16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਔਰਤਾਂ ਦੀ ਹੈ ਨਿਰਣਾਇਕ ਭੂਮਿਕਾ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026

ਬਿਆਨਬਾਜ਼ੀ, ਨਵੇਂ ਗੱਠਜੋੜ ਤੇ ਇਕ-ਦੂਜੇ 'ਤੇ ਦੋਸ਼ ਲਗਾਉਣ ਦਰਮਿਆਨ ਪੱਛਮੀ ਬੰਗਾਲ ਵਿਚ ਮਹਿਲਾ ਵੋਟਰ ਪਿਛਲੇ ਇਕ ਦਹਾਕੇ ਦੌਰਾਨ ਇਕ ਸ਼ਕਤੀਸ਼ਾਲੀ ਸ਼ਕਤੀ ਵਜੋਂ ਉੱਭਰੀਆਂ ਹਨ, ਉਨ੍ਹਾਂ ਦੀਆਂ ਵੋਟਾਂ ਹੁਣ ਸਰਕਾਰਾਂ ਦੇ ਭਵਿੱਖ ਨੂੰ ਨਿਰਧਾਰਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀਆਂ ਹਨ। ਇੱਥੇ ਪਿਛਲੇ 15 ਸਾਲ ਤੋਂ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਨੇ ਇਨ੍ਹਾਂ ਵਿਧਾਨ ਚੋਣਾਂ ਵਿਚ ਵੀ ਸਭ ਤੋਂ ਵੱਧ ਮਹਿਲਾ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਪਿਛਲੀ ਵਿਧਾਨ ਸਭਾ ਵਿਚ ਟੀ.ਐਮ.ਸੀ. ਦੀਆਂ 29 ਮਹਿਲਾ ਵਿਧਾਇਕ ਸਨ। ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀ.ਐਮ.ਸੀ ਦੇਸ਼ ਦੀ ਅਜਿਹੀ ਪਾਰਟੀ ਹੈ ਜਿਸ ਨੇ ਕਿਸੇ ਵੀ ਹੋਰ ਸਿਆਸੀ ਪਾਰਟੀ ਦੀ ਤੁਲਨਾ 'ਚ ਵਧੇਰੇ ਔਰਤ ਉਮੀਦਵਾਰ ਇਸ ਵਾਰ ਵੀ ਚੋਣਾਂ ਵਿਚ ਉਤਾਰੇ ਹਨ। ਪੱਛਮੀ ਬੰਗਾਲ ਵਿਧਾਨ ਸਭਾ ਵਿਚ ਔਰਤ ਵਿਧਾਇਕਾਂ ਦੀ ਗਿਣਤੀ 13.94 ਫ਼ੀਸਦੀ ਹੈ, ਜੋ ਦੇਸ਼ ਭਰ ਦੀਆਂ ਹੋਰ ਸੂਬਾ ਵਿਧਾਨ ਸਭਾਵਾਂ 'ਚ ਔਰਤ ਵਿਧਾਇਕਾਂ ਦੀ 8 ਫ਼ੀਸਦੀ ਨੁਮਾਇੰਦਗੀ ਤੋਂ ਕਾਫ਼ੀ ਜ਼ਿਆਦਾ ਹੈ। ਟੀ.ਐਮ.ਸੀ. ਦੀ ਬਦੌਲਤ ਹੁਣ ਮਹਿਲਾ ਵੋਟਰ ਚੋਣ ਸਮੀਕਰਨਾਂ ਵਿਚ ਸਿਰਫ਼ ਸਹਾਇਕ ਭੂਮਿਕਾ ਨਹੀਂ, ਸਗੋਂ ਸਰਗਰਮ ਭੂਮਿਕਾ ਨਿਭਾਅ ਰਹੀਆਂ ਹਨ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਪੱਛਮੀ ਬੰਗਾਲ ਵਿਚ 3,76,00,611 ਮਹਿਲਾ ਵੋਟਰ ਹਨ, ਇਨ੍ਹਾਂ ਚੋਣਾਂ ਵਿਚ ਸਾਰੇ ਉਮੀਦਵਾਰ ਮਹਿਲਾ ਵੋਟਰਾਂ ਨੂੰ ਆਪਣੇ ਪੱਖ ਵਿਚ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਕਿਉਂਕਿ ਉਹ ਦ੍ਰਿਸ਼ ਨੂੰ ਬਦਲਣ ਦੇ ਸਮਰੱਥ ਹਨ।
ਟੀ.ਐਮ.ਸੀ ਸਰਕਾਰ ਦੀ ਪ੍ਰਮੁੱਖ ਸਮਾਜ ਭਲਾਈ ਯੋਜਨਾ 'ਲਕਸ਼ਮੀ ਭੰਡਾਰ' ਨੇ ਲੋਕਾਂ ਦੀਆਂ ਰਾਜਨੀਤਕ ਵਫ਼ਾਦਾਰੀਆਂ ਤੇ ਉਨ੍ਹਾਂ ਦੀਆਂ ਆਰਥਿਕ ਹਕੀਕਤਾਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਹ ਯੋਜਨਾ 2021 ਵਿਚ ਸ਼ੁਰੂ ਕੀਤੀ ਗਈ ਸੀ, ਜਿਸ ਦੀਆਂ 2.2 ਕਰੋੜ ਲਾਭਪਾਤਰੀ ਹਨ। ਇਸ ਯੋਜਨਾ 'ਤੇ ਖਰਚ ਕੀਤੇ ਗਏ ਹਜ਼ਾਰਾਂ ਕਰੋੜ ਰੁਪਏ ਦੀ ਰਕਮ ਨੇ ਟੀ.ਐਮ.ਸੀ. ਨੂੰ ਚੋਣਾਂ ਵਿਚ ਬਹੁਤ ਜ਼ਿਆਦਾ ਰਾਜਨੀਤਕ ਲਾਭ ਪਹੁੰਚਾਇਆ ਹੈ, ਜਿਸ ਨਾਲ ਵਿਰੋਧੀ ਪਾਰਟੀਆਂ ਲਈ ਸਿਆਸੀ ਜ਼ਮੀਨ ਹਾਸਲ ਕਰਨਾ ਹੋਰ ਵੀ ਮੁਸ਼ਕਿਲ ਹੋ ਗਿਆ ਹੈ। ਦਰਅਸਲ 'ਲਕਸ਼ਮੀ ਭੰਡਾਰ' ਸਿਰਫ਼ ਇਕ ਆਰਥਿਕ ਦਖਲਅੰਦਾਜ਼ੀ ਤੋਂ ਕਿਤੇ ਵੱਧ ਇਕ ਸਮਾਜਿਕ-ਰਾਜਨੀਤਕ ਪੁਨਰ-ਸੰਤੁਲਨ ਦੀ ਕੋਸ਼ਿਸ਼ ਹੈ। ਇਸ ਯੋਜਨਾ ਨੇ ਔਰਤਾਂ ਨੂੰ ਉਨ੍ਹਾਂ ਦੇ ਲਿੰਗ ਆਧਾਰ 'ਤੇ ਹੀ ਉਨ੍ਹਾਂ ਨੂੰ ਇਸ ਯੋਜਨਾ ਦੇ ਲਾਭਪਾਤਰੀ ਬਣਨ ਦਾ ਮੌਕਾ ਪ੍ਰਦਾਨ ਕੀਤਾ ਹੈ। ਨਤੀਜੇ ਵਜੋਂ ਵੋਟ ਪਾਉਣ ਦਾ ਅਧਿਕਾਰ ਹੁਣ ਮਹਿਲਾ ਵੋਟਰਾਂ ਲਈ ਆਪਣੀ ਪਛਾਣ ਨੂੰ ਪ੍ਰਗਟਾਉਣ ਤੇ ਆਪਣੀ ਗੱਲ ਜ਼ੋਰਦਾਰ ਢੰਗ ਨਾਲ ਰੱਖਣ ਦਾ ਇਕ ਸ਼ਕਤੀਸ਼ਾਲੀ ਸਾਧਨ ਬਣ ਗਿਆ ਹੈ। ਅੰਕੜਿਆਂ ਨੂੰ ਦੇਖੀਏ ਤਾਂ 2026 ਦੀਆਂ ਵਿਧਾਨ ਸਭਾ ਚੋਣਾਂ 'ਚ ਟੀ.ਐਮ.ਸੀ. ਨੇ 52, ਜਦਕਿ ਖੱਬੇਪੱਖੀ ਪਾਰਟੀਆਂ ਨੇ 34; ਕਾਂਗਰਸ ਨੇ 35 ਤੇ ਭਾਜਪਾ ਨੇ 33 ਮਹਿਲਾ ਉਮੀਦਵਾਰ ਖੜ੍ਹੇ ਕੀਤੇ ਹਨ। ਟੀ.ਐਮ.ਸੀ. ਨੇ ਹੀ ਵੋਟਰ ਸੂਚੀਆਂ ਤੋਂ ਵੱਡੀ ਗਿਣਤੀ ਵਿਚ ਮਹਿਲਾ ਵੋਟਰਾਂ ਦੇ ਨਾਂਅ ਹਟਾਉਣ 'ਤੇ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਟੀ.ਐਮ.ਸੀ. ਮਹਿਲਾ ਵਿੰਗ ਦੀ ਸੂਬਾ ਮੁਖੀ ਚੰਦਰਿਮਾ ਭੱਟਾਚਾਰੀਆ ਦਾ ਕਹਿਣਾ ਹੈ ਕਿ ਮਹਿਲਾ ਵੋਟਰਾਂ ਦੇ ਨਾਂਅ ਹਟਾਉਣ ਦਾ ਉਦੇਸ਼ ਉਨ੍ਹਾਂ ਦੀ ਪਾਰਟੀ ਦੇ ਵੋਟ ਬੈਂਕ ਨੂੰ ਨੁਕਸਾਨ ਪਹੁੰਚਾਉਣਾ ਹੈ।
ਸੂਬੇ ਵਿਚ ਔਰਤਾਂ ਲਈ ਚਲਾਈਆਂ ਜਾ ਰਹੀਆਂ ਸਮਾਜ ਭਲਾਈ ਦੀਆਂ ਯੋਜਨਾਵਾਂ ਹੀ ਟੀ.ਐਮ.ਸੀ. ਦੇ ਹੱਕ ਵਿਚ ਔਰਤਾਂ ਦੀਆਂ ਵੋਟਾਂ ਭੁਗਤਣ ਦਾ ਇਕੋ-ਇਕ ਕਾਰਨ ਨਹੀਂ ਹਨ, ਸਗੋਂ ਪੱਛਮੀ ਬੰਗਾਲ ਵਿਚ ਮਹਿਲਾ ਵੋਟਰ ਲੰਬੇ ਸਮੇਂ ਤੋਂ ਆਪਣੀ ਡੂੰਘੀ ਰਾਜਨੀਤਕ ਸਮਝ ਲਈ ਜਾਣੀਆਂ ਜਾਂਦੀਆਂ ਹਨ, ਕਿਉਂਕਿ ਉਨ੍ਹਾਂ ਦੀ ਫ਼ੈਸਲੇ ਲੈਣ ਦੀ ਪ੍ਰਕਿਰਿਆ ਪਰਿਵਾਰਕ ਵਿਚਾਰ ਚਰਚਾ, ਸਮਾਜਿਕ ਦਾਇਰਿਆਂ ਤੇ ਅੰਤ ਵਿਚ ਵੋਟਿੰਗ ਬੂਥ 'ਤੇ ਮਤਦਾਨ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ। ਪਰ ਮਹਿਲਾ ਵੋਟਰਾਂ ਦੇ ਸਮਰਥਨ ਨੂੰ ਸਰਸਰੀ ਤੌਰ 'ਤੇ ਨਹੀਂ ਲਿਆ ਜਾ ਸਕਦਾ, ਕਿਉਂਕਿ ਇਹ ਨਾ ਤਾਂ ਇਕਸਾਰ ਤੇ ਨਾ ਹੀ ਅਨੁਮਾਨਯੋਗ ਹੁੰਦਾ ਹੈ। ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ 'ਲਕਸ਼ਮੀ ਭੰਡਾਰ, ਕੰਨਿਆਸ਼੍ਰੀ ਤੇ ਰੂਪਸ਼੍ਰੀ' ਜਿਹੀਆਂ ਔਰਤਾਂ-ਕੇਂਦ੍ਰਿਤ ਸਮਾਜ ਭਲਾਈ ਯੋਜਨਾਵਾਂ ਦੇ ਲਾਭਪਾਤਰੀ ਟੀ.