(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਸੋਨੂੰ ਦੇ ਪਾਪਾ, ਪਹਿਲਾਂ ਵੀ ਦਾਦਾ ਜੀ ਨੂੰ ਕੁਝ ਪੁੱਛਣ ਲੱਗੇ ਸੀ ਪਰ ਉਹ ਗੱਲ ਕਰਦੇ-ਕਰਦੇ ਚੁੱਪ ਕਰ ਗਏ। ਐਤਕੀਂ ਉਨ੍ਹਾਂ ਨੇ ਪੁੱਛ ਹੀ ਲਿਆ, 'ਕੀ ਗੱਲ ਏ ਦਾਰ ਜੀ, ਕਿਸੇ ਡੂੰਘੀ ਸੋਚ ਵਿਚ ਪੈ ਗਏ ਲਗਦੇ ਹੋ?'
ਸੋਨੂੰ ਦੇ ਪਾਪਾ ਦੀ ਗੱਲ ਸੁਣਦਿਆਂ ਹੀ ਜਿਵੇਂ ਉਨ੍ਹਾਂ ਦੇ ਖ਼ਿਆਲਾ ਦੀ ਲੜੀ ਟੁੱਟ ਗਈ ਹੋਵੇ। ਉਹ ਆਪਣਾ ਸਿਰ ਹਿਲਾਂਦਿਆਂ ਸੋਨੂੰ ਦੇ ਪਾਪਾ ਵੱਲ ਵੇਖਦੇ ਹੋਏ ਬੋਲੇ, 'ਹਾਂ ਬੇਟੇ, ਕੋਈ ਪੁਰਾਣੀ ਯਾਦ ਆ ਗਈ ਸੀ।'
'ਕਿਹੜੀ ਯਾਦ ਦਾਰ ਜੀ? ਸਾਨੂੰ ਵੀ ਦੱਸੋ,' ਸਾਰੇ ਇਕੱਠੇ ਬੋਲ ਪਏ।
'ਯਾਦ ਤਾਂ ਉਸੇ ਨਾਲਾਇਕ ਪੁੱਤਰ ਦੀ ਹੈ, ਜਿਹੜਾ ਸਾਨੂੰ ਦੋਵਾਂ ਨੂੰ ਛੱਡ ਕੇ ਚਲਾ ਗਿਆ ਸੀ।' ਦਾਦਾ ਜੀ ਨੇ ਇਕ ਡੂੰਘਾ ਹਉਕਾ ਭਰਦਿਆਂ ਕਿਹਾ।
ਦਾਦਾ ਜੀ ਨੂੰ ਉਦਾਸ ਵੇਖ ਕੇ ਬੱਚਿਆਂ ਦੇ ਪਾਪਾ ਉਨ੍ਹਾਂ ਦੇ ਕੋਲ ਆ ਕੇ ਬੈਠ ਗਏ ਅਤੇ ਬੱਚਿਆਂ ਨੂੰ ਆਪਣੀ ਥਾਂ 'ਤੇ ਬੈਠਣ ਲਈ ਕਿਹਾ। ਜੱਸ ਦੇ ਪਾਪਾ ਨੇ ਉਨ੍ਹਾਂ ਦਾ ਹੱਥ ਆਪਣੇ ਹੱਥ ਵਿਚ ਲੈਂਦਿਆਂ ਕਿਹਾ, 'ਤੁਸੀਂ ਉਦਾਸ ਨਾ ਹੋਵੋ, ਅਸੀਂ ਵੀ ਤਾਂ ਤੁਹਾਡੇ ਬੱਚੇ ਹੀ ਹਾਂ।'
ਦਾਦਾ ਜੀ ਦੇ ਬੋਲਣ ਤੋਂ ਪਹਿਲਾਂ ਹੀ ਬਿੱਲੂ ਦੇ ਪਾਪਾ ਬੋਲੇ, 'ਦਾਰ ਜੀ, ਉਹ ਤੁਹਾਨੂੰ ਇਕੱਲਾ ਛੱਡ ਕੇ ਕਿਉਂ ਚਲਾ ਗਿਆ?'
