ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2020

ਸਰਬ-ਸਾਂਝੀਵਾਲਤਾ ਦਾ ਪੈਗ਼ਾਮ

Ad Position 21
No active advertisement
ਅਜੀਤ ਡੈਸਕ 02-01-2020

ਮੈਕਾਲਿਫ ਲਿਖਦਾ ਹੈ, 'ਗੁਰੂ ਜੀ ਦੀ ਜਾਦੂਈ ਸ਼ਕਤੀ ਸੀ, ਜਿਸ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ'। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਨੇ ਆਪਣਾ ਸਾਰਾ ਪਰਿਵਾਰ ਕੌਮ ਤੇ ਦੇਸ਼ ਤੋਂ ਕੁਰਬਾਨ ਕਰ ਦਿੱਤਾ, ਇਸ ਲਈ ਆਪ ਜੀ ਨੂੰ 'ਸਰਬੰਸਦਾਨੀ ਪਿਤਾ' ਕਿਹਾ ਜਾਂਦਾ ਹੈ। ਸੱਚ ਅਤੇ ਧਰਮ ਦੀ ਰਾਖੀ ਕਰਦਿਆਂ ਹੋਇਆਂ ਵੈਰੀਆਂ ਦੀ ਜੜ੍ਹ ਉਖੇੜ ਦਿੱਤੀ। ਭਾਰਤ ਦੀ ਸੁੱਤੀ ਹੋਈ ਕੌਮ ਨੂੰ ਹਲੂਣਿਆ, ਰਗਾਂ ਵਿਚ ਐਸਾ ਟੀਕਾ ਲਗਾਇਆ ਕਿ ਉਹ ਦੁਸ਼ਮਣ ਨਾਲ ਟੱਕਰ ਲੈਣ ਲਈ ਮੁੜ ਸੁਰਜੀਤ ਹੋ ਗਈ। ਦਸਵੇਂ ਪਾਤਸ਼ਾਹ ਦਾ ਫ਼ੁਰਮਾਨ ਸੀ: ਚਿੜੀਓਂ ਸੇ ਮੈਂ ਬਾਜ ਤੁੜਾਊਂ। ਸਵਾ ਲਾਖ ਸੇ ਏਕ ਲੜਾਊਂ।
ਸਰ ਚਾਰਲਸ ਗਫ ਗੁਰੂ ਜੀ ਨੂੰ ਸੰਸਾਰ ਦਾ ਇਕ ਅਤਿ ਸੂਝਵਾਨ, ਚੜ੍ਹਦੀ ਕਲਾ ਦੀ ਮੂਰਤ ਅਤੇ ਧਾਰਮਿਕ ਰੰਗਣ ਵਿਚ ਰੰਗਿਆ ਹੋਇਆ ਇਕ ਮਹਾਨ ਆਗੂ ਗਿਣਦਾ ਹੈ। ਉਹ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੇ ਛਿੱਟੇ ਮਾਰ ਕੇ ਨਵੇਂ ਸਿਰਿਉਂ ਕੌਮ ਦੀ ਉਸਾਰੀ ਕੀਤੀ।
ਦਸਵੇਂ ਦਾਤਾਰ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਕਵੀ, ਸੂਝਵਾਨ ਆਗੂ, ਦੁਖੀਆਂ ਦੇ ਦੁੱਖ ਹਰਨ ਵਾਲੇ ਬਹਾਦਰ ਜਰਨੈਲ ਅਤੇ 'ਖ਼ਾਲਸਾ ਪੰਥ ਦੇ ਸਿਰਜਣਹਾਰ' ਹੋਏ ਹਨ। ਸ਼ਾਇਦ ਹੀ ਕੋਈ ਐਸਾ ਮਨੁੱਖ ਹੋਇਆ ਹੋਵੇਗਾ, ਜਿਸ ਨੇ ਐਨੀ ਛੋਟੀ ਉਮਰ 'ਚ ਐਡੀਆਂ ਵੱਡੀਆਂ ਵੰਗਾਰਾਂ ਦਾ ਡਟ ਕੇ ਮੁਕਾਬਲਾ ਕੀਤਾ ਹੋਵੇ, ਤਾਹੀਓਂ ਗੁਰੂ ਜੀ ਨੂੰ 'ਮਰਦ ਅਗੰਮੜਾ' ਕਹਿ ਕੇ ਪੁਕਾਰਿਆ ਜਾਂਦਾ ਹੈ। ਗੁਰੂ ਜੀ ਦੇ ਦਰਬਾਰੀ ਤੇ ਸਮਕਾਲੀ ਕਵੀ ਭਾਈ ਗੁਰਦਾਸ ਜੀ (ਦੂਜਾ) ਆਪਣੀ 17ਵੀਂ 'ਵਾਰ' ਵਿਚ ਇਉਂ ਲਿਖਦੇ ਨੇ:
ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥
ਜਦੋਂ ਰੱਬੀ ਨੂਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ ਸਤਵੀਂ ਨੂੰ 23 ਪੋਹ ਸੰਮਤ 1723 ਮੁਤਾਬਕ 22 ਦਸੰਬਰ, 1666 ਈ: ਨੂੰ ਸਨਿਚਰਵਾਰ ਵਾਲੇ ਦਿਨ ਪਟਨਾ ਸਾਹਿਬ (ਬਿਹਾਰ) ਵਿਚ ਮਾਤਾ ਗੁਜਰੀ ਅਤੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗ੍ਰਹਿ ਵਿਖੇ ਹੋਇਆ ਤਾਂ ਸੱਯਦ ਭੀਖਣ ਸ਼ਾਹ ਦੁਆਰਾ ਲਿਆਂਦੀਆਂ ਦੋ ਕੁੱਜੀਆਂ ਉੱਤੇ ਗੁਰੂ ਜੀ ਨੇ ਆਪਣੇ ਛੋਟੇ-ਛੋਟੇ ਹੱਥ ਧਰਦਿਆਂ ਇਸ ਗੱਲ ਦਾ ਫ਼ੁਰਮਾਨ ਦਿੱਤਾ ਸੀ ਕਿ ਉਹ ਹਿੰਦੂਆਂ ਅਤੇ ਮੁਸਲਮਾਨਾਂ ਦੇ ਸਾਂਝੇ ਗੁਰੂ ਹੋਣਗੇ।
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਦੇ ਦੌਰੇ ਤੋਂ 1670 ਈ: ਵਿਚ ਵਾਪਸ ਆਏ। ਉਸ ਸਮੇਂ ਉਨ੍ਹਾਂ ਦੇ ਲਾਡਲੇ ਸਪੁੱਤਰ ਸਾਢੇ ਤਿੰਨ ਸਾਲ ਦੇ ਹੋ ਚੁੱਕੇ ਸਨ। ਪਟਨੇ ਵਿਚ ਕੁਝ ਸਮਾਂ ਠਹਿਰਨ ਤੋਂ ਬਾਅਦ ਉਹ ਆਪਣੇ ਪਰਿਵਾਰ ਨੂੰ ਪਟਨੇ ਵਿਚ ਠਹਿਰਨ ਦਾ ਆਦੇਸ਼ ਦੇ ਕੇ ਵਾਪਸ ਪੰਜਾਬ ਆ ਗਏ। ਗੁਰੂ ਜੀ ਨੇ ਬਚਪਨ ਦੇ ਪਹਿਲੇ ਪੰਜ ਸਾਲ ਪਟਨੇ 'ਚ ਬਿਤਾਏ ਸਨ। ਜਿੱਥੇ ਗੁਰੂ ਜੀ ਦਾ ਪ੍ਰਕਾਸ਼ ਹੋਇਆ ਸੀ, ਉਸ ਥਾਂ 'ਤੇ ਸੁੰਦਰ ਗੁਰਦੁਆਰਾ ਤਖ਼ਤ ਸ੍ਰੀ ਪਟਨਾ ਸਾਹਿਬ ਸੁਸ਼ੋਭਿਤ ਹੈ।
