ਚੰਡੀਗੜ੍ਹ, 23 ਦਸੰਬਰ (ਕਪਿਲ ਵਧਵਾ)- ਸੀ. ਬੀ. ਆਈ ਚੰਡੀਗੜ੍ਹ ਨੇ ਈ. ਡੀ ਸ਼ਿਮਲਾ ਦੇ ਸਾਬਕਾ ਸਹਾਇਕ ਨਿਰਦੇਸ਼ਕ ਵਿਸ਼ਾਲ ਦੀਪ ਅਤੇ ਉਸ ਦੇ ਭਰਾ ਵਿਕਾਸ ਦੀਪ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਹੈ | ਸੀ. ਬੀ. ਆਈ ਅਨੁਸਾਰ ਵਿਸ਼ਾਲ ਦੀਪ ਨੇ 1 ਮਾਰਚ 2024 ਤੋਂ 31 ਦਸੰਬਰ ਦੇ ਅਰਸੇ ਦੌਰਾਨ ਆਪੇ ਜਾਣੂ ਸ੍ਰੋਤਾਂ ਤੋਂ ਕਰੀਬ 93.24 ਲੱਖ ਦੀ ਗੈਰ-ਕਾਨੂੰਨੀ ਜਾਇਦਾਦ ਬਣਾਈ ਹੈ | ਸੀ. ਬੀ. ਆਈ ਨੇ ਦੋਨਾਂ ਭਰਾਵਾਂ ਦੇ ਬੈਂਕ ਖਾਤੇ, ਖਰਚੇ ਅਤੇ ਖਰੀਦਦਾਰੀ ਦੀ ਜਾਂਚ ਦੌਰਾਨ ਦੇਖਿਆ ਕਿ ਇਕ ਸਾਲ ਦੌਰਾਨ ਨਿਊ ਚੰਡੀਗੜ੍ਹ ਦੇ ਓਮੈਕਸ ਸੋਸਾਇਟੀ ਵਿਖੇ ਇਕ ਫਲੈਟ ਅਤੇ ਦੋ ਗੱਡੀਆਂ ਦੀ ਵੱਡੀ ਖਰੀਦ ਕੀਤੀ ਗਈ, ਜਿਸ ਵਿਚ ਵਰਤੋਂ ਗਈ ਰਕਮ ਦੇ ਸ੍ਰੋਤਾਂ ਦੀ ਜਾਣਕਾਰੀ ਆਮਦਨ ਕਰ ਵਿਭਾਗ ਜਾਂ ਕਿਸੇ ਹੋਰ ਸੰਬਧਿਤ ਵਿਭਾਗ ਨੂੰ ਨਹੀਂ ਦਿੱਤੀ ਗਈ | ਦੱਸ ਦਈਏ ਈ. ਡੀ ਦੇ ਤਤਕਾਲੀ ਨਿਰਦੇਸ਼ਕ ਖਿਲਾਫ ਇਹ ਸੀ. ਬੀ. ਆਈ ਦਾ ਪਹਿਲਾਂ ਮਾਮਲਾ ਨਹੀਂ ਹੈ | ਇਸ ਤੋਂ ਪਹਿਲਾ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਵਿਖੇ ਇਕ ਕਾਲਜ ਦੇ ਡਾਇਰੈਕਟਰ ਤੋਂ ਕਥਿਤ ਸਕਾਲਰਸ਼ਿਪ ਘੁਟਾਲੇ ਨੂੰ ਦਬਾਉਣ ਲਈ 55 ਲੱਖ ਰੁਪਏ ਦੀ ਰਿਸ਼ਵਤ ਮੰਗਣ ਸਬੰਧੀ ਗਿ੍ਫ਼ਤਾਰ ਕੀਤਾ ਗਿਆ ਸੀ | ਸੀ. ਬੀ. ਆਈ ਨੂੰ ਉਨ੍ਹਾਂ ਦੀ ਰਿਹਾਇਸ਼ ਵਿਖੇ ਛਾਪੇਮਾਰੀ ਦੌਰਾਨ ਇਕ ਕਰੋੜ ਰੁਪਏ ਦੀ ਨਕਦੀ ਅਤੇ ਕੁਝ ਦਸਤਾਵੇਜ਼ ਵੀ ਬਰਾਮਦ ਹੋਏ ਸਨ | ਰਿਸ਼ਵਤਖੋਰੀ ਮਾਮਲੇ 'ਚ ਗਿ੍ਫ਼ਤਾਰੀ ਉਪਰੰਤ ਵਿਸ਼ਾਲ ਦੀਪ ਨੂੰ ਸੁਪਰੀਮ ਕੋਰਟ ਨੇ ਨਵੰਬਰ ਵਿਚ ਜ਼ਮਾਨਤ ਦੇ ਦਿੱਤੀ ਸੀ | ਸੀ. ਬੀ. ਆਈ ਦੀ ਤਾਜ਼ਾ ਕਾਰਵਾਈ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਮੁੜ ਤੋਂ ਵੱਧ ਗਈਆਂ ਹਨ |