਤ ਸੰਸਥਾ ਦੇ ਮੁਤਾਬਿਕ ਦੂਸ਼ਿਤ ਪਾਣੀ ਤੇ ਸਫ਼ਾਈ ਦੀ ਘਾਟ ਕਾਰਨ ਹਰ ਸਾਲ ਦੁਨੀਆ ਭਰ ਵਿਚ 5 ਸਾਲ ਤੋਂ ਘੱਟ ਉਮਰ ਦੇ 4.85 ਲੱਖ ਬੱਚਿਆਂ ਦੀ ਮੌਤ ਹੋ ਰਹੀ ਹੈ। ਰੋਜ਼ਾਨਾ ਹਜ਼ਾਰਾਂ ਬੱਚੇ ਦੂਸ਼ਿਤ ਪਾਣੀ ਪੀਣ ਤੇ ਸਫ਼ਾਈ ਨਾਲ ਸੰਬੰਧਿਤ ਸਮੱਸਿਆ ਕਾਰਨ ਆਪਣੀ ਜਾਨ ਗੁਆ ਰਹੇ ਹਨ। ਭਾਰਤ ਵਿਚ ਜਲ ਜੀਵਨ ਮਿਸ਼ਨ ਨਾਲ ਜੁੜੇ ਅਧਿਐਨ ਤੋਂ ਸਾਹਮਣੇ ਆਇਆ ਹੈ ਕਿ ਘਰਾਂ ਵਿਚ ਸਾਫ਼ ਪਾਣੀ ਮਿਲਣ ਲੱਗ ਜਾਵੇ ਤਾਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿਚ ਵੱਡੀ ਕਮੀ ਆ ਸਕਦੀ ਹੈ। ਯੂਨੀਸੈਫ ਅਨੁਸਾਰ ਵਿਸ਼ਵ ਭਰ ਵਿਚ ਸਕੂਲ ਜਾਂਦੇ ਹਰ ਤਿੰਨ 'ਚੋਂ ਇਕ ਬੱਚੇ ਨੂੰ ਪੀਣ ਵਾਲਾ ਸਾਫ਼ ਪਾਣੀ ਨਾ ਮਿਲਣ ਕਰਕੇ ਉਨ੍ਹਾਂ 'ਚੋਂ ਹਰ ਤੀਜੇ ਬੱਚੇ ਦੀ ਸਿੱਖਣ ਦੀ ਸਮਰੱਥਾ ਘੱਟ ਰਹੀ ਹੈ। ਭਾਰਤ ਵਿਚ ਸ਼ਹਿਰੀ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ ਤੇ ਅਗਲੇ 20 ਸਾਲਾਂ ਤੱਕ ਦੇਸ਼ ਦੀ ਵੱਡੀ ਆਬਾਦੀ ਸ਼ਹਿਰਾਂ ਵਿਚ ਰਹਿਣ ਲੱਗ ਪਵੇਗੀ, ਜਿਸ ਨਾਲ ਸ਼ਹਿਰਾਂ ਵਿਚ ਪਾਣੀ ਦੀ ਮੰਗ ਹੋਰ ਵੀ ਵੱਧ ਜਾਵੇਗੀ। ਨੀਤੀ ਆਯੋਗ ਦੀ ਰਿਪੋਰਟ ਅਨੁਸਾਰ ਭਾਰਤ ਦੇ 21 ਵੱਡੇ ਸ਼ਹਿਰਾਂ 'ਚ ਧਰਤੀ ਹੇਠਲਾ ਪਾਣੀ ਖ਼ਤਮ ਹੋਣ ਦੇ ਨੇੜੇ ਹੈ, ਜਿਸ ਕਰਕੇ 10 ਕਰੋੜ ਦੇ ਕਰੀਬ ਲੋਕਾਂ ਦੇ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ। ਹੁਣ ਲੋਕ ਪਾਣੀ ਦੇ ਟੈਂਕਰ ਖ਼ਰੀਦਣ ਲਈ ਮਜਬੂਰ ਹੋ ਰਹੇ ਹਨ।
ਇਕ ਹੋਰ ਰਿਪੋਰਟ ਅਨੁਸਾਰ ਪੇਂਡੂ ਖੇਤਰਾਂ 'ਚ ਰਹਿੰਦੇ 22 ਫ਼ੀਸਦੀ ਤੇ ਸ਼ਹਿਰੀ ਖੇਤਰ ਦੇ 12 ਫ਼ੀਸਦੀ ਬਜ਼ੁਰਗ ਦੂਸ਼ਤ ਪਾਣੀ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ। ਵਿਸ਼ਵ ਸਿਹਤ ਸੰਸਥਾ ਅਨੁਸਾਰ ਦੁਨੀਆ ਭਰ 'ਚ ਦੂਸ਼ਿਤ ਪਾਣੀ ਤੇ ਸਫ਼ਾਈ ਦੀ ਕਮੀੇ ਕਾਰਨ ਹਰ ਸਾਲ ਲਗਭਗ 70 ਲੱਖ ਲੋਕਾਂ ਦੀ ਮੌਤ ਹੋ ਰਹੀ ਹੈ, ਜਿਸ ਵਿਚ ਵੱਡੀ ਗਿਣਤੀ ਬਜ਼ੁਰਗਾਂ ਦੀ ਹੈ। ਰਿਪੋਰਟ ਅਨੁਸਾਰ ਪੇਂਡੂ ਖੇਤਰ ਦੀਆਂ ਮਹਿਲਾਵਾਂ ਨੂੰ ਰੋਜ਼ਾਨਾ ਵਰਤੋਂ ਦਾ ਪਾਣੀ ਲਿਆਉਣ ਲਈ 40 ਤੋਂ 60 ਮਿੰਟ ਤੁਰਨਾ ਪੈਂਦਾ ਹੈ, ਜਦਕਿ ਪਹਾੜੀ ਤੇ ਸੋਕਾ ਪ੍ਰਭਾਵਿਤ ਖੇਤਰਾਂ ਵਿਚ ਤਾਂ ਔਰਤਾਂ ਨੂੰ 3-4 ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਕੰਪੋਜਿਟ ਵਾਟਰ ਮੈਨੇਜਮੈਂਟ ਇੰਡੈਕਸ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਭਾਰਤ ਵਿਚ ਲਗਭਗ 60 ਕਰੋੜ ਲੋਕ ਪਾਣੀ ਦੀ ਘਾਟ ਕਾਰਨ ਤਣਾਅ 'ਚ ਰਹਿੰਦੇ ਹਨ ਤੇ ਔਰਤਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਕ ਹੋਰ ਅਧਿਐਨ ਦੇ ਅਨੁਸਾਰ ਪਾਣੀ ਲਿਆਉਣ ਦੀ ਜ਼ਿੰਮੇਵਾਰੀ 70 ਫ਼ੀਸਦੀ ਤੱਕ ਔਰਤਾਂ ਜਾਂ ਲੜਕੀਆਂ ਸਿਰ ਪੈ ਜਾਣ ਕਰਕੇ ਔਰਤਾਂ ਵਿਚ ਕਮਰ, ਗਰਦਨ ਤੇ ਜੋੜਾਂ ਦੇ ਦਰਦ ਦੀ ਸਮੱਸਿਆ ਵਧ ਰਹੀ ਹੈ। ਦੁਨੀਆ ਦੇ ਕਰੀਬ ਦੋ ਅਰਬ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਨਾ ਮਿਲਣ ਕਰਕੇ ਉਨ੍ਹਾਂ ਨੂੰ ਪਾਣੀ ਦੀ ਘਾਟ ਪੂਰੀ ਕਰਨ ਲਈ ਵਾਧੂ ਸਮਾਂ ਤੇ ਪੈਸਾ ਖਰਚ ਕਰਨਾ ਪੈਂਦਾ ਹੈ। ਭਾਰਤ ਦੇ ਕਈ ਸ਼ਹਿਰਾਂ ਵਿਚ ਵੀ ਲੋਕਾਂ ਨੂੰ ਟੈਂਕਰਾਂ ਤੋਂ ਜਾਂ ਬੋਤਲਬੰਦ ਪਾਣੀ ਖਰੀਦਣਾ ਪੈ ਰਿਹਾ ਹੈ। ਪਾਣੀ 'ਤੇ ਹਰ ਮਹੀਨੇ ਵੱਖਰਾ ਖ਼ਰਚ ਹੋਣ ਕਰਕੇ ਲੋਕਾਂ ਦਾ ਘਰੇਲੂ ਬਜਟ ਪ੍ਰਭਾਵਿਤ ਹੋਣ ਦੇ ਨਾਲ ਹੀ ਉਨ੍ਹਾਂ ਦੀ ਸਿਹਤ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ।