ਪਿਤਾ ਜੀ ਦੇ ਹੁਕਮ ਅਨੁਸਾਰ 1671 ਈ: ਵਿਚ ਗੁਰੂ ਜੀ ਪਰਿਵਾਰ ਸਮੇਤ ਅਨੰਦਪੁਰ ਆ ਗਏ। ਜ਼ੁਲਮ ਦੀ ਜੜ੍ਹ ਪੁੱਟਣ ਲਈ ਬਚਪਨ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ। ਪਿਤਾ ਜੀ ਪਾਸੋਂ ਸ਼ਸਤਰ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਹਾਸਲ ਕੀਤੀ। ਕਈ ਭਾਸ਼ਾਵਾਂ 'ਚ ਨਿਪੁੰਨਤਾ ਹਾਸਲ ਕਰ ਲਈ, ਜਿਨ੍ਹਾਂ ਵਿਚੋਂ ਮੁੱਖ ਇਹ ਹਨ-ਫ਼ਾਰਸੀ, ਗੁਰਮੁਖੀ, ਹਿੰਦੀ, ਬ੍ਰਜ ਆਦਿ।
ਅਜੇ 9 ਸਾਲ ਦੇ ਹੋਏ ਸਨ, ਜਦੋਂ ਉਨ੍ਹਾਂ ਆਪਣੇ ਪਿਤਾ ਜੀ ਨੂੰ ਸੱਚ ਤੇ ਧਰਮ ਦੀ ਰਾਖੀ ਖ਼ਾਤਰ ਕੁਰਬਾਨ ਹੋਣ ਲਈ ਦਿੱਲੀ ਵੱਲ ਤੋਰਿਆ। ਉਸ ਸਮੇਂ ਔਰੰਗਜ਼ੇਬ ਇਕ ਵੱਢਿਓਂ ਹੀ ਸਾਰੀ ਸਲਤਨਤ ਨੂੰ ਮੁਸਲਮਾਨ ਬਣਾ ਰਿਹਾ ਸੀ। ਸੂਫੀ ਫ਼ਕੀਰ ਬੁੱਲ੍ਹੇਸ਼ਾਹ ਨੇ ਠੀਕ ਕਿਹਾ ਹੈ:
ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ,
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ
ਤੋ ਸੁੰਨਤ ਹੋਤੀ ਸਭ ਕੀ ।
ਅਤਿ ਦੀ ਅਡੋਲਤਾ, ਦ੍ਰਿੜ੍ਹਤਾ ਅਤੇ ਪ੍ਰਪੱਕਤਾ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਮੰਜ਼ਿਲ ਵੱਲ ਵਧਦੇ ਗਏ। ਪਾਉਂਟਾ ਸਾਹਿਬ ਵਿਖੇ ਗੁਰੂ ਜੀ ਦੇ ਦਰਬਾਰ 'ਚ 52 ਸਾਹਿਤ ਰਸੀਏ ਕਵੀ, 36 ਲਿਖਾਰੀ ਅਤੇ ਹੋਰ ਪਤਾ ਨਹੀਂ ਕਿੰਨੇ ਕੁ ਵਿਦਵਾਨ, ਜੋ ਦੂਰ-ਦੁਰਾਡੇ ਤੋਂ ਆਉਂਦੇ ਤੇ ਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਸਨ। ਹਰ ਧਰਮ ਨੂੰ ਘੋਖਿਆ ਤੇ ਵਿਚਾਰਿਆ ਜਾਂਦਾ ਸੀ, ਸਵੇਰੇ-ਸ਼ਾਮੀ ਇਨ੍ਹਾਂ ਦੀ ਕਥਾ ਵੀ ਹੁੰਦੀ ਸੀ।
ਦਸਵੀਂ ਪਾਤਸ਼ਾਹੀ ਦੁਆਰਾ ਰਚਿਤ ਬਾਣੀਆਂ ਵਿਚੋਂ ਮੁੱਖ ਇਹ ਹਨ: 'ਜਾਪੁ ਸਾਹਿਬ', 'ਸਵੈਯੇ 33', 'ਸ਼ਬਦ ਹਜ਼ਾਰੇੇ', 'ਜ਼ਫ਼ਰਨਾਮਾ' ਆਦਿ। 