ਐਮ.ਸੀ ਨੂੰ ਹੀ ਵੋਟ ਪਾਉਣਗੇ। ਇਹ ਯੋਜਨਾਵਾਂ ਸਿਰਫ਼ ਇਹ ਯਕੀਨੀ ਬਣਾਉਂਦੀਆਂ ਹਨ ਕਿ ਟੀ.ਐਮ.ਸੀ. ਦੇ ਸਿਆਸੀ ਦ੍ਰਿਸ਼ 'ਚ ਔਰਤਾਂ ਦੀ ਮੌਜੂਦਗੀ ਦਾ ਸਤਿਕਾਰ ਕੀਤਾ ਜਾ ਰਿਹਾ ਹੈ। ਸ਼ਾਇਦ ਇਸੇ ਲਈ ਮਹਿਲਾ ਵੋਟਰਾਂ ਦੇ ਇਕ ਵੱਡੇ ਹਿੱਸੇ ਨੂੰ ਆਪਣੇ ਪਾਸੇ ਕਰਨ ਲਈ ਚੋਣ ਪ੍ਰਚਾਰ ਦੇ ਤਰੀਕੇ 'ਚ ਇਕ ਸੂਖਮ ਪਰ ਮਹੱਤਵਪੂਰਨ ਬਦਲਾਅ ਹੋਇਆ ਹੈ। ਚੋਣ ਮੁਹਿੰਮ ਦਾ ਪ੍ਰਬੰਧਨ ਕਰਨ ਵਾਲਿਆਂ ਨੂੰ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿ ਕੋਲਕਾਤਾ 'ਚ ਮਹਿਲਾ ਵੋਟਰਾਂ ਦੀਆਂ ਤਰਜੀਹਾਂ ਪੇਂਡੂ ਖੇਤਰਾਂ ਦੀਆਂ ਔਰਤਾਂ ਨਾਲੋਂ ਵੱਖਰੀਆਂ ਹੋਣਗੀਆਂ। ਇਸ ਵਿਭਿੰਨਤਾ ਨੂੰ ਦੇਖਦੇ ਹੋਏ ਔਰਤਾਂ ਦੇ ਮੁੱਦਿਆਂ ਨੂੰ ਹੋਰ ਬਾਰੀਕੀ ਨਾਲ ਸਮਝਣ ਦੀ ਜ਼ਰੂਰਤ ਹੈ। ਮਹਿਲਾ ਵੋਟਰਾਂ ਦਾ ਇਹ ਸਮੂਹ ਕਈ ਤਰ੍ਹਾਂ ਦੇ ਲੋਕਾਂ ਦੇ ਮੇਲ ਤੋਂ ਬਣਿਆ ਹੋਇਆ ਹੈ, ਇਸ ਲਈ ਉਮੀਦਵਾਰਾਂ ਤੇ ਉਨ੍ਹਾਂ ਦੇ ਪ੍ਰਚਾਰਕਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਤੋਂ ਪਹਿਲਾਂ ਇਸ ਗੱਲ ਨੂੰ ਧਿਆਨ ਵਿਚ ਰੱਖਣ ਦੀ ਜ਼ਰੂਰਤ ਹੈ।
ਰੈਲੀਆਂ, ਗੱਠਜੋੜ ਤੇ ਜ਼ੋਰਦਾਰ ਚੋਣ ਮੁਹਿੰਮਾਂ ਹਰ ਚੋਣ ਦਾ ਇਕ ਮਹੱਤਵਪੂਰਨ ਹਿੱਸਾ ਹੁੰਦੀਆਂ ਹਨ। ਪਰ ਪੱਛਮੀ ਬੰਗਾਲ ਦੀਆਂ ਮਹਿਲਾ ਵੋਟਰਾਂ ਨੂੰ ਆਪਣਾ ਮਨ ਬਣਾਉਣ ਵਿਚ ਮਦਦ ਕਰਨ ਲਈ ਇਕ ਵਧੇਰੇ ਸੰਵੇਦਨਸ਼ੀਲ ਤੇ ਜਵਾਬਦੇਹ ਰਵੱਈਆ ਅਪਣਾਉਣਾ ਜ਼ਰੂਰੀ ਹੈ। ਔਰਤਾਂ-ਕੇਂਦ੍ਰਿਤ ਸਮਾਜ ਭਲਾਈ ਯੋਜਨਾਵਾਂ ਤੋਂ ਇਲਾਵਾ ਟੀ.ਐਮ.ਸੀ. ਦਾ ਜ਼ਿਆਦਾਤਰ ਮਹਿਲਾ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਫ਼ੈਸਲਾ ਪਾਰਟੀ ਦੀ ਲਿੰਗਕ ਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ।