ਦਾਦਾ ਜੀ ਕਿਸੇ ਅਤੀਤ ਵਿਚ ਗਵਾਚ ਗਏ ਲੱਗਦੇ ਸਨ। ਉਨ੍ਹਾਂ ਨੇ ਕਹਿਣਾ ਸ਼ੁਰੂ ਕੀਤਾ, 'ਮੇਰੇ ਬੇਟੇ ਹਰੀਸ਼ ਦੇ ਵਿਆਹ ਨੂੰ ਮਸਾਂ ਸੱਤ-ਅੱਠ ਮਹੀਨੇ ਹੀ ਹੋਏ ਹੋਣਗੇ। ਇਕ ਸ਼ਾਮ ਉਸ ਦੇ ਦੋ-ਤਿੰਨ ਦੋਸਤ ਆਪਣੀਆਂ ਵਹੁਟੀਆਂ ਸਮੇਤ ਸਾਡੇ ਘਰ ਆਏ। ਹਰੀਸ਼ ਨੇ ਉਨ੍ਹਾਂ ਨੂੰ ਬੈਠਕ ਵਿਚ ਬਿਠਾਇਆ। ਉਹ ਸਾਰੇ ਗੱਪ-ਸ਼ੱਪ ਮਾਰ ਰਹੇ ਸਨ। ਸਾਰਿਆਂ ਦੀ ਉੱਚੀ-ਉੱਚੀ ਹੱਸਣ ਦੀ ਆਵਾਜ਼ ਆ ਰਹੀ ਸੀ। ਬੈਠਕ ਦਾ ਮਾਹੌਲ ਖ਼ੁਸ਼ਗਵਾਰ ਵੇਖ ਕੇ ਮੈਂ ਵੀ ਉਨ੍ਹਾਂ ਕੋਲ ਜਾ ਕੇ ਖ਼ਾਲੀ ਕੁਰਸੀ 'ਤੇ ਬੈਠ ਗਿਆ। ਹਰੀਸ਼ ਦਾ ਇਕ ਦੋਸਤ ਕੋਈ ਗੱਲ ਸੁਣਾ ਰਿਹਾ ਸੀ। ਉਸ ਦੀ ਗੱਲ ਮੁੱਕਣ 'ਤੇ, ਮੈਂ ਕੋਈ ਗੱਲ ਸੁਣਾਉਣ ਲੱਗਾ ਤਾਂ ਹਰੀਸ਼ ਨੂੰ ਗ਼ੁੱਸਾ ਹੀ ਚੜ੍ਹ ਗਿਆ। ਉਸ ਦੇ ਚਿਹਰੇ ਦੇ ਹਾਵ-ਭਾਵ ਵੇਖ ਕੇ ਮੈਂ ਕਮਰੇ 'ਚੋਂ ਬਾਹਰ ਆ ਗਿਆ। ਕੁਝ ਦੇਰ ਬਾਅਦ ਜਦੋਂ ਉਸ ਦੇ ਦੋਸਤ ਚਲੇ ਗਏ ਤਾਂ ਉਹ ਸਾਡੇ ਕਮਰੇ ਵਿਚ ਆਇਆ ਅਤੇ ਬਹੁਤ ਵੱਧ-ਘੱਟ ਬੋਲਿਆ। ਅਸੀਂ ਦੋਵੇਂ ਗੁੰਮ ਹੋ ਗਏ। ਉਹ ਗ਼ੁੱਸੇ ਵਿਚ ਬੋਲੀ ਜਾ ਰਿਹਾ ਸੀ ਅਤੇ ਅਸੀਂ ਚੁੱਪ-ਚਾਪ ਸੁਣੀ ਜਾ ਰਹੇ ਸਾਂ।'
ਸਾਰੇ ਜਣੇ ਬੜੀ ਹੈਰਾਨੀ ਨਾਲ ਦਾਦਾ ਜੀ ਦੀਆਂ ਗੱਲਾਂ ਸੁਣ ਰਹੇ ਸਨ। ਸੋਨੂੰ ਦੇ ਪਾਪਾ ਨੇ ਕੇਵਲ ਐਨਾ ਪੁੱਛਿਆ, 'ਤੁਸੀਂ ਬੇਟੇ ਨੂੰ ਐਨਾ ਗ਼ੁੱਸਾ ਚੜ੍ਹਨ ਦਾ ਕਾਰਨ ਨਹੀਂ ਪੁੱਛਿਆ?'
'ਸਾਨੂੰ ਇਸ ਤਰ੍ਹਾਂ ਲਗਦੈ, ਜਿਵੇਂ ਉਨ੍ਹਾਂ ਦੋਵਾਂ ਨੇ ਵੱਖਰੇ ਰਹਿਣ ਦਾ ਫ਼ੈਸਲਾ ਪਹਿਲਾਂ ਹੀ ਕਰ ਲਿਆ ਸੀ। ਉਹ ਸਿਰਫ਼ ਕੋਈ ਬਹਾਨਾ ਲੱਭ ਰਹੇ ਸਨ। ਇਸੇ ਕਰਕੇ ਉਹ ਹਰ ਗੱਲ ਵਿਚ ਸਾਡੀ ਦਖ਼ਲ-ਅੰਦਾਜ਼ੀ ਦਾ ਦੋਸ਼ ਲਗਾ ਰਿਹਾ ਸੀ।'
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)
-ਮੋਬਾਈਲ : 98889-24664