ੴ ਸਤਿਗੁਰ ਪ੍ਰਸਾਦਿ॥
ਰਾਗੁ ਰਾਮਕਲੀ ਮਹਲਾ ੯ ਤਿਪਦੇ॥
ਰੇ ਮਨ ਓਟ ਲੇਹੁ ਹਰਿ ਨਾਮਾ॥
ਜਾ ਕੈ ਸਿਮਰਨਿ ਦੁਰਮਤਿ ਨਾਸੈ
ਪਾਵਹਿ ਪਦੁ ਨਿਰਬਾਨਾ॥ ੧॥ ਰਹਾਉ॥
ਬਡਭਾਗੀ ਤਿਹ ਜਨ ਕਉ ਜਾਨਹੁ
ਜੋ ਹਰਿ ਕੇ ਗੁਨ ਗਾਵੈ॥
ਜਨਮ ਜਨਮ ਕੇ ਪਾਪ ਖੋਇ ਕੈ
ਫੁਨਿ ਬੈਕੁੰਠਿ ਸਿਧਾਵੈ॥ ੧॥
ਅਜਾਮਲ ਕਉ ਅੰਤ ਕਾਲ ਮਹਿ
ਨਾਰਾਇਨ ਸੁਧਿ ਆਈ॥
ਜਾਂ ਗਤਿ ਕਉ ਜੋਗੀਸੁਰ ਬਾਛਤ
ਸੋ ਗਤਿ ਛਿਨ ਮਹਿ ਪਾਈ॥ ੨॥
ਨਾਹਿਨ ਗੁਨੁ ਨਾਹਿਨ ਕਛੁ ਬਿਦਿਆ
ਧਰਮੁ ਕਉਨੁ ਗਜਿ ਕੀਨਾ॥
ਨਾਨਕ ਬਿਰਦੁ ਰਾਮ ਕਾ ਦੇਖਹੁ
ਅਭੈ ਦਾਨੁ ਤਿਹ ਦੀਨਾ॥ ੩॥ ੧॥
(ਅੰਗ : 901-02)
ਪਦ ਅਰਥ : ਓਟ-ਆਸਰਾ। ਹਰਿ ਨਾਮਾ-ਪਰਮਾਤਮਾ ਦੇ ਨਾਮ ਦਾ। ਜਾ ਕੈ ਸਿਮਰਨਿ-ਜਿਸ ਦੇ ਨਾਮ ਦਾ ਸਿਮਰਨ ਕਰਨ ਨਾਲ। ਦੁਰਮਤਿ ਨਾਸੈ-ਖੋਟੀ ਮਤ ਦਾ ਨਾਸ ਹੋ ਜਾਂਦਾ ਹੈ। ਪਦੁ ਨਿਰਬਾਨਾ-ਉਹ ਆਤਮਿਕ ਦਰਜਾ ਜਿਥੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ। ਤਿਹਿ ਜਨ ਕਉ-ਉਸ ਮਨੁੱਖ ਨੂੰ। ਪਾਪ ਖੋਇਕੈ-ਪਾਪ ਦੂਰ ਕਰ ਕੇ, ਨਾਸ ਕਰ ਕੇ। ਫੁਨਿ-ਫਿਰ। ਸਿਧਾਵੈ-ਜਾ ਪਹੁੰਚਦਾ ਹੈ। ਅੰਤ ਕਾਲ ਮਹਿ-ਅਖੀਰਲੇ ਸਮੇਂ ਵਿਚ। ਨਾਰਾਇਨ ਸੁਧਿ-ਪਰਮਾਤਮਾ ਦੇ ਨਾਮ ਦੀ ਸੋਝੀ। ਗਤਿ ਕਉ-ਉੱਚੀ ਆਤਮਿਕ ਅਵਸਥਾ ਨੂੰ। ਜੋਗੀ ਸੁਰ-ਵੱਡੇ ਵੱਡੇ ਜੋਗੀ। ਬਾਛਤ-ਤਾਂਗਦੇ ਰਹਿੰਦੇ ਹਨ। ਨਾਹਿਨ ਗੁਨ-ਨਾ ਤਾਂ ਕੋਈ ਗੁਣ ਸੀ। ਨਾਹਿਨ ਕਛੁ ਵਿੱਦਿਆ-ਨਾ ਹੀ ਉਸਨੂੰ ਕੋਈ ਵਿੱਦਿਆ ਪ੍ਰਾਪਤ ਸੀ। ਗਜਿ-ਹਾਥੀ। ਬਿਰਦੁ-ਮੁੱਢ ਕਦੀਮਾਂ ਦਾ ਸੁਭਾਅ। ਅਭੈ ਦਾਨੁ-ਨਿਰਭੈਤਾ ਦੀ ਦਾਤ ਬਖ਼ਸ਼ਿਸ। ਤਿਹ-ਉਸ ਨੂੰ।
ਇਸ ਸੰਸਾਰ ਵਿਚ ਉਹੀ ਜੀਵ ਖਟੀ ਖਟ ਕੇ ਜਾਂਦੇ ਹਨ ਭਾਵ ਜਨਮ ਸਫ਼ਲਾ ਕਰ ਕੇ ਜਾਂਦੇ ਹਨ, ਜਿਨ੍ਹਾਂ ਦੇ ਪੱਲੇ ਪਰਮਾਤਮਾ ਦਾ ਨਾਮ ਧਨ ਹੈ। ਅਜਿਹੇ ਪ੍ਰਾਣੀ ਇਕ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਵਿਚ ਮੋਹ-ਪਿਆਰ ਨਹੀਂ ਪਾਉਂਦੇ ਕਿਉਂਕਿ ਉਨ੍ਹਾਂ ਨੂੰ ਇਕ ਪਰਮਾਤਮਾ 'ਤੇ ਹੀ ਆਸ ਭਰੋਸਾ ਹੁੰਦਾ ਹੈ। ਰਾਗੁ ਗਉੜੀ ਕੀ ਵਾਰ ਮਹਲਾ ੫ ਦੀ 15ਵੀਂ ਪਉੜੀ ਵਿਚ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਹਨ:
ਲਾਹਾ ਜਗ ਮਹਿ ਸੇ ਖਟਹਿ
ਜਿਨ ਹਰਿ ਧਨੁ ਰਾਸਿ॥
ਦੁਤੀਆ ਭਾਉ ਨ ਜਾਣਨੀ
ਸਚੇ ਦੀ ਆਸ॥ (ਅੰਗ : 321)
ਹਰਿ ਧਨੁ-ਪਰਮਾਤਮਾ ਦਾ ਨਾਮ ਧਨ। ਦੁਤੀਆ-ਦੂਜਾ, ਕਿਸੇ ਹੋਰ ਦਾ। ਦੁਤੀਆ ਭਾਉ-ਕਿਸੇ ਹੋਰ ਦੂਜੇ ਵਿਚ ਪਿਆਰ।
ਅਜਿਹੇ ਪ੍ਰਾਣੀ ਜੋ ਪਰਮਾਤਮਾ ਤੇਹੀ ਆਸ ਭਰੋਸਾ ਰੱਖਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ ਅਤੇ ਮਨੁੱਖਾ ਜਨਮ ਵਿਚ ਹੀ ਪਰਮਾਤਮਾ ਦੇ ਦਰ 'ਤੇ ਪਰਵਾਨ ਚੜ੍ਹ ਜਾਂਦੇ ਹਨ ਕਿਉਂਕਿ ਪਰਮਾਤਮਾ ਦੀ ਸਿਫ਼ਤ ਸਾਲਾਹ ਕਰਨ ਸਦਕਾ ਉਹ ਵਿਕਾਰਾਂ ਤੋਂ ਬਚੇ ਰਹਿੰਦੇ ਹਨ:
ਜੰਮਣੁ ਮਰਣੁ ਨ ਤਿਨ੍ਰ ਕਉ
ਜੋ ਹਰਿ ਲੜਿ ਲਾਗੇ॥
ਜੀਵਤ ਸੇ ਪਰਵਾਣੁ ਹੋਏ
ਹਰਿ ਕੀਰਤਨਿ ਜਾਗੇ॥ (ਅੰਗ : 322)
ਹਰਿ ਲੜਿ ਲਾਗੇ-ਪਰਮਾਤਮਾ ਦੇ ਲੜ੍ਹ ਲੱਗੇ ਰਹਿੰਦੇ ਹਨ, ਪਰਮਾਤਮਾ ਤੇ ਹੀ ਆਸ ਭਰੋਸਾ ਰੱਖਦੇ ਹਨ। ਜਾਗੇ-ਸੁਚੇਤ ਰਹਿੰਦੇ ਹਨ।
ਆਪ ਜੀ ਦੇ ਹੋਰ ਬਚਨ ਹਨ ਕਿ ਅਸੀਂ ਸਾਰਾ ਸੰਸਾਰ ਢੂੰਡ ਕੇ ਦੇਖ ਲਿਆ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ:
ਡਿਠਾ ਸਭੁ ਸੰਸਾਰੁ
ਸੁਖੁ ਨ ਨਾਮ ਬਿਨੁ॥ (ਅੰਗ : 322)
ਵਾਸਤਵ ਵਿਚ ਪਰਮਾਤਮਾ ਦੀ ਸੇਵਾ ਭਗਤੀ ਵਿਚ ਜੋ ਮਨੁੱਖ ਲੱਗਦਾ ਹੈ ਉਹ ਹਰ ਥਾਂ ਪਰਮਾਤਮਾ ਦਾ ਪਸਾਰਾ ਹੀ ਰੱਖਦਾ ਹੈ। ਸਰਬ-ਵਿਆਪਕ ਪ੍ਰਭੂ ਉਸ ਨੂੰ ਹਰ ਥਾਂ ਦਿਖਾਈ ਦਿੰਦਾ ਹੈ ਅਤੇ ਉਹ ਅਨੁਭਵ ਕਰਦਾ ਹੈ ਕਿ ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਮਿਹਰ ਦੀ ਨਜ਼ਰ ਨਾਲ ਦੇਖ ਰਿਹਾ ਹੈ। ਰਾਗੁ ਨਟ ਵਿਚ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ:
