ਪਿਆਰੇ ਬੱਚਿਓ, ਤਿੱਬਤ ਪੂਰਬ ਏਸ਼ੀਆ ਦੇ ਪੱਛਮੀ ਹਿੱਸੇ ਦਾ ਇਕ ਬੇਹੱਦ ਖੂਬਸੂਰਤ ਇਲਾਕਾ ਹੈ। ਇਹ 'ਦੁਨੀਆ ਦੀ ਛੱਤ' ਅਤੇ 'ਤੀਸਰੇ ਧੁਰੇ' ਦੇ ਨਾਂਅ ਨਾਲ ਵੀ ਮਸ਼ਹੂਰ ਹੈ। ਇਹ ਇਲਾਕਾ ਦੁਨੀਆ ਦੇ ਸਭ ਤੋਂ ਉੱਚੇ ਪਠਾਰ ਉੱਤੇ ਸਥਿਤ ਹੈ, ਜਿਸ ਨੂੰ 'ਤਿੱਬਤੀ ਪਠਾਰ' ਆਖਦੇ ਹਨ। ਜ਼ਿਕਰਯੋਗ ਹੈ ਕਿ ਤਿੱਬਤੀ ਭਾਈਚਾਰੇ ਦੀ ਇਹ ਮਾਤਭੂਮੀ ਹੈ, ਭਾਵੇਂ ਕਿ ਵੱਡੀ ਗਿਣਤੀ ਵਿਚ ਤਿੱਬਤੀ ਲੋਕ ਹਿਮਾਚਲ ਪ੍ਰਦੇਸ਼ ਦੇ ਮੈਕਲਿਓਡਗੰਜ ਵਿਖੇ ਵੀ ਰਹਿੰਦੇ ਹਨ। ਜਾਣਨਾ ਬਣਦਾ ਹੈ ਕਿ ਚੀਨ ਵਲੋਂ ਤਿੱਬਤੀਆਂ ਦੇ ਗੁਰੂੁ ਦਲਾਈਲਾਮਾ ਨੂੰ 1959 ਵਿਚ ਦੇਸ਼ ਨਿਕਾਲਾ ਦੇਣ ਮਗਰੋਂ ਦਲਾਈਲਾਮਾ ਨੇ ਆਪਣੇ ਪੈਰੋਕਾਰਾਂ ਨਾਲ ਮੈਕਲਿਓਡਗੰਜ ਵਿਖੇ ਸ਼ਰਨ ਲੈ ਲਈ ਸੀ। ਤਿੱਬਤ ਸਮੁੰਦਰੀ ਤਲ ਤੋਂ 4500 ਮੀਟਰ ਦੀ ਉੱਚਾਈ 'ਤੇ ਸਥਿਤ ਹੈ। ਇਹ ਦੁਨੀਆ ਦੇ ਸੌ ਕਰੋੜ ਲੋਕਾਂ ਦੀਆਂ ਤਾਜ਼ੇ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਅਸਲ ਵਿਚ ਉੱਤਰੀ ਧੁਰੇ ਅਤੇ ਅੰਟਾਰਕਟਿਕਾ ਤੋਂ ਬਾਅਦ ਇਹ ਦੁਨੀਆ ਦਾ ਸਭ ਤੋਂ ਵੱਡਾ ਤਾਜ਼ੇ ਪਾਣੀ ਦਾ ਸਰੋਤ ਹੈ। ਇਸ ਦਾ ਕਾਰਨ ਹੈ ਕਿ ਇਸ ਵਿਚੋਂ ਛੇ ਵੱਡੇ ਦਰਿਆ ਨਿਕਲਦੇ ਹਨ। ਇਹ ਹਨ ਮੇਕਾਂਗ, ਬ੍ਰਹਮਪੁੱਤਰ, ਸਿੰਧੂ, ਯਾਂਗਟੇ, ਸਲਵੀਨ ਅਤੇ ਹਵਾਂਗ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਦਰਿਆਵਾਂ ਤੋਂ ਆਉਂਦਾ ਪਾਣੀ ਦੱਖਣ ਪੂਰਬੀ ਏਸ਼ੀਆ ਦੀ ਅੱਧੀ ਦੇ ਕਰੀਬ ਆਬਾਦੀ (ਜੋ ਕਿ ਦੁਨੀਆ ਦੀ ਕੁੱਲ ਆਬਾਦੀ ਦਾ 20 ਫ਼ੀਸਦ ਬਣਦਾ ਹੈ ) ਦੀਆਂ ਤਾਜ਼ੇ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਦੱਸਣਾ ਬਣਦਾ ਹੈ ਕਿ ਜੋ ਪਾਣੀ ਅਸੀਂ ਘਰੇਲੂ ਅਤੇ ਰੋਜ਼ਮਰ੍ਹਾ ਦੇ ਕੰਮਾਂ ਲਈ,ਖੇਤਾਂ ਲਈ ਅਤੇ ਉਦਯੋਗਾਂ ਲਈ ਵਰਤਦੇ ਹਾਂ ਉਸੇ ਨੂੰ ਹੀ ਤਾਜ਼ਾ ਪਾਣੀ ਕਿਹਾ ਜਾਂਦਾ ਹੈ। ਦੁਨੀਆ ਦਾ ਸਭ ਤੋਂ ਉੱਚਾ ਪਰਬਤ ਮਾਊਂਟ ਐਵਰਸਟ ਨੇਪਾਲ ਅਤੇ ਤਿੱਬਤ ਦੀ ਸਰਹੱਦ 'ਤੇ ਸਥਿਤ ਹੈ। ਇਹ ਸਮੁੰਦਰੀ ਤਲ ਤੋਂ 8848.86 ਮੀਟਰ ਉੱਚਾ ਹੈ। ਇਹ ਇਸ ਇਲਾਕੇ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾਉਂਦਾ ਹੈ। ਇਸ ਇਲਾਕੇ ਵਿਚ ਅਨੇਕਾਂ ਝੀਲਾਂ ਅਤੇ ਠੰਢੇ ਤੇ ਗਰਮ ਪਾਣੀ ਦੇ ਝਰਨੇ ਹਨ। ਤਿੱਬਤੀ ਲੋਕ ਬੁੱਧ ਧਰਮ ਨੂੰ ਮੰਨਣ ਵਾਲੇ ਹਨ। ਇੱਥੋਂ ਦੇ ਲੋਕਾਂ ਦੇ ਆਪਣੇ ਵੱਖਰੇ ਰੀਤੀ-ਰਿਵਾਜ ਹਨ। ਇਹ ਲੋਕ ਆਪਣੇ ਸਮਾਜ ਦੇ ਮ੍ਰਿਤਕ ਲੋਕਾਂ ਦੇ ਸਰੀਰਾਂ ਨੂੰ ਸਸਕਾਰ ਲਈ ਖੁੱਲ੍ਹੇ ਅਸਮਾਨ ਹੇਠ ਇੱਲਾਂ, ਭਾਲੂਆਂ ਜਾਂ ਗਿੱਦੜਾਂ ਦੇ ਖਾਣ ਲਈ ਛੱਡ ਦਿੰਦੇ ਹਨ। ਇਸ ਨੂੰ ਉਨ੍ਹਾਂ ਦੀ ਭਾਸ਼ਾ ਵਿਚ 'ਜਟੌਰ' ਆਖਿਆ ਜਾਂਦਾ ਹੈ। ਇਸ ਰਵਾਇਤ ਦਾ ਕਾਰਨ ਲੱਕੜੀ ਦਾ ਨਾ ਮਿਲਣਾ ਜਾਂ ਇੱਲਾਂ ਨੂੰ ਭੋਜਨ ਮੁਹੱਈਆ ਕਰਾਉਣਾ ਹੋ ਸਕਦਾ ਹੈ। ਜੇਕਰ ਕੋਈ ਤਿੱਬਤੀ ਅਮਰੀਕਾ ਵਿਚ ਮਰ ਜਾਏ ਤਾਂ ਸਸਕਾਰ ਕਰਨ ਲਈ ਉਸ ਨੂੰ ਛੁੱਟੀ ਲੈ ਕੇ ਤਿੱਬਤ ਆਉਣਾ ਪੈਂਦਾ ਹੈ। ਲ੍ਹਾਸਾ ਤਿੱਬਤ ਇਲਾਕੇ ਦੀ ਰਾਜਧਾਨੀ ਹੈ ਅਤੇ ਬੁੱਧ ਧਰਮ ਨੂੰ ਮੰਨਣ ਵਾਲੇ ਲੋਕਾਂ ਲਈ ਇਹ ਇਕ ਪਵਿੱਤਰ ਅਸਥਾਨ ਹੈ। ਇਸ ਵਿਚ ਮੌਜੂਦ 'ਪੋਟਾਲਾ ਮਹਿਲ' (ਭਾਵ ਪਵਿੱਤਰ ਭੂਮੀ) ਤਿੱਬਤੀ ਲੋਕਾਂ ਲਈ ਆਸਥਾ ਦਾ ਅਟੁੱਟ ਕੇਂਦਰ ਹੈ। ਇਹ ਤਿੱਬਤੀਆਂ ਦੇ ਸਰਬਉੱਚ ਅਧਿਆਤਮਿਕ ਗੁਰੂ ਦਲਾਈਲਾਮਾ ਦੀ ਰਿਹਾਇਸ਼ ਵਜੋਂ ਮਸ਼ਹੂਰ ਹੈ।
-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ,ਬਟਾਲਾ (ਗੁਰਦਾਸਪੁਰ)।
ਮੋਬਾਈਲ : 62842-20595