ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2020

ਮਰਦ ਅਗੰਮੜਾ : ਗੁਰੂ ਗੋਬਿੰਦ ਸਿੰਘ

Ad Position 21
No active advertisement
ਅਜੀਤ ਡੈਸਕ 02-01-2020

ਗੁਰੂ ਗੋਬਿੰਦ ਸਿੰਘ ਜੀ ਨੇ ਕੌਮੀ ਉਸਾਰੀ ਲਈ ਉਨ੍ਹਾਂ ਕਾਰਜਾਂ ਨੂੰ ਕ੍ਰਾਂਤੀਕਾਰੀ ਢੰਗ ਨਾਲ ਅੱਗੇ ਤੋਰਿਆ, ਜਿਨ੍ਹਾਂ ਕਾਰਜਾਂ ਨੂੰ ਉਨ੍ਹਾਂ ਤੋਂ ਪਹਿਲਾਂ ਦੇ ਗੁਰੂ ਸਾਹਿਬਾਨਾਂ ਨੇ ਆਰੰਭਿਆ ਹੋਇਆ ਸੀ ਤੇ ਉਹ ਕਾਰਜ ਸਮੁੱਚੇ ਰੂਪ ਅੰਦਰ ਕੇਵਲ ਤੇ ਕੇਵਲ ਮਨੁੱਖ ਦੇ ਸਰਬਪੱਖੀ ਵਿਕਾਸ ਨਾਲ ਜੁੜੇ ਹੋਏ ਸਨ। ਗੁਰੂ ਸਪੁੱਤਰ ਹੋਣ ਕਰਕੇ ਘਰ-ਪਰਿਵਾਰ ਵਿਚ ਹੁੰਦੀ ਚਰਚਾ ਕਾਰਨ ਗੋਬਿੰਦ ਰਾਏ ਵੀ ਦੇਸ਼ ਅੰਦਰ ਹੋ ਰਹੀ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਉਥਲ-ਪੁਥਲ ਤੋਂ ਬਚਪਨ ਵਿਚ ਹੀ ਚੰਗੀ ਤਰ੍ਹਾਂ ਜਾਣੂ ਸਨ।
ਸਮੇਂ ਦੀ ਮੁਗ਼ਲ ਹਕੂਮਤ ਦੀ ਧਾਰਮਿਕ ਤੇ ਸਮਾਜਿਕ ਧੱਕੇਸ਼ਾਹੀ ਦਾ ਸ਼ਿਕਾਰ ਕਸ਼ਮੀਰੀ ਬ੍ਰਾਹਮਣਾਂ ਦਾ ਟੋਲਾ ਗੁਰੂ ਤੇਗ ਬਹਾਦਰ ਜੀ ਕੋਲ ਆਪਣੀ ਧਾਰਮਿਕ ਸਲਾਮਤੀ ਦੀ ਫ਼ਰਿਆਦ ਲੈ ਕੇ ਆਉਂਦਾ ਹੈ ਤਾਂ ਗੋਬਿੰਦ ਰਾਏ ਦੀ ਉਮਰ ਕੇਵਲ ਸੱਤ ਸਾਲ ਦੀ ਸੀ, ਜਦੋਂ ਗੁਰੂ ਪਿਤਾ ਨੂੰ ਕੁਰਬਾਨੀ ਕਰਨ ਲਈ ਪ੍ਰੇਰਿਤ ਕਰਦੇ ਹੋਏ ਇਤਿਹਾਸ ਦੇ ਪੰਨਿਆਂ 'ਤੇ ਸਦਾ ਲਈ ਆਪਣੇ ਇਹ ਬਚਨ ਦਰਜ ਕਰਾ ਗਏ ਕਿ 'ਪਿਤਾ ਜੀ ਇਸ ਵੇਲੇ ਆਪ ਤੋਂ ਵੱਡਾ ਹੋਰ ਕੌਣ ਮਹਾਂਪੁਰਖ ਹੋ ਸਕਦਾ ਹੈ ਜੋ ਕਿਸੇ ਦੇ ਧਰਮ ਲਈ ਕੁਰਬਾਨੀ ਕਰੇ?' ਆਪ ਦੇ ਇਨ੍ਹਾਂ ਵਾਕਾਂ ਵਿਚ ਸੰਕੇਤ ਇਹ ਸਨ 'ਸੁਧਾਰ' ਹਮੇਸ਼ਾ ਘਰ ਤੋਂ ਸ਼ੁਰੂ ਹੁੰਦਾ ਹੈ ਅਤੇ ਦੂਜਾ ਇਹ ਕਿ ਮਨੁੱਖੀ ਅਧਿਕਾਰਾਂ ਦੀ ਅਣਦੇਖੀ ਕਦੇ ਵੀ ਨਹੀਂ ਕੀਤੀ ਜਾ ਸਕਦੀ, ਫ਼ਿਰ ਭਾਵੇਂ ਉਹ ਤੁਹਾਡੀ ਆਪਣੀ ਕੌਮ ਨਾਲ ਜੁੜੇ ਹੋਏ ਹੋਣ ਜਾਂ ਕਿਸੇ ਦੂਸਰੇ ਦੇ। ਵਿਚਾਰਾਂ ਦਾ ਵਖਰੇਵਾਂ ਕਦੇ ਵੀ ਧਾਰਮਿਕ ਅਤੇ ਸਮਾਜਿਕ ਸੁਤੰਤਰਤਾ ਨੂੰ ਖੋਹਣ ਦਾ ਹੱਕ ਨਹੀਂ ਦਿੰਦਾ।
ਚਾਂਦਨੀ ਚੌਕ ਦਿੱਲੀ ਵਿਚ ਔਰੰਗਜ਼ੇਬ ਵਲੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਦੀਆਂ ਖ਼ਬਰਾਂ ਅਨੰਦਪੁਰ ਪੁੱਜੀਆਂ ਤਾਂ ਆਪ ਨੇ ਆਪਣੇ ਪਰਿਵਾਰ ਅਤੇ ਸੰਗਤਾਂ ਨੂੰ ਵਿਰਲਾਪ ਕਰਨ ਦੀ ਬਜਾਏ ਮੌਜੂਦਾ ਹਾਲਤਾਂ ਪ੍ਰਤੀ ਸੁਚੇਤ ਹੋਣ ਅਤੇ ਭਵਿੱਖੀ ਰਣਨੀਤੀ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਭਾਈ ਜੈਤਾ ਜੀ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਅਨੰਦਪੁਰ ਪਹੁੰਚਦੇ ਹਨ ਤਾਂ ਗੁਰੂ ਸਾਹਿਬ ਦਾ ਭਾਈ ਜੈਤੇ ਨੂੰ ਕੀਤਾ ਸਵਾਲ ਬੜਾ ਕੀਮਤੀ ਸੀ ਕਿ 'ਜੈਤਾ ਜੀ, ਜਦੋਂ ਗੁਰੂ ਪਿਤਾ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ, ਉਸ ਵੇਲੇ ਕਿਸੇ ਨੇ ਵਿਰੋਧ ਕਰਨ ਦੀ ਹਿੰਮਤ ਨਹੀਂ ਕੀਤੀ? ਕੀ ਦਿੱਲੀ ਵਿਚ ਕੋਈ ਸਿੱਖ ਨਹੀਂ?' ਜੈਤਾ ਜੀ ਦਾ ਜਵਾਬ ਸੀ ਕਿ ਗੁਰੂ ਸਾਹਿਬ ਜੀ ਸਿੱਖ ਤਾਂ ਬਹੁਤ ਸਨ ਪਰ ਕੁਝ ਇਕ ਨੂੰ ਛੱਡ ਕੇ ਕਿਸੇ ਦੀ ਕੋਈ ਪਛਾਣ ਨਹੀਂ, ਦੂਸਰਾ ਮੁਗ਼ਲਾਂ ਦਾ ਡਰ ਭੈਅ ਹੀ ਏਨਾ ਹੈ ਕਿ ਪਛਾਣ ਵਾਲੇ ਵੀ ਮੌਤ ਦੇ ਡਰੋਂ ਖੁਦ ਬੇਪਛਾਣ ਹੋ ਗਏ। ਗੁਰੂ ਸਾਹਿਬ ਨੇ ਜੈਤਾ ਜੀ ਦੇ ਮੂੰਹੋਂ ਨਿਰੋਲ ਸੱਚ ਸੁਣ ਕੇ ਕਿਹਾ ਕਿ ਹੁਣ ਤੋਂ ਆਪਣੇ ਸਿੱਖਾਂ ਨੂੰ ਵੀਰਤਾ ਦੀ ਅਜਿਹੀ ਗੁੜ੍ਹਤੀ ਦੇਵਾਂਗਾ ਅਤੇ ਅਜਿਹੀ ਵੱਖਰੀ ਪਛਾਣ ਦਿਆਂਗਾ ਕਿ ਮੇਰਾ ਸਿੱਖ ਲੱਖਾਂ ਵਿਚ ਖੜ੍ਹਾ ਵੀ 'ਕੱਲਾ ਪਛਾਣਿਆ ਜਾਵੇਗਾ। ਸਿੱਖਾਂ ਨੂੰ ਵੱਖਰੀ ਪਛਾਣ ਤੇ ਨਿਡਰਤਾ ਦੀ ਗੁੜ੍ਹਤੀ ਦੇਣ ਲਈ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਇਸ ਦੀ ਸੋਚ ਅਤੇ ਸਵੈ-ਮਾਣ ਨੂੰ ਪੱਕੇ ਤੌਰ 'ਤੇ ਇਕ ਕਰ ਦਿੱਤਾ।
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਆਪਣੀ ਧਾਰਮਿਕ ਸੁਤੰਤਰਤਾ ਲਈ ਸੰਗਠਿਤ ਤੇ ਸ਼ਸਤਰਧਾਰੀ ਹੋ ਕੇ ਜ਼ੁਲਮ ਦੇ ਵਿਰੁੱਧ ਡਟ ਜਾਣ ਲਈ ਪ੍ਰੇਰਿਆ। ਉਨ੍ਹਾਂ ਨੂੰ ਸ਼ਸਤਰਾਂ ਦਾ ਅਭਿਆਸੀ ਤੇ ਪ੍ਰਯੋਗਕਰਤਾ ਬਣਾਇਆ। ਆਮ ਲੋਕ ਇਕ ਪਾਸੇ ਮੁਗ਼ਲ ਹਕੂਮਤ ਦੇ ਜ਼ੁਲਮਾਂ ਦੇ ਸਤਾਏ ਸਨ ਤੇ ਦੂਜੇ ਪਾਸੇ ਆਪਣੀ ਹੀ ਕੌਮ ਤੇ ਭਾਈਚਾਰੇ ਦੀਆਂ ਜਾਤ ਆਧਾਰਿਤ ਉੱਚ ਸ਼੍ਰੇਣੀਆਂ ਦੀ ਤੰਗਦਿਲੀ ਦਾ ਸ਼ਿਕਾਰ ਹੋ ਰਹੇ ਸਨ। ਗੁਰੂ ਸਾਹਿਬ ਮਹਿਸੂਸ ਕਰ ਰਹੇ ਸਨ ਕਿ ਸਮਾਜਿਕ ਏਕਤਾ ਤੋਂ ਬਿਨਾਂ ਕੌਮੀ ਉਸਾਰੀ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਇਸੇ ਅੱਤ ਦੇ ਚੁਣੌਤੀ ਭਰੇ ਕਾਰਜ ਲਈ ਨਾ ਉਨ੍ਹਾਂ ਕੋਲ ਕੋਈ ਰਾਜਨੀਤਕ ਤਾਕਤ ਸੀ, ਨਾ ਆਰਥਿਕ ਸਾਧਨ ਮੌਜੂਦ ਸਨ ਅਤੇ ਨਾ ਹੀ ਕੋਈ ਵਿਸ਼ਾਲ ਭੂ-ਭਾਗ ਦੇ ਉਹ ਮਾਲਕ ਸਨ। ਸਭ ਹਾਲਾਤ ਆਪ ਦੇ ਪ੍ਰਤੀਕੂਲ ਸਨ। ਪਰ ਇਕ ਚੀਜ਼ ਸੀ ਆਪ ਕੋਲ ਤੇ ਉਹ ਸੀ ਦ੍ਰਿੜ੍ਹ ਨਿਸਚਾ। ਇਸੇ ਸੋਚ ਸ਼ਕਤੀ ਦੇ ਆਸਰੇ ਉਨ੍ਹਾਂ ਨੇ ਆਪਣੇ ਸਿੱਖਾਂ ਦੇ ਇਰਾਦਿਆਂ ਨੂੰ ਕਦੇ ਵੀ ਕਮਜ਼ੋਰ ਨਹੀਂ ਹੋਣ ਦਿੱਤਾ।
ਇਤਿਹਾਸ ਵਿਚ ਦਰਜ ਹੈ ਕਿ ਦੂਰ ਦੇ ਇਲਾਕਿਆਂ ਦੀ ਸੰਗਤ ਜਦੋਂ ਆਪ ਦੇ ਦਰਸ਼ਨਾਂ ਲਈ ਆਉਂਦੀ ਤਾਂ ਕਈ ਵਾਰ ਰਸਤੇ ਵਿਚ ਗੁੱਜਰ ਤੇ ਰੰਘੜ ਸੰਗਤਾਂ ਨੂੰ ਲੁੱਟ ਲੈਂਦੇ। ਸੰਗਤ ਗੁਰੂ ਸਾਹਿਬ ਕੋਲ ਆ ਕੇ ਸ਼ਿਕਾਇਤ ਕਰਦੀ ਕਿ ਅਸੀਂ ਆਪ ਜੀ ਲਈ ਕੀਮਤੀ ਸੁਗਾਤਾਂ ਲੈ ਕੇ ਆ ਰਹੇ ਸੀ ਪਰ ਰਸਤੇ ਵਿਚ ਸਭ ਕੁਝ ਲੁੱਟਿਆ ਗਿਆ ਤਾਂ ਗੁਰੂ ਸਾਹਿਬ ਹਮੇਸ਼ਾ ਇਕੋ ਗੱਲ ਆਖਦੇ ਕਿ ਕਮਜ਼ੋਰੀ ਅਤੇ ਮਨੁੱਖਤਾ ਦਾ ਕੋਈ ਮੇਲ ਨਹੀਂ। ਜਿੱਥੇ ਵਧੀਕੀ ਕਰਨਾ ਬੁਰਾ ਹੈ, ਉੱਥੇ ਕਿਸੇ ਨੂੰ ਆਪਣੇ ਤੇ ਵਧੀਕੀ ਕਰਨ ਦਾ ਮੌਕਾ ਦੇਣਾ ਉਸ ਤੋਂ ਵੀ ਘਾਤਕ ਸਿਲਸਿਲਾ ਹੈ। ਸੋ, ਡਟ ਕੇ ਸ਼ਸਤਰਾਂ ਦਾ ਅਭਿਆਸ ਕਰੋ। ਆਪ ਦੀ ਇਸੇ ਸਿੱਖਿਆ ਦਾ ਨਤੀਜਾ ਕਿ ਕੁਝ ਦਿਨਾਂ ਬਾਅਦ ਮਾਝੇ ਤੋਂ ਆ ਰਹੇ ਸੰਗਤਾਂ ਦੇ ਇਕ ਕਾਫ਼ਲੇ ਵਿਚੋਂ ਵੱਖ ਹੋ ਗਈ। ਇਕ ਸਿੱਖ ਨੌਜਵਾਨ ਬੀਬੀ ਨੂੰ ਰਸਤੇ ਵਿਚ ਕੁਝ ਲੁਟੇਰਿਆਂ ਨੇ ਮਾੜੀ ਨੀਅਤ ਨਾਲ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਬੀਬੀ ਨੇ ਸ਼ੇਰ ਵਰਗੀ ਫ਼ੁਰਤੀ ਨਾਲ ਇਕ ਲੁਟੇਰੇ ਦਾ ਸਿਰ ਲਾਹ ਸੁੱਟਿਆ ਤੇ ਬਾਕੀ ਦੇ ਭੱਜ ਗਏ।
ਗੁਰੂ ਸਾਹਿਬ ਇਹ ਵੀ ਜਾਣਦੇ ਸਨ ਕਿ ਸ਼ਸਤਰਧਾਰੀ ਹੋਣ ਦੇ ਨਾਲ-ਨਾਲ ਮਨੁੱਖ ਦੇ ਸਰਬਪੱਖੀ ਵਿਕਾਸ ਅਤੇ ਉਸ ਨੂੰ ਬੌਧਿਕ ਤੌਰ 'ਤੇ ਮਜ਼ਬੂਤ ਕਰਨ ਲਈ ਸਾਹਿਤ ਦਾ ਬਹੁਤ ਵੱਡਾ ਰੋਲ ਹੈ। ਇਸੇ ਕਾਰਨ ਉਹ ਕੁਝ ਸਮੇਂ ਲਈ ਅਨੰਦਪੁਰ ਤੋਂ ਦੂਰ ਸ਼ਾਂਤ ਤੇ ਰਮਣੀਕ ਯਮੁਨਾ ਨਦੀ ਦੇ ਕਿਨਾਰੇ ਇਕ ਸੁੰਦਰ ਸਥਾਨ ਪਾਉਂਟਾ ਸਾਹਿਬ ਵਸਾ ਕੇ ਇੱਥੇ ਭਾਰਤ ਭਰ ਦੇ ਚੋਟੀ ਦੇ ਕਵੀਆਂ ਤੇ ਲਿਖਾਰੀਆਂ ਨੂੰ ਬੁਲਾਉਂਦੇ ਹਨ ਅਤੇ ਉਨ੍ਹਾਂ ਦੀ ਸਰਪ੍ਰਸਤੀ ਕਰ ਕੇ ਭਾਰਤ ਦੇ ਪੁਰਾਤਨ ਵੀਰ ਸਾਹਿਤ ਦਾ ਉਲੱਥਾ ਕਰਵਾਉਣ ਦੇ ਨਾਲ-ਨਾਲ ਹੋਰ ਬੀਰਰਸੀ ਸਾਹਿਤ ਦੀ ਰਚਨਾ ਕਰਵਾਉਂਦੇ ਹਨ। ਜਦੋਂ ਆਪ ਨੇ ਮਹਿਸੂਸ ਕੀਤਾ ਕਿ ਕੌਮ ਨੂੰ ਨਵਾਂ ਰੂਪ ਦੇਣ ਦਾ ਵਕਤ ਆ ਗਿਆ ਹੈ ਤਾਂ ਅਨੰਦਪੁਰ ਆ 1699 ਨੂੰ ਕੇਸਗੜ੍ਹ ਦੀ ਧਰਤੀ 'ਤੇ ਹੁਣ ਤੱਕ ਦਾ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ ਬੁਲਾਉਂਦੇ ਹਨ। ਗੁਰੂ ਸਾਹਿਬ ਦੀ ਸਭ ਨੂੰ ਇਕ ਕਰ ਦੇਣ ਦੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਦਾ ਵਕਤ ਆ ਗਿਆ ਸੀ, ਕਿਉਂਕਿ ਜੋ ਮਨੁੱਖ ਤੰਗਦਿਲੀ ਵਾਲੀ ਸੋਚ ਨੂੰ ਨਹੀਂ ਛੱਡੇਗਾ, ਵਰਣ ਵੰਡ ਦੇ ਵਿਤਕਰੇ ਵੀ ਉਸੇ ਨੂੰ ਚੰਗੇ ਲੱਗਣਗੇ।