ਹਰਿ ਹਰਿ ਸੇਵਕੁ ਸੇਵਾ ਲਾਗੈ
ਸਭੁ ਦੇਖੈ ਬ੍ਰਹਮ ਪਸਾਰੇ॥
ਏਕੁ ਪੁਰਖੁ ਇਕੁ ਨਦਰੀ ਆਵੈ
ਸਭ ਏਕਾ ਨਦਰਿ ਨਿਹਾਰੇ॥ (ਅੰਗ : 982)
ਰਾਗੁ ਗਉੜੀ ਸੁਖਮਨੀ ਵਿਚ ਪੰਚਮ ਗੁਰਦੇਵ ਦ੍ਰਿੜ੍ਹ ਕਰਵਾ ਰਹੇ ਹਨ ਕਿ ਪਰਮਾਤਮਾ ਜਿਸ 'ਤੇ ਕਿਰਪਾ ਕਰ ਕੇ ਆਪਣੇ ਨਾਮ ਵਿਚ ਜੋੜਦਾ ਹੈ ਉਹ ਮਾਇਆ ਦੇ ਚਉਥੇ ਪਦ ਅਰਥਾਤ ਆਤਮਿਕ ਅਵਸਥਾ ਵਿਚ ਅਪੜ ਕੇ ਉੱਚੀ ਆਤਮਿਕ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ:
ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ॥
ਨਾਨਕ ਚਉਥੇ ਪਦ ਮਹਿ
ਸੋ ਜਨੁ ਗਤਿ ਪਾਏ॥ (ਅੰਗ : 284)
ਚਉਥੇ ਪਦ-ਰਜੋ, ਤਮੋ, ਸਤੋ ਤੋਂ ਬਾਅਦ ਚੌਥੀ ਆਤਮਿਕ ਅਵਸਥਾ।
ਰਾਗੁ ਬਿਲਾਵਲੁ ਮਹਲਾ ੯ ਦੇ ਪਹਿਲੇ ਸ਼ਬਦ ਵਿਚ ਦੀ ਵਿਚਾਰ ਵਿਚ ਅਜਾਮਲ ਅਤੇ ਗਜਿ (ਹਾਥੀ) ਬਾਰੇ ਵਿਸਥਾਰ ਪੂਰਵਕ ਦਰਸਾ ਚੁੱਕੇ ਹਾਂ ਕਿ ਕਿਵੇਂ ਸਾਧੂਆਂ ਦੇ ਮੁਖੀ ਦੇ ਕਹਿਣ 'ਤੇ ਅਜਾਮਲ ਨੇ ਆਪਣੇ 7ਵੇਂ ਪੁੱਤਰ ਦਾ ਨਾਮ 'ਨਾਰਾਇਣ' ਰੱਖਿਆ। ਹੁਣ ਅਜਾਮਲ ਵੀ ਕਿਧਰੇ ਬਾਹਰ ਅੰਦਰ ਨਹੀਂ ਜਾਂਦਾ ਸੀ ਅਤੇ ਸਿਹਤ ਠੀਕ ਨਾ ਹੋਣ ਕਾਰਨ ਮੰਜੇ ਨੂੰ ਫੜ ਕੇ ਪਿਆ ਰਹਿੰਦਾ ਸੀ। ਹਰ ਵੇਲੇ 'ਨਾਰਾਇਣ', 'ਨਾਰਾਇਣ' ਆਖ ਕੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਰਹਿੰਦਾ। ਇਸ ਤਰ੍ਹਾਂ ਉਸ ਦੇ ਮੂੰਹ 'ਨਾਰਾਇਣ' ਹੀ ਚੜ੍ਹ ਗਿਆ ਅਤੇ ਉਹ 'ਨਾਰਾਇਣ' ਅਰਥਾਤ ਰਾਮ ਦਾ ਹੀ ਹੋ ਕੇ ਰਹਿ ਗਿਆ, ਜਿਸ ਨੂੰ ਖੋਜਣ ਵਿਚ ਵੱਡੇ-ਵੱਡੇ ਜੋਗੀ ਜਨ ਸਾਰੀ-ਸਾਰੀ ਉਮਰ ਲੰਘਾ ਦਿੰਦੇ ਹਨ।
(ਬਾਕੀ ਅਗਲੇ ਸੋਮਵਾਰ ਦੇ ਧਰਮ ਤੇ ਵਿਰਸਾ ਅੰਕ 'ਚ)
-217 ਆਰ., ਮਾਡਲ ਟਾਊਨ, ਜਲੰਧਰ।