ਕਪੂਰਥਲਾ, 8 ਜੁਲਾਈ (ਅਮਰਜੀਤ ਕੋਮਲ)-ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਨਗਰ ਨਗਰ ਨਿਗਮ ਕਪੂਰਥਲਾ ਦੀ ਚੋਣ ਦੌਰਾਨ ਕਾਂਗਰਸ ਕੋਲ 26 ਕੌਂਸਲਰਾਂ ਤੇ ਵਿਧਾਇਕ ਦੀ ਵੋਟ ਸਮੇਤ 27 ਵੋਟਾਂ ਦਾ ਸਪਸ਼ਟ ਬਹੁਮਤ ਹੋਣ ਦੇ ਬਾਵਜੂਦ ਵੀ ਬਿਨ੍ਹਾਂ ਚੋਣ ਕਰਵਾਇਆ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਕੌਂਸਲਰਾਂ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਐਲਾਨੇ ਜਾਣ ਦੀ ਪ੍ਰਕਿਰਿਆ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਪੂਰਥਲਾ ਦੇ ਲੋਕਾਂ ਦੇ ਫ਼ਤਵੇ ਦੀ ਰੱਖਿਆ ਲਈ ਹਰ ਸੰਵਿਧਾਨਕ, ਕਾਨੂੰਨੀ ਤੇ ਲੋਕਤੰਤਰੀ ਲੜਾਈ ਲੜੇਗੀ ਤੇ ਕਿਸੇ ਵੀ ਕੀਮਤ ‘ਤੇ ਲੋਕਤੰਤਰ ਦਾ ਕਤਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਬਾਅ ਹੇਠ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਪੂਰਥਲਾ ਦੇ ਲੋਕਾਂ ਵਲੋਂ ਕਾਂਗਰਸ ਨੂੰ ਦਿੱਤੇ ਗਏ ਸਪਸ਼ਟ ਬਹੁਮਤ ਦਾ ਸ਼ਰੇਆਮ ਅਪਮਾਨ ਕੀਤਾ | ਉਨ੍ਹਾਂ ਕਿਹਾ ਕਿ ਨਗਰ ਨਿਗਮ ਕਪੂਰਥਲਾ ਦੀ ਚੋਣ ਨਗਰ ਨਿਗਮ ਦੇ ਕੁੱਲ 50 ਕੌਂਸਲਰਾਂ ਵਿਚੋਂ ਨਿਗਮ ਦੀ ਆਮ ਚੋਣ ਦੌਰਾਨ ਕਾਂਗਰਸ ਦੇ 31, ਆਮ ਆਦਮੀ ਪਾਰਟੀ ਦੇ 11, ਭਾਜਪਾ ਦੇ 3, ਸ਼ੋ੍ਰਮਣੀ ਅਕਾਲੀ ਦਲ ਦੇ 3 ਤੇ 2 ਆਜ਼ਾਦ ਉਮੀਦਵਾਰ ਕੌਂਸਲਰ ਬਣੇ ਸਨ ਤੇ ਬਾਅਦ ਵਿਚ ਕਾਂਗਰਸ ਨਾਲ ਸਬੰਧਿਤ 6 ਕੌਂਸਲਰ ਬਾਗੀ ਹੋ ਕੇ ਸੱਤਾਧਾਰੀ ਪਾਰਟੀ ਦੇ ਖੇਮੇ ਵਿਚ ਚਲੇ ਗਏ | ਇਸ ਦੇ ਬਾਵਜੂਦ ਵੀ ਕਾਂਗਰਸ ਕੋਲ 26 ਕੌਂਸਲਰ ਮੌਜੂਦ ਸਨ, ਜਦਕਿ ਵਿਰੋਧੀ ਧਿਰ ਕੋਲ 26 ਤੇ ਵਿਰੋਧੀ ਧਿਰ ਕੋਲ 24 ਕੌਂਸਲਰ ਸਨ | ਉਨ੍ਹਾਂ ਕਿਹਾ ਕਿ ਚੋਣ ਮੌਕੇ ਜਲੰਧਰ ਡਵੀਜ਼ਨ ਦੇ ਕਮਿਸ਼ਨਰ, ਨਗਰ ਨਿਗਮ ਦੀ ਕਮਿਸ਼ਨਰ ਵਲੋਂ ਕਾਨੂੰਨੀ ਤੇ ਲੋਕਤੰਤਰੀ ਪ੍ਰਕਿਰਿਆ ਨੂੰ ਅਣਗੌਲਿਆ ਕਰਕੇ ਵੋਟਿੰਗ ਕਰਵਾਏ ਬਿਨ੍ਹਾਂ ਹੀ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਵੱਖ-ਵੱਖ ਅਹੁਦਿਆਂ ਲਈ ਜੇਤੂ ਐਲਾਨ ਦਿੱਤਾ | ਉਨ੍ਹਾਂ ਜਲੰਧਰ ਡਵੀਜ਼ਨ ਦੇ ਕਮਿਸ਼ਨਰ, ਨਗਰ ਨਿਗਮ ਦੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ‘ਤੇ ਖੁੱਲੇ੍ਹਆਮ ਪੱਖਪਾਤੀ ਰਵੱਈਆ ਅਪਣਾਉਣ ਦਾ ਦੋਸ਼ ਲਗਾਇਆ ਤੇ ਕਿਹਾ ਕਿ ਇਹ ਸਿਰਫ਼ ਕਾਂਗਰਸ ਪਾਰਟੀ ਨਾਲ ਹੀ ਨਹੀਂ ਸਗੋਂ ਕਪੂਰਥਲਾ ਦੇ ਲੋਕਾਂ ਵਲੋਂ ਕਾਂਗਰਸ ਨੂੰ ਦਿੱਤੇ ਗਏ ਫ਼ਤਵੇ ਨਾਲ ਧੋਖਾ ਹੈ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਅੱਜ ਹੋਈ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਮੇਅਰ ਦੀ ਚੋਣ ਦੇ ਮਾਮਲੇ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦੇਣਗੇ ਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਲੋੜੀਂਦੀ ਚਾਰਾਜੋਈ ਕਰਨਗੇ |
ਦੁਕਾਨਾਂ ਸੀਲ ਕਰਨ ਉਪਰੰਤ ਨਿਊ ਅਹੂਜਾ ਸਵੀਟ ’ਤੇ ਨਿਸ਼ਾਨਦੇਹੀ ਕਰਨ ਲਈ ਪਹੁੰਚੇ ਮਾਲ ਵਿਭਾਗ ਦੇ ਅਧਿਕਾਰੀ
ਅਜੀਤ ਡੈਸਕ
09-07-2026