ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਅਸੀਂ ਬੇਅੰਤ ਵਿਸ਼ੇਸ਼ਣਾ ਨਾਲ ਯਾਦ ਕਰਦੇ ਹਾਂ- ਪ੍ਰਭੂ ਦੇ ਸਰਗੁਣ ਸਰੂਪ, ਜਗਤ ਗੁਰ ਬਾਬਾ, ਵਿਸ਼ਵ ਦੇ ਰਹਿਬਰ, ਨਵੇਂ ਮੱਤ ਦੇ ਉਸਰੱਈਏ, ਮਹਾਨ ਯਾਤਰੀ, ਮਨੁੱਖੀ ਏਕਤਾ ਦੇ ਅਲੰਬਰਦਾਰ, ਅਗਿਆਨ ਅੰਧਕਾਰ ਦੇ ਵਿਨਾਸ਼ਕ, ਆਧੁਨਿਕ ਬੋਧ ਦੇ ਪਿਤਾਮਾ, ਯੁੱਗ ਪਰਿਵਰਤਕ, ਕ੍ਰਾਂਤੀਕਾਰੀ, ਇਨਕਲਾਬੀ ਗੁਰੂ, ਕੁਦਰਤ ਪ੍ਰੇਮੀ, ਅਕਾਲ ਰੂਪ ਬਾਬਾ, ਪੰਜਾਬੀ ਭਾਸ਼ਾ ਨੂੰ ਮਾਣ ਬਖ਼ਸ਼ਣ ਵਾਲੇ, ਸੰਗਤ-ਪੰਗਤ ਦੇ ਸੰਸਥਾਪਕ, ਸੰਵਾਦ ਕਲਾ ਦੇ ਦਾਤੇ, ਘਰਿ-ਘਰਿ ਧਰਮਸ਼ਾਲ ਸਿਰਜਕ, ਠੱਗਾਂ ਨੂੰ ਸੱਜਣ ਬਣਾਉਣ ਵਾਲੇ, ਮਹਾਨ ਗੋਸ਼ਟੀਕਾਰ, ਰੂਹਾਨੀ ਕੀਰਤੀ ਦੇ ਕਰਤਾ, ਬਖਸ਼ਿਸ਼ਾਂ ਦੇ ਭੰਡਾਰ ਆਦਿ, ਪਰ ਉਨ੍ਹਾਂ ਦੀਆਂ ਬਖਸ਼ਿਸ਼ਾਂ ਸਾਹਵੇ ਇਹ ਸ਼ਬਦ ਫਿਰ ਵੀ ਅਪੂਰਨ ਜਾਪਦੇ ਹਨ।
ਸਤਿਗੁਰਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 19 ਰਾਗਾਂ 'ਚ ਤੇ ਕੁਝ ਰਾਗ ਮੁਕਤ ਬਾਣੀ ਦਰਜ ਹੈ। ਵਿਸ਼ੇਸ਼ ਕਰਕੇ ਜਪੁ, ਪਹਿਰੇ, ਪਟੀ, ਅਲਾਹਣੀਆਂ, ਆਰਤੀ, ਸੁਚਜੀ-ਕੁਚਜੀ, ਓਅੰਕਾਰ, ਸਿਧ ਗੋਸਟਿ, ਬਾਰਹਮਾਹ ਆਦਿ ਵਿਸ਼ਿਆਂ ਉਪਰ ਵਿਸ਼ੇਸ਼ ਸੈਮੀਨਾਰ ਹੁੰਦੇ ਹਨ। ਸਤਿਗੁਰਾਂ ਨੇ ਸਮੂਹ ਮਾਨਵਤਾ ਨੂੰ ਇਕ ਪ੍ਰਭੂ ਦਾ ਪਰਿਵਾਰ ਮੰਨ ਕੇ 'ਖਸਮ ਕੀ ਬਾਣੀ' ਰਾਹੀਂ ਮਹਾਨ ਉਪਦੇਸ਼ ਬਖ਼ਸ਼ਿਸ਼ ਕੀਤੇ। ਜਪੁ ਬਾਣੀ ਦੇ ਆਦਿ ਵਿਚ ਮੂਲ ਮੰਤਰ ਹੈ ਤੇ ਇਸ ਵਿਚ ਇਕ ਪ੍ਰਭੂ ਦੀ ਹੋਂਦ, ਮਹਿਮਾ, ਸ਼ਕਤੀ ਤੇ ਗੁਰ ਕਿਰਪਾ ਦਾ ਵਰਣਨ ਹੈ। ਤੱਤਸਾਰ ਕਿ ਨਿਰਭਉ-ਨਿਰਵੈਰੁ ਦੀ ਅਰਾਧਨਾ ਕਰਨ ਵਾਲਾ ਜਦ ਡਰ ਰਹਿਤ ਤੇ ਵੈਰ ਰਹਿਤ ਹੋਵੇਗਾ ਤਾਂ ਉਹ ਕਾਦਰ, ਕੁਦਰਤ ਤੇ ਮਾਨਵਤਾ ਦਾ ਪ੍ਰੇਮੀ ਹੋਵੇਗਾ। ਸਦ ਕਾਰਜਸ਼ੀਲ ਕਰਤੇ ਨੂੰ ਮੰਨਣ ਵਾਲਾ ਵਿਹਲੜ ਤੇ ਕਿਰਤ ਵਿਹੂਣਾ ਹੋ ਹੀ ਨਹੀਂ ਸਕਦਾ। ਜੋ ਮਨੁੱਖ ਫਿਰ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੇ ਸੁਭਾਅ ਦਾ ਮਾਲਕ ਬਣ ਗਿਆ, ਉਹੀ 'ਸਿਖੀ ਸਿਖਿਆ ਗੁਰ ਵੀਚਾਰਿ॥ (ਅੰਗ : 465) ਦੀ ਕਸਵੱਟੀ 'ਤੇ ਪੂਰਨ ਮੰਨਿਆਂ ਜਾਵੇਗਾ।
ਸਤਿਗੁਰਾਂ ਨੇ ਆਪਣੀ ਬਾਣੀ ਵਿਚ ਗੁਰਸਿੱਖ ਸ਼ਖ਼ਸੀਅਤ ਦੀ ਘਾੜਤ ਲਈ ਤੱਤ ਗਿਆਨ ਬਖ਼ਸ਼ਿਆ ਹੈ। ਸਭ ਤੋਂ ਪਹਿਲਾਂ ਮਨੁੱਖ ਦੀ ਹੋਂਦ ਕੀ ਹੈ? ਫ਼ਰਮਾਨ ਹੈ : 'ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ॥' (ਅੰਗ : 660) ਫਿਰ ਸੰਸਾਰ ਵਿਚ ਆ ਕੇ ਜਾਤ ਪਾਤ ਦਾ ਹੰਕਾਰ ਕਰਨ ਤੋਂ ਸੁਚੇਤ ਕੀਤਾ ਕਿ ਇਹ ਸਭ ਝੂਠ (ਫਕੜੁ) ਹੈ। 'ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ॥' (ਅੰਗ : 83)
ਗੁਰੂ ਜੀ ਨੇ ਸਮੂਹ ਮਾਨਵਤਾ ਨੂੰ ਜਾਗ੍ਰਿਤ ਕੀਤਾ ਕਿ ਮਨੁੱਖਾ ਜੀਵਨ ਕੇਵਲ ਖਾ ਕੇ ਜਾਂ ਸੌਂ ਕੇ ਨਹੀਂ ਗਵਾਉਣਾ ਇਹ ਬਹੁਤ ਕੀਮਤੀ ਹੈ-'ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ॥ ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ॥' (ਅੰਗ : 156) ਫਿਰ ਸੁਚੇਤ ਵੀ ਕੀਤਾ ਕਿ ਕੇਵਲ ਵਿਕਾਰਾਂ ਵਿਚ ਖਚਿਤ ਹੋ ਕੇ ਰਹੋਗੇ ਤਾਂ ਕਾਮ ਤੇ ਕ੍ਰੋਧ ਆਦਿ ਸਰੀਰ ਨੂੰ ਇਉਂ ਬਰਬਾਦ ਕਰ ਦਿੰਦੇ ਹਨ ਜਿਵੇਂ ਸੁਹਾਗਾ ਰੂਪੀ ਤਰਲ ਪਦਾਰਥ ਸੋਨੇ ਨੂੰ ਖੋਰ ਦਿੰਦਾ ਹੈ, 'ਕਾਮੁ ਕ੍ਰੋਧੁ ਕਾਇਆ ਕਉ ਗਾਲੈ॥ ਜਿਉ ਕੰਚਨ ਸੋਹਾਗਾ ਢਾਲੈ॥' (ਅੰਗ : 932) ਚੰਗੀ ਜੀਵਨ ਜੁਗਤ ਲਈ ਚੰਗੀ ਸੰਗਤ ਦੀ ਲੋੜ ਹੈ ਤਾਂ ਕਿ ਮਨੁੱਖ ਗੁਣਵਾਨ ਹੋ ਜਾਵੇ। 'ਊਤਮ ਸੰਗਤਿ ਊਤਮੁ ਹੋਵੈ॥ ਗੁਣ ਕਉ ਧਾਵੈ ਅਵਗਣ ਧੋਵੈ॥' (ਅੰਗ : 414)