ਗੁਰੂ ਸਾਹਿਬ ਦੀਆਂ ਨਜ਼ਰਾਂ ਵਿਚ ਮਨੁੱਖਤਾ ਦਾ ਸਹੀ ਮਿਆਰ ਇਹ ਹੈ ਕਿ ਹਰ ਮਨੁੱਖ ਵਿਚ ਪਰਮਾਤਮਾ ਆਪ ਵਸਦਾ ਹੈ, ਇਸ ਲਈ ਜਾਤ, ਜਮਾਤ ਅਤੇ ਧਰਮ ਦੇ ਆਧਾਰ 'ਤੇ ਨਾ ਕਿਸੇ ਤੋਂ ਡਰੋ ਨਾ ਕਿਸੇ ਨੂੰ ਡਰਾਓ। ਇਸੇ ਸੋਚ ਦੀ ਪਿਉਂਦ ਆਪ ਸਾਰੀ ਮਨੁੱਖ ਜਾਤੀ ਨੂੰ ਚੜ੍ਹੀ ਵੇਖਣਾ ਚਾਹੁੰਦੇ ਸਨ। ਅੰਮ੍ਰਿਤ ਸੰਚਾਰ ਦੇ ਰੂਪ ਵਿਚ ਆਪਣੇ ਇਸ ਨਵੀਨ ਬਦਲਾਓ ਢੰਗ ਰਾਹੀਂ ਆਪ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੇ ਵੱਖ-ਵੱਖ ਜਾਤਾਂ ਵਿਚੋਂ ਆਏ ਪੰਜ ਪਿਆਰਿਆਂ ਨੂੰ ਇਕੋ ਬਾਟੇ ਵਿਚੋਂ ਅੰਮ੍ਰਿਤ ਛਕਾ ਕੇ ਨਾ ਕੇਵਲ ਅੰਦਰੂਨੀ ਤੌਰ 'ਤੇ ਇਕ ਕਰ ਦਿੱਤਾ, ਸਗੋਂ ਬਾਹਰੀ ਰੂਪ ਵਿਚ ਵੀ ਇਕ ਵੱਖਰੀ ਕੌਮੀ ਪੁਸ਼ਾਕ ਵੀ ਬਖ਼ਸ਼ ਦਿੱਤੀ। ਇਸ ਅਨੋਖੀ ਘਟਨਾ ਰਾਹੀਂ ਆਪ ਨੇ ਮਨੁੱਖ ਮਾਤਰ ਦੇ ਅੰਦਰਲੇ ਚੇਤਨ-ਤੱਤ ਨੂੰ ਹਮੇਸ਼ਾ ਲਈ ਪ੍ਰਕਾਸ਼ਮਾਨ ਕਰ ਦਿੱਤਾ, ਜਿਸ ਦੀ ਰੌਸ਼ਨੀ ਵਿਚ ਸਿੱਖ ਕੌਮ ਸਦਾ ਲਈ ਨਵੀਨ ਸੋਚ ਦੀ ਧਾਰਨੀ ਬਣ ਕੇ ਨਿਰਪੱਖ ਤੇ ਨਿਰਪੇਖ ਮਨੁੱਖਤਾਵਦੀ ਸਿਧਾਂਤਾਂ 'ਤੇ ਪਹਿਰਾ ਦਿੰਦੀ ਰਹੇਗੀ।


-ਪਿੰਡ ਜੋਧਪੁਰ ਰੋਮਾਣਾ (ਬਠਿੰਡਾ)।
ਮੋਬਾ: 75891-19192

Ad Position 22
No active advertisement
ਪਿਛਲੀ ਖ਼ਬਰ kanya ਅਗਲੀ ਖ਼ਬਰ ਸਰਬ-ਸਾਂਝੀਵਾਲਤਾ ਦਾ ਪੈਗ਼ਾਮ
Ad Position 24
No active advertisement