ਔਰਤ ਵੋਟਰ 'ਚੁੱਪ ਕਿੰਗਮੇਕਰ' ਹੁੰਦੀਆਂ ਹਨ (ਜੋ ਸਰਕਾਰਾਂ ਬਣਾਉਣ 'ਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ) ਕਿਉਂਕਿ ਕੁਝ ਕੁ ਨੂੰ ਛੱਡ ਕੇ ਜ਼ਿਆਦਾਤਰ ਔਰਤਾਂ ਰਾਜਨੀਤੀ ਦੇ ਸਭ ਤੋਂ ਸ਼ਕਤੀਸ਼ਾਲੀ ਪਲੇਟਫਾਰਮਾਂ 'ਤੇ ਆਪਣੀ ਗੱਲ ਨਹੀਂ ਰੱਖਦੀਆਂ। ਭਾਵੇਂ ਉਨ੍ਹਾਂ ਦੀ ਆਵਾਜ਼ ਸਭ ਤੋਂ ਵੱਧ ਸੁਣਨਯੋਗ ਆਵਾਜ਼ ਨਾ ਵੀ ਹੋਵੇ, ਪਰ ਇਹ ਸਚਾਈ ਹੈ ਕਿ ਜ਼ਿਆਦਾਤਰ ਬੰਗਾਲੀ ਮਹਿਲਾ ਵੋਟਰਾਂ ਖ਼ੁਦ ਨੂੰ ਟੀ.ਐਮ.ਸੀ. ਮੁਖੀ ਮਮਤਾ ਬੈਨਰਜੀ ਨਾਲ ਜੁੜੀਆਂ ਹੋਈਆਂ ਮਹਿਸੂਸ ਕਰਦੀਆਂ ਹਨ।
ਭਾਵੇਂ ਇਹ ਦਿਖਾਈ ਨਾ ਦੇਵੇ ਪਰ ਬਹੁਤ ਹੀ ਨਿਰਣਾਇਕ ਤੇ ਮਹੱਤਵਪੂਰਨ ਹੈ ਕਿ ਟੀ.ਐਮ.ਸੀ. ਨੂੰ ਮਹਿਲਾਵਾਂ ਦਾ ਉਨ੍ਹਾਂ ਹਲਕਿਆਂ ਵਿਚ ਵੀ ਪੂਰਾ ਸਮਰਥਨ ਮਿਲ ਰਿਹਾ ਹੈ, ਜਿੱਥੇ ਕੋਈ ਮਹਿਲਾ ਉਮੀਦਵਾਰ ਨਹੀਂ ਹੈ। ਜਦੋਂ 29 ਅਪ੍ਰੈਲ ਨੂੰ ਚੋਣਾਂ ਦੇ ਦੂਜੇ ਪੜਾਅ ਵਿਚ ਵੋਟਾਂ ਪੈਣਗੀਆਂ ਤਾਂ ਪੱਛਮੀ ਬੰਗਾਲ ਵਿਚ ਮਹਿਲਾ ਵੋਟਰਾਂ ਦੀ ਇਹ ਖਾਮੋਸ਼ ਪਰ ਸ਼ਕਤੀਸ਼ਾਲੀ ਭੂਮਿਕਾ 23 ਅਪ੍ਰੈਲ ਦੀ ਤਰ੍ਹਾਂ ਹੀ ਸੂਬੇ ਦੇ ਭਵਿੱਖ ਨੂੰ ਤੈਅ ਕਰਨ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਨਜ਼ਰ ਆਏਗੀ।
(ਸੰਵਾਦ)

 

Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਚ ਵਧ ਰਿਹਾ ਹੈ ਪਾਣੀ ਦੀ ਕਮੀ ਦਾ ਸੰਕਟ ਅਗਲੀ ਖ਼ਬਰ ਇਕ ਹੋਰ ਹਰਾ ਇਨਕਲਾਬ
Ad Position 24