ਮਨੁੱਖੀ ਜੀਵਨ ਵਿਚ ਅੰਮ੍ਰਿਤ ਵੇਲੇ ਦੀ ਸੰਭਾਲ ਵੀ ਕਰਨੀ ਹੈ, 'ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥' (ਅੰਗ : 2) ਇਸ ਤਰ੍ਹਾਂ ਰੂਹਾਨੀ ਖੁਰਾਕ ਦੇ ਨਾਲ ਸੰਸਾਰੀ ਵਿੱਦਿਆ ਵੀ ਗੁਰੂ ਦੇ ਭੈ ਤੇ ਭਾਉ ਵਿਚ ਪ੍ਰਾਪਤ ਕਰਦਿਆਂ ਸਮਾਜ ਵਿਚ ਸਤਿਕਾਰ ਪਾਉਣਾ ਹੈ, 'ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥' (ਅੰਗ : 1329) ਇਹ ਯਾਦ ਰੱਖਣਾ ਕਿ ਹਮੇਸ਼ਾ ਦਸਾਂ ਨਹੁੰਆਂ ਦੀ ਕਿਰਤ ਵਿਚ ਬਰਕਤ ਹੋਵੇਗੀ ਤੇ ਦੂਸਰਿਆਂ ਦਾ ਹੱਕ ਖਾਣਾ ਮੁਰਦਾਰ ਖਾਣ ਦੇ ਸਮਾਨ ਹੈ, 'ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥' (ਅੰਗ : 141) ਇਸੇ ਤਰ੍ਹਾਂ ਲੋਕਾਂ ਨੂੰ ਲੁੱਟ ਕੇ ਮਾਇਆ ਜੋੜਨ ਵਾਲਿਆਂ ਨੂੰ ਸਮਝਾਇਆ 'ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥ (ਅੰਗ : 417) ਜੀਵਨ ਦਾ ਸੱਚ ਹੈ ਕਿ ਜਿਹੋ ਜਿਹੀ ਕੋਈ ਕਾਰ ਕਰੇਗਾ, ਉਹੋ ਜਿਹਾ ਫਲ ਪ੍ਰਾਪਤ ਹੋਵੇਗਾ, 'ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ॥' (ਅੰਗ : 468) ਅਗਰ ਕੋਈ ਇਨਸਾਨ ਬੁਰਾ ਕਰਮ ਕਰਕੇ ਸਜਾ ਪਾਉਂਦਾ ਹੈ ਤਾਂ ਫਿਰ ਕਿਸੇ ਦੂਜੇ ਨੂੰ ਦੋਸ਼ ਦੇਣ ਦੀ ਲੋੜ ਨਹੀਂ, ਸਗੋਂ ਕੀਤੇ ਹੋਏ ਕਰਮ ਦਾ ਨਤੀਜਾ ਹੈ, 'ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥' (ਅੰਗ : 433)
ਗੁਰੂ ਨਾਨਕ ਪਾਤਸ਼ਾਹ ਜੀ ਨੇ ਸਰੀਰਕ ਤੰਦਰੁਸਤੀ ਲਈ ਸਮਝਾਇਆ ਕਿ ਲੋੜ ਤੋਂ ਵੱਧ ਖਾਣਾ ਤੇ ਸੌਣਾ ਦੇਹ ਨੂੰ ਖੁਆਰ ਕਰਦਾ ਹੈ, 'ਬਾਬਾ ਹੋਰੁ ਖਾਣਾ ਖੁਸੀ ਖੁਆਰੁ॥' (ਅੰਗ : 16) ਸੰਸਾਰ ਵਿਚ ਰਹਿੰਦਿਆਂ ਆਪਣੀ ਮਾਤ ਭਾਸ਼ਾ ਨੂੰ ਪਿਆਰ ਕਰਨਾ ਹੈ ਤੇ ਗੈਰਾਂ ਦੇ ਪ੍ਰਭਾਵ ਹੇਠ ਆਪਣੀ ਬੋਲੀ ਤਿਆਗਣ ਵਾਲਿਆਂ ਨੂੰ ਸੁਚੇਤ ਕੀਤਾ, 'ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥' (ਅੰਗ : 663) ਕਿਉਂਕਿ ਆਪਣੀ ਮਾਤ ਭਾਸ਼ਾ ਤਿਆਗ ਕੇ ਧਰਮ, ਸੱਭਿਆਚਾਰ ਤੇ ਸਵੈਮਾਣ ਕਿਤੇ ਨਹੀਂ ਰਹੇਗਾ। ਸੰਸਾਰ ਵਿਚ ਮਨੁੱਖ ਦੀ ਬੋਲ ਬਾਣੀ ਉਸਦੀ ਸ਼ਖ਼ਸੀਅਤ ਦਾ ਆਧਾਰ ਹੁੰਦੀ ਹੈ, 'ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥' (ਅੰਗ : 473)
ਸਤਿਗੁਰਾਂ ਨੇ ਮਾਨਵਤਾ ਨੂੰ ਸਬਕ ਦ੍ਰਿੜਾਇਆ ਕਿ ਜੀਵਨ ਵਿਚ ਸੱਚ ਬਹੁਤ ਵੱਡਾ ਹੈ ਪਰ ਸੱਚ ਤੋਂ ਉਪਰ ਸੱਚਾ ਆਚਾਰ ਤੇ ਵਿਵਹਾਰ ਹੈ॥ 'ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥' (ਅੰਗ : 62) ਹੁਣ ਇਕ ਸੱਚੇ ਪ੍ਰਭੂ ਦੇ ਲੜ ਲੱਗ ਕੇ ਰਹਿਣਾ ਹੈ ਤੇ ਫੋਕਟ ਕਰਮ ਕਾਂਡਾਂ ਵਿਚ ਜੀਵਨ ਵਿਅਰਥ ਨਹੀਂ ਗਵਾਉਣਾ, 'ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ॥' (ਅੰਗ : 634) ਉਸ ਕਾਦਰ ਦੀ ਕੁਦਰਤ ਨਾਲ ਪ੍ਰੇਮ ਕਰਨਾ ਤੇ ਬਲਿਹਾਰ ਜਾਣਾ ਹੈ ਤੇ ਰਜ਼ਾ ਵਿਚ ਰਹਿੰਦਿਆਂ ਵਿਸਮਾਦੀ ਜੀਵਨ ਜੀਣਾ ਹੈ, 'ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥' (ਅੰਗ : 469) ਇਸ ਮਨੁੱਖੀ ਜੀਵਨ ਵਿਚ ਸੁੱਖ-ਦੁੱਖ ਤਾਂ ਕੱਪੜਿਆਂ ਦੇ ਸਮਾਨ ਹਨ ਇਹ ਬਦਲਦੇ ਰਹਿਣਗੇ ਪਰ ਕਦੀ ਹੌਂਸਲਾ ਨਹੀਂ ਤਿਆਗਣਾ, 'ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥' (ਅੰਗ : 149)
ਗੁਰੂ ਜੀ ਦੀ ਸਿੱਖਿਆ ਅਨੁਸਾਰ ਜਿਨ੍ਹਾਂ ਨੇ 'ਘਾਲਿ ਖਾਇ ਕਿਛੁ ਹਥਹੁ ਦੇਇ॥' (ਅੰਗ : 1245) ਦੇ ਮਹਾਨ ਉਪਦੇਸ਼ਾਂ 'ਤੇ ਪਹਿਰਾ ਦਿੱਤਾ ਅਤੇ 'ਜਹ ਕਰਣੀ ਤਹ ਪੂਰੀ ਮਤਿ॥' (ਅੰਗ : 25) ਵਾਲਾ ਜੀਵਨ ਜੀਵਿਆ ਤਾਂ ਉਨ੍ਹਾਂ ਦੀ ਸੰਸਾਰ ਯਾਤਰਾ ਤੇ ਘਾਲਣਾ ਸਫਲ ਹੋਈ, 'ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥' (ਅੰਗ : 8)
-ਮੋਬਾਈਲ :98159-85559