'ਚੰਡੀ ਦੀ ਵਾਰ' ਬੀਰ-ਰਸ ਭਰਪੂਰ ਰਚਨਾ ਹੈ। ਗੁਰੂ ਜੀ ਨੇ ਆਪਣੀ ਬਾਣੀ ਵਿਚ ਪ੍ਰਭੂ ਦੇ ਵੱਖ-ਵੱਖ ਸਰੂਪ ਤੇ ਪਹਿਚਾਣ, ਪ੍ਰਭੂ ਦੀ ਸਿਫ਼ਤ-ਸਲਾਹ, ਮਨੁੱਖੀ ਏਕਤਾ ਅਤੇ ਧਰਮ ਦੇ ਨਾਂਅ ਹੇਠ ਪ੍ਰਚੱਲਤ ਗ਼ਲਤ ਵਿਸ਼ਵਾਸ, ਪਾਖੰਡ, ਕਰਮਕਾਂਡ ਬਾਰੇ ਮੁੱਖ ਤੌਰ 'ਤੇ ਵਿਚਾਰ ਪ੍ਰਗਟ ਕੀਤੇ ਹਨ। ਪ੍ਰਭੂ ਦੇ ਵੱਖ-ਵੱਖ ਗੁਣਾਂ ਤੇ ਦਾਤਾਂ ਦਾ ਜ਼ਿਕਰ ਹੀ ਨਹੀਂ, ਸਗੋਂ ਪ੍ਰਭੂ ਦੀ ਸਰਬਗਤਾ, ਉੱਚਤਾ ਤੇ ਉਸ ਦੇ ਸਾਹਮਣੇ ਮਨੁੱਖ ਦੀ ਤੁੱਛ ਹਸਤੀ ਦਾ ਬਿਆਨ ਕਰਕੇ ਮਨੁੱਖੀ ਮਨ ਨੂੰ ਪ੍ਰਭੂ ਦੇ ਚਰਨਾਂ 'ਚ ਜੋੜ ਦੇਣਾ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਕਰਾਮਾਤੀ ਗੁਣ ਹੈ। ਲਾਤੀਫ ਲਿਖਦਾ ਹੈ, 'ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਕਾਰਜ ਨੂੰ ਹੱਥ ਪਾਇਆ, ਉਹ ਮਹਾਨ ਸੀ।'
ਵਿਸਾਖੀ 1699 ਈ: ਦਾ ਦਿਨ, ਇਕ ਇਤਿਹਾਸਕ ਦਿਨ ਸੀ। ਇਸ ਦਿਨ ਨੂੰ 'ਖ਼ਾਲਸੇ ਦਾ ਸਥਾਪਨਾ ਦਿਵਸ' ਵੀ ਆਖਿਆ ਜਾਂਦਾ ਹੈ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਦੇ ਸਥਾਨ 'ਤੇ ਪੰਜ ਪਿਆਰਿਆਂ ਨੂੰ ਖੰਡੇ-ਬਾਟੇ ਦੀ ਪਾਹੁਲ ਛਕਾ ਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ; ਅਨੋਖਾ ਕਾਰਜ ਕੀਤਾ। ਉਨ੍ਹਾਂ ਪੰਜ ਪਿਆਰਿਆਂ ਪਾਸੋਂ ਆਪ ਜੀ ਨੇ ਅੰਮ੍ਰਿਤ ਛਕਿਆ; ਤਾਹੀਓਂ ਇਹ ਕਿਹਾ ਜਾਂਦਾ ਹੈ: ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ।
ਖ਼ਾਲਸਾ ਪੰਥ ਦੀ ਸਾਜਨਾ ਦੇ ਨਾਲ ਹੀ ਗੁਰੂ ਜੀ ਨੇ ਜਾਤ-ਪਾਤ, ਊਚ-ਨੀਚ ਅਤੇ ਅਮੀਰ-ਗ਼ਰੀਬ ਦਾ ਭੇਦ-ਭਾਵ ਮਿਟਾ ਕੇ ਸਭ ਨੂੰ ਇਕ ਹੀ ਬਾਟੇ ਵਿਚ ਅੰਮ੍ਰਿਤ ਛਕਾਇਆ। ਇਸ 'ਤੇ ਪੱਕਿਆਂ ਰਹਿਣ ਲਈ ਗੁਰੂ ਜੀ ਨੇ ਕੁਝ ਨੇਮ ਘੜੇ, ਜਿਸ ਨੂੰ ਸਮੁੱਚੀ ਸਿੱਖ ਕੌਮ ਨੇ ਖਿੜੇ ਮੱਥੇ ਪ੍ਰਵਾਨ ਕੀਤਾ।
