ਭੁਜ (ਗੁਜਰਾਤ), 21 ਨਵੰਬਰ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਦੇਸ਼ ਤੋਂ ਹਰ ਘੁਸਪੈਠੀਏ ਨੂੰ ਬਾਹਰ ਕੱਢ ਦੇਵੇਗੀ ਅਤੇ ਦੋਸ਼ ਲਗਾਇਆ ਕਿ ਕੁਝ ਰਾਜਨੀਤਕ ਪਾਰਟੀਆਂ ਐਸ.ਆਈ.ਆਰ. (ਵਿਸ਼ੇਸ਼ ਘੋਖ ਪ੍ਰਕਿਰਿਆ) ਦਾ ਵਿਰੋਧ ਕਰ ਰਹੀਆਂ ਹਨ, ਕਿਉਂਕਿ ਉਹ ਚਾਹੁੰਦੀਆਂ ਹਨ ਕਿ ਘੁਸਪੈਠੀਆਂ ਦੇ ਨਾਂਅ ਵੋਟਰ ਸੂਚੀ 'ਚ ਬਣੇ ਰਹਿਣ | ਭੁਜ 'ਚ ਬੀ.ਐਸ.ਐਫ਼. ਦੀ ਡਾਇਮੰਡ ਜੁਬਲੀ (61ਵਾਂ ਸਥਾਪਨਾ ਦਿਵਸ) ਸਮਾਗਮ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਦੇਸ਼ ਤੋਂ ਹਰ ਘੁਸਪੈਠੀਏ ਨੂੰ ਬਾਹਰ ਕੱਢਣ ਲਈ ਦਿ੍ੜ ਹੈ | ਵੋਟਰ ਸੂਚੀ ਦੀ ਐਸ.ਆਈ.ਆਰ. 'ਤੇ ਸ਼ਾਹ ਦੀ ਟਿੱਪਣੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਸਖ਼ਤ ਸ਼ਬਦਾਂ 'ਚ ਲਿਖੇ ਗਏ ਇਕ ਪੱਤਰ ਦੇ ਇਕ ਦਿਨ ਬਾਅਦ ਆਈ ਹੈ, ਜਿਸ 'ਚ ਉਨ੍ਹਾਂ ਇਸ ਪ੍ਰਕਿਰਿਆ ਨੂੰ ਅਢੁੱਕਵੀਂ, ਜ਼ਬਰਦਸਤੀ ਥੋਪਣ ਤੇ ਖਤਰਨਾਕ ਦੱਸਦੇ ਹੋਏ ਇਸ ਨੂੰ ਤੁਰੰਤ ਰੋਕਣ ਲਈ ਕਿਹਾ | ਸ਼ਾਹ ਨੇ ਕਿਹਾ ਕਿ ਅੱਜ ਬੀ.ਐਸ.ਐਫ਼. ਦੇਸ਼ ਦੀਆਂ ਸਾਰੀਆਂ ਸਰਹੱਦਾਂ 'ਤੇ ਘੁਸਪੈਠ ਰੋਕਣ 'ਚ ਲੱਗੀ ਹੋਈ ਹੈ | ਘੁਸਪੈਠ ਰੋਕਣਾ ਨਾ ਸਿਰਫ਼ ਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ਹੈ, ਬਲਕਿ ਲੋਕਤੰਤਰੀ ਪ੍ਰਣਾਲੀ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਵੀ ਜ਼ਰੂਰੀ ਹੈ | ਐਸ.ਆਈ.ਆਰ. ਨੂੰ ਵੋਟਰ ਸੂਚੀ ਦਾ ਸ਼ੁੱਧੀਕਰਨ ਦੱਸਦੇ ਹੋਏ ਸ਼ਾਹ ਨੇ ਕੁਝ ਰਾਜਨੀਤਕ ਪਾਰਟੀਆਂ 'ਤੇ ਗੈਰ-ਕਾਨੂੰਨੀ ਘੁਸਪੈਠੀਆਂ ਖਿਲਾਫ਼ ਸਰਕਾਰ ਦੀ ਮੁਹਿੰਮ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ |