ਭੁਲੱਥ, 8 ਜੁਲਾਈ (ਮਨਜੀਤ ਸਿੰਘ ਰਤਨ)-ਪਾਵਰ ਕਾਮ ਦਫ਼ਤਰ ਭੁਲੱਥ ਵਿਖੇ ਬੀਤੀ ਰਾਤ ਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਡੀ.ਓ. ਕੁਲਤਾਰ ਸਿੰਘ ਅਤੇ ਜੇ.ਈ ਕਰਮਜੀਤ ਸਿੰਘ ਮੋਖਾ, ਜੇ ਸਾਹਿਲ ਸੈਣੀ ਅਤੇ ਮਾਲ ਲੇਖਾਕਾਰ ਰਾਜਕੁਮਾਰ ਨੇ ਦੱਸਿਆ ਕਿ ਸਵੇਰ ਸਾਰ ਦਫ਼ਤਰ ਖੁੱਲਣ ਦੇ ਸਮੇਂ ਜਦੋਂ ਸਫ਼ਾਈ ਵਾਲੇ ਦਫ਼ਤਰ ਪਹੁੰਚੇ ਤਾਂ ਦਫ਼ਤਰ ਅੰਦਰ ਸਮਾਨ ਖਿੱਲਰਿਆ ਹੋਇਆ ਸੀ | ਉਨ੍ਹਾਂ ਨੇ ਤੁਰੰਤ ਸੂਚਨਾ ਅਧਿਕਾਰੀਆਂ ਨੂੰ ਦਿੱਤੀ | ਸੂਚਨਾ ਮਿਲਦੇ ਹੀ ਜਦੋਂ ਉਹ ਬਿਜਲੀ ਦਫ਼ਤਰ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਸਟੋਰ ਰੂਮ ਨੂੰ ਲਗਾ ਤਾਲਾ ਗਾਇਬ ਸੀ ਅਤੇ ਦਰਵਾਜ਼ਾ ਖੁੱਲਾ ਹੋਇਆ ਸੀ | ਚੈੱਕ ਕਰਨ ਤੇ ਪਤਾ ਲੱਗਾ ਕਿ ਦਫ਼ਤਰ ਦੇ ਪਿਛਲੇ ਕਮਰੇ ਦੀ ਖਿੜਕੀ ਟੁੱਟੀ ਹੋਈ ਸੀ ਅਤੇ ਚੋਰਾਂ ਵੱਲੋਂ ਖਿੜਕੀ ਰਾਹੀ ਕਮਰੇ ਅੰਦਰ ਦਾਖਲ ਹੋ ਕੇ ਸਟੋਰ ਰੂਮ ਦਾ ਤਾਲਾ ਤੋੜ ਕੇ ਉਸ ਵਿਚ ਪਏ ਨਵੇਂ ਪੁਰਾਣੇ ਮੀਟਰ, ਕੇਬਲਾਂ ਅਤੇ ਦਫ਼ਤਰੀ ਰਿਕਾਰਡ ਲੈ ਕੇ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਤਕਰੀਬਨ ਇਕ ਲੱਖ ਦੋ ਹਜ਼ਾਰ ਰੁਪਏ ਦਾ ਸਮਾਨ ਚੋਰੀ ਹੋ ਗਿਆ ਜਿਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਪਾਵਰ ਕਾਮ ਦਫ਼ਤਰ ਵਿਚ ਸਾਲ ਵਿਚ ਦੂਜੀ ਚੋਰੀ ਹੋਈ ਹੈ ਪਹਿਲੀ ਚੋਰੀ ਇਸੇ ਸਾਲ ਜਨਵਰੀ ਵਿਚ ਹੋਈ ਸੀ ਅਤੇ ਦੂਜੀ ਚੋਰੀ ਦਾ ਹੁਣ ਮਾਮਲਾ ਸਾਹਮਣੇ ਆਇਆ ਹੈ | ਪਹਿਲੇ ਚੋਰ ਤਾਂ ਪੁਲਿਸ ਵਿਭਾਗ ਵੱਲੋਂ ਅਜੇ ਤੱਕ ਫੜੇ ਨਹੀਂ ਗਏ ਜਦਕਿ ਦੂਜੀ ਚੋਰੀ ਹੋਰ ਹੋ ਗਈ ਹੈ ਜਿਸ ਨੂੰ ਦੇਖਦੇ ਹੋਏ ਪਾਵਰ ਕਾਮ ਦਫ਼ਤਰ ਭੁਲੱਥ ਵਿਖੇ ਸੁਰੱਖਿਆ ਨੂੰ ਲੈ ਕੇ ਸਵਾਲੀਆ ਚਿੰਨ੍ਹ ਖੜੇ ਹੁੰਦੇ ਹਨ | ਪਾਵਰ ਕਾਮ ਅਧਿਕਾਰੀਆਂ ਨੇ ਇਹ ਮੰਗ ਕਰਦਿਆਂ ਹੋਇਆਂ ਕਿਹਾ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਅਤੇ ਉਨ੍ਹਾਂ ਦਾ ਚੋਰੀ ਹੋਇਆ ਸਮਾਨ ਵਾਪਸ ਦਵਾਇਆ ਜਾਵੇ |
ਪਾਵਰਕਾਮ ਦਫ਼ਤਰ ਭੁਲੱਥ ਨੂੰ ਚੋਰਾਂ ਬਣਾਇਆ ਨਿਸ਼ਾਨਾ, ਨਵੇਂ ਪੁਰਾਣੇ ਮੀਟਰ, ਕੇਬਲਾਂ ਅਤੇ ਦਫ਼ਤਰੀ ਰਿਕਾਰਡ ਲੈ ਕੇ ਹੋਏ ਫ਼ਰਾਰ
ਅਜੀਤ ਡੈਸਕ
09-07-2026