16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਇਕ ਹੋਰ ਹਰਾ ਇਨਕਲਾਬ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026

ਕੇਂਦਰੀ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਜਿਨ੍ਹਾਂ ਨੇ ਆਪਣੀ ਸਰਕਾਰ ਸਮੇਂ ਕਈ ਖੇਤਰਾਂ ਵਿਚ ਅਜਿਹੇ ਮੀਲ ਪੱਥਰ ਸਥਾਪਤ ਕੀਤੇ ਹਨ ਉਨ੍ਹਾਂ ਨੇ ਰਸਤਿਆਂ ਦੀ ਦੂਰੀ ਨੂੰ ਘਟਾਇਆ ਵੀ ਹੈ ਅਤੇ ਆਰਾਮਦਾਇਕ ਵੀ ਬਣਾਇਆ ਹੈ। ਪਿਛਲੇ ਸਾਲਾਂ ਵਿਚ ਉਨ੍ਹਾਂ ਨੇ ਭਾਰਤ ਦੇ ਆਵਾਜਾਈ ਖੇਤਰ ਵਿਚ ਇਕ ਯਾਦਗਾਰੀ ਇਨਕਲਾਬ ਕਰ ਵਿਖਾਇਆ ਹੈ ਜਿਸ ਨਾਲ ਉਨ੍ਹਾਂ ਦੀ ਵਿਸ਼ਵਾਸਯੋਗਤਾ ਵੀ ਵਧੀ ਹੈ ਅਤੇ ਸੰਬੰਧਿਤ ਵਿਕਾਸ ਦੇ ਕੰਮਾਂ ਵਿਚ ਤੇਜ਼ੀ ਵੀ ਆਈ ਹੈ। ਉਨ੍ਹਾਂ ਨੇ 'ਇੰਡੀਅਨ ਫੈਡਰੇਸ਼ਨ ਆਫ਼ ਗ੍ਰੀਨ ਐਨਰਜੀ' ਵਲੋਂ ਕਰਵਾਈ ਇਕ ਕਾਨਫਰੰਸ ਵਿਚ ਕੁਝ ਅਜਿਹੀਆਂ ਗੱਲਾਂ 'ਤੇ ਜ਼ੋਰ ਦਿੱਤਾ ਹੈ, ਜਿਨ੍ਹਾਂ ਦੀ ਦੇਸ਼ ਦੇ ਵਿਕਾਸ ਵਿਚ ਹਿੱਸੇਦਾਰੀ ਵੀ ਬਣੇਗੀ ਅਤੇ ਆਰਥਿਕਤਾ ਨੂੰ ਵੀ ਵੱਡਾ ਹੁੰਗਾਰਾ ਮਿਲਣ ਦੀ ਆਸ ਪੈਦਾ ਹੋਵੇਗੀ।
ਦੇਸ਼ ਦੇ ਊਰਜਾ ਖੇਤਰ ਵਿਚ ਅੱਜ ਵੀ ਭਾਰਤ ਨੂੰ ਵੱਡੀ ਹੱਦ ਤੱਕ ਵਿਦੇਸ਼ਾਂ ਵੱਲ ਦੇਖਣਾ ਪੈਂਦਾ ਹੈ। ਇਸ ਲਈ ਮੁਢਲੀ ਲੋੜ ਤੇਲ ਦੀ ਹੈ ਜਿਸ ਲਈ ਭਾਰਤ ਵੱਡੀ ਹੱਦ ਤੱਕ ਵਿਦੇਸ਼ਾਂ 'ਤੇ ਨਿਰਭਰ ਕਰਦਾ ਹੈ। ਇਕ ਅੰਦਾਜ਼ੇ ਅਨੁਸਾਰ ਹਰ ਸਾਲ ਤੇਲ ਦੇ ਆਯਾਤ 'ਤੇ 22 ਲੱਖ ਕਰੋੜ ਦੇ ਲਗਭਗ ਖ਼ਰਚ ਹੁੰਦਾ ਹੈ। ਗਡਕਰੀ ਨੇ ਇਹ ਕਿਹਾ ਹੈ ਕਿ ਜੇਕਰ ਤੇਲ ਦੀ ਜਗ੍ਹਾ ਈਥਾਨੌਲ ਦੀ ਵਰਤੋਂ ਵਧੇਰੇ ਕੀਤੀ ਜਾਣ ਲੱਗੇ ਤਾਂ ਇਹ ਅਮਲ ਹਰ ਪੱਖ ਤੋਂ ਖੁਸ਼ਹਾਲੀ ਦਾ ਸੁਨੇਹਾ ਹੋਵੇਗਾ। ਇਸ ਸਮੇਂ ਤੇਲ ਵਿਚ 20 ਫ਼ੀਸਦੀ ਈਥਾਨੌਲ ਮਿਲਾਇਆ ਜਾ ਰਿਹਾ ਹੈ। ਈਥਾਨੌਲ ਗੰਨਾ, ਚੁਕੰਦਰ, ਆਲੂ ਤੇ ਜਵਾਰ ਦੀਆਂ ਫ਼ਸਲਾਂ ਤੋਂ ਤਿਆਰ ਕੀਤਾ ਜਾਂਦਾ ਹੈ। ਦੂਸਰੀ ਤਰ੍ਹਾਂ ਦੇ ਤਿਆਰ ਕੀਤੇ ਜਾਂਦੇ ਈਥਾਨੌਲ ਵਿਚ ਚੌਲ, ਕਣਕ, ਮੱਕੀ ਅਤੇ ਬਾਂਸ ਦੀ ਵੀ ਖ਼ਪਤ ਹੁੰਦੀ ਹੈ। ਗਡਕਰੀ ਨੇ ਸਪੱਸ਼ਟ ਰੂਪ ਵਿਚ ਕਿਹਾ ਹੈ ਕਿ ਜੇਕਰ ਦੇਸ਼ ਨੂੰ ਊਰਜਾ ਦੇ ਖੇਤਰ ਵਿਚ ਆਤਮਨਿਰਭਰ ਬਣਾਉਣਾ ਹੈ ਤਾਂ ਇਸ ਨੂੰ ਸੌ (100) ਫ਼ੀਸਦੀ ਈਥਾਨੌਲ ਦੀ ਊਰਜਾ ਦੇ ਉਤਪਾਦਨ ਲਈ ਅਤੇ ਵਾਹਨ ਚਲਾਉਣ ਦੇ ਖੇਤਰ ਵਿਚ ਵੀ ਵਰਤੋਂ ਕਰਨੀ ਹੋਵੇਗੀ। ਜਿੱਥੋਂ ਤੱਕ ਵਾਹਨਾਂ ਦਾ ਸੰਬੰਧ ਹੈ, ਈਥਾਨੌਲ ਦੀ ਵਰਤੋਂ ਨਾਲ ਵਾਤਾਵਰਨ ਵਿਚ ਹੋਰ ਸ਼ੁੱਧਤਾ ਆਏਗੀ, ਇਸ ਦੇ ਨਾਲ ਹੀ ਬਿਜਲਈ ਵਾਹਨਾਂ ਦੇ ਉਤਪਾਦਨ ਨੂੰ ਵੀ ਹੋਰ ਵੱਡਾ ਅਤੇ ਵਿਸ਼ਾਲ ਕਰਨਾ ਹੋਵੇਗਾ। ਇਸ ਲਈ ਵੀ ਪੂਰਾ ਟੀਚਾ ਮਿੱਥਿਆ ਜਾਣਾ ਜ਼ਰੂਰੀ ਹੈ। ਬਿਜਲੀ ਦਾ ਵੀ ਵਧੇਰੇ ਉਤਪਾਦਨ ਸੂਰਜੀ ਊਰਜਾ ਤੋਂ ਪ੍ਰਾਪਤ ਕੀਤਾ ਜਾਣਾ ਜ਼ਰੂਰੀ ਹੈ। ਇਸ ਲਈ ਸੋਲਰ ਪ੍ਰਬੰਧ ਦਾ ਵੱਧ ਤੋਂ ਵੱਧ ਪਸਾਰ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਖੇਤਰ ਵੱਲ ਵਧੇਰੇ ਧਿਆਨ ਦੇ ਕੇ ਪਹਿਲੇ ਪੜਾਅ ਵਿਚ ਲੱਖਾਂ ਹੀ ਘਰਾਂ ਨੂੰ ਸੂਰਜੀ ਪ੍ਰਣਾਲੀ ਨਾਲ ਜੋੜ ਕੇ ਮੁਫ਼ਤ ਬਿਜਲੀ ਦੇਣ ਦਾ ਟੀਚਾ ਮਿੱਥਿਆ ਸੀ, ਜੋ ਹੁਣ ਤੱਕ ਲੱਖਾਂ ਹੀ ਘਰਾਂ ਲਈ ਅਮਲੀ ਰੂਪ ਵਿਚ ਕਾਰਗਰ ਸਾਬਿਤ ਹੋਇਆ ਹੈ। ਸਰਕਾਰ ਦੇ ਘਰਾਂ ਨੂੰ ਸੂਰਜੀ ਪ੍ਰਣਾਲੀ ਨਾਲ ਜੋੜਨ ਦਾ ਨਿਸ਼ਾਨਾ ਵੱਡਾ ਮਿੱਥਿਆ ਗਿਆ ਹੈ, ਜਿਸ ਨੂੰ ਲਗਾਤਾਰ ਅੱਗੇ ਵਧਾਇਆ ਜਾਣਾ ਜ਼ਰੂਰੀ ਜਾਪਣ ਲੱਗਾ ਹੈ। ਘਰਾਂ ਲਈ ਸੂਰਜੀ ਬਿਜਲੀ ਪ੍ਰਬੰਧ ਅਤੇ ਵਾਹਨਾਂ ਨੂੰ ਵੱਧ ਤੋਂ ਵੱਧ ਬਿਜਲੀ ਪ੍ਰਬੰਧ ਨਾਲ ਜੋੜਨਾ ਇਕ ਵੱਡੀ ਪ੍ਰਾਪਤੀ ਬਣ ਸਕਦੀ ਹੈ, ਕਿਉਂਕਿ ਵਾਹਨਾਂ ਲਈ ਬਿਜਲੀ ਵੀ ਸੂਰਜੀ ਪ੍ਰਣਾਲੀ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਹੁਣ ਇਸੇ ਦਿਸ਼ਾ ਵਿਚ ਵੱਡੀ ਗਿਣਤੀ ਵਿਚ ਕਾਰਾਂ ਦਾ ਉਤਪਾਦਨ ਹੋਣ ਲੱਗਾ ਹੈ, ਜਿਨ੍ਹਾਂ ਦੀ ਨਿਰਭਰਤਾ ਤੇਲ 'ਤੇ ਨਹੀਂ ਸਗੋਂ ਬਿਜਲਈ ਬੈਟਰੀਆਂ 'ਤੇ ਹੋਵੇਗੀ। ਦੇਸ਼ ਦੀਆਂ ਬਹੁਤੀਆਂ ਰੇਲਗੱਡੀਆਂ ਨੂੰ ਵੀ ਸੂਰਜੀ ਬਿਜਲੀ ਪ੍ਰਬੰਧ ਨਾਲ ਜੋੜਨ ਦਾ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਨਾਲ ਕੋਲੇ ਦੀ ਖ਼ਪਤ ਘਟੇਗੀ। ਅੱਜ ਜਿਸ ਕਦਰ ਗ੍ਰੀਨ ਗੈਸਾਂ ਦੇ ਪੈਦਾ ਹੋਣ ਨਾਲ ਮਾਰੂ ਪ੍ਰਦੂਸ਼ਣ ਦੇ ਫੈਲਣ ਦਾ ਖ਼ਤਰਾ ਪੈਦਾ ਹੋ ਰਿਹਾ ਹੈ, ਉਸ ਨੂੰ ਰੋਕਣ ਲਈ ਵੀ ਗ੍ਰੀਨ ਐਨਰਜੀ ਵੱਧ ਤੋਂ ਵੱਧ ਪੈਦਾ ਕੀਤੇ ਜਾਣ ਦੀ ਜ਼ਰੂਰਤ ਹੋਵੇਗੀ। ਜੇਕਰ ਈਥਾਨੌਲ ਦੀ ਵਰਤੋਂ ਵਧੇਰੇ ਕੀਤੀ ਜਾਣ ਲੱਗੇ ਤਾਂ ਇਹ ਖੇਤੀਬਾੜੀ ਦੇ ਖੇਤਰ ਵਿਚ ਵੀ ਵੱਡੀ ਖੁਸ਼ਹਾਲੀ ਦੀਆਂ ਸੰਭਾਵਨਾਵਾਂ ਪੈਦਾ ਕਰ ਸਕਦਾ ਹੈ। ਗੰਨਾ, ਆਲੂ, ਚੌਲ, ਚੁਕੰਦਰ ਅਤੇ ਜਵਾਰ ਆਦਿ ਫ਼ਸਲਾਂ ਨੂੰ ਦੇਸ਼ ਭਰ ਵਿਚ ਹੋਰ ਉਤਸ਼ਾਹਿਤ ਕਰ ਕੇ ਉਨ੍ਹਾਂ ਤੋਂ ਈਥਾਨੌਲ ਉਤਪਾਦਨ ਕੀਤਾ ਜਾ ਸਕਦਾ ਹੈ। ਇਸ ਖੇਤਰ ਵਿਚ ਦਿਖਾਈ ਜਾ ਰਹੀ ਵੱਡੀ ਸਰਗਰਮੀ ਅਤੇ ਵਧੇਰੇ ਗ੍ਰੀਨ ਊਰਜਾ ਦੇ ਉਤਪਾਦਨ ਨੂੰ ਇਕ ਨਵੇਂ ਇਨਕਲਾਬ ਤੋਂ ਘੱਟ ਨਹੀਂ ਕਿਹਾ ਜਾ ਸਕਦਾ, ਜੋ ਦੇਸ਼ ਦੀ ਅਮਲ ਰੂਪ ਵਿਚ ਹਾਲਤ ਸੁਧਾਰਨ ਵਿਚ ਵੱਡਾ ਸਹਾਈ ਹੋਵੇਗਾ।

-ਬਰਜਿੰਦਰ ਸਿੰਘ ਹਮਦਰਦ

 

Ad Position 22
No active advertisement
ਪਿਛਲੀ ਖ਼ਬਰ ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਔਰਤਾਂ ਦੀ ਹੈ ਨਿਰਣਾਇਕ ਭੂਮਿਕਾ ਅਗਲੀ ਖ਼ਬਰ ਮੌਕੇ ਅਨੁਸਾਰ ਸਮਝਦਾਰੀ 'ਤੇ ਅਮਲ ਕਰਨਾ ਹੀ ਸਭ ਤੋਂ ਵੱਡੀ ਸਿਆਣਪ ਹੈ। -ਹੈਰੋਸ ਵਾਲ ਪੋਲ
Ad Position 24