ਵਿਸ਼ਵ ਬੈਂਕ ਦੇ ਅਨੁਸਾਰ ਦੁਨੀਆ ਦੀ 18 ਫ਼ੀਸਦੀ ਆਬਾਦੀ ਭਾਰਤ ਵਿਚ ਰਹਿੰਦੀ ਹੈ, ਜੋ ਸਿਰਫ਼ 4 ਫ਼ੀਸਦੀ ਜਲ ਸਰੋਤਾਂ 'ਤੇ ਨਿਰਭਰ ਹੋਣ ਕਰਕੇ ਲੋਕਾਂ ਦਾ ਭਵਿੱਖ ਬਹੁਤ ਚੁਣੌਤੀਪੂਰਨ ਹੈ। ਭਾਰਤ ਦੇ ਸ਼ਹਿਰਾਂ ਵਿਚ ਰਹਿਣ ਵਾਲੇ 12 ਫ਼ੀਸਦੀ ਪਰਿਵਾਰ ਰੁਟੀਨ 'ਚ ਬੋਤਲ ਵਾਲਾ ਪਾਣੀ ਪੀਣ ਲੱਗੇ ਹਨ ਅਤੇ ਅਗਲੇ 10 ਸਾਲਾਂ ਤੱਕ 15 ਫ਼ੀਸਦੀ ਲੋਕ ਬੋਤਲ ਬੰਦ ਪਾਣੀ ਪੀਣ ਲਈ ਮਜਬੂਰ ਹੋਣਗੇ। ਜ਼ਿਕਰਯੋਗ ਹੈ ਕਿ ਇਕ ਲੀਟਰ ਬੋਤਲ ਬੰਦ ਪਾਣੀ ਬਣਾਉਣ ਲਈ 5.5 ਲੀਟਰ ਪਾਣੀ ਲੱਗਦਾ ਹੈ। ਸ਼ਹਿਰਾਂ ਵਿਚ ਜ਼ਮੀਨਦੋਜ਼ ਪਾਈਪਲਾਈਨਾਂ ਦਾ ਪਾਣੀ ਸੁਰੱਖਿਅਤ ਨਹੀਂ ਮੰਨਿਆ ਜਾ ਰਿਹਾ, ਜਦਕਿ ਧਰਤੀ ਹੇਠਲੇ ਪਾਣੀ ਦਾ 70 ਫ਼ੀਸਦੀ ਹਿੱਸਾ ਦੂਸ਼ਿਤ ਹੈ। ਪਾਣੀ ਮਨੁੱਖਤਾ ਨੂੰ ਕੁਦਰਤ ਵਲੋਂ ਦਿੱਤੀ ਗਈ ਇਕ ਅਨਮੋਲ ਦਾਤ ਹੈ, ਇਹ ਦਾਤ ਹੁਣ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਪਾਣੀ ਦੇ ਸੰਕਟ ਦੀ ਗੱਲ ਕਰੀਏ ਤਾਂ ਭਾਰਤ ਵਿਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਚਾਰ ਮੀਟਰ ਹੇਠਾਂ ਜਾ ਰਿਹਾ ਹੈ। ਭਾਰਤ ਨੂੰ ਪੀਣ ਯੋਗ ਸਾਫ਼ ਪਾਣੀ ਦੀ ਦਰਜਾਬੰਦੀ ਵਿਚ ਦੁਨੀਆ ਦੇ ਸਭ ਤੋਂ ਹੇਠਲੇ ਨੰਬਰ 'ਤੇ ਰੱਖਿਆ ਗਿਆ ਹੈ। ਸਾਨੂੰ ਪਾਣੀ ਦੀ ਕਦਰ ਕਰਨੀ ਪਵੇਗੀ, ਨਹੀਂ ਤਾਂ ਇਸ ਦੇ ਬਹੁਤ ਮਾਰੂ ਸਿੱਟੇ ਨਿਕਲਣਗੇ। ਪਾਣੀ ਨੂੰ ਸੰਕੋਚ ਨਾਲ ਵਰਤਣ ਲਈ ਸੁਹਿਰਦਤਾ ਨਾਲ ਇਕ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਹੈ। ਅਸੀਂ ਪਾਣੀ ਬਚਾਉਣ ਦੀ ਸਾਰੀ ਜ਼ਿੰਮੇਵਾਰੀ ਸਿਰਫ਼ ਕਿਸਾਨਾਂ ਜਾਂ ਸਰਕਾਰਾਂ ਸਿਰ ਪਾ ਕੇ ਸੁਰਖਰੂ ਨਹੀਂ ਹੋ ਸਕਦੇ। ਸਾਨੂੰ ਸਾਰਿਆਂ ਨੂੰ ਆਪੋ-ਆਪਣੇ ਪੱਧਰ 'ਤੇ ਹੰਭਲਾ ਮਾਰਨਾ ਪਵੇਗਾ, ਕਿਉਂਕਿ ਹੁਣ ਕੋਈ ਹੋਰ ਹੀਲਾ ਨਹੀਂ ਬਚਿਆ।
ਮੋਬਾਈਲ : 98147-34035