ਕਲਗੀਧਰ ਦਸਮੇਸ਼ ਪਿਤਾ ਨੂੰ ਹਾਕਮਾਂ ਨਾਲ ਕਈ ਯੁੱਧ ਲੜਨੇ ਪਏ, ਜਿਵੇਂ ਭੰਗਾਣੀ ਦਾ ਯੁੱਧ, ਨਾਦੌਣ ਦਾ ਯੁੱਧ, ਹੁਸੈਨੀ ਦਾ ਯੁੱਧ, ਸ੍ਰੀ ਅਨੰਦਪੁਰ ਦੀ ਜੰਗ, ਚਮਕੌਰ ਦਾ ਯੁੱਧ, ਖਦਰਾਣੇ ਦੀ ਢਾਬ, ਆਦਿ। ਚਮਕੌਰ ਸਾਹਿਬ ਦੀ ਲੜਾਈ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ 'ਚੋਂ ਹੁੰਦੇ ਹੋਏ ਗੁਰੂ ਜੀ 'ਦੀਨਾ ਕਾਂਗੜ' ਵਿਖੇ ਪੁੱਜੇ। ਇਥੋਂ ਹੀ ਔਰੰਗਜ਼ੇਬ ਨੂੰ 'ਜ਼ਫ਼ਰਨਾਮਾ' ਲਿਖਿਆ, ਜਿਸ ਰਾਹੀਂ ਅਧਰਮ ਤੇ ਅਨੈਤਿਕਤਾ ਦਾ ਰਾਹ ਛੱਡ ਕੇ ਆਮ ਲੋਕਾਈ ਨੂੰ ਸੁੱਖ ਦਾ ਸਾਹ ਦੇਣ ਦਾ ਉਪਦੇਸ਼ ਦਿੱਤਾ, ਇਸ ਨੂੰ 'ਫ਼ਤਹਿਨਾਮਾ' ਵੀ ਕਿਹਾ ਜਾਂਦਾ ਹੈ।
ਸ੍ਰੀ ਮੁਕਤਸਰ ਦਾ ਯੁੱਧ ਜਿੱਤਣ ਤੋਂ ਬਾਅਦ ਗੁਰੂ ਜੀ ਸਾਬੋ ਕੀ ਤਲਵੰਡੀ ਪਹੁੰਚ ਗਏ। ਭਾਈ ਮਨੀ ਸਿੰਘ ਪਾਸੋਂ 'ਆਦਿ ਗ੍ਰੰਥ ਸਾਹਿਬ' ਮੁੜ ਲਿਖਵਾਇਆ ਅਤੇ ਇਸ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਦਾਰ ਜੀ ਦੀ ਬਾਣੀ ਦਰਜ ਕੀਤੀ।
ਨੰਦੇੜ ਸਾਹਿਬ ਪਹੁੰਚ ਕੇ ਮਾਧੋ ਦਾਸ ਬੈਰਾਗੀ ਨੂੰ ਮਿਲੇ ਅਤੇ ਉਸ ਨੂੰ ਸਿੱਧੇ ਰਸਤੇ ਪਾਇਆ। ਦਸਮੇਸ਼ ਪਿਤਾ ਨੇ 'ਬੰਦੇ' ਨੂੰ ਅੰਮ੍ਰਿਤ ਛਕਾ ਕੇ ਉਸ ਦਾ ਨਾਂਅ 'ਬੰਦਾ ਸਿੰਘ' ਰੱਖ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਲਈ ਪੰਜਾਬ ਵੱਲ ਤੋਰਿਆ। ਸਰਬੰਸਦਾਨੀ ਪਿਤਾ ਨੇ 6 ਅਕਤੂਬਰ, 1708 ਈ: ਨੂੰ ਨੰਦੇੜ ਸਾਹਿਬ (ਮਹਾਰਾਸ਼ਟਰ) ਵਿਖੇ (ਪਿਆਨਾ ਸੁਧਾਰਨ ਤੋਂ ਇਕ ਦਿਨ ਪਹਿਲਾਂ) ਭਾਰੀ ਦੀਵਾਨ ਸਜਾਇਆ, ਪੰਜ ਪੈਸੇ ਤੇ ਨਾਰੀਅਲ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜ ਪਰਿਕਰਮਾ ਕਰ ਕੇ ਮੱਥਾ ਟੇਕਿਆ ਅਤੇ ਹੁਕਮ ਕੀਤਾ:
ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ।
ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੈ ਲੇ।
-ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ
ਅਜੋਕੇ ਸਮਾਜ ਵਿਚ ਕੀ ਹੋ ਰਿਹਾ ਹੈ? ਚਾਰੇ ਪਾਸੇ ਹੀ ਨਸ਼ਿਆਂ ਦਾ ਹੜ੍ਹ ਆਇਆ ਹੋਇਆ ਹੈ। ਪਦਾਰਥਵਾਦ ਭਾਰੂ ਹੈ। ਲੋਕ ਝੂਠ-ਫਰੇਬ, ਮਾਰ-ਧਾੜ, ਆਦਿ ਵਿਚ ਧਸਦੇ ਜਾ ਰਹੇ ਨੇ। 'ਸਿੰਘ' ਜਾਂ 'ਕੌਰ' ਤਾਂ ਹਰ ਕੋਈ ਲਗਾ ਰਿਹਾ ਹੈ, ਪਰ ਸਿੱਖ ਨੂੰ ਕਿਹੜੇ ਕੰਮ ਕਰਨੇ ਚਾਹੀਦੇ ਨੇ ਅਤੇ ਕਿਹੜੇ ਨਹੀਂ; ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਜੋ ਸਿੰਘ ਸਜੇ ਹਨ, ਜ਼ਿਆਦਾਤਰ ਉਹ ਵੀ ਗੁਰੂ ਰਹਿਤ ਮਰਿਯਾਦਾ ਵਿਚ ਨਹੀਂ ਰਹਿੰਦੇ, ਅਰਥਾਤ ਇਕ-ਦੂਜੇ 'ਤੇ ਦੂਸ਼ਣਬਾਜ਼ੀ ਜ਼ਿਆਦਾ ਕਰਦੇ ਹਨ।
ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਨੇ ਸਮੁੱਚੀ ਮਾਨਵਤਾ ਅਤੇ ਵਿਸ਼ੇਸ਼ ਤੌਰ 'ਤੇ ਭਾਰਤੀ ਸਮਾਜ ਨੂੰ ਅਜਿਹੀ ਮਹੱਤਵਪੂਰਨ ਅਤੇ ਵਿਲੱਖਣ ਦੇਣ ਦਿੱਤੀ ਹੈ, ਜਿਸ ਨੂੰ ਕਲਮ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ, ਭਾਵ ਜਾਤ-ਪਾਤ, ਊਚ-ਨੀਚ ਅਤੇ ਅਮੀਰ-ਗ਼ਰੀਬ ਦਾ ਭੇਦ-ਭਾਵ ਮਿਟਾ ਕੇ ਸਰਬ-ਸਾਂਝੀਵਾਲਤਾ ਦਾ ਪੈਗ਼ਾਮ ਪ੍ਰਚਾਰਿਆ। ਗੁਰੂ ਜੀ ਦੁਆਰਾ ਦਰਸਾਈਆਂ ਗਈਆਂ ਰਹਿਤਾਂ 'ਤੇ ਪਹਿਰਾ ਦਿੰਦੇ ਹੋਏ ਸੱਚੇ-ਸੁੱਚੇ ਸੰਤ-ਸਿਪਾਹੀ ਬਣੀਏ, ਮਜ਼ਲੂਮਾਂ ਦੀ ਰੱਖਿਆ ਕਰੀਏ ਤੇ ਸਰਬੱਤ ਦਾ ਭਲਾ ਕਰੀਏ, ਫਿਰ ਹੀ ਸਾਨੂੰ ਗੁਰੂ ਦੇ ਸਿੱਖ ਅਖਵਾਉਣ ਦਾ ਹੱਕ ਹੋਵੇਗਾ।


-402-ਈ, ਸ਼ਹੀਦ ਭਗਤ ਸਿੰਘ ਨਗਰ,
ਲੁਧਿਆਣਾ-141013

Ad Position 22
No active advertisement
ਪਿਛਲੀ ਖ਼ਬਰ ਮਰਦ ਅਗੰਮੜਾ : ਗੁਰੂ ਗੋਬਿੰਦ ਸਿੰਘ ਅਗਲੀ ਖ਼ਬਰ ਕਲਗੀਧਰ ਮੇਰੇ ਪ੍ਰੀਤਮ ਨੇ
Ad Position 24
